Breaking News
Home / ਤਾਜ਼ਾ ਖਬਰਾਂ / ਆਪਣਿਆਂ ਤੇ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੈ ਪਿੰਡ ਮੰਗੂਪੁਰ।

ਆਪਣਿਆਂ ਤੇ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੈ ਪਿੰਡ ਮੰਗੂਪੁਰ।

ਇਕ ਪਾਸੇ ਜਿਥੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦੇਣ ਅਤੇ ਪਿੰਡਾਂ ‘ਚ ਵੱਡੀ ਪੱਧਰ ‘ਤੇ ਵਿਕਾਸ ਕਾਰਜ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਕੁੱਝ ਪਿੰਡ ਅਜਿਹੇ ਵੀ ਹਨ ਜੋ ਕੁਝ ਸਰਕਾਰਾਂ ਅਤੇ ਕੁਝ ਆਪਣਿਆਂ ਦੀ ਬੇਰੁਖੀ ਦਾ ਸ਼ਿਕਾਰ ਹਨ। ਅਜਿਹਾ ਹੀ ਇਕ ਪਿੰਡ ਹੈ ਮੰਗੂਪੁਰ, ਜੋ ਸੁਲਤਾਨਪੁਰ ਲੋਧੀ-ਗੋਇੰਦਵਾਲ ਸੜਕ ‘ਤੇ ਸਥਿਤ ਹੈ ਅਤੇ ਇਸ ਪਿੰਡ ‘ਚ ਸੀਵਰੇਜ਼ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਗੰਦਾ ਪਾਣੀ ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਨੇੜੇ ਖਾਲੀ ਮੈਦਾਨ ‘ਚ ਪੈ ਰਿਹਾ ਹੈ, ਜਿਸ ਕਾਰਨ ਸਕੂਲ ਨੇੜਲਾ ਮੈਦਾਨ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ। ਪਿਛਲੇ ਦਿਨਾਂ ‘ਚ ਹੋਈ ਭਾਰੀ ਬਾਰਿਸ਼ ਨੇ ਹਾਲਾਤ ਇਥੋਂ ਤੱਕ ਖਰਾਬ ਕਰ ਦਿੱਤੇ ਹਨ ਕਿ ਗਲੀਆਂ ਨਾਲੀਆਂ ਦਾ ਗੰਦਾ ਪਾਣੀ ਹਾਈ ਸਕੂਲ ਦੀ ਕੰਧ ਨਾਲ ਲੱਗ ਗਿਆ ਹੈ ਅਤੇ ਉਥੇ ਕਾਫੀ ਉੱਚਾ ਘਾਹ ਉੱਗ ਗਿਆ ਹੈ, ਜੋ ਸੱਪ, ਬਿੱਛੂ ਅਤੇ ਹੋਰ ਖਤਰਨਾਕ ਜੀਵਾਂ ਦੇ ਰਹਿਣ ਲਈ ਆਦਰਸ਼ ਪਨਾਹਗਾਹ ਬਣ ਗਿਆ ਹੈ। ਸਕੂਲ ਦੇ ਮੁੱਖ ਅਧਿਆਪਕ ਰਾਜਬੀਰ ਸਿੰਘ ਨੇ ਦੱਸਿਆ ਕਿ ਇਕ ਪਾਸੇ ਜਿਥੇ ਉਕਤ ਹਾਲਾਤ ਖਤਰਨਾਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ, ਉਥੇ ਇਸ ਗੰਦੇ ਪਾਣੀ ਵਿਚੋਂ ਸੱਪ ਅਤੇ ਹੋਰ ਖਤਰਨਾਕ ਜਾਨਵਰ ਸਕੂਲ ‘ਚ ਆ ਜਾਂਦੇ ਹਨ ਜੋ ਸਕੂਲ ਵਿਚ ਪੜ੍ਹਦੇ ਬੱਚਿਆਂ ਦੀ ਸੁਰੱਖਿਆ ਲਈ ਖਤਰਾ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਬੱਚਿਆਂ ਨੂੰ ਇਸ ਖਤਰਨਾਕ ਥਾਂ ਦੇ ਕੋਲ ਦੀ ਲੰਘ ਕੇ ਖੇਡ ਦੇ ਮੈਦਾਨ ‘ਚ ਜਾਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲੇ ਬਰਸਾਤ ਦਾ ਸੀਜ਼ਨ ਬਾਕੀ ਹੈ, ਅਜਿਹੇ ਹਾਲਾਤ ‘ਚ ਜੇਕਰ ਹੋਰ ਬਾਰਿਸ਼ ਹੁੰਦੀ ਹੈ ਤਾਂ ਇਹ ਗੰਦਾ ਪਾਣੀ ਸਕੂਲ ਦੇ ਖੇਡ ਦੇ ਮੈਦਾਨ ਵਿੱਚ ਦਾਖਲ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਪਿੰਡ ਦੀ ਪੰਚਾਇਤ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ ਪਰ ਪੰਚਾਇਤ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਨੇੜੇ ਪਿੰਡ ਨੂੰ ਜਾਂਦੀ ਸੜਕ ਵੀ ਟੁੱਟੀ ਹੋਈ ਹੈ ਅਤੇ ਬੱਚਿਆਂ ਅਤੇ ਸਟਾਫ਼ ਨੂੰ ਚਿੱਕੜ ਵਿੱਚ ਦੀ ਲੰਘ ਕੇ ਸਕੂਲ ਆਉਣਾ-ਜਾਣਾ ਪੈਂਦਾ ਹੈ। ਸਕੂਲ ‘ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਸਮੇਤ ਸਾਰੇ ਮੋਹਤਬਰਾਂ ਦੇ ਬੱਚੇ ਕਾਨਵੈਂਟ ਸਕੂਲਾਂ ‘ਚ ਪੜਦੇ ਹਨ। ਇਸ ਸਕੂਲ ਵਿੱਚ ਜ਼ਿਆਦਾਤਰ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਹਨ, ਜਿਸ ਕਾਰਨ ਸਰਪੰਚ ਅਤੇ ਪਿੰਡ ਦੀ ਪੰਚਾਇਤ ਇਸ ਪਾਸੇ ਧਿਆਨ ਨਹੀਂ ਦੇ ਰਹੀ। ਅਜਿਹਾ ਨਹੀਂ ਹੈ ਕਿ ਸਰਕਾਰ ਨੇ ਇਸ ਪਿੰਡ ‘ਚ ਸੀਵਰੇਜ਼ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸਾਲ 2010 ‘ਚ ਤਤਕਾਲੀਨ ਵਿੱਤ ਮੰਤਰੀ ਡਾ: ਉਪਿੰਦਰਜੀਤ ਕੌਰ ਨੇ ਪਿੰਡ ਵਿੱਚ ਸੀਵਰੇਜ਼ ਦੀ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਪਿੰਡ ਦੀ ਪੰਚਾਇਤ ਨੇ ਇਸ ਸਬੰਧੀ ਮਤਾ ਨਹੀਂ ਪਾਇਆ ਅਤੇ ਡਾ: ਉਪਿੰਦਰਜੀਤ ਕੌਰ ਦੀ ਪਿੰਡ ਵਿੱਚ ਸੀਵਰੇਜ਼ ਪਾਉਣ ਦੀ ਕੋਸ਼ਿਸ਼ ਬੇਕਾਰ ਹੋ ਗਈ।002

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!