Today’s Hukamnama 12.10.2019: Ber Sahib, Baoli Sahib, Damdama Sahib, Baba Darbara Singh, State Gurdwara Sahib

140
Today’s Hukamnama from Gurdwara Sri Ber Sahib Sultanpur Lodhi

ਬਿਹਾਗੜਾ ਮਹਲਾ ੫ ਛੰਤ ॥ ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥ ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥ ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ ॥ ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ॥ ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥ ਬਿਨਵੰਤ ਨਾਨਕ ਬਿਨੁ ਸਾਧਸੰਗਮ ਸਭ ਮਿਥਿਆ ਸੰਸਾਰੀ ॥੧॥ {ਪੰਨਾ 547}

ਪਦਅਰਥ: ਸੁਧਰਮੀੜਿਆ = ਹੇ ਸੁਧਰਮੀ! ਹੇ ਸ੍ਰੇਸ਼ਟ ਧਰਮ ਵਾਲੇ! ਹੇ (ਸਾਰੀਆਂ ਜੂਨਾਂ ਵਿਚੋਂ) ਉੱਤਮ ਫ਼ਰਜ਼ ਵਾਲੇ। ਕਤ = ਕਿਉਂ? ਨੇਤ੍ਰੀ ਦੇਖਿ = ਅੱਖਾਂ ਨਾਲ ਵੇਖ। ਬਿਉਹਾਰੀ = ਵਿਹਾਰ ਕਰਨ ਵਾਲਾ। ਸੰਗਿ = ਨਾਲ। ਵੇਸ = ਕੱਪੜੇ। ਸੁਵਰਨ = ਸੋਨਾ। ਰੂਪਾ = ਚਾਂਦੀ। ਊਣੇ = ਖ਼ਾਲੀ, ਵਿਅਰਥ। ਕਲਤ੍ਰ = ਇਸਤ੍ਰੀ। ਹਸਤ ਘੋਰਿ = ਹਾਥੀ ਘੋੜੇ। ਵਿਕਾਰੀ = ਵਿਕਾਰਾਂ ਵਲ ਲੈ ਜਾਣ ਵਾਲੇ। ਮਿਥਿਆ = ਨਾਸਵੰਤ। ਸੰਸਾਰੀ = ਸੰਸਾਰ ਦੇ ਉੱਦਮ।੧।

ਅਰਥ: ਹੇ (ਸਾਰੀਆਂ) ਜੂਨਾਂ ਵਿਚੋਂ (ਉੱਤਮ ਫ਼ਰਜ਼ ਵਾਲੇ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਬੋਲ ਬੋਲਿਆ ਕਰ। (ਸਿਫ਼ਤਿ-ਸਾਲਾਹ ਵਲੋਂ) ਤੂੰ ਕਿਉਂ ਚੁੱਪ ਵੱਟੀ ਹੋਈ ਹੈ? ਆਪਣੀਆਂ ਅੱਖਾਂ ਨਾਲ (ਧਿਆਨ ਨਾਲ) ਵੇਖ; (ਨਿਰਾ) ਮਾਇਆ ਦਾ ਹੀ ਵਿਹਾਰ ਕਰਨ ਵਾਲਾ (ਇਥੋਂ ਖ਼ਾਲੀ ਹੱਥ) ਤੁਰ ਪੈਂਦਾ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ। ਦੇਸਾਂ (ਦੇ ਰਾਜ) , ਕੱਪੜੇ, ਸੋਨਾ, ਚਾਂਦੀ (-ਇਹਨਾਂ ਦੀ ਖ਼ਾਤਰ ਕੀਤੇ ਹੋਏ) ਸਾਰੇ ਉੱਦਮ ਵਿਅਰਥ ਹੋ ਜਾਂਦੇ ਹਨ। ਹੇ ਭਾਈ! ਪੁੱਤਰ, ਇਸਤ੍ਰੀ, ਦੁਨੀਆ ਦੀ ਵਡਿਆਈ-ਕੁਝ ਭੀ ਮਨੁੱਖ ਦੇ ਨਾਲ ਨਹੀਂ ਜਾਂਦਾ। ਹਾਥੀ ਘੋੜੇ ਆਦਿਕਾਂ ਦੀ ਲਾਲਸਾ ਭੀ ਵਿਕਾਰਾਂ ਵਲ ਲੈ ਜਾਂਦੀ ਹੈ। ਨਾਨਕ ਬੇਨਤੀ ਕਰਦਾ ਹੈ-ਸਾਧ ਸੰਗਤਿ ਤੋਂ ਬਿਨਾ ਦੁਨੀਆ ਦੇ ਸਾਰੇ ਉੱਦਮ ਨਾਸਵੰਤ ਹਨ।

ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ ਰਾਮ ॥ ਮਾਇਆ ਝੂਠੁ ਰੁਦਨੁ ਕੇਤੇ ਬਿਲਲਾਹੀ ਰਾਮ ॥ ਬਿਲਲਾਹਿ ਕੇਤੇ ਮਹਾ ਮੋਹਨ ਬਿਨੁ ਨਾਮ ਹਰਿ ਕੇ ਸੁਖੁ ਨਹੀ ॥ ਸਹਸ ਸਿਆਣਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ ॥ ਆਦਿ ਅੰਤੇ ਮਧਿ ਪੂਰਨ ਸਰਬਤ੍ਰ ਘਟਿ ਘਟਿ ਆਹੀ ॥ ਬਿਨਵੰਤ ਨਾਨਕ ਜਿਨ ਸਾਧਸੰਗਮੁ ਸੇ ਪਤਿ ਸੇਤੀ ਘਰਿ ਜਾਹੀ ॥੨॥ {ਪੰਨਾ 548}

ਪਦਅਰਥ: ਰਾਜਨ = ਹੇ ਧਰਤੀ ਦੇ ਸਰਦਾਰ! ਭਰੇ = ਭਰਿ, ਭਰ ਕੇ। ਨੀਦ ਭਰੇ = ਗੂੜ੍ਹੀ ਨੀਂਦ ਵਿਚ। ਕਤ = ਕਿਉਂ? ਰੁਦਨੁ = ਰੋਣ = ਕੁਰਲਾਣ, ਤਰਲਾ। ਕੇਤੇ = ਕਿਤਨੇ ਹੀ, ਬੇਅੰਤ ਜੀਵ। ਬਿਲਲਾਹੀ = ਬਿਲਲਾਹਿ, ਵਿਲਕਦੇ ਹਨ। ਮਹਾ ਮੋਹਨ– ਡਾਢੀ ਮਨ = ਮੋਹਣੀ ਮਾਇਆ ਦੀ ਖ਼ਾਤਰ। ਸਹਸ = ਹਜ਼ਾਰਾਂ। ਉਪਾਵ = (ਲਫ਼ਜ਼ ‘ਉਪਾਉ’ ਤੋਂ ਬਹੁ-ਵਚਨ) । ਭਾਵਤ = (ਪ੍ਰਭੂ ਨੂੰ) ਚੰਗਾ ਲੱਗਦਾ ਹੈ। ਜਾਹੀ = ਜਾਹਿ, ਜਾਂਦੇ ਹਨ। ਆਦਿ ਅੰਤੇ ਮਧਿ = ਸ਼ੁਰੂ ਵਿਚ, ਅਖ਼ੀਰ ਵਿਚ, ਵਿਚਕਾਰਲੇ ਸਮੇ ਵਿਚ, ਸਦਾ ਹੀ। ਪੂਰਨ = ਵਿਆਪਕ। ਸਰਬਤ੍ਰ = ਹਰ ਥਾਂ। ਘਟਿ ਘਟਿ = ਹਰੇਕ ਸਰੀਰ ਵਿਚ। ਆਹੀ = ਹੈ। ਸੰਗਮੁ = ਮਿਲਾਪ। ਸਾਧ ਸੰਗਮੁ = ਗੁਰੂ ਦਾ ਮਿਲਾਪ। ਪਤਿ = ਇੱਜ਼ਤ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ = ਚਰਨਾਂ ਵਿਚ।੨।

ਅਰਥ: ਹੇ ਧਰਤੀ ਦੇ ਸਰਦਾਰ ਮਨੁੱਖ! ਤੂੰ ਕਿਉਂ ਮਾਇਆ ਦੇ ਮੋਹ ਦੀ ਗੂੜ੍ਹੀ ਨੀਂਦ ਵਿਚ ਸੌਂ ਰਿਹਾ ਹੈਂ? ਤੂੰ ਕਿਉਂ ਸੁਚੇਤ ਨਹੀਂ ਹੁੰਦਾ? ਇਸ ਮਾਇਆ ਦੀ ਖ਼ਾਤਰ ਅਨੇਕਾਂ ਹੀ ਮਨੁੱਖ ਝੂਠਾ ਰੋਣ-ਕੁਰਲਾਣ ਕਰਦੇ ਆ ਰਹੇ ਹਨ, ਵਿਲਕਦੇ ਆ ਰਹੇ ਹਨ। ਬੇਅੰਤ ਪ੍ਰਾਣੀ ਇਸ ਡਾਢੀ ਮਨ-ਮੋਹਣੀ ਮਾਇਆ ਦੀ ਖ਼ਾਤਰ ਤਰਲੇ ਲੈਂਦੇ ਆ ਰਹੇ ਹਨ (ਕਿ ਮਾਇਆ ਮਿਲੇ ਤੇ ਮਾਇਆ ਤੋਂ ਸੁਖ ਮਿਲੇ, ਪਰ) ਪਰਮਾਤਮਾ ਦੇ ਨਾਮ ਤੋਂ ਬਿਨਾ ਸੁਖ (ਕਿਸੇ ਨੂੰ) ਨਹੀਂ ਲੱਭਾ। ਜੀਵ ਹਜ਼ਾਰਾਂ ਚਤੁਰਾਈਆਂ ਹਜ਼ਾਰਾਂ ਹੀਲੇ ਕਰਦੇ ਥੱਕ ਜਾਂਦੇ ਹਨ (ਮਾਇਆ ਦੇ ਮੋਹ ਵਿਚੋਂ ਖ਼ਲਾਸੀ ਭੀ ਨਹੀਂ ਹੁੰਦੀ। ਹੋਵੇ ਭੀ ਕਿਵੇਂ?) ਜਿਧਰ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਉਧਰ ਹੀ ਜੀਵ ਜਾ ਸਕਦੇ ਹਨ। ਉਹ ਪਰਮਾਤਮਾ ਸਦਾ ਲਈ ਹੀ ਸਰਬ-ਵਿਆਪਕ ਹੈ, ਹਰ ਥਾਂ ਮੌਜੂਦ ਹੈ, ਹਰੇਕ ਸਰੀਰ ਵਿਚ ਹੈ। ਨਾਨਕ ਬੇਨਤੀ ਕਰਦਾ ਹੈ-ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਉਹ (ਇਥੋਂ) ਇੱਜ਼ਤ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਜਾਂਦੇ ਹਨ।੨।

ਨਰਪਤਿ ਜਾਣਿ ਗ੍ਰਹਿਓ ਸੇਵਕ ਸਿਆਣੇ ਰਾਮ ॥ ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਮ ॥ ਹਰਿਚੰਦਉਰੀ ਦੇਖਿ ਭੂਲਾ ਕਹਾ ਅਸਥਿਤਿ ਪਾਈਐ ॥ ਬਿਨੁ ਨਾਮ ਹਰਿ ਕੇ ਆਨ ਰਚਨਾ ਅਹਿਲਾ ਜਨਮੁ ਗਵਾਈਐ ॥ ਹਉ ਹਉ ਕਰਤ ਨ ਤ੍ਰਿਸਨ ਬੂਝੈ ਨਹ ਕਾਂਮ ਪੂਰਨ ਗਿਆਨੇ ॥ ਬਿਨਵੰਤਿ ਨਾਨਕ ਬਿਨੁ ਨਾਮ ਹਰਿ ਕੇ ਕੇਤਿਆ ਪਛੁਤਾਨੇ ॥੩॥ {ਪੰਨਾ 548}

ਪਦਅਰਥ: ਨਰਪਤਿ = ਰਾਜਾ। ਜਾਣਿ = ਜਾਣ ਕੇ, ਸਮਝ ਕੇ। ਗ੍ਰਹਿਓ = (ਮੋਹ ਵਿਚ) ਫਸ ਜਾਂਦਾ ਹੈ। ਸਰਪਰ = ਜ਼ਰੂਰ। ਮੋਹੇ = (ਜਿਹੜੇ) ਮੋਹ ਵਿਚ ਫਸਦੇ ਹਨ। ਹਰਿਚੰਦਉਰੀ = ਹਰਿਚੰਦ = ਨਗਰੀ, ਗੰਧਰਬ = ਨਗਰੀ, ਆਕਾਸ਼ ਵਿਚ ਖ਼ਿਆਲੀ ਨਗਰੀ। ਦੇਖਿ = ਵੇਖ ਕੇ। ਅਸਥਿਤਿ = ਪੱਕਾ ਟਿਕਾਣਾ। ਕਹਾ = ਕਿੱਥੇ? ਕਿਤੇ ਭੀ ਨਹੀਂ। ਆਨ = ਹੋਰ। ਅਹਿਲਾ = ਆਹਲਾ, ਉੱਤਮ। ਗਵਾਈਐ = ਗਵਾ ਲਈਦਾ ਹੈ। ਹਉ ਹਉ = ਮੈਂ (ਵੱਡਾ ਬਣ ਜਾਵਾਂ) , ਮੈਂ (ਵੱਡਾ ਬਣ ਜਾਵਾਂ) । ਕਾਂਮ = ਮਨੁੱਖਾ ਜਨਮ ਦਾ ਮਨੋਰਥ। ਗਿਆਨ = ਆਤਮਕ ਜੀਵਨ ਦੀ ਸਮਝ। ਕੇਤਿਆ = ਅਨੇਕਾਂ ਹੀ।੩।

ਅਰਥ: (ਜੇ ਕੋਈ ਮਨੁੱਖ) ਰਾਜਾ (ਬਣ ਜਾਂਦਾ ਹੈ, ਤਾਂ ਉਹ) ਸਿਆਣੇ ਸੇਵਕਾਂ ਨੂੰ (ਆਪਣੇ) ਜਾਣ ਕੇ (ਰਾਜ ਦੇ ਮੋਹ ਵਿਚ) ਫਸ ਜਾਂਦਾ ਹੈ। (ਪਰ ਦੁਨੀਆ ਦੇ ਸਾਰੇ ਪਦਾਰਥਾਂ ਨਾਲੋਂ) ਜ਼ਰੂਰ ਵਿਛੁੜ ਜਾਣਾ ਹੈ, (ਜੇਹੜੇ ਮਨੁੱਖ ਦੁਨੀਆ ਦੇ ਮੋਹ ਵਿਚ) ਫਸਦੇ ਹਨ, ਉਹ ਆਖ਼ਰ ਹੱਥ ਮਲਦੇ ਰਹਿ ਜਾਂਦੇ ਹਨ। ਮਨੁੱਖ ਆਕਾਸ਼ ਵਿਚ ਦੇ ਖ਼ਿਆਲੀ ਸ਼ਹਰ ਵਰਗੇ ਜਗਤ ਨੂੰ ਵੇਖ ਕੇ ਕੁਰਾਹੇ ਪੈ ਜਾਂਦਾ ਹੈ, ਪਰ ਇਥੇ ਕਿਤੇ ਭੀ ਸਦਾ ਦਾ ਟਿਕਾਣਾ ਨਹੀਂ ਮਿਲ ਸਕਦਾ। ਪਰਮਾਤਮਾ ਦੇ ਨਾਮ ਤੋਂ ਖੁੰਝ ਕੇ, ਜਗਤ-ਚਰਨਾ ਦੇ ਹੋਰ ਹੋਰ ਪਦਾਰਥਾਂ ਵਿਚ ਫਸ ਕੇ ਸ੍ਰੇਸ਼ਟ ਮਨੁੱਖਾ ਜਨਮ ਗਵਾ ਲਈਦਾ ਹੈ।੩।

“ਮੈਂ (ਵੱਡਾ ਬਣ ਜਾਵਾਂ) , ਮੈਂ (ਵੱਡ ਬਣ ਜਾਵਾਂ) “-ਇਹ ਕਰਦਿਆਂ ਕਦੇ ਮਾਇਆ ਦੀ ਤ੍ਰਿਸ਼ਨਾ ਮੁੱਕਦੀ ਨਹੀਂ, ਮਨੁੱਖਾ ਜਨਮ ਦਾ ਮਨੋਰਥ ਹਾਸਲ ਨਹੀਂ ਹੋ ਸਕਦਾ, ਆਤਮਕ ਜੀਵਨ ਦੀ ਸਮਝ ਭੀ ਨਹੀਂ ਪੈਂਦੀ। ਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਨੇਕਾਂ ਜੀਵ ਹੱਥ ਮਲਦੇ ਜਾਂਦੇ ਹਨ।੩।

ਧਾਰਿ ਅਨੁਗ੍ਰਹੋ ਅਪਨਾ ਕਰਿ ਲੀਨਾ ਰਾਮ ॥ ਭੁਜਾ ਗਹਿ ਕਾਢਿ ਲੀਓ ਸਾਧੂ ਸੰਗੁ ਦੀਨਾ ਰਾਮ ॥ ਸਾਧਸੰਗਮਿ ਹਰਿ ਅਰਾਧੇ ਸਗਲ ਕਲਮਲ ਦੁਖ ਜਲੇ ॥ ਮਹਾ ਧਰਮ ਸੁਦਾਨ ਕਿਰਿਆ ਸੰਗਿ ਤੇਰੈ ਸੇ ਚਲੇ ॥ ਰਸਨਾ ਅਰਾਧੈ ਏਕੁ ਸੁਆਮੀ ਹਰਿ ਨਾਮਿ ਮਨੁ ਤਨੁ ਭੀਨਾ ॥ ਨਾਨਕ ਜਿਸ ਨੋ ਹਰਿ ਮਿਲਾਏ ਸੋ ਸਰਬ ਗੁਣ ਪਰਬੀਨਾ ॥੪॥੬॥੯॥ {ਪੰਨਾ 548}

ਪਦਅਰਥ: ਅਨੁਗ੍ਰਹੋ = ਅਨੁਗ੍ਰਹੁ, ਦਇਆ। ਭੁਜਾ = ਬਾਂਹ। ਗਹਿ = ਫੜ ਕੇ। ਸਾਧੂ ਸੰਗੁ = ਗੁਰੂ ਦਾ ਮਿਲਾਪ। ਸੰਗਮਿ = ਸੰਗਤਿ ਵਿਚ। ਕਲਮਲ = ਪਾਪ। ਮਹਾ ਧਰਮ = ਨਾਮ = ਧਰਮ। ਦਾਨ ਕਿਰਿਆ = ਨਾਮ = ਦਾਨ ਦੀ ਕਿਰਿਆ। ਸੇ = ਇਹੀ {ਬਹੁ-ਵਚਨ}। ਰਸਨਾ = ਜੀਭ (ਨਾਲ) । ਭੀਨਾ = ਭਿੱਜ ਜਾਂਦਾ ਹੈ। ਨਾਮਿ = ਨਾਮ ਨਾਲ। ਪਰਬੀਨਾ = ਸਿਆਣਾ।੪।

ਅਰਥ: (ਹੇ ਭਾਈ! ਜਿਸ ਮਨੁੱਖ ਨੂੰ) ਪਰਮਾਤਮਾ ਦਇਆ ਕਰ ਕੇ ਆਪਣਾ ਬਣਾ ਲੈਂਦਾ ਹੈ ਉਸ ਨੂੰ ਗੁਰੂ ਦਾ ਮਿਲਾਪ ਬਖ਼ਸ਼ਦਾ ਹੈ, ਤੇ ਉਸ ਨੂੰ ਬਾਹੋਂ ਫੜ ਕੇ (ਮੋਹ ਦੇ ਖੂਹ ਵਿਚੋਂ) ਕੱਢ ਲੈਂਦਾ ਹੈ। ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦੇ ਸਾਰੇ ਪਾਪ ਸਾਰੇ ਦੁੱਖ ਸੜ ਜਾਂਦੇ ਹਨ।

ਹੇ ਭਾਈ! ਸਭ ਤੋਂ ਵੱਡਾ ਧਰਮ ਨਾਮ-ਜਪਣ ਦਾ ਧਰਮ-ਅਤੇ ਸਭ ਤੋਂ ਵੱਡਾ ਦਾਨ-ਨਾਮ-ਦਾਨ-ਇਹੀ ਕੰਮ (ਜਗਤ ਤੋਂ) ਤੇਰੇ ਨਾਲ ਜਾ ਸਕਦੇ ਹਨ। ਹੇ ਨਾਨਕ! ਆਖ-) ਜੇਹੜਾ ਮਨੁੱਖ ਆਪਣੀ ਜੀਭ ਨਾਲ ਇਕ ਮਾਲਕ-ਪ੍ਰਭੂ ਦਾ ਆਰਾਧਨ ਕਰਦਾ ਰਹਿੰਦਾ ਹੈ ਉਸ ਦਾ ਮਨ ਉਸ ਦਾ ਹਿਰਦਾ ਪਰਮਾਤਮਾ ਦੇ ਨਾਮ-ਜਲ ਵਿਚ ਤਰੋ-ਤਰ ਹੋਇਆ ਰਹਿੰਦਾ ਹੈ। ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਹ ਸਾਰੇ ਗੁਣਾਂ ਵਿਚ ਸਿਆਣਾ ਹੋ ਜਾਂਦਾ ਹੈ।੪।੬।੯।

Today’s Hukamnama from Gurdwara Baoli Sahib Goindwal Sahib


ਸੂਹੀ ਮਹਲਾ ੫ ॥ ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥ ਹਰਿ ਅੰਮ੍ਰਿਤਿ ਭਰੇ ਭੰਡਾਰ ਸਭੁ ਕਿਛੁ ਹੈ ਘਰਿ ਤਿਸ ਕੈ ਬਲਿ ਰਾਮ ਜੀਉ ॥ ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥ ਜਿਸੁ ਸਿਮਰਤ ਦੁਖੁ ਕੋਈ ਨ ਲਾਗੈ ਭਉਜਲੁ ਪਾਰਿ ਉਤਾਰਾ ॥ ਆਦਿ ਜੁਗਾਦਿ ਭਗਤਨ ਕਾ ਰਾਖਾ ਉਸਤਤਿ ਕਰਿ ਕਰਿ ਜੀਵਾ ॥ ਨਾਨਕ ਨਾਮੁ ਮਹਾ ਰਸੁ ਮੀਠਾ ਅਨਦਿਨੁ ਮਨਿ ਤਨਿ ਪੀਵਾ ॥੧॥ {ਪੰਨਾ 778}

ਪਦਅਰਥ: ਚਰਣ ਕਮਲ = ਕੌਲ ਫੁੱਲਾਂ ਵਰਗੇ ਕੋਮਲ ਚਰਨ। ਟੇਕ = ਸਹਾਰਾ। ਸਤਿਗੁਰਿ = ਗੁਰੂ ਨੇ। ਤੁਸਿ ਕੈ = ਪ੍ਰਸੰਨ ਹੋ ਕੇ। ਬਲਿਰਾਮ ਜੀਉ = (ਮੈਂ) ਪ੍ਰਭੂ ਜੀ ਤੋਂ ਸਦਕੇ ਹਾਂ। ਅੰਮ੍ਰਿਤਿ = ਆਤਮਕ ਜੀਵਨ ਦੇਣ ਵਾਲੇ ਨਾਮ = ਜਲ ਨਾਲ। ਭੰਡਾਰ = ਖ਼ਜ਼ਾਨੇ। ਸਭੁ ਕਿਛੁ = ਹਰੇਕ ਪਦਾਰਥ। ਘਰਿ ਤਿਸ ਕੈ = ਉਸ (ਪ੍ਰਭੂ) ਦੇ ਘਰ ਵਿਚ। ਤਿਸ ਕੈ = {ਸੰਬੰਧਕ ‘ਕੈ’ ਦੇ ਕਾਰਨ ਲਫ਼ਜ਼ ‘ਤਿਸੁ’ ਦਾ ੁ ਉੱਡ ਗਿਆ ਹੈ}। ਬਾਬੁਲੁ = ਪਿਤਾ = ਪ੍ਰਭੂ। ਸਮਰਥਾ = ਤਾਕਤਾਂ ਦਾ ਮਾਲਕ। ਕਰਣ ਕਾਰਣ ਹਾਰਾ = ਕਾਰਣ ਕਰਣਹਾਰਾ, ਹਰੇਕ ਸਬਬ ਬਣਾ ਸਕਣ ਵਾਲਾ। ਸਿਮਰਤ = ਸਿਮਰਦਿਆਂ। ਭਉਜਲੁ = ਸੰਸਾਰ = ਸਮੁੰਦਰ। ਆਦਿ = ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਉਸਤਤਿ = ਵਡਿਆਈ। ਕਰਿ = ਕਰ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਮਹਾ ਰਸੁ = ਸਭ ਰਸਾਂ ਨਾਲੋਂ ਵੱਡਾ ਰਸ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}। ਮਨਿ = ਮਨ ਨਾਲ। ਤਨਿ = ਤਨ ਨਾਲ। ਪੀਵਾ = ਪੀਵਾਂ, ਮੈਂ ਪੀਂਦਾ ਹਾਂ।੧।

ਅਰਥ: ਹੇ ਭਾਈ! ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ (ਉਸ ਦੀ ਮਿਹਰ ਨਾਲ) ਗੁਰੂ ਨੇ ਮਿਹਰਵਾਨ ਹੋ ਕੇ ਮੈਨੂੰ ਉਸ ਦੇ ਸੋਹਣੇ ਚਰਨਾਂ ਦਾ ਆਸਰਾ ਦਿੱਤਾ ਹੈ। ਮੈਂ ਉਸ ਪ੍ਰਭੂ ਤੋਂ ਕੁਰਬਾਨ ਹਾਂ, ਉਸ ਦੇ ਘਰ ਵਿਚ ਹਰੇਕ ਪਦਾਰਥ ਮੌਜੂਦ ਹੈ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ (ਉਸ ਦੇ ਘਰ ਵਿਚ) ਖ਼ਜ਼ਾਨੇ ਭਰੇ ਪਏ ਹਨ।

ਹੇ ਭਾਈ! ਮੇਰਾ ਪ੍ਰਭੂ-ਪਿਤਾ ਬੜੀਆਂ ਤਾਕਤਾਂ ਦਾ ਮਾਲਕ ਹੈ, ਉਹ ਪ੍ਰਭੂ ਹਰੇਕ ਸਬਬ ਬਣਾ ਸਕਣ ਵਾਲਾ ਹੈ। (ਉਹ ਐਸਾ ਹੈ) ਜਿਸ ਦਾ ਨਾਮ ਸਿਮਰਦਿਆਂ ਕੋਈ ਦੁੱਖ ਪੋਹ ਨਹੀਂ ਸਕਦਾ, (ਉਸ ਦਾ ਨਾਮ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।

ਹੇ ਭਾਈ! ਜਗਤ ਦੇ ਸ਼ੁਰੂ ਤੋਂ ਹੀ (ਉਹ ਪ੍ਰਭੂ ਆਪਣੇ) ਭਗਤਾਂ ਦਾ ਰਾਖਾ (ਚਲਿਆ ਆ ਰਿਹਾ) ਹੈ। ਉਸ ਦੀ ਸਿਫ਼ਤਿ-ਸਾਲਾਹ ਕਰ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਹੇ ਨਾਨਕ! (ਆਖ-ਹੇ ਭਾਈ! ਉਸ ਦਾ) ਨਾਮ ਮਿੱਠਾ ਹੈ, (ਸਭ ਰਸਾਂ ਨਾਲੋਂ) ਵੱਡਾ ਰਸ ਹੈ ਮੈਂ ਤਾਂ ਹਰ ਵੇਲੇ (ਉਹ ਨਾਮ ਰਸ ਆਪਣੇ) ਮਨ ਦੀ ਰਾਹੀਂ ਗਿਆਨ-ਇੰਦ੍ਰਿਆਂ ਦੀ ਰਾਹੀਂ ਪੀਂਦਾ ਰਹਿੰਦਾ ਹਾਂ।੧।

ਹਰਿ ਆਪੇ ਲਏ ਮਿਲਾਇ ਕਿਉ ਵੇਛੋੜਾ ਥੀਵਈ ਬਲਿ ਰਾਮ ਜੀਉ ॥ ਜਿਸ ਨੋ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਿ ਰਾਮ ਜੀਉ ॥ ਤੇਰੀ ਟੇਕ ਤੁਝੈ ਤੇ ਪਾਈ ਸਾਚੇ ਸਿਰਜਣਹਾਰਾ ॥ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ॥ ਸੰਤ ਜਨਾ ਮਿਲਿ ਮੰਗਲੁ ਗਾਇਆ ਦਿਨੁ ਰੈਨਿ ਆਸ ਤੁਮ੍ਹ੍ਹਾਰੀ ॥ ਸਫਲੁ ਦਰਸੁ ਭੇਟਿਆ ਗੁਰੁ ਪੂਰਾ ਨਾਨਕ ਸਦ ਬਲਿਹਾਰੀ ॥੨॥ {ਪੰਨਾ 778}

ਪਦਅਰਥ: ਆਪੇ = ਆਪ ਹੀ। ਥੀਵਈ = ਹੋ ਸਕਦਾ ਹੈ, ਥੀਵੈ। ਕਿਉ ਥੀਵਈ = ਕਿਵੇਂ ਹੋ ਸਕਦਾ ਹੈ? ਨਹੀਂ ਹੋ ਸਕਦਾ। ਜਿਸ ਨੋ = {ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਨੋ’ ਕਾਰਨ ਉੱਡ ਗਿਆ ਹੈ}। ਸਦ = ਸਦਾ। ਜੀਵਈ = ਜੀਵੈ, ਆਤਮਕ ਜੀਵਨ ਹਾਸਲ ਕਰੀ ਰੱਖਦਾ ਹੈ। ਤੁਝੈ ਤੇ = ਤੁਝ ਤੇ ਹੀ, ਤੇਰੇ ਪਾਸੋਂ ਹੀ। ਪਾਈ = ਮਿਲਦੀ ਹੈ। ਸਾਚੇ = ਹੇ ਸਦਾ ਕਾਇਮ ਰਹਿਣ ਵਾਲੇ! ਜਿਸ ਤੇ = {ਸੰਬੰਧਕ ‘ਤੇ’ ਦੇ ਕਾਰਨ ਲਫ਼ਜ਼ ‘ਜਿਸੁ’ ਦਾ ੁ ਉੱਡ ਗਿਆ ਹੈ}। ਮਿਲਿ = ਮਿਲ ਕੇ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ। ਰੈਨਿ = ਰਾਤ। ਸਫਲੁ = ਹਰੇਕ ਫਲ ਦੇਣ ਵਾਲਾ, ਹਰੇਕ ਮੁਰਾਦ ਪੂਰੀ ਕਰਨ ਵਾਲਾ। ਭੇਟਿਆ = ਮਿਲਿਆ। ਬਲਿਹਾਰੀ = ਕੁਰਬਾਨ।੨।

ਅਰਥ: ਹੇ ਭਾਈ! ਮੈਂ ਸੋਹਣੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ, (ਜਿਸ ਮਨੁੱਖ ਨੂੰ) ਉਹ ਆਪ ਹੀ (ਆਪਣੇ ਚਰਨਾਂ ਨਾਲ) ਜੋੜਦਾ ਹੈ (ਉਸ ਮਨੁੱਖ ਨੂੰ ਪ੍ਰਭੂ ਨਾਲੋਂ) ਫਿਰ ਕਦੇ ਵਿਛੋੜਾ ਨਹੀਂ ਹੁੰਦਾ।

ਹੇ ਰਾਮ! ਮੈਂ ਤੈਥੋਂ ਕੁਰਬਾਨ ਹਾਂ। ਜਿਸ ਮਨੁੱਖ ਨੂੰ ਤੇਰਾ ਸਹਾਰਾ ਮਿਲ ਜਾਂਦਾ ਹੈ, ਉਹ ਸਦਾ ਹੀ ਆਤਮਕ ਜੀਵਨ ਹਾਸਲ ਕਰੀ ਰੱਖਦਾ ਹੈ। ਪਰ, ਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਦੇ ਪੈਦਾ ਕਰਨ ਵਾਲੇ! ਤੇਰਾ ਆਸਰਾ ਮਿਲਦਾ ਭੀ ਤੇਰੇ ਹੀ ਪਾਸੋਂ ਹੈ। ਤੂੰ ਇਹੋ ਜਿਹਾ ਸਾਡਾ ਮਾਲਕ ਹੈਂ, ਜਿਸ (ਦੇ ਦਰ) ਤੋਂ ਕਦੇ ਕੋਈ ਖ਼ਾਲੀ (ਬੇ-ਮੁਰਾਦ) ਨਹੀਂ ਜਾਂਦਾ। ਹੇ ਪ੍ਰਭੂ! ਤੇਰੇ ਸੰਤ ਜਨ ਮਿਲ ਕੇ (ਸਦਾ ਤੇਰੀ) ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹਨ, (ਉਹਨਾਂ ਨੂੰ) ਦਿਨ ਰਾਤ ਤੇਰੀ (ਸਹਾਇਤਾ ਦੀ) ਹੀ ਆਸ ਰਹਿੰਦੀ ਹੈ। ਹੇ ਨਾਨਕ! ਆਖ-ਹੇ ਪ੍ਰਭੂ!) ਮੈਂ ਤੈਥੋਂ ਸਦਾ ਸਦਕੇ ਹਾਂ (ਤੇਰੀ ਹੀ ਮਿਹਰ ਨਾਲ ਉਹ) ਪੂਰਾ ਗੁਰੂ ਮਿਲਦਾ ਹੈ ਜਿਸ ਦਾ ਦੀਦਾਰ ਹਰੇਕ ਮੁਰਾਦ ਪੂਰੀ ਕਰਨ ਵਾਲਾ ਹੈ।੨।

ਸੰਮ੍ਹ੍ਹਲਿਆ ਸਚੁ ਥਾਨੁ ਮਾਨੁ ਮਹਤੁ ਸਚੁ ਪਾਇਆ ਬਲਿ ਰਾਮ ਜੀਉ ॥ ਸਤਿਗੁਰੁ ਮਿਲਿਆ ਦਇਆਲੁ ਗੁਣ ਅਬਿਨਾਸੀ ਗਾਇਆ ਬਲਿ ਰਾਮ ਜੀਉ ॥ ਗੁਣ ਗੋਵਿੰਦ ਗਾਉ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ ॥ ਸੁਭ ਦਿਵਸ ਆਏ ਗਹਿ ਕੰਠਿ ਲਾਏ ਮਿਲੇ ਅੰਤਰਜਾਮੀਆ ॥ ਸਤੁ ਸੰਤੋਖੁ ਵਜਹਿ ਵਾਜੇ ਅਨਹਦਾ ਝੁਣਕਾਰੇ ॥ ਸੁਣਿ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਣੈਹਾਰੇ ॥੩॥{ਪੰਨਾ 778}

ਪਦਅਰਥ: ਸੰਮ੍ਹ੍ਹਲਿਆ = ਸੰਭਾਲਿਆ, ਮੱਲਿਆ। ਸਚੁ ਥਾਨੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ = ਦਰ। ਮਹਤੁ = ਮਹੱਤਤਾ, ਵਡਿਆਈ। ਸਚੁ = ਸਦਾ-ਥਿਰ ਹਰੀ। ਬਲਿ ਰਾਮ ਜੀਉ = ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। ਦਇਆਲੁ = ਦਇਆ ਦਾ ਘਰ। ਗਾਉ = ਗਾਇਆ ਕਰੋ। ਨਿਤ ਨਿਤ = ਸਦਾ ਹੀ। ਸੁਭ = ਭਲੇ। ਦਿਵਸ = ਦਿਹਾੜੇ। ਗਹਿ = ਫੜ ਕੇ। ਕੰਠਿ = ਗਲ ਨਾਲ। ਅੰਤਰਜਾਮੀਆ = ਸਭ ਦੇ ਦਿਲ ਦੀ ਜਾਣਨ ਵਾਲਾ। ਸਤੁ = ਉੱਚਾ ਆਚਰਨ। ਸੰਤੋਖੁ = ਮਾਇਆ ਵਲੋਂ ਤ੍ਰਿਪਤੀ। ਵਜਹਿ ਵਾਜੇ = ਵਾਜੇ ਵੱਜਦੇ ਹਨ (ਜਿਵੇਂ ਕਿਤੇ ਵਾਜੇ ਵੱਜਦੇ ਹੋਣ ਤਾਂ ਉਥੇ ਸਾਧਾਰਨ ਆਵਾਜ਼ ਨਾਲ ਕੀਤੀ ਗੱਲ ਨਹੀਂ ਸੁਣੀ ਜਾਂਦੀ, ਤਿਵੇਂ ਹਿਰਦੇ ਵਿਚ ਵਿਕਾਰਾਂ ਦੀ ਪ੍ਰੇਰਨਾ ਨਹੀਂ ਸੁਣੀ ਜਾਂਦੀ) । ਅਨਹਦਾ = ਇਕ-ਰਸ, ਲਗਾਤਾਰ। ਝੁਣਕਾਰੇ = ਮਿੱਠੀ ਸੁਰ। ਸੁਣਿ = ਸੁਣ ਕੇ। ਭੈ = {ਲਫ਼ਜ਼ ‘ਭਉ’ ਤੋਂ ਬਹੁ-ਵਚਨ} ਸਾਰੇ ਡਰ। ਕਰਣੈਹਾਰੇ = ਸਭ ਕੁਝ ਕਰਨ ਦੀ ਸਮਰਥਾ ਵਾਲੇ ਦੇ।੩।

ਅਰਥ: ਹੇ ਭਾਈ! ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। (ਪ੍ਰਭੂ ਦੀ ਮਿਹਰ ਨਾਲ ਜਿਸ ਨੂੰ) ਦਇਆ ਦਾ ਸੋਮਾ ਗੁਰੂ ਮਿਲ ਪਿਆ, ਉਸ ਨੇ ਅਬਿਨਾਸੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਨੇ ਸਦਾ-ਥਿਰ ਪ੍ਰਭੂ ਦਾ ਦਰ ਮੱਲ ਲਿਆ, ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪਿਆ, (ਉਸ ਨੂੰ ਪ੍ਰਭੂ ਦੇ ਦਰ ਤੋਂ) ਮਾਣ ਮਿਲਿਆ, ਵਡਿਆਈ ਮਿਲੀ।

ਹੇ ਭਾਈ! ਜਿੰਦ ਦੇ ਮਾਲਕ ਪ੍ਰੀਤਮ ਪ੍ਰਭੂ ਦੇ ਗੁਣ ਸਦਾ ਹੀ ਗਾਇਆ ਕਰੋ, (ਜਿਹੜਾ ਮਨੁੱਖ ਗੁਣ ਗਾਂਦਾ ਹੈ, ਉਸ ਦੇ ਵਾਸਤੇ ਜ਼ਿੰਦਗੀ ਦੇ) ਸੋਹਣੇ ਦਿਹਾੜੇ ਆਏ ਰਹਿੰਦੇ ਹਨ, ਉਸ ਨੂੰ ਪ੍ਰਭੂ ਜੀ ਆਪਣੇ ਗਲ ਨਾਲ ਲਾਈ ਰੱਖਦੇ ਹਨ, ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਜੀ ਉਸ ਨੂੰ ਮਿਲ ਪੈਂਦੇ ਹਨ। (ਉਸ ਮਨੁੱਖ ਦੇ ਅੰਦਰ) ਉੱਚਾ ਆਚਰਨ ਅਤੇ ਸੰਤੋਖ (ਹਰ ਵੇਲੇ ਆਪਣਾ ਪੂਰਾ ਪ੍ਰਭਾਵ ਪਾਈ ਰੱਖਦੇ ਹਨ, ਮਾਨੋ, ਸਤ ਸੰਤੋਖ ਦੇ ਅੰਦਰ) ਵਾਜੇ ਵੱਜ ਰਹੇ ਹਨ, (ਸਤ ਸੰਤੋਖ ਦੀ ਉਸ ਦੇ ਅੰਦਰ) ਇਕ-ਰਸ ਮਿੱਠੀ ਲੈ ਬਣੀ ਰਹਿੰਦੀ ਹੈ।

ਹੇ ਨਾਨਕ! ਸਭ ਕੁਝ ਕਰਨ ਦੀ ਸਮਰਥਾ ਵਾਲੇ ਪ੍ਰਭੂ ਅਕਾਲ ਪੁਰਖ ਦੇ ਗੁਣ ਸੁਣ ਕੇ (ਮਨੁੱਖ ਦੇ) ਸਾਰੇ ਡਰ ਨਾਸ ਹੋ ਜਾਂਦੇ ਹਨ।੩।

ਉਪਜਿਆ ਤਤੁ ਗਿਆਨੁ ਸਾਹੁਰੈ ਪੇਈਐ ਇਕੁ ਹਰਿ ਬਲਿ ਰਾਮ ਜੀਉ ॥ ਬ੍ਰਹਮੈ ਬ੍ਰਹਮੁ ਮਿਲਿਆ ਕੋਇ ਨ ਸਾਕੈ ਭਿੰਨ ਕਰਿ ਬਲਿ ਰਾਮ ਜੀਉ ॥ ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ ॥ ਜਲਿ ਥਲਿ ਮਹੀਅਲਿ ਪੂਰਨ ਸੁਆਮੀ ਘਟਿ ਘਟਿ ਰਹਿਆ ਸਮਾਇਆ ॥ ਜਿਸ ਤੇ ਉਪਜਿਆ ਤਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ ॥ ਜਿਸ ਕੇ ਚਲਤ ਨ ਜਾਹੀ ਲਖਣੇ ਨਾਨਕ ਤਿਸਹਿ ਧਿਆਏ ॥੪॥੨॥ {ਪੰਨਾ 778}

ਪਦਅਰਥ: ਉਪਜਿਆ = ਪੈਦਾ ਹੋ ਜਾਂਦਾ ਹੈ। ਤਤੁ = ਨਚੋੜ। ਗਿਆਨੁ = ਆਤਮਕ ਜੀਵਨ ਦੀ ਸੂਝ। ਤਤੁ ਗਿਆਨੁ = ਆਤਮਕ ਜੀਵਨ ਦੀ ਅਸਲ ਸੂਝ। ਸਾਹੁਰੈ = ਪਰਲੋਕ ਵਿਚ। ਪੇਈਐ = ਇਸ ਲੋਕ ਵਿਚ, ਪੇਕੇ ਘਰ ਵਿਚ। ਬ੍ਰਹਮੈ ਬ੍ਰਹਮੁ ਮਿਲਿਆ = ਜੀਵਾਤਮਾ ਨੂੰ ਪਰਮਾਤਮਾ (ਇਉਂ) ਮਿਲ ਪੈਂਦਾ ਹੈ। ਭਿੰਨ = ਵੱਖਰਾ। ਬਿਸਮੁ = ਅਸਚਰਜ = ਰੂਪ ਪ੍ਰਭੂ। ਪੇਖੈ = ਦੇਖਦਾ ਹੈ। ਬਿਸਮਾਦੁ = ਅਸਚਰਜ = ਰੂਪ ਹਰੀ। ਨਦਰੀ ਆਇਆ = ਦਿੱਸਦਾ ਹੈ। ਜਿਸ ਤੇ = {ਸੰਬੰਧਕ ‘ਤੇ’, ‘ਕੇ’ ਦੇ ਕਾਰਨ ਲਫ਼ਜ਼ ‘ਜਿਸੁ’ ਦਾ ੁ ਉੱਡ ਗਿਆ ਹੈ}। ਮਾਹਿ = ਵਿਚ। ਚਲਤ = ਕੌਤਕ, ਚੋਜ = ਤਮਾਸ਼ੇ। ਨ ਜਾਹੀ ਲਖਣੇ = ਬਿਆਨ ਨਹੀਂ ਕੀਤੇ ਜਾ ਸਕਦੇ। ਤਿਸਹਿ = {ਤਿਸ ਹੀ} ਉਸ (ਪ੍ਰਭੂ) ਨੂੰ ਹੀ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੀ ਤਹ ਉਤੇ, ਪੁਲਾੜ ਵਿਚ, ਆਕਾਸ਼ ਵਿਚ।੪।

ਅਰਥ: ਹੇ ਭਾਈ! ਮੈਂ ਪ੍ਰਭੂ ਜੀ ਤੋਂ ਸਦਕੇ ਜਾਂਦਾ ਹਾਂ। (ਜਿਹੜਾ ਮਨੁੱਖ ਉਸ ਪ੍ਰਭੂ ਨੂੰ ਸਦਾ ਸਿਮਰਦਾ ਹੈ, ਉਸ ਦੇ ਅੰਦਰ) ਅਸਲ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, (ਉਸ ਨੂੰ) ਇਸ ਲੋਕ ਤੇ ਪਰਲੋਕ ਵਿਚ ਉਹੀ ਪਰਮਾਤਮਾ ਦਿੱਸਦਾ ਹੈ। ਉਸ ਜੀਵ ਨੂੰ ਪਰਮਾਤਮਾ (ਇਉਂ) ਮਿਲ ਪੈਂਦਾ ਹੈ ਕਿ ਕੋਈ (ਪਰਮਾਤਮਾ ਨਾਲੋਂ ਉਸ ਦਾ) ਨਿਖੇੜਾ ਨਹੀਂ ਕਰ ਸਕਦਾ। (ਉਹ ਮਨੁੱਖ ਹਰ ਥਾਂ) ਉਸ ਅਸਚਰਜ-ਰੂਪ ਪ੍ਰਭੂ ਨੂੰ ਵੇਖਦਾ ਹੈ, (ਉਹੀ ਹਰ ਥਾਂ ਬੋਲਦਾ ਉਸ ਨੂੰ) ਸੁਣੀਦਾ ਹੈ, ਹਰ ਥਾਂ ਉਹੀ ਉਸ ਨੂੰ ਦਿੱਸਦਾ ਹੈ। ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਪਰਮਾਤਮਾ ਹੀ ਉਸ ਨੂੰ ਵਿਆਪਕ ਦਿੱਸਦਾ ਹੈ) ।

ਹੇ ਨਾਨਕ! ਆਖ-ਹੇ ਭਾਈ!) ਜਿਸ ਪਰਮਾਤਮਾ ਦੇ ਚੋਜ-ਤਮਾਸ਼ੇ ਬਿਆਨ ਨਹੀਂ ਕੀਤੇ ਜਾ ਸਕਦੇ, (ਜਿਹੜਾ ਮਨੁੱਖ ਸਦਾ) ਉਸ ਦਾ ਹੀ ਧਿਆਨ ਧਰਦਾ ਹੈ, ਉਸ ਮਨੁੱਖ ਦੀ ਉੱਚੀ ਹੋ ਚੁਕੀ ਆਤਮਕ ਅਵਸਥਾ ਦਾ ਮੁੱਲ ਨਹੀਂ ਪੈ ਸਕਦਾ, (ਕਿਉਂਕਿ) ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਹੈ (ਸਿਮਰਨ ਦੀ ਬਰਕਤਿ ਨਾਲ) ਉਸ ਵਿਚ (ਹਰ ਵੇਲੇ) ਲੀਨ ਰਹਿੰਦਾ ਹੈ।੪।੨।

Today’s Hukamnama from Gurdwara Damdama Sahib Thatta (Kapurthala)

ਸਲੋਕੁ ਮਃ ੩ ॥ ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖੁ ਵਸੈ ਮਨਿ ਆਇ ॥ ਨਾਨਕ ਨਾਮ ਵਿਹੂਣੇ ਮਨਮੁਖੀ ਜਾਸਨਿ ਜਨਮੁ ਗਵਾਇ ॥੧॥ {ਪੰਨਾ 650}

ਪਦਅਰਥ: ਗਿਆਨੁ = ਆਤਮਕ ਜੀਵਨ ਦੀ ਸੂਝ।

ਅਰਥ: ਸਤਿਗੁਰੂ ਤੋਂ ਬਿਨਾ ਨਾਹ ਆਤਮਕ ਜੀਵਨ ਦੀ ਸਮਝ ਪੈਂਦੀ ਹੈ ਤੇ ਨਾਹ ਹੀ ਸੁਖ ਮਨ ਵਿਚ ਵੱਸਦਾ ਹੈ; (ਗੁਰੂ ਤੋਂ ਬਿਨਾ) ਹੇ ਨਾਨਕ! ਨਾਮ ਤੋਂ ਸੱਖਣੇ (ਰਹਿ ਕੇ) ਮਨਮੁਖ ਮਨੁੱਖਾ-ਜਨਮ ਵਿਅਰਥ ਗਵਾ ਜਾਣਗੇ।੧।

ਮਃ ੩ ॥ ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥ ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ ॥ {ਪੰਨਾ 650}

ਪਦਅਰਥ: ਸਿਧ = ਸਾਧਨਾ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਅਭਿਆਸੀ।

ਅਰਥ: ਸਾਰੇ ਸਿੱਧ ਤੇ ਸਾਧਿਕ ਨਾਮ ਨੂੰ ਹੀ ਖੋਜਦੇ ਬ੍ਰਿਤੀ ਜੋੜ ਜੋੜ ਕੇ ਥੱਕ ਗਏ ਹਨ; ਸਤਿਗੁਰੂ ਤੋਂ ਬਿਨਾ ਕਿਸੇ ਨੂੰ ਨਹੀਂ ਲੱਭਾ। ਸਤਿਗੁਰੂ ਦੇ ਸਨਮੁਖ ਹੋਇਆ ਮਨੁੱਖ ਹੀ ਮਿਲਾਇਆ ਹੋਇਆ (ਪ੍ਰਭੂ ਨੂੰ) ਮਿਲਦਾ ਹੈ।

ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥ ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥ ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥੨॥ {ਪੰਨਾ 650}

ਪਦਅਰਥ: ਬਾਦਿ = ਵਿਅਰਥ। ਅਚਿੰਤੁ = ਚਿੰਤਾ = ਰਹਿਤ ਪਰਮਾਤਮਾ। ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ।

ਅਰਥ: ਨਾਮ ਤੋਂ ਬਿਨਾ ਖਾਣਾ ਤੇ ਪਹਿਨਣਾ ਸਭ ਵਿਅਰਥ ਹੈ, (ਜੇ ਨਾਮ ਨਹੀਂ ਤਾਂ) ਉਹ ਸਿੱਧੀ ਤੇ ਕਰਾਮਾਤਿ ਫਿਟਕਾਰ-ਜੋਗ ਹੈ; ਇਹੀ (ਉਸ ਦੀ) ਸਿੱਧੀ ਹੈ ਤੇ ਇਹੀ ਕਰਾਮਾਤ ਹੈ ਕਿ ਚਿੰਤਾ ਤੋਂ ਰਹਿਤ ਹਰੀ ਉਸ ਨੂੰ (ਨਾਮ ਦੀ) ਦਾਤਿ ਬਖ਼ਸ਼ੇ; ਹੇ ਨਾਨਕ! “ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਮਨ ਵਿਚ ਵੱਸਦਾ ਹੈ”-ਇਹੀ ਸਿੱਧੀ ਤੇ ਕਰਾਮਾਤ ਹੁੰਦੀ ਹੈ।੨।

ਪਉੜੀ ॥ ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ ॥ ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ॥ {ਪੰਨਾ 650}

ਪਦਅਰਥ: ਕਵਲਾ = ਮਾਇਆ, ਲੱਛਮੀ। ਕੰਤ = ਖਸਮ। ਕਵਲਾਕੰਤ = ਮਾਇਆ ਦਾ ਪਤੀ।

ਅਰਥ: ਅਸੀ ਪ੍ਰਭੂ-ਖਸਮ ਦੇ ਢਾਢੀ ਸਦਾ ਪ੍ਰਭੂ ਦੇ ਗੁਣਾਂ ਦੇ ਗੀਤ ਗਾਂਦੇ ਹਾਂ; ਉਸ ਕਮਲਾਪਤੀ ਪ੍ਰਭੂ ਦਾ ਹੀ ਕੀਰਤਨ ਕਰਦੇ ਹਾਂ ਤੇ ਜਸ ਸੁਣਦੇ ਹਾਂ।

ਹਰਿ ਦਾਤਾ ਸਭੁ ਜਗਤੁ ਭਿਖਾਰੀਆ ਮੰਗਤ ਜਨ ਜੰਤਾ ॥ ਹਰਿ ਦੇਵਹੁ ਦਾਨੁ ਦਇਆਲ ਹੋਇ ਵਿਚਿ ਪਾਥਰ ਕ੍ਰਿਮ ਜੰਤਾ ॥ {ਪੰਨਾ 650}

ਅਰਥ: ਪ੍ਰਭੂ ਦਾਤਾ ਹੈ, ਸਾਰਾ ਸੰਸਾਰ ਭਿਖਾਰੀ ਹੈ, ਜੀਵ ਜੰਤ ਮੰਗਤੇ ਹਨ। ਪੱਥਰਾਂ ਵਿਚਲੇ ਕੀੜਿਆਂ ਨੂੰ ਭੀ ਦਿਆਲ ਹੋ ਕੇ, ਹੇ ਹਰੀ! ਤੂੰ ਦਾਨ ਦੇਂਦਾ ਹੈਂ।

ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਧਨਵੰਤਾ ॥੨੦॥ {ਪੰਨਾ 650}

ਅਰਥ: ਹੇ ਦਾਸ ਨਾਨਕ! ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਿਆ ਹੈ, ਉਹ (ਅਸਲ) ਧਨੀ ਹੁੰਦੇ ਹਨ।੨੦।

Today’s Hukamnama from Gurdwara Baba Darbara Singh Ji Tibba (Kapurthala)

ਸੋਰਠਿ ਮਹਲਾ ੪ ਪੰਚਪਦਾ ॥ ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ ॥ ਪ੍ਰੇਮ ਕੇ ਸਰ ਲਾਗੇ ਤਨ ਭੀਤਰਿ ਤਾ ਭ੍ਰਮੁ ਕਾਟਿਆ ਜਾਈ ॥੧॥ ਮੇਰੇ ਗੋਬਿਦ ਅਪੁਨੇ ਜਨ ਕਉ ਦੇਹਿ ਵਡਿਆਈ ॥ ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾਈ ॥ ਰਹਾਉ ॥ ਇਹੁ ਸੰਸਾਰੁ ਸਭੁ ਆਵਣ ਜਾਣਾ ਮਨ ਮੂਰਖ ਚੇਤਿ ਅਜਾਣਾ ॥ ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਤਾ ਹਰਿ ਨਾਮਿ ਸਮਾਣਾ ॥੨॥ ਜਿਸ ਕੀ ਵਥੁ ਸੋਈ ਪ੍ਰਭੁ ਜਾਣੈ ਜਿਸ ਨੋ ਦੇਇ ਸੁ ਪਾਏ ॥ ਵਸਤੁ ਅਨੂਪ ਅਤਿ ਅਗਮ ਅਗੋਚਰ ਗੁਰੁ ਪੂਰਾ ਅਲਖੁ ਲਖਾਏ ॥੩॥ ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ॥ ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ॥੪॥ ਸਭੁ ਕਿਛੁ ਤੇਰਾ ਤੂ ਅੰਤਰਜਾਮੀ ਤੂ ਸਭਨਾ ਕਾ ਪ੍ਰਭੁ ਸੋਈ ॥ ਜਿਸ ਨੋ ਦਾਤਿ ਕਰਹਿ ਸੋ ਪਾਏ ਜਨ ਨਾਨਕ ਅਵਰੁ ਨ ਕੋਈ ॥੫॥੯॥ {ਪੰਨਾ 607}

ਨੋਟ: ਪੰਚ ਪਦ-ਪੰਜ ‘ਬੰਦਾਂ’ ਵਾਲਾ ਸ਼ਬਦ।

ਪਦਅਰਥ: ਅਚਰੁ = {ਅ = ਚਰੁ} ਨਾਹ ਜਿੱਤਿਆ ਜਾ ਸਕਣ (ਮਨ) ਵਾਲਾ। ਚਰੈ = ਜਿੱਤ ਲੈਂਦਾ ਹੈ। ਸਿਧਿ = (ਜੀਵਨ = ਸੰਗ੍ਰਾਮ ਵਿਚ) ਕਾਮਯਾਬੀ। ਤੇ = ਤੋਂ। ਬੁਧਿ = ਅਕਲ। ਸਰ = ਤੀਰ। ਤਨ = ਸਰੀਰ, ਹਿਰਦਾ। ਭ੍ਰਮੁ = ਮਨ ਦੀ ਭਟਕਣਾ।੧।

ਗੋਬਿਦ = ਹੇ ਗੋਬਿੰਦ! ਕਉ = ਨੂੰ। ਪਰਗਾਸਹੁ = ਪਰਗਟ ਕਰੋ, ਉਜਾਗਰ ਕਰ ਦਿਉ। ਰਹਹੁ = ਰੱਖੋ।ਰਹਾਉ।

ਸੰਸਾਰੁ = ਜਗਤ (ਦਾ ਮੋਹ) । ਆਵਣ ਜਾਣਾ = ਜਨਮ ਮਰਨ (ਦਾ ਮੂਲ) । ਮਨ = ਹੇ ਮਨ! ਨਾਮਿ = ਨਾਮ ਵਿਚ।੨।

ਜਿਸ ਕੀ = {ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਕੀ’ ਦੇ ਕਾਰਨ ਉੱਡ ਗਿਆ ਹ ੈ}। ਵਥੁ = ਵਸਤੁ, ਨਾਮ = ਵਸਤੁ। ਸੋਈ = ਉਹੀ (ਪ੍ਰਭੂ) । ਜਿਸ ਨੋ = (ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ) । ਸੁ = ਉਹ ਮਨੁੱਖ। ਅਨੂਪ = ਸੁੰਦਰ, ਬੇ = ਮਿਸਾਲ (ਅਨ = ਊਪ = ਉਪਮਾ ਰਹਿਤ) । ਅਗਮ = ਅਪਹੁੰਚ। ਅਗੋਚਰ = {ਅ = ਗੋ = ਚਰ} ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਲਖੁ = ਅਦ੍ਰਿਸ਼ਟ ਪ੍ਰਭੂ। ਲਖਾਏ = ਵਿਖਾ ਦੇਂਦਾ ਹੈ।੩।

ਜਿਨਿ = ਜਿਸ (ਮਨੁੱਖ) ਨੇ। ਇਹ = ਇਹ ਵਸਤੁ {ਇਸਤ੍ਰੀ ਲਿੰਗ}। ਕੋ = ਕੋਈ ਮਨੁੱਖ।੪।

ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਸੋਈ = ਸਾਰ ਰੱਖਣ ਵਾਲਾ।੫।

ਅਰਥ: ਹੇ ਮੇਰੇ ਗੋਬਿੰਦ! ਮੈਨੂੰ) ਆਪਣੇ ਦਾਸ ਨੂੰ (ਇਹ) ਇੱਜ਼ਤ ਬਖ਼ਸ਼ (ਕਿ) ਗੁਰੂ ਦੀ ਮਤਿ ਦੀ ਰਾਹੀਂ (ਮੇਰੇ ਅੰਦਰ) ਆਪਣਾ ਨਾਮ ਪਰਗਟ ਕਰ ਦੇਹ, (ਮੈਨੂੰ) ਸਦਾ ਆਪਣੀ ਸ਼ਰਨ ਵਿਚ ਰੱਖ।ਰਹਾਉ।

(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਦੋਂ) ਮਨੁੱਖ ਇਸ ਅਜਿੱਤ ਮਨ ਨੂੰ ਜਿੱਤ ਲੈਂਦਾ ਹੈ, ਤਦੋਂ (ਜੀਵਨ-ਸੰਗ੍ਰਾਮ ਵਿਚ ਇਸ ਨੂੰ) ਕਾਮਯਾਬੀ ਹੋ ਜਾਂਦੀ ਹੈ, (ਇਸ) ਕਾਮਯਾਬੀ ਤੋਂ (ਮਨੁੱਖ ਨੂੰ ਇਹ) ਅਕਲ ਹਾਸਲ ਹੋ ਜਾਂਦੀ ਹੈ (ਕਿ) ਪਰਮਾਤਮਾ ਦੇ ਪਿਆਰ ਦੇ ਤੀਰ (ਇਸ ਦੇ) ਹਿਰਦੇ ਵਿਚ ਵਿੱਝ ਜਾਂਦੇ ਹਨ, ਤਦੋਂ (ਇਸ ਦੇ ਮਨ ਦੀ) ਭਟਕਣਾ (ਸਦਾ ਲਈ) ਕੱਟੀ ਜਾਂਦੀ ਹੈ।੧।

ਹੇ ਮੂਰਖ ਅੰਞਾਣ ਮਨ! ਇਹ ਜਗਤ (ਦਾ ਮੋਹ) ਜਨਮ ਮਰਨ (ਦਾ ਕਾਰਨ ਬਣਿਆ ਰਹਿੰਦਾ) ਹੈ (ਇਸ ਤੋਂ ਬਚਣ ਲਈ ਪਰਮਾਤਮਾ ਦਾ ਨਾਮ) ਸਿਮਰਦਾ ਰਹੁ। ਹੇ ਹਰੀ! ਮੇਰੇ ਉੱਤੇ) ਮੇਹਰ ਕਰ, ਮੈਨੂੰ ਗੁਰੂ ਮਿਲਾ, ਤਦੋਂ ਹੀ ਤੇਰੇ ਨਾਮ ਵਿਚ ਲੀਨਤਾ ਹੋ ਸਕਦੀ ਹੈ।੨।

ਹੇ ਭਾਈ! ਇਹ ਨਾਮ-ਵਸਤੁ ਜਿਸ (ਪਰਮਾਤਮਾ) ਦੀ (ਮਲਕੀਅਤ) ਹੈ, ਉਹੀ ਜਾਣਦਾ ਹੈ (ਕਿ ਇਹ ਵਸਤੁ ਕਿਸ ਨੂੰ ਦੇਣੀ ਹੈ) , ਜਿਸ ਜੀਵ ਨੂੰ ਪ੍ਰਭੂ ਇਹ ਦਾਤਿ ਦੇਂਦਾ ਹੈ ਉਹੀ ਲੈ ਸਕਦਾ ਹੈ। ਇਹ ਵਸਤ ਐਸੀ ਸੁੰਦਰ ਹੈ ਕਿ ਜਗਤ ਵਿਚ ਇਸ ਵਰਗੀ ਹੋਰ ਕੋਈ ਨਹੀਂ, (ਕਿਸੇ ਚਤੁਰਾਈ-ਸਿਆਣਪ ਦੀ ਰਾਹੀਂ) ਇਸ ਤਕ ਪਹੁੰਚ ਨਹੀਂ ਹੋ ਸਕਦੀ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਭੀ ਇਸ ਤਕ ਪਹੁੰਚ ਨਹੀਂ। (ਜੇ) ਪੂਰਾ ਗੁਰੂ (ਮਿਲ ਪਏ, ਤਾਂ ਉਹੀ) ਅਦ੍ਰਿਸ਼ਟ ਪ੍ਰਭੂ ਦਾ ਦੀਦਾਰ ਕਰਾ ਸਕਦਾ ਹੈ।੩।

ਹੇ ਭਾਈ! ਜਿਸ ਮਨੁੱਖ ਨੇ ਇਹ ਨਾਮ-ਵਸਤੁ ਚੱਖੀ ਹੈ (ਇਸ ਦਾ ਸੁਆਦ) ਉਹੀ ਜਾਣਦਾ ਹੈ, (ਉਹ ਬਿਆਨ ਨਹੀਂ ਕਰ ਸਕਦਾ, ਜਿਵੇਂ) ਗੁੰਗੇ ਦੀ (ਖਾਧੀ) ਮਿਠਿਆਈ (ਦਾ ਸੁਆਦ) ਗੁੰਗਾ ਦੱਸ ਨਹੀਂ ਸਕਦਾ। (ਹਾਂ ਜੇ ਕਿਸੇ ਨੂੰ ਇਹ ਨਾਮ-ਰਤਨ ਹਾਸਲ ਹੋ ਜਾਵੇ, ਤਾਂ) ਜੇ ਉਹ ਮਨੁੱਖ (ਇਸ ਰਤਨ ਨੂੰ ਆਪਣੇ ਅੰਦਰ) ਲੁਕਾ ਕੇ ਰੱਖਣਾ ਚਾਹੇ, ਤਾਂ ਲੁਕਾਇਆਂ ਇਹ ਰਤਨ ਲੁਕਦਾ ਨਹੀਂ (ਉਸ ਦੇ ਆਤਮਕ ਜੀਵਨ ਤੋਂ ਰਤਨ-ਪ੍ਰਾਪਤੀ ਦੇ ਲੱਛਣ ਦਿੱਸ ਪੈਂਦੇ ਹਨ) ।੪।

ਹੇ ਪ੍ਰਭੂ! ਇਹ ਸਾਰਾ ਜਗਤ ਤੇਰਾ ਬਣਾਇਆ ਹੋਇਆ ਹੈ, ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ-ਵਾਲਾ ਹੈਂ, ਤੂੰ ਸਭ ਦੀ ਸਾਰ ਲੈਣ ਵਾਲਾ ਮਾਲਕ ਹੈਂ। ਹੇ ਨਾਨਕ! ਆਖ-ਹੇ ਪ੍ਰਭੂ!) ਉਹੀ ਮਨੁੱਖ ਤੇਰਾ ਨਾਮ ਹਾਸਲ ਕਰ ਸਕਦਾ ਹੈ ਜਿਸ ਨੂੰ ਤੂੰ ਇਹ ਦਾਤਿ ਬਖ਼ਸ਼ਦਾ ਹੈਂ। ਹੋਰ ਕੋਈ ਭੀ ਐਸਾ ਜੀਵ ਨਹੀਂ (ਜੋ ਤੇਰੀ ਬਖ਼ਸ਼ਸ਼ ਤੋਂ ਬਿਨਾ ਤੇਰਾ ਨਾਮ ਪ੍ਰਾਪਤ ਕਰ ਸਕੇ) ।੫।੯।

Today’s Hukamnama from State Gurdwara Sahib Kapurthala

ਸੋਰਠਿ ਮਹਲਾ ੫ ॥ ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥ ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥ ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥ ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥ ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥ ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥ {ਪੰਨਾ 617}

ਪਦਅਰਥ: ਜੀਅਨ ਕੋ = ਸਭ ਜੀਵਾਂ ਦਾ। ਸਭ ਮਲੁ = ਸਾਰੀ ਮੈਲ {ਲਫ਼ਜ਼ ‘ਮਲੁ’ ਸ਼ਕਲੋਂ ਪੁਲਿੰਗ ਦਿੱਸਦਾ ਹੈ, ਪਰ ਹੈ ਇਹ ਇਸਤ੍ਰੀ-ਲਿੰਗ। ਵੇਖੋ ‘ਗੁਰਬਾਣੀ ਵਿਆਕਰਣ’}। ਨਿਧਾਨ = ਖ਼ਜ਼ਾਨਾ। ਕਉ = ਵਾਸਤੇ। ਬਰਤਨਿ = ਹਰ ਵੇਲੇ ਕੰਮ ਆਉਣ ਵਾਲੀ ਚੀਜ਼।੧।

ਬਾਹੁੜਿ = ਫਿਰ, ਮੁੜ।੧।ਰਹਾਉ।

ਸਾਧ ਸੰਗੁ = ਭਲੇ ਮਨੁੱਖਾਂ ਦੀ ਸੰਗਤਿ। ਤਿਨ ਭੇਟਤ = ਉਹਨਾਂ ਨੂੰ ਮਿਲਿਆਂ। ਦੁਰਮਤਿ = ਖੋਟੀ ਮਤਿ। ਬਾਂਛੈ = ਮੰਗਦਾ ਹੈ, ਚਾਹੁੰਦਾ ਹੈ। ਜਿਨ = ਜਿਨ੍ਹਾਂ ਨੇ। ਰਿਦੈ = ਹਿਰਦੈ ਵਿਚ।੨।

ਅਰਥ: ਹੇ ਮੇਰੇ ਮਨ! ਉਸ ਪ੍ਰਭੂ ਨੂੰ ਜਪਿਆ ਕਰੋ ਜੋ ਸਭ ਤੋਂ ਵੱਡਾ ਹੈ, ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ, ਤੇ, ਜਿਸ ਦਾ ਆਸਰਾ ਲਿਆਂ ਸੁਖ ਪ੍ਰਾਪਤ ਕਰ ਲਈਦਾ ਹੈ, ਫਿਰ ਕਦੇ ਦੁੱਖ ਨਹੀਂ ਵਿਆਪਦਾ।੧।ਰਹਾਉ।

ਹੇ ਭਾਈ! ਉਸ ਪਰਮਾਤਮਾ ਦਾ ਸਿਮਰਨ ਕੀਤਿਆਂ (ਮਨ ਤੋਂ ਵਿਕਾਰਾਂ ਦੀ) ਸਾਰੀ ਮੈਲ ਲਹਿ ਜਾਂਦੀ ਹੈ ਜੋ ਨਾਸ-ਰਹਿਤ ਹੈ, ਤੇ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਉਹ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ। ਪਰ ਕੋਈ ਵਿਰਲਾ ਮਨੁੱਖ ਉਸ ਦਾ ਮਿਲਾਪ ਹਾਸਲ ਕਰਦਾ ਹੈ।੧।

ਹੇ ਭਾਈ! ਵੱਡੀ ਕਿਸਮਤਿ ਨਾਲ ਭਲੇ ਮਨੁੱਖਾਂ ਦੀ ਸੰਗਤਿ ਹਾਸਲ ਹੁੰਦੀ ਹੈ, ਉਹਨਾਂ ਨੂੰ ਮਿਲਿਆਂ ਖੋਟੀ ਬੁੱਧ ਨਾਸ ਹੋ ਜਾਂਦੀ ਹੈ। ਦਾਸ ਨਾਨਕ (ਭੀ) ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖਿਆ ਹੈ।੨।੫।੩੩।