Today’s Hukamnama from State Gurdwara Sahib Kapurthala

32

ਸ਼ੁੱਕਰਵਾਰ 9 ਨਵੰਬਰ 2018 (30 ਕੱਤਕ ਸੰਮਤ 550 ਨਾਨਕਸ਼ਾਹੀ)

ਬਿਲਾਵਲੁ ॥ ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥ ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥੧॥ ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥ ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮ੍ਹ੍ਹਾਰੀ ॥੧॥ ਰਹਾਉ ॥ ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ ॥ ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ ॥੨॥ ਜਰਾ ਜੀਵਨ ਜੋਬਨੁ ਗਇਆ ਕਿਛੁ ਕੀਆ ਨ ਨੀਕਾ ॥ ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ ॥੩॥ ਕਹੁ ਕਬੀਰ ਮੇਰੇ ਮਾਧਵਾ ਤੂ ਸਰਬ ਬਿਆਪੀ ॥ ਤੁਮ ਸਮਸਰਿ ਨਾਹੀ ਦਇਆਲੁ ਮੋਹਿ ਸਮਸਰਿ ਪਾਪੀ ॥੪॥੩॥ {ਅੰਗ 855-856}

ਪਦਅਰਥ: ਗ੍ਰਿਹੁ = ਘਰ, ਗ੍ਰਿਹਸਤ। ਤਜਿ = ਤਿਆਗ ਕੇ। ਬਨਖੰਡ = ਜੰਗਲਾਂ ਵਿਚ। ਕੰਦਾ = ਗਾਜਰ ਆਦਿਕ ਧਰਤੀ ਵਿਚ ਉੱਗਣ ਵਾਲੀਆਂ ਚੀਜ਼ਾਂ। ਅਜਹੁ = ਅਜੇ ਭੀ, ਫਿਰ ਭੀ।੧।

ਕਿਉ ਛੂਟਉ = ਮੈਂ ਕਿਵੇਂ (ਇਹਨਾਂ ਵਿਕਾਰਾਂ ਤੋਂ) ਬਚ ਸਕਦਾ ਹਾਂਭਵ = ਸੰਸਾਰ। ਜਲ ਨਿਧਿ = ਸਮੁੰਦਰ। ਬੀਠੁਲਾ = ਹੇ ਬੀਠਲ! ਹੇ ਪ੍ਰਭੂ! {Skt. विष्ठल = one that is far away. ਉਹ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਵਿ = ਪਰੇ ਹੈ। ਸਥਲ = ਟਿਕਿਆ ਹੋਇਆ। ਵਿ = ਸਥਲ, ਵਿਸ਼ਠਲ, ਬੀਠਲ = ਜੋ ਮਾਇਆ ਤੋਂ ਦੂਰ ਪਰੇ ਹੈ}। ਨੋਟ: ਇਹ ਲਫ਼ਜ਼ ਸਿਰਫ਼ ਨਾਮਦੇਵ ਜੀ ਨੇ ਹੀ ਨਹੀਂ ਵਰਤਿਆਕਬੀਰ ਜੀ ਭੀ ਵਰਤਦੇ ਹਨ ਤੇ ਸਤਿਗੁਰੂ ਜੀ ਨੇ ਭੀ ਕਈ ਥਾਂ ਵਰਤਿਆ ਹੈ। ਇਸ ਦੇ ਅਧਾਰ ਤੇ ਨਾਮਦੇਵ ਜੀ ਨੂੰ ਬੀਠਲ ਦੀ ਕਿਸੇ ਮੂਰਤੀ ਦਾ ਪੁਜਾਰੀ ਸਮਝਣਾ ਭੁੱਲ ਹੈ।੧।ਰਹਾਉ।

ਬਿਖੈ ਬਿਖੈ ਕੀ = ਕਈ ਕਿਸਮਾਂ ਦੇ ਵਿਸ਼ਿਆਂ ਦੀ। ਬਾਸਨਾ = ਵਾਸ਼ਨਾ, ਖਿੱਚ, ਚਸਕਾ। ਲਪਟਾਈ = ਚੰਬੜਦਾ ਹੈ।੨।

ਜਰਾ = ਬੁਢੇਪਾ। ਜੀਵਨ ਜੋਬਨੁ = ਜ਼ਿੰਦਗੀ ਦਾ ਜੋਬਨ, ਜੁਆਨੀ ਦੀ ਉਮਰ। ਨੀਕਾ = ਭਲਾ ਕੰਮ। ਜੀਅਰਾ = ਇਹ ਸੁਹਣੀ ਜਿਹੀ ਜਿੰਦ। ਮੀਕਾ = ਬਰਾਬਰ।੩।

ਮਾਧਵਾ = ਹੇ ਪ੍ਰਭੂਸਮਸਰਿ = ਬਰਾਬਰ। ਮੋਹਿ ਸਮਸਰਿ = ਮੇਰੇ ਵਰਗਾ।੪।

ਅਰਥ: ਜੇ ਗ੍ਰਿਹਸਤ ਤਿਆਗ ਕੇ ਜੰਗਲਾਂ ਵਿਚ ਚਲੇ ਜਾਈਏ, ਤੇ ਗਾਜਰ ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰੀਏ, ਤਾਂ ਭੀ ਇਹ ਪਾਪੀ ਚੰਦਰਾ ਮਨ ਵਿਕਾਰ ਨਹੀਂ ਛੱਡਦਾ।੧।

ਹੇ ਮੇਰੇ ਪ੍ਰਭੂ! ਮੈਂ ਤੇਰਾ ਦਾਸ ਤੇਰੀ ਸ਼ਰਨ ਆਇਆ ਹਾਂ, ਮੈਨੂੰ (ਇਹਨਾਂ ਵਿਕਾਰਾਂ ਤੋਂ) ਬਚਾ। ਮੈਂ ਕਿਵੇਂ ਇਹਨਾਂ ਤੋਂ ਖ਼ਲਾਸੀ ਕਰਾਵਾਂਇਹ ਸੰਸਾਰ ਬੜਾ ਵੱਡਾ ਸਮੁੰਦਰ ਹੈ, ਮੈਂ ਕਿਵੇਂ ਇਸ ਤੋਂ ਪਾਰ ਲੰਘਾਂ?੧।ਰਹਾਉ।

ਹੇ ਮੇਰੇ ਬੀਠਲ! ਮੈਥੋਂ ਇਹਨਾਂ ਅਨੇਕਾਂ ਕਿਸਮਾਂ ਦੇ ਵਿਸ਼ਿਆਂ ਦੇ ਚਸਕੇ ਛੱਡੇ ਨਹੀਂ ਜਾ ਸਕਦੇ। ਕਈ ਜਤਨ ਕਰ ਕੇ ਇਸ ਮਨ ਨੂੰ ਰੋਕੀਦਾ ਹੈ, ਪਰ ਇਹ ਮੁੜ ਮੁੜ ਵਿਸ਼ਿਆਂ ਦੀਆਂ ਵਾਸ਼ਨਾਂ ਨੂੰ ਜਾ ਚੰਬੜਦਾ ਹੈ।੨।

ਬੁਢੇਪਾ ਆ ਗਿਆ ਹੈ, ਜੁਆਨੀ ਦੀ ਉਮਰ ਲੰਘ ਗਈ ਹੈ, ਪਰ ਮੈਂ ਹੁਣ ਤਕ ਕੋਈ ਚੰਗਾ ਕੰਮ ਨਹੀਂ ਕੀਤਾ। ਮੇਰੀ ਇਹ ਜਿੰਦ ਅਮੋਲਕ ਸੀਪਰ ਮੈਂ ਇਸ ਨੂੰ ਕੌਡੀ ਦੇ ਬਰਾਬਰ ਕਰ ਦਿੱਤਾ ਹੈ।੩।

ਹੇ ਕਬੀਰ! ਆਪਣੇ ਪ੍ਰਭੂ ਅੱਗੇ ਇਉਂ) ਬੇਨਤੀ ਕਰ-ਹੇ ਪਿਆਰੇ ਪ੍ਰਭੂਤੂੰ ਸਭ ਜੀਆਂ ਵਿਚ ਵਿਆਪਕ ਹੈਂ (ਤੇ ਸਭ ਦੇ ਦਿਲ ਦੀ ਜਾਣਦਾ ਹੈਂ, ਮੇਰਾ ਅੰਦਰਲਾ ਹਾਲ ਭੀ ਤੂੰ ਜਾਣਦਾ ਹੈਂ) ਤੇਰੇ ਜੇਡਾ ਕੋਈ ਦਇਆ ਕਰਨ ਵਾਲਾ ਨਹੀਂ, ਤੇ ਮੇਰੇ ਵਰਗਾ ਕੋਈ ਪਾਪੀ ਨਹੀਂ (ਸੋ, ਮੈਨੂੰ ਤੂੰ ਆਪ ਹੀ ਇਹਨਾਂ ਵਿਕਾਰਾਂ ਤੋਂ ਬਚਾ੪।੩।