Today’s Hukamnama from State Gurdwara Sahib Kapurthala

52

ਸ਼ੁੱਕਰਵਾਰ 15 ਮਾਰਚ 2019 (2 ਚੇਤ ਸੰਮਤ 551 ਨਾਨਕਸ਼ਾਹੀ)

ਸੂਹੀ ਮਹਲਾ ੪ ॥ ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥ ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥ ਹਰਿ ਧਨੁ ਸੰਚੀਐ ਭਾਈ ॥ ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥ ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥ ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ ॥੨॥ {ਅੰਗ 733-734}

ਪਦਅਰਥ: ਮਿਤੁ = ਮਿੱਤਰ। ਸਹਾਈ = ਮਦਦਗਾਰ। ਤੇ = ਤੋਂ, ਨਾਲ। ਮਨਿ = ਮਨ ਵਿਚ। ਹੋਰਤੁ ਬਿਧਿ = ਕਿਸੇ ਹੋਰ ਤਰੀਕੇ ਨਾਲ। {ਹੋਰਤੁ = ਹੋਰ ਦੀ ਰਾਹੀਂ। ਜਿਤੁ = ਜਿਸ ਦੀ ਰਾਹੀਂ। ਤਿਤੁ = ਉਸ ਦੀ ਰਾਹੀਂ।੧।

ਸੰਚੀਐ = ਇਕੱਠਾ ਕਰਨਾ ਚਾਹੀਦਾ ਹੈ। ਭਾਈ = ਹੇ ਭਾਈ! ਜਿ ਹਰਿ = ਜੇਹੜਾ ਹਰੀ! ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਸਖਾਈ = ਮਿੱਤਰ।੧।ਰਹਾਉ।

ਸੰਗਿ = ਨਾਲ। ਸਤ ਸੰਗਤੀ ਸੰਗਿ = ਸਤਸੰਗੀਆਂ ਨਾਲ (ਰਲ ਕੇ) । ਖਟੀਐ = ਖੱਟਿਆ ਜਾ ਸਕਦਾ ਹੈ। ਹੋਰਥੈ = ਕਿਸੇ ਹੋਰ ਥਾਂ। ਹੋਰਤੁ ਉਪਾਇ = ਕਿਸੇ ਹੋਰ ਜਤਨ ਨਾਲ। ਕਿਤੈ = ਕਿਸੇ ਭੀ ਥਾਂ। ਵਿਹਾਝੇ = ਖ਼ਰੀਦਦਾ ਹੈ।

ਕਚੈ ਕੇ ਵਾਪਾਰੀਏ = ਕੱਚ ਦਾ ਵਪਾਰ ਕਰਨ ਵਾਲੇ (ਕੱਚ ਹੀ ਵਿਹਾਝਦੇ ਹਨ) । ਵਾਕਿ = (ਉਹਨਾਂ ਦੇ) ਵਾਕ ਨਾਲ, (ਉਹਨਾਂ ਦੀ) ਸਿੱਖਿਆ ਨਾਲ।੨।

ਅਰਥ: ਹੇ ਭਾਈ! ਜੇਹੜਾ ਹਰੀ ਇਸ ਲੋਕ ਵਿਚ ਅਤੇ ਪਰਲੋਕ ਵਿਚ ਮਿੱਤਰ ਬਣਦਾ ਹੈ, ਉਸ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ।੧।ਰਹਾਉ।

ਹੇ ਭਾਈ! ਜਿਸ ਭੀ ਥਾਂ ਪਰਮਾਤਮਾ ਦਾ ਆਰਾਧਨ ਕੀਤਾ ਜਾਏ, ਉਹ ਮਿੱਤਰ ਪਰਮਾਤਮਾ ਉੱਥੇ ਹੀ ਆ ਮਦਦਗਾਰ ਬਣਦਾ ਹੈ। (ਪਰ ਉਹ) ਪਰਮਾਤਮਾ ਗੁਰੂ ਦੀ ਕਿਰਪਾ ਨਾਲ (ਹੀ ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਉਸ ਨੂੰ ਲੱਭਿਆ ਨਹੀਂ ਜਾ ਸਕਦਾ।੧।

ਹੇ ਭਾਈ! ਸਤਸੰਗੀਆਂ ਨਾਲ (ਮਿਲ ਕੇ) ਪਰਮਾਤਮਾ ਦਾ ਨਾਮ-ਧਨ ਖੱਟਿਆ ਜਾ ਸਕਦਾ ਹੈ, (ਸਤਸੰਗ ਤੋਂ ਬਿਨਾ) ਕਿਸੇ ਭੀ ਹੋਰ ਥਾਂ, ਕਿਸੇ ਭੀ ਹੋਰ ਜਤਨ ਨਾਲ ਹਰਿ-ਨਾਮ ਧਨ ਖ਼ਰੀਦਦਾ ਹੈ, ਨਾਸਵੰਤ ਪਦਾਰਥਾਂ ਦੇ ਵਪਾਰੀ (ਮਾਇਕ ਪਦਾਰਥ ਹੀ ਖ਼ਰੀਦਦੇ ਹਨ ਉਹਨਾਂ ਦੀ) ਸਿੱਖਿਆ ਨਾਲ ਹਰਿ-ਨਾਮ-ਧਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ।੨।