Today’s Hukamnama from Gurdwara Damdama Sahib Thatta

15

ਮੰਗਲਵਾਰ 2 ਜਨਵਰੀ 2018 (19 ਪੋਹ ਸੰਮਤ 549 ਨਾਨਕਸ਼ਾਹੀ)

ਜੈਤਸਰੀ ਮਹਲਾ ੫ ॥ ਹਰਿ ਜਨ ਸਿਮਰਹੁ ਹਿਰਦੈ ਰਾਮ ॥ ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਪੂਰਨ ਦਾਸ ਕੇ ਕਾਮ ॥੧॥ ਰਹਾਉ ॥ ਕੋਟਿ ਬਿਘਨ ਬਿਨਸਹਿ ਹਰਿ ਸੇਵਾ ਨਿਹਚਲੁ ਗੋਵਿਦ ਧਾਮ ॥ ਭਗਵੰਤ ਭਗਤ ਕਉ ਭਉ ਕਿਛੁ ਨਾਹੀ ਆਦਰੁ ਦੇਵਤ ਜਾਮ ॥੧॥ ਤਜਿ ਗੋਪਾਲ ਆਨ ਜੋ ਕਰਣੀ ਸੋਈ ਸੋਈ ਬਿਨਸਤ ਖਾਮ ॥ ਚਰਨ ਕਮਲ ਹਿਰਦੈ ਗਹੁ ਨਾਨਕ ਸੁਖ ਸਮੂਹ ਬਿਸਰਾਮ ॥੨॥੯॥੧੩॥ {ਅੰਗ 702}

ਅਰਥ: ਹੇ ਪਰਮਾਤਮਾ ਦੇ ਪਿਆਰਿਓ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਿਆ ਕਰੋ। ਕੋਈ ਭੀ ਬਿਪਤਾ ਪ੍ਰਭੂ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀਸੇਵਕਾਂ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ।੧।ਰਹਾਉ। ਹੇ ਸੰਤ ਜਨੋ! ਪਰਮਾਤਮਾ ਦੀ ਭਗਤੀ (ਦੀ ਬਰਕਤਿ) ਨਾਲ (ਜ਼ਿੰਦਗੀ ਦੇ ਰਾਹ ਵਿਚੋਂ) ਕ੍ਰੋੜਾਂ ਔਕੜਾਂ ਨਾਸ ਹੋ ਜਾਂਦੀਆਂ ਹਨ, ਅਤੇ, ਪਰਮਾਤਮਾ ਦਾ ਸਦਾ ਅਟੱਲ ਰਹਿਣ ਵਾਲਾ ਘਰ (ਭੀ ਮਿਲ ਜਾਂਦਾ ਹੈ) ਭਗਵਾਨ ਦੇ ਭਗਤਾਂ ਨੂੰ ਕੋਈ ਭੀ ਡਰ ਪੋਹ ਨਹੀਂ ਸਕਦਾ, ਜਮਰਾਜ ਭੀ ਉਹਨਾਂ ਦਾ ਸਤਕਾਰ ਕਰਦਾ ਹੈ।੧। ਹੇ ਨਾਨਕ! ਪਰਮਾਤਮਾ (ਦਾ ਸਿਮਰਨ) ਭੁਲਾ ਕੇ ਹੋਰ ਜੇਹੜਾ ਭੀ ਕੰਮ ਕਰੀਦਾ ਹੈ ਉਹ ਨਾਸਵੰਤ ਹੈ ਅਤੇ ਕੱਚਾ ਹੈ (ਇਸ ਵਾਸਤੇ, ਹੇ ਨਾਨਕ!) ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖ, (ਇਹ ਹਰਿ-ਚਰਨ ਹੀ) ਸਾਰੇ ਸੁਖਾਂ ਦਾ ਘਰ ਹਨ।੨।੯।੧੩।

 ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥

Web: thatta.in | Fb/PindThatta | Twitter@Pind_Thatta | YouTube/PindThatta | WhatsApp: 98728-98928