Home / ਤਾਜ਼ਾ ਖਬਰਾਂ / ਇਹ ਹੈ ਲੋਹੀਆਂ ਖੇਤਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ: ਦਸਵੀਂ ਜਮਾਤ ਦੇ 80ਆਂ ਵਿੱਚੋਂ 80 ਬੱਚੇ ਫੇਲ੍ਹ

ਇਹ ਹੈ ਲੋਹੀਆਂ ਖੇਤਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ: ਦਸਵੀਂ ਜਮਾਤ ਦੇ 80ਆਂ ਵਿੱਚੋਂ 80 ਬੱਚੇ ਫੇਲ੍ਹ

ਇਸ ਜ਼ਿਲ੍ਹੇ ਦੇ ਆਖਰੀ ਪਿੰਡ ਦੇ ਸਕੂਲ ਵਿੱਚ ਦਸਵੀਂ ਜਮਾਤ ਦਾ ਨਤੀਜਾ ਵੀ ਅਖੀਰਲੇ ਨੰਬਰ ’ਤੇ ਰਿਹਾ ਹੈ। ਲੋਹੀਆਂ ਕਸਬੇ ਤੋਂ 7 ਕਿਲੋਮੀਟਰ ਅੱਗੇ ਪੈਂਦੇ ਪਿੰਡ ਗਿੱਦੜਪਿੰਡੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਜ਼ੀਰੋ ਰਿਹਾ ਹੈ। ਇੱਥੇ ਦਸਵੀਂ ਜਮਾਤ ਦੇ 80 ਦੇ 80 ਬੱਚੇ ਹੀ ਫੇਲ੍ਹ ਹੋ ਗਏ ਹਨ। ਇੱਥੇ ਜਲੰਧਰ, ਕਪੂਰਥਲਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਬੱਚੇ ਪੜ੍ਹਦੇ ਹਨ।


ਇਸ ਸਕੂਲ ਵਿੱਚ ਗਣਿਤ, ਵਿਗਿਆਨ, ਅੰਗਰੇਜ਼ੀ, ਸਮਾਜਿਕ ਸਿੱਖਿਆ ਤੇ ਡਰਾਇੰਗ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ, ਜਦੋਂਕਿ ਬੀਤੇ ਸਮੇਂ ਸਰਕਾਰ ਨੇ ਸਕੂਲ ਨੂੰ ਬਿਊਟੀ ਪਾਰਲਰ ਦਾ ਅਧਿਆਪਕ ਜ਼ਰੂਰ ਦਿੱਤਾ ਹੈ। ਇਸ ਸਕੂਲ ’ਚ 29 ਅਸਾਮੀਆਂ ਹਨ, ਜਿਸ ’ਚੋਂ 21 ਅਸਾਮੀਆਂ ਖਾਲੀ ਹਨ।  ਹਿਸਾਬ ਦਾ ਇਕ ਵੀ ਅਧਿਆਪਕ ਸਕੂਲ ’ਚ ਨਹੀਂ ਹੈ ਤੇ ਚਾਰ ਦੀਆਂ ਚਾਰ ਅਸਾਮੀਆਂ ਖਾਲੀ ਹਨ। ਇਸੇ ਤਰ੍ਹਾਂ 3 ਅੰਗਰੇਜ਼ੀ, 3 ਵਿਗਿਆਨ, 4 ਸਮਾਜਿਕ ਸਿੱਖਿਆ ਤੇ ਡਰਾਇੰਗ ਦੇ ਅਧਿਆਪਕਾਂ ਦੀ ਇਕ ਅਸਾਮੀ ਖਾਲੀ ਹੈ। ਇਸੇ ਤਰ੍ਹਾਂ ਹੀ ਲੈਕਚਰਾਰਾਂ ਦੀਆਂ 4 ਅਸਾਮੀਆਂ ਹਨ ਅਤੇ ਸਾਰੀਆਂ ਹੀ ਖਾਲੀ ਹਨ। ਪੰਜਾਬੀ ਵਿਸ਼ੇ ਦੀ ਵੀ ਇਕ ਅਸਾਮੀ ਖਾਲੀ ਹੈ।


ਦਸਵੀਂ ਦੇ ਮਾੜੇ ਨਤੀਜੇ ਦਾ ਕਾਰਨ ਅਧਿਆਪਕਾਂ ਦੀ ਘਾਟ ਨੂੰ ਹੀ ਮੰਨਿਆ ਜਾ ਰਿਹਾ ਹੈ। ਇਸ ਸਕੂਲ ’ਚ 300 ਦੇ ਕਰੀਬ ਵਿਦਿਆਰਥੀ ਹਨ, ਜਦੋਂਕਿ ਵਿਸ਼ਾ ਮਾਹਿਰ ਅਧਿਆਪਕਾਂ ਦੀ ਗਿਣਤੀ ਸਿਰਫ਼ 5 ਹੈ ਤੇ ਤਿੰਨ ਕੰਪਿਊਟਰ ਦੇ ਅਧਿਆਪਕ ਹਨ। ਸਕੂਲ ਦੇ ਪ੍ਰਿੰਸੀਪਲ ਜਸਵੀਰ ਸਿੰਘ ਨੇ ਦੱਸਿਆ ਕਿ ਕੰਪਿਊਟਰ ਦੇ ਤਿੰਨ ਅਧਿਆਪਕਾਂ ਵਿੱਚ ਵੀ ਦੋ ਡੈਪੂਟੇਸ਼ਨ ’ਤੇ ਹਨ। ਪ੍ਰਿੰਸੀਪਲ ਅਨੁਸਾਰ ਉਹ ਕਈ ਵਾਰ ਸਿੱਖਿਆ ਵਿਭਾਗ ਕੋਲ ਅਸਾਮੀਆਂ ਭਰਨ ਲਈ ਬੇਨਤੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸੇ ਸਾਲ ਜਨਵਰੀ ਵਿੱਚ ਹੀ ਉਹ ਸਕੂਲ ਦੇ ਪ੍ਰਿੰਸੀਪਲ ਬਣੇ ਸਨ ਅਤੇ ਉਨ੍ਹਾਂ ਨੇ ਟਰੇਨਿੰਗ ਕੈਂਪ ਦੌਰਾਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅੱਗੇ ਇਹੀ ਮੰਗ ਰੱਖੀ ਸੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਹਿਸਾਬ ਨਾਲ ਅਧਿਆਪਕਾਂ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਦੂਜੇ ਵਿਸ਼ੇ ਦਾ ਮਾਹਿਰ ਗਣਿਤ, ਵਿਗਿਆਨ ਜਾਂ ਕਿਸੇ ਹੋਰ ਵਿਸ਼ੇ ਨਾਲ ਇਨਸਾਫ਼ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਗਣਿਤ, ਵਿਗਿਆਨ ਤੇ ਅੰਗਰੇਜ਼ੀ ਵਿਸ਼ਿਆਂ ’ਚੋਂ ਹੀ ਬਹੁਤੇ ਬੱਚੇ ਫੇਲ੍ਹ ਹੋਏ ਹਨ। ਪ੍ਰਿੰਸੀਪਲ ਅਨੁਸਾਰ ਸਕੂਲ ਦੇ ਕਾਫ਼ੀ ਬੱਚੇ ਲਾਇਕ ਸਨ, ਪਰ ਉਨ੍ਹਾਂ ਨੂੰ ਅਧਿਆਪਕ ਹੀ ਨਹੀਂ ਮਿਲੇ ਤਾਂ ਫਿਰ ਇਸ ’ਚ ਬੱਚਿਆਂ ਦਾ ਕਸੂਰ ਵੀ ਨਹੀਂ ਕੱਢਿਆ ਜਾ ਸਕਦਾ। ਇਸ ਵੇਲੇ ਨੌਵੀਂ ਜਮਾਤ ’ਚ 75 ਅਤੇ ਦਸਵੀਂ ’ਚ ਮੁੜ 65 ਬੱਚਿਆਂ ਨੇ ਦਾਖ਼ਲਾ ਲੈ ਲਿਆ ਹੈ ਅਤੇ ਮੁੜ ਇਹ ਗਿਣਤੀ 80 ਤੱਕ ਪਹੁੰਚਣ ਦੀ ਸੰਭਾਵਨਾ ਹੈ। ਪ੍ਰਿੰਸੀਪਲ ਜਸਵੀਰ ਸਿੰਘ ਅਨੁਸਾਰ ਜੇਕਰ ਉਨ੍ਹਾਂ ਨੂੰ ਅਧਿਆਪਕ ਮਿਲ ਜਾਣ ਤਾਂ ਸਕੂਲ ਦੇ ਨਤੀਜੇ ਚੰਗੇ ਆਉਣਗੇ।


ਉਧਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸਤਨਾਮ ਸਿੰਘ ਬਾਠ ਨੇ ਦੱਸਿਆ ਕਿ ਲੋਹੀਆਂ ਬਲਾਕ ਦੇ ਸਾਰੇ ਹੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਹੈ। ਉਨ੍ਹਾਂ ਮੰਨਿਆ ਕਿ ਗਿੱਦੜਪਿੰਡੀ ਸਕੂਲ ਵਿੱਚ ਅਧਿਆਪਕ ਲੋੜ ਤੋਂ ਕਾਫ਼ੀ ਘੱਟ ਹਨ। ਜਦੋਂ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।

About thatta

Comments are closed.

Scroll To Top
error: