ਧਨਾਸਰੀ ਮਹਲਾ ੧ ਘਰੁ ੧ ਚਉਪਦੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥ ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥ ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥ ਦਇਆਲ ਤੇਰੈ ਨਾਮਿ ਤਰਾ ॥ ਸਦ ਕੁਰਬਾਣੈ ਜਾਉ ॥੧॥ ਰਹਾਉ ॥ ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥ ਤੁਧੁ ਬਾਝੁ ਪਿਆਰੇ ਕੇਵ ਰਹਾ ॥ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥ ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥ ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥ {ਅੰਗ 660}
ਪਦਅਰਥ: ਜੀਉ—ਜਿੰਦ। ਕੈ ਸਿਉ—ਕਿਸ ਪਾਸ? ਕਰੀ—ਮੈਂ ਕਰਾਂ। ਦੂਖ ਵਿਸਾਰਣੁ—ਦੁੱਖ ਦੂਰ ਕਰਨ ਵਾਲਾ ਪ੍ਰਭੂ। ਸੇਵਿਆ—ਮੈਂ ਸਿਮਰਿਆ ਹੈ।੧।
ਨੀਤ—ਨਿੱਤ। ਨਵਾ—(ਭਾਵ, ਦਾਤਾਂ ਦੇ ਦੇ ਕੇ ਅੱਕਣ ਵਾਲਾ ਨਹੀਂ)। ਦਾਤਾਰੁ—ਦਾਤਾਂ ਦੇਣ ਵਾਲਾ।੧।ਰਹਾਉ।
ਅਨਦਿਨੁ—ਹਰ ਰੋਜ਼, ਸਦਾ। ਅੰਤਿ—ਆਖ਼ਰ ਨੂੰ। ਮੇਰੀ ਕਾਮਣੀ—ਹੇ ਮੇਰੀ ਜਿੰਦੇ!।੨।
ਦਇਆਲ—ਹੇ ਦਇਆ ਦੇ ਘਰ! ਨਾਮਿ—ਨਾਮ ਦੀ ਰਾਹੀਂ। ਤਰਾ—ਤਰ ਸਕਦਾ ਹਾਂ, ਪਾਰ ਲੰਘ ਸਕਦਾ ਹਾਂ।੧।ਰਹਾਉ।
ਸਰਬੰ—ਹਰ ਥਾਂ। ਸਾਚਾ—ਸਦਾ ਕਾਇਮ ਰਹਿਣ ਵਾਲਾ। ਕਉ—ਨੂੰ। ਨਦਰਿ—ਮੇਹਰ ਦੀ ਨਜ਼ਰ। ਕਰੇਇ—ਕਰਦਾ ਹੈ।੩।
ਕੇਵ ਰਹਾ—ਕਿਵੇਂ ਰਹਿ ਸਕਦਾ ਹਾਂ? ਮੈਂ ਵਿਆਕੁਲ ਹੋ ਜਾਂਦਾ ਹਾਂ। ਜਿਤੁ—ਜਿਸ ਦੀ ਰਾਹੀਂ। ਜਾਇ—ਜਾ ਕੇ।੧।ਰਹਾਉ।
ਸੇਵੀ—ਮੈਂ ਸੇਂਵਦਾ ਹਾਂ। ਜਾਚੰਉ—ਮੈਂ ਮੰਗਦਾ ਹਾਂ। ਬਿੰਦ ਬਿੰਦ—ਖਿਨ ਖਿਨ। ਚੁਖ ਚੁਖ—ਟੋਟੇ ਟੋਟੇ, ਕੁਰਬਾਨ।੪।
ਵਿਟਹੁ—ਤੋਂ। ਸਾਹਿਬ—ਹੇ ਸਾਹਿਬ!
ਅਰਥ: (ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ) ਜਿਸ ਦੇ ਪਾਸ ਮੈਂ ਮਿੰਨਤਾਂ ਕਰਾਂ। (ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ।੧।
(ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ।੧।ਰਹਾਉ।
ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨਾ ਚਾਹੀਦਾ ਹੈ (ਦੁੱਖਾਂ ਵਿਚੋਂ) ਆਖ਼ਰ ਉਹੀ ਬਚਾਂਦਾ ਹੈ। ਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁੱਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ।੨।
ਹੇ ਦਿਆਲ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ (ਮੇਹਰ ਕਰ, ਆਪਣਾ ਨਾਮ ਦੇਹ, ਤਾ ਕਿ) ਤੇਰੇ ਨਾਮ ਦੀ ਰਾਹੀਂ ਮੈਂ (ਦੁੱਖਾਂ ਦੇ ਇਸ ਸਮੁੰਦਰ ਵਿਚੋਂ) ਪਾਰ ਲੰਘ ਸਕਾਂ।੧।ਰਹਾਉ।
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ। ਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ।੩।
ਹੇ ਪਿਆਰੇ (ਪ੍ਰਭੂ!) ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ। ਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿਚ ਜੁੜਿਆ ਰਹਾਂ। ਹੇ ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ।੧।ਰਹਾਉ।
(ਦੁੱਖਾਂ ਦੇ ਇਸ ਸਾਗਰ ਵਿਚੋਂ ਤਰਨ ਲਈ) ਮੈਂ ਆਪਣੇ ਮਾਲਿਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ। ਨਾਨਕ (ਆਪਣੇ) ਉਸ (ਮਾਲਿਕ) ਦਾ ਹੀ ਸੇਵਕ ਹੈ, ਉਸ ਮਾਲਿਕ ਤੋਂ ਹੀ ਖਿਨ ਖਿਨ ਸਦਕੇ ਹੁੰਦਾ ਹੈ।੪।
ਹੇ ਮੇਰੇ ਮਾਲਿਕ! ਮੈਂ ਤੇਰੇ ਨਾਮ ਤੋਂ ਖਿਨ ਖਿਨ ਕੁਰਬਾਨ ਜਾਂਦਾ ਹਾਂ।੧।ਰਹਾਉ।
Home / ਹੁਕਮਨਾਮਾ ਸਾਹਿਬ / ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਸੋਮਵਾਰ 7 ਜੁਲਾਈ 2014 (ਮੁਤਾਬਿਕ 23 ਹਾੜ ਸੰਮਤ 546 ਨਾਨਕਸ਼ਾਹੀ)
Check Also
Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib
Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ੴ …