Home / ਤਾਜ਼ਾ ਖਬਰਾਂ / ਆਮ ਆਦਮੀ ਦੀ ਟਿਕਟ ਲਈ ਸੁਲਤਾਨਪੁਰ ਲੋਧੀ ਹਲਕੇ ਤੋਂ 8 ਦਾਅਵੇਦਾਰਾਂ ਨੇ ਫਾਰਮ ਭਰੇ।

ਆਮ ਆਦਮੀ ਦੀ ਟਿਕਟ ਲਈ ਸੁਲਤਾਨਪੁਰ ਲੋਧੀ ਹਲਕੇ ਤੋਂ 8 ਦਾਅਵੇਦਾਰਾਂ ਨੇ ਫਾਰਮ ਭਰੇ।

AAp Sultanpur Lodhi

ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਉਮੀਦਵਾਰ ਬਣਨ ਦੇ ਚਾਹਵਾਨਾਂ ਵਿਚ ਕਸ਼ਮਕਸ਼ ਸ਼ੁਰੂ ਹੋ ਗਈ ਹੈ | ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਹਲਕਿਆਂ ਤੋਂ ਉਮੀਦਵਾਰਾਂ ਨੂੰ ਟਿਕਟ ਦੇਣ ਲਈ ਵਲੰਟੀਅਰਾਂ ਦੀ ਵੋਟਿੰਗ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ | ਇਸੇ ਸਬੰਧ ਵਿਚ ਹੀ ਬੀਤੇ ਦਿਨ ਖਡੂਰ ਸਾਹਿਬ ਵਿਖੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ 14 ਉਮੀਦਵਾਰਾਂ ਦੇ ਹੱਕ ਵਿਚ ਉਨ੍ਹਾਂ ਨਾਲ ਗਏ ਵਲੰਟੀਅਰਾਂ ਨੇ ਆਮ ਆਦਮੀ ਪਾਰਟੀ ਦੇ ਸੈਕਟਰ ਅਬਜ਼ਰਵਰ ਮਨੀਸ਼ ਹੁੱਡਾ ਤੇ ਜ਼ੋਨਲ ਇੰਚਾਰਜ ਰੋਮੀ ਭਾਟੀ ਦੀ ਅਗਵਾਈ ਵਿਚ ਆਈ ਟੀਮ ਸਾਹਮਣੇ ਆਪਣੇ ਮਨਪਸੰਦ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟਿੰਗ ਕੀਤੀ | ਇਸ ਮੌਕੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਦੇ ਇਕ ਸਰਕਲ ਨੂੰ ਛੱਡ ਕੇ ਬਾਕੀ ਸਾਰੇ ਸਰਕਲਾਂ ਦੇ ਇੰਚਾਰਜਾਂ ਤੇ ਹਲਕੇ ਦੇ ਵਲੰਟੀਅਰਾਂ ਨੇ ਪੰਜਾਬ ਪੁਲਿਸ ਤੋਂ ਸੇਵਾ ਮੁਕਤ ਹੋਏ ਐਸ.ਪੀ ਸੱਜਣ ਸਿੰਘ ਚੀਮਾ ਦੇ ਉਮੀਦਵਾਰ ਬਣਨ ਦੇ ਦਾਅਵੇ ‘ਤੇ ਇਤਰਾਜ਼ ਪ੍ਰਗਟ ਕੀਤਾ | ਇਨ੍ਹਾਂ ਵਲੰਟੀਅਰਾਂ ਨੇ ਸੈਕਟਰ ਅਬਜ਼ਰਵਰ ਨੂੰ ਆਪਣੇ ਦਸਤਖ਼ਤਾਂ ਹੇਠ ਦਿੱਤੇ ਹਲਫ਼ੀਆ ਬਿਆਨ ਵਿਚ ਸੇਵਾ ਮੁਕਤ ਐਸ.ਪੀ ਬਾਰੇ ਕਿਹਾ ਕਿ ਉਹ ਲੰਬੇ ਅਰਸੇ ਤੋਂ ਜਲੰਧਰ ਜ਼ਿਲ੍ਹੇ ਵਿਚ ਰਹਿ ਰਹੇ ਹਨ ਤੇ ਬਾਦਲ ਪਰਿਵਾਰ ਨਾਲ ਉਨ੍ਹਾਂ ਦੇ ਕਰੀਬੀ ਸਬੰਧ ਹਨ | ਇਸ ਲਈ ਉਨ੍ਹਾਂ ਨੂੰ ਅੱਜ ਦੀ ਵੋਟਿੰਗ ਵਿਚ ਸ਼ਾਮਲ ਨਾ ਕੀਤਾ ਜਾਵੇ | ਇਨ੍ਹਾਂ ਆਗੂਆਂ ਨੇ ਸੇਵਾ ਮੁਕਤ ਐਸ.ਐਸ.ਪੀ ‘ਤੇ ਹੋਰ ਵੀ ਕਈ ਦੋਸ਼ ਲਗਾਏ | ਵਲੰਟੀਅਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੱਜਣ ਸਿੰਘ ਚੀਮਾ ਨੂੰ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦਿੱਤੀ ਗਈ ਤਾਂ ਹਲਕੇ ਦੇ ਵਲੰਟੀਅਰ ਤੇ ਸਰਕਲ ਇੰਚਾਰਜ ਉਨ੍ਹਾਂ ਦੀ ਉਮੀਦਵਾਰੀ ਦਾ ਡਟ ਕੇ ਵਿਰੋਧ ਕਰਨਗੇ | ਪਤਾ ਲੱਗਾ ਹੈ ਕਿ ਇਹ ਆਗੂ ਅਗਲੇ ਦਿਨਾਂ ਵਿਚ ਸੱਜਣ ਸਿੰਘ ਚੀਮਾ ਦੇ ਵਿਰੋਧ ਵਿਚ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਦਿੱਲੀ ਜਾ ਰਹੇ ਹਨ | ਇੱਥੇ ਵਰਨਣਯੋਗ ਹੈ ਕਿ ਬਾਸਕਿਟ ਬਾਲ ਦੇ ਅੰਤਰਰਾਸ਼ਟਰੀ ਖਿਡਾਰੀ ਤੇ ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ ਪਿਛਲੇ ਮਹੀਨਿਆਂ ਵਿਚ ਸਮੇਂ ਤੋਂ ਪਹਿਲਾਂ ਪੰਜਾਬ ਪੁਲਿਸ ਤੋਂ ਐਸ.ਪੀ ਵਜੋਂ ਸੇਵਾ ਮੁਕਤ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ ਤੇ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਦਬੂਲੀਆ ਨਾਲ ਸਬੰਧਿਤ ਹੋਣ ਕਾਰਨ ਉਹ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਦੇ ਚਾਹਵਾਨ ਹਨ ਤੇ ਉਨ੍ਹਾਂ ਨੇ ਹਲਕੇ ਵਿਚ ਆਪਣੇ ਹਮਾਇਤੀਆਂ ਨਾਲ ਨਿਰੰਤਰ ਸੰਪਰਕ ਬਣਾਇਆ ਹੋਇਆ ਹੈ | ਪਤਾ ਲੱਗਾ ਹੈ ਕਿ ਵਲੰਟੀਅਰਾਂ ਵੱਲੋਂ ਕੀਤੀ ਗਈ ਵੋਟਿੰਗ ਉਪਰੰਤ ਸੁਲਤਾਨਪੁਰ ਲੋਧੀ ਹਲਕੇ ਤੋਂ 8 ਆਗੂਆਂ ਨੇ ਪਾਰਟੀ ਦੀ ਟਿਕਟ ਲੈਣ ਲਈ ਦਾਅਵੇਦਾਰੀ ਲਈ ਫਾਰਮ ਭਰੇ ਹਨ | ਜਿਨ੍ਹਾਂ ਵਿਚ ਸ੍ਰੀਮਤੀ ਗੁਰਜੀਤ ਕੌਰ ਪੱਡਾ, ਗੁਰਪ੍ਰੀਤ ਸਿੰਘ ਰਾਜਾ, ਸੱਜਣ ਸਿੰਘ ਚੀਮਾ ਅਰਜਨਾ ਐਵਾਰਡੀ, ਦਲਜੀਤ ਸਿੰਘ ਸਰਪੰਚ ਦੂਲੋਵਾਲ, ਗੁਰਦੀਪ ਸਿੰਘ ਜੱਜ, ਨੀਲਮ ਜਾਰਜ ਮਸੀਹ, ਗੁਰਪ੍ਰੀਤ ਸਿੰਘ ਗੋਪੀ ਤੇ ਵਰਿੰਦਰ ਕੌਰ ਖਿੰਡਾ ਦਾ ਨਾਮ ਵਰਨਣਯੋਗ ਹੈ |

About thatta

Comments are closed.

Scroll To Top
error: