Today’s Hukamnama from Gurdwara Baoli Sahib Goindwal Sahib

ਸਨਿੱਚਰਵਾਰ 15 ਸਤੰਬਰ 2018 (30 ਭਾਦੋਂ ਸੰਮਤ 550 ਨਾਨਕਸ਼ਾਹੀ)

ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ    ੴ ਸਤਿਗੁਰ ਪ੍ਰਸਾਦਿ ॥ ਸਲੋਕ ॥ ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥ ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥ ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥ {ਅੰਗ 705-706}

ਪਦਅਰਥ: ਆਦਿ = ਜਗਤ ਦੇ ਸ਼ੁਰੂ ਤੋਂ। ਪੂਰਨ = ਸਭ ਥਾਂ ਮੌਜੂਦ। ਮਧਿ = ਵਿਚਕਾਰਲੇ ਸਮੇ। ਅੰਤਿ = ਜਗਤ ਦੇ ਮੁੱਕ ਜਾਣ ਤੇ। ਸਰਬਤ੍ਰ ਰਮਣੰ = ਹਰ ਥਾਂ ਵਿਆਪਕ ਪ੍ਰਭੂ ਨੂੰ। ਅਘ = ਪਾਪ। ਜਗਦੀਸੁਰਹ = (ਜਗਤ+ਈਸੁਰ) ਜਗਤ ਦਾ ਮਾਲਕ।੧।

ਪੇਖਨ = ਵੇਖਣ ਵਾਲਾ। ਦ੍ਰਿੜੀਐ = ਪੱਕੀ ਤਰ੍ਹਾਂ ਟਿਕਾ ਰੱਖੀਏ। ਸਾਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ। ਪੂਰਿ ਰਹਿਓ = ਮੌਜੂਦ ਹੈ। ਸਰਬਤ੍ਰ ਮੈ = ਹਰ ਥਾਂ ਵਿਆਪਕ। ਹਰਿ ਰੰਗਿ = ਹਰੀ ਦੇ ਪਿਆਰ ਵਿਚ। ਰਾਚੁ = ਇਕ ਇਕ ਹੋ ਜਾ, ਲੀਨ ਹੋ ਜਾ।੨।

ਅਰਥ: ਸੰਤ ਜਨ ਉਸ ਸਰਬ-ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈਹੁਣ ਭੀ ਸਰਬ-ਵਿਆਪਕ ਹੈ ਤੇ ਅਖ਼ੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ। ਹੇ ਨਾਨਕ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ।੧।

ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ (ਹਰ ਥਾਂ) ਆਪ ਹੀ ਵੇਖਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ। ਹੇ ਨਾਨਕ! ਉਸ ਹਰੀ ਦੀ ਪਿਆਰੀ ਯਾਦ ਵਿਚ ਲੀਨ ਹੋ ਜਾ ਜੋ ਸਭ ਥਾਈਂ ਮੌਜੂਦ ਹੈ।੨।

ਪਉੜੀ ॥ ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥ ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥ ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥ ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ ॥੧॥ {ਪੰਨਾ 706}

ਪਦਅਰਥ: ਨਿਰੰਜਨੁ = ਨਿਰ = ਅੰਜਨੁ {ਅੰਜਨੁ = ਕਾਲਖ, ਮਾਇਆਮਾਇਆ ਤੋਂ ਨਿਰਲੇਪ। ਕਰਣ = ਰਚਿਆ ਹੋਇਆ ਜਗਤ। ਕਰਣ ਕਾਰਣ = ਸਾਰੇ ਜਗਤ ਦਾ ਮੂਲ। ਖਿਨੁ = ਪਲ, ਰਤਾ ਕੁ ਸਮਾ। ਥਾਪਿ = ਪੈਦਾ ਕਰ ਕੇ। ਉਥਾਪਦਾ = ਨਾਸ ਕਰ ਦੇਂਦਾ ਹੈ। ਖੰਡ = ਧਰਤੀ ਦੇ ਟੋਟੇ, ਵੱਡੇ ਵੱਡੇ ਦੇਸ। ਬ੍ਰਹਮੰਡ = ਸਾਰਾ ਜਗਤ। ਦੀਪ = ਜਜ਼ੀਰੇ। ਲੋਈ = ਜਗਤ, ਲੋਕ। ਨਿਰਮਲ = ਪਵਿਤ੍ਰ। ਸੁ = ਸੋ, ਉਹੀ।

ਅਰਥ: ਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ ਸਿਰਫ਼ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹੀ ਸਭ ਦੇ ਅੰਦਰ ਮੌਜੂਦ ਹੈ। ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ। ਇਕ ਪਲਕ ਵਿਚ (ਜੀਵਾਂ ਨੂੰ) ਪੈਂਦਾ ਕਰ ਕੇ ਨਾਸ ਕਰ ਦੇਂਦਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ। ਸਭ ਦੇਸਾਂ ਵਿਚ, ਸਾਰੇ ਬ੍ਰਹਮੰਡ ਵਿਚ, ਹੇਠਲੀ ਧਰਤੀ, ਜਜ਼ੀਰਿਆਂ ਵਿਚ, ਸਾਰੇ ਹੀ ਜਗਤ ਵਿਚ ਉਹ ਪ੍ਰਭੂ ਵਿਆਪਕ ਹੈ।

ਜਿਸ ਮਨੁੱਖ ਨੂੰ (ਇਹਸਮਝ ਆਪ ਪ੍ਰਭੂ ਦੇਂਦਾ ਹੈ, ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ।੧।

About thatta

Comments are closed.

Scroll To Top
error: