ਬਿਲਾਵਲੁ ਮਹਲਾ ੫ ॥ ਸਦਾ ਸਦਾ ਜਪੀਐ ਪ੍ਰਭ ਨਾਮ ॥ ਜਰਾ ਮਰਾ ਕਛੁ ਦੂਖੁ ਨ ਬਿਆਪੈ ਆਗੈ ਦਰਗਹ ਪੂਰਨ ਕਾਮ ॥੧॥ ਰਹਾਉ ॥ ਆਪੁ ਤਿਆਗਿ ਪਰੀਐ ਨਿਤ ਸਰਨੀ ਗੁਰ ਤੇ ਪਾਈਐ ਏਹੁ ਨਿਧਾਨੁ ॥ ਜਨਮ ਮਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ ॥੧॥ ਜੋ ਤੁਮ੍ਹ੍ਹ ਕਰਹੁ ਸੋਈ ਭਲ ਮਾਨਉ ਮਨ ਤੇ ਛੂਟੈ ਸਗਲ ਗੁਮਾਨੁ ॥ ਕਹੁ ਨਾਨਕ ਤਾ ਕੀ ਸਰਣਾਈ ਜਾ ਕਾ ਕੀਆ ਸਗਲ ਜਹਾਨੁ ॥੨॥੧੩॥੯੯॥ {ਪੰਨਾ 824}
ਪਦਅਰਥ: ਜਪੀਐ—ਜਪਣਾ ਚਾਹੀਦਾ ਹੈ। ਜਰਾ—ਬੁਢੇਪਾ। ਮਰਾ—ਮੌਤ। ਨ ਬਿਆਪੈ—ਜ਼ੋਰ ਨਹੀਂ ਪਾ ਸਕਦਾ। ਆਗੈ—ਅਗਾਂਹ, ਪਰਲੋਕ ਵਿਚ।੧।ਰਹਾਉ।
ਆਪੁ—ਆਪਾ—ਭਾਵ। ਪਰੀਐ—ਪੈਣਾ ਚਾਹੀਦਾ ਹੈ। ਤੇ—ਤੋਂ। ਨਿਧਾਨੁ—ਖ਼ਜ਼ਾਨਾ। ਕਟੀਐ—ਕੱਟ ਸਕੀਦੀ ਹੈ। ਨੀਸਾਨੁ—ਰਾਹਦਾਰੀ, ਪਰਵਾਨਾ।੧।
ਮਾਨਉ—ਮਾਨਉਂ, ਮੰਨਦਾ ਹਾਂ। ਮਨ ਤੇ—ਮਨ ਤੋਂ। ਛੂਟੈ—ਮੁੱਕ ਜਾਂਦਾ ਹੈ। ਗੁਮਾਨੁ—ਅਹੰਕਾਰ। ਤਾ ਕੀ—ਉਸ (ਪ੍ਰਭੂ) ਦੀ। ਸਗਲ—ਸਾਰਾ।੨।
ਅਰਥ: ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਨਾਮ ਜਪਣ ਦੀ ਬਰਕਤਿ ਨਾਲ ਅਜੇਹੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਜਿਸ ਨੂੰ) ਬੁਢੇਪਾ, ਮੌਤ ਜਾਂ ਦੁੱਖ ਕੁੱਝ ਭੀ ਪੋਹ ਨਹੀਂ ਸਕਦਾ। ਅਗਾਂਹ ਪਰਮਾਤਮਾ ਦੀ ਹਜ਼ੂਰੀ ਵਿਚ ਭੀ ਸਫਲਤਾ ਮਿਲਦੀ ਹੈ।੧।ਰਹਾਉ।
(ਪਰ, ਹੇ ਭਾਈ!) ਇਹ (ਨਾਮ-) ਖ਼ਜ਼ਾਨਾ ਗੁਰੂ ਤੋਂ (ਹੀ) ਮਿਲਦਾ ਹੈ, ਆਪਾ-ਭਾਵ ਤਿਆਗ ਕੇ ਸਦਾ (ਗੁਰੂ ਦੀ) ਸਰਨ ਪੈਣਾ ਚਾਹੀਦਾ ਹੈ। ਇਹ ਨਾਮ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਣ ਵਾਸਤੇ ਪਰਵਾਨਾ ਹੈ, (ਨਾਮ ਦੀ ਸਹਾਇਤਾ ਨਾਲ) ਜਨਮ ਮਰਨ ਦੀ ਫਾਹੀ (ਭੀ) ਕੱਟੀ ਜਾਂਦੀ ਹੈ।੧।
(ਹੇ ਭਾਈ! ਜੇ ਮੈਨੂੰ ਤੇਰਾ ਨਾਮ ਮਿਲ ਜਾਏ, ਤਾਂ) ਜੋ ਕੁਝ ਤੂੰ ਕਰਦਾ ਹੈਂ, ਉਹ ਮੈਂ ਭਲਾ ਸਮਝਣ ਲੱਗ ਪਵਾਂਗਾ, (ਤੇਰੇ ਨਾਮ ਦੀ ਬਰਕਤਿ ਨਾਲ) ਮਨ ਤੋਂ ਸਾਰਾ ਅਹੰਕਾਰ ਮੁੱਕ ਜਾਂਦਾ ਹੈ। ਹੇ ਨਾਨਕ! ਆਖ (-ਹੇ ਭਾਈ!) ਉਸ ਪਰਮਾਤਮਾ ਦੀ ਸਰਨ ਪਏ ਰਹਿਣਾ ਚਾਹੀਦਾ ਹੈ, ਸਾਰਾ ਜਹਾਨ ਜਿਸ ਦਾ ਪੈਦਾ ਕੀਤਾ ਹੋਇਆ ਹੈ।੨।੧੩।੯੯।
Home / ਹੁਕਮਨਾਮਾ ਸਾਹਿਬ / ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਬੁੱਧਵਾਰ 25 ਜੂਨ 2014 (ਮੁਤਾਬਿਕ 11 ਹਾੜ ਸੰਮਤ 546 ਨਾਨਕਸ਼ਾਹੀ)
Check Also
Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib
Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ੴ …