Today’s Hukamnama from Gurdwara Damdama Sahib Thatta

87

ਸੋਮਵਾਰ 10 ਜੂਨ 2019 (27 ਜੇਠ ਸੰਮਤ 551 ਨਾਨਕਸ਼ਾਹੀ)

ਸੋਰਠਿ ਮਹਲਾ ੫ ॥ ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥ ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥ ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥ ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥ ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥ ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥ {ਪੰਨਾ 617}

ਪਦਅਰਥ: ਜਾ ਕੈ ਸਿਮਰਣਿ = ਜਿਸ (ਪ੍ਰਭੂ) ਦੇ ਸਿਮਰਨ ਦੀ ਰਾਹੀਂ। ਸਭ ਕਛੁ = ਹਰੇਕ ਚੀਜ਼। ਬਿਰਥੀ = ਵਿਅਰਥ, ਖ਼ਾਲੀ। ਘਾਲ = ਮੇਹਨਤ। ਤਿਆਗਿ = ਭੁਲਾ ਕੇ। ਅਵਰ ਕਤ = ਹੋਰ ਕਿਸ ਪਾਸੇ। ਰਾਚਹੁ = ਤੂੰ ਮਸਤ ਹੋ ਰਿਹਾ ਹੈਂ।੧।ਸੰਤ = ਹੇ ਸੰਤ ਜਨੋ! ਗੋਪਾਲਾ = ਸ੍ਰਿਸ਼ਟੀ ਦਾ ਪਾਲਣ ਵਾਲਾ। ਪੂਰਨ = ਸਫਲ।੧।ਰਹਾਉ।ਸਾਰਿ = ਸਾਰ ਲੈ ਕੇ। ਸਮਾਲੈ = ਸੰਭਾਲ ਕਰਦਾ ਹੈ। ਸਹਿਤ = ਨਾਲ। ਗਲਿ = ਗਲ ਨਾਲ। ਪ੍ਰਭ = ਹੇ ਪ੍ਰਭੂ! ਜਗਤ ਜੀਵਨੁ = ਜਗਤ ਦਾ ਜੀਵਨ, ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ।੨।

ਅਰਥ: ਹੇ ਸੰਤ ਜਨੋ! ਸ੍ਰਿਸ਼ਟੀ ਦੇ ਪਾਲਣਹਾਰ ਨੂੰ ਸਦਾ ਸਿਮਰਦੇ ਰਹੋ। ਸਾਧ ਸੰਗਤ ਵਿਚ ਮਿਲ ਕੇ ਪ੍ਰਭੂ ਦਾ ਨਾਮ ਸਿਮਰਿਆ ਕਰੋ, (ਸਿਮਰਨ ਦੀ) ਮੇਹਨਤ ਜ਼ਰੂਰ ਸਫਲ ਹੋ ਜਾਂਦੀ ਹੈ।੧।ਰਹਾਉ।ਹੇ ਭਾਈ! ਜਿਸ ਪ੍ਰਭੂ ਦੇ ਸਿਮਰਨ ਦੀ ਬਰਕਤਿ ਨਾਲ ਹਰੇਕ ਪਦਾਰਥ ਮਿਲ ਸਕਦਾ ਹੈ, (ਸਿਮਰਨ ਦੀ) ਕੀਤੀ ਹੋਈ ਮਿਹਨਤ ਵਿਅਰਥ ਨਹੀਂ ਜਾਂਦੀ, ਜੇਹੜਾ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ ਉਸ ਨੂੰ ਛੱਡ ਕੇ ਹੋਰ ਕੇਹੜੇ ਪਾਸੇ ਮਸਤ ਹੋ ਰਹੇ ਹੋ?।੧।ਹੇ ਭਾਈ! ਉਹ ਪਰਮਾਤਮਾ (ਸਭ ਜੀਵਾਂ ਦੀ) ਸਾਰ ਲੈ ਕੇ ਸੰਭਾਲ ਕਰਦਾ ਹੈ, ਸਦਾ ਪਾਲਣਾ ਕਰਦਾ ਹੈ (ਸਿਮਰਨ ਕਰਨ ਵਾਲਿਆਂ ਨੂੰ) ਪ੍ਰੇਮ ਨਾਲ ਆਪਣੇ ਗਲੇ ਲਾਂਦਾ ਹੈ।ਹੇ ਨਾਨਕ! ਆਖ-ਹੇ ਪ੍ਰਭੂ! ਤੈਨੂੰ ਵਿਸਾਰ ਕੇ ਜੀਵ ਤੈਨੂੰ ਕਿਵੇਂ ਮਿਲ ਸਕਦਾ ਹੈ? ਤੇ, ਤੂੰ ਹੀ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈਂ।੨।੪।੩੨।