Today’s Hukamnama 11.10.2019: Ber Sahib, Baoli Sahib, Damdama Sahib, Baba Darbara Singh, State Gurdwara Sahib

96
Today’s Hukamnama from Gurdwara Sri Ber Sahib Sultanpur Lodhi

ਰਾਗੁ ਸੂਹੀ ਮਹਲਾ ੫ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਮਿਥਨ ਮੋਹ ਅਗਨਿ ਸੋਕ ਸਾਗਰ ॥ ਕਰਿ ਕਿਰਪਾ ਉਧਰੁ ਹਰਿ ਨਾਗਰ ॥੧॥ ਚਰਣ ਕਮਲ ਸਰਣਾਇ ਨਰਾਇਣ ॥ ਦੀਨਾ ਨਾਥ ਭਗਤ ਪਰਾਇਣ ॥੧॥ ਰਹਾਉ ॥ ਅਨਾਥਾ ਨਾਥ ਭਗਤ ਭੈ ਮੇਟਨ ॥ ਸਾਧਸੰਗਿ ਜਮਦੂਤ ਨ ਭੇਟਨ ॥੨॥ ਜੀਵਨ ਰੂਪ ਅਨੂਪ ਦਇਆਲਾ ॥ ਰਵਣ ਗੁਣਾ ਕਟੀਐ ਜਮ ਜਾਲਾ ॥੩॥ ਅੰਮ੍ਰਿਤ ਨਾਮੁ ਰਸਨ ਨਿਤ ਜਾਪੈ ॥ ਰੋਗ ਰੂਪ ਮਾਇਆ ਨ ਬਿਆਪੈ ॥੪॥ ਜਪਿ ਗੋਬਿੰਦ ਸੰਗੀ ਸਭਿ ਤਾਰੇ ॥ ਪੋਹਤ ਨਾਹੀ ਪੰਚ ਬਟਵਾਰੇ ॥੫॥ ਮਨ ਬਚ ਕ੍ਰਮ ਪ੍ਰਭੁ ਏਕੁ ਧਿਆਏ ॥ ਸਰਬ ਫਲਾ ਸੋਈ ਜਨੁ ਪਾਏ ॥੬॥ ਧਾਰਿ ਅਨੁਗ੍ਰਹੁ ਅਪਨਾ ਪ੍ਰਭਿ ਕੀਨਾ ॥ ਕੇਵਲ ਨਾਮੁ ਭਗਤਿ ਰਸੁ ਦੀਨਾ ॥੭॥ ਆਦਿ ਮਧਿ ਅੰਤਿ ਪ੍ਰਭੁ ਸੋਈ ॥ ਨਾਨਕ ਤਿਸੁ ਬਿਨੁ ਅਵਰੁ ਨ ਕੋਈ ॥੮॥੧॥੨॥ {ਪੰਨਾ 760}

ਪਦਅਰਥ: ਮਿਥਨ = ਨਾਸਵੰਤ। ਅਗਨਿ = (ਤ੍ਰਿਸ਼ਨਾ ਦੀ) ਅੱਗ। ਸੋਕ = ਸ਼ੋਕ, ਚਿੰਤਾ। ਸਾਗਰ = ਸਮੁੰਦਰ। ਕਰਿ = ਕਰ ਕੇ। ਉਧਰੁ = ਬਚਾ ਲੈ। ਹਰਿ ਨਾਗਰ = ਹੇ ਸੋਹਣੇ ਹਰੀ!।੧।

ਨਰਾਇਣ = ਹੇ ਨਰਾਇਣ! ਪਰਾਇਣ = ਆਸਰਾ।੧।ਰਹਾਉ।

ਭੈ = {ਲਫ਼ਜ਼ ‘ਭਉ’ ਤੋਂ ਬਹੁ-ਵਚਨ} ਸਾਰੇ ਡਰ। ਸਾਧਸੰਗਿ = ਸੰਗਤਿ ਵਿਚ। ਭੇਟਨ = ਨੇੜੇ ਛੁਂਹਦਾ।੨।

ਅਨੂਪ = ਅਦੁੱਤੀ। ਰਵਣ = ਸਿਮਰਨ।੩।

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਰਸਨ = ਜੀਭ (ਨਾਲ) । ਨ ਬਿਆਪੈ = ਜ਼ੋਰ ਨਹੀਂ ਪਾ ਸਕਦੀ।੪।

ਸੰਗੀ = ਸਾਥੀ। ਸਭਿ = ਸਾਰੇ। ਪੰਚ = ਪੰਜ। ਬਟਵਾਰੇ = ਲੁਟੇਰੇ, ਡਾਕੂ।੫।

ਬਚ = ਬਚਨ। ਕ੍ਰਮ = ਕਰਮ। ਧਿਆਏ = ਧਿਆਉਂਦਾ ਹੈ।੬।

ਧਾਰਿ = ਧਾਰ ਕੇ। ਅਨੁਗ੍ਰਹੁ = ਕਿਰਪਾ। ਪ੍ਰਭਿ = ਪ੍ਰਭੂ ਨੇ। ਰਸੁ = ਸੁਆਦ।੭।

ਆਦਿ ਮਧਿ ਅੰਤਿ = ਸਦਾ ਹੀ। ਆਦਿ = ਜਗਤ ਦੇ ਸ਼ੁਰੂ ਵਿਚ। ਮਧਿ = ਵਿਚਕਾਰਲੇ ਸਮੇ। ਅੰਤਿ = ਅਖ਼ੀਰ ਵਿਚ।੮।

ਅਰਥ: ਹੇ ਗਰੀਬਾਂ ਦੇ ਖਸਮ! ਹੇ ਭਗਤਾਂ ਦੇ ਆਸਰੇ! ਹੇ ਨਾਰਾਇਣ! ਅਸੀ ਜੀਵ) ਤੇਰੇ ਸੋਹਣੇ ਚਰਨਾਂ ਦੀ ਸਰਨ ਵਿਚ ਆਏ ਹਾਂ (ਸਾਨੂੰ ਵਿਕਾਰਾਂ ਤੋਂ ਬਚਾਈ ਰੱਖ) ।੧।ਰਹਾਉ।

ਹੇ ਸੋਹਣੇ ਹਰੀ! ਨਾਸਵੰਤ ਪਦਾਰਥਾਂ ਦੇ ਮੋਹ; ਤ੍ਰਿਸ਼ਨ ਦੀ ਅੱਗ, ਚਿੰਤਾ ਦੇ ਸਮੁੰਦਰ ਵਿਚੋਂ ਕਿਰਪਾ ਕਰ ਕੇ (ਸਾਨੂੰ) ਬਚਾ ਲੈ।੧।

ਹੇ ਨਿਆਸਰਿਆਂ ਦੇ ਆਸਰੇ! ਹੇ ਭਗਤਾਂ ਦੇ ਸਾਰੇ ਡਰ ਦੂਰ ਕਰਨ ਵਾਲੇ! ਮੈਨੂੰ ਗੁਰੂ ਦੀ ਸੰਗਤਿ ਬਖ਼ਸ਼) ਗੁਰੂ ਦੀ ਸੰਗਤਿ ਵਿਚ ਰਿਹਾਂ ਜਮਦੂਤ (ਭੀ) ਨੇੜੇ ਨਹੀਂ ਢੁਕਦੇ (ਮੌਤ ਦਾ ਡਰ ਪੋਹ ਨਹੀਂ ਸਕਦਾ) ।੨।

ਹੇ ਜ਼ਿੰਦਗੀ ਦੇ ਸੋਮੇ! ਹੇ ਅਦੁੱਤੀ ਪ੍ਰਭੂ! ਹੇ ਦਇਆ ਦੇ ਘਰ! ਆਪਣੀ ਸਿਫ਼ਤਿ-ਸਾਲਾਹ ਬਖ਼ਸ਼) , ਤੇਰੇ ਗੁਣਾਂ ਨੂੰ ਯਾਦ ਕੀਤਿਆਂ ਮੌਤ ਦੀ ਫਾਹੀ ਕੱਟੀ ਜਾਂਦੀ ਹੈ।੩।

ਹੇ ਭਾਈ! ਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪਦਾ ਹੈ, ਉਸ ਉਤੇ ਇਹ ਮਾਇਆ ਜ਼ੋਰ ਨਹੀਂ ਪਾ ਸਕਦੀ, ਜੇਹੜੀ ਸਾਰੇ ਰੋਗਾਂ ਦਾ ਮੂਲ ਹੈ।੪।

ਹੇ ਭਾਈ! ਸਦਾ ਪਰਾਮਤਮਾ ਦਾ ਨਾਮ ਜਪਿਆ ਕਰ (ਜੇਹੜਾ ਜਪਦਾ ਹੈ) ਉਹ (ਆਪਣੇ) ਸਾਰੇ ਸਾਥੀਆਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ਪੰਜੇ ਲੁਟੇਰੇ ਉਸ ਉਤੇ ਦਬਾਉ ਨਹੀਂ ਪਾ ਸਕਦੇ।੫।

ਹੇ ਭਾਈ! ਜੇਹੜਾ ਮਨੁੱਖ ਆਪਣੇ ਮਨ ਨਾਲ, ਕੰਮਾਂ ਨਾਲ ਇਕ ਪਰਮਾਤਮਾ ਦਾ ਧਿਆਨ ਧਰੀ ਰੱਖਦਾ ਹੈ, ਉਹੀ ਮਨੁੱਖ (ਮਨੁੱਖਾ ਜਨਮ ਦੇ) ਸਾਰੇ ਫਲ ਹਾਸਲ ਕਰ ਲੈਂਦਾ ਹੈ।੬।

ਹੇ ਭਾਈ! ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਆਪਣਾ ਬਣਾ ਲਿਆ, ਉਸ ਨੂੰ ਉਸ ਨੇ ਆਪਣਾ ਨਾਮ ਬਖ਼ਸ਼ਿਆ, ਉਸ ਨੂੰ ਆਪਣੀ ਭਗਤੀ ਦਾ ਸੁਆਦ ਦਿੱਤਾ।੭।

ਹੇ ਨਾਨਕ! ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਤੋਂ ਹੈ, ਹੁਣ ਭੀ ਹੈ, ਜਗਤ ਦੇ ਅਖ਼ੀਰ ਵਿਚ ਭੀ ਹੋਵੇਗਾ। ਉਸ ਤੋਂ ਬਿਨਾ (ਉਸ ਦੇ ਵਰਗਾ) ਹੋਰ ਕੋਈ ਨਹੀਂ ਹੈ।੮।੧।੨।

Today’s Hukamnama from Gurdwara Baoli Sahib Goindwal Sahib

ਧਨਾਸਰੀ ਮਹਲਾ ੫ ॥ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥ {ਪੰਨਾ 682}

ਪਦਅਰਥ: ਅਉਖੀ = ਦੁੱਖ ਦੇਣ ਵਾਲੀ। ਦੇਈ = ਦੇਂਦਾ। ਬਿਰਦੁ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਸਮਾਲੇ = ਚੇਤੇ ਰੱਖਦਾ ਹੈ। ਦੇਇ = ਦੇ ਕੇ। ਰਾਖੈ = ਰੱਖਿਆ ਕਰਦਾ ਹੈ। ਕਉ = ਨੂੰ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ।੧।

ਸਿਉ = ਨਾਲ। ਆਦਿ ਅੰਤਿ = ਸ਼ੁਰੂ ਤੋਂ ਅਖ਼ੀਰ ਤਕ, ਸਦਾ ਹੀ। ਸਹਾਈ = ਮਦਦਗਾਰ। ਧੰਨੁ = ਸਲਾਹੁਣ ਜੋਗ।ਰਹਾਉ।

ਮਨਿ = ਮਨ ਵਿਚ। ਬਿਲਾਸ = ਖ਼ੁਸ਼ੀਆਂ। ਦੇਖਿ = ਵੇਖ ਕੇ। ਸਿਮਰਿ = ਸਿਮਰ ਕੇ। ਕਰਿ = ਮਾਣ। ਪ੍ਰਭਿ = ਪ੍ਰਭੂ ਨੇ। ਪੈਜ = ਇੱਜ਼ਤ।੨।

ਅਰਥ: ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈ) ।ਰਹਾਉ।

ਹੇ ਭਾਈ! ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ।੧।

ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ।੨।੧੫।੪੬।

Today’s Hukamnama from Gurdwara Damdama Sahib Thatta (Kapurthala)

ਸੋਰਠਿ ਮਹਲਾ ੫ ॥ ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ ॥ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ ॥੧॥ ਹਮ ਸੰਤਨ ਸਿਉ ਬਣਿ ਆਈ ॥ ਪੂਰਬਿ ਲਿਖਿਆ ਪਾਈ ॥ ਇਹੁ ਮਨੁ ਤੇਰਾ ਭਾਈ ॥ ਰਹਾਉ ॥ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ ॥ ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ ॥੨॥ ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ ॥ ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥੩॥ ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ ॥ ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ ॥੪॥੮॥੧੯॥ {ਪੰਨਾ 614}

ਪਦਅਰਥ: ਰੇਨੁ = ਚਰਨ = ਧੂੜ। ਪਿਆਰੇ = ਹੇ ਪਿਆਰੇ ਪ੍ਰਭੂ! ਓਟ = ਆਸਰਾ। ਸਤਾਣੀ = ਸ = ਤਾਣੀ, ਤਾਣ ਵਾਲੀ, ਤਕੜੀ।੧।

ਸਿਉ = ਨਾਲ। ਬਣਿ ਆਈ = ਪ੍ਰੀਤਿ ਬਣ ਗਈ ਹੈ। ਪੂਰਬਿ ਲਿਖਿਆ = ਪੂਰਬਲੇ ਭਾਗਾਂ ਅਨੁਸਾਰ ਲਿਖਿਆ ਲੇਖ। ਭਾਈ = ਪ੍ਰੇਮੀ।ਰਹਾਉ।

ਲੇਵਾ ਦੇਵੀ = ਲੈਣ = ਦੇਣ। ਬਿਉਹਾਰਾ = ਵਰਤਣ = ਵਿਹਾਰ। ਲਾਹਾ = ਲਾਭ। ਭੰਡਾਰਾ = ਖ਼ਜ਼ਾਨੇ।੨।

ਮੋ ਕਉ = ਮੈਨੂੰ। ਪੂੰਜੀ = ਹਰਿ = ਨਾਮ ਦਾ ਸਰਮਾਇਆ। ਸਉਪੀ = ਹਵਾਲੇ ਕੀਤੀ, ਦਿੱਤੀ। ਧੋਖਾ = ਫ਼ਿਕਰ। ਕਹਾ ਕਰੈਗੋ = ਕੁਝ ਨਹੀਂ ਕਰ ਸਕੇਗਾ। ਫਾਟਿਓ = ਪਾਟ ਗਿਆ ਹੈ। ਸਗਲੋ = ਸਾਰਾ।੩।

ਪਰਸਾਦੇ = ਪਰਸਾਦਿ, ਕਿਰਪਾ ਨਾਲ। ਮਾਨਿਆ = ਪਤੀਜ ਗਿਆ ਹੈ। ਰੰਗਿ = ਪ੍ਰੇਮ = ਰੰਗ ਵਿਚ। ਰਤੇ = ਰੰਗਿਆ ਗਿਆ। ਬਿਸਮਾਦੇ = ਅਸਚਰਜ ਪ੍ਰਭੂ ਦੇ।

ਅਰਥ: ਹੇ ਪ੍ਰਭੂ! ਤੇਰੇ ਸੰਤਾਂ ਨਾਲ ਮੇਰੀ ਪ੍ਰੀਤਿ ਬਣ ਗਈ ਹੈ। ਪਿਛਲੇ ਲਿਖੇ ਲੇਖ ਅਨੁਸਾਰ ਇਹ ਪ੍ਰਾਪਤੀ ਹੋਈ ਹੈ। ਹੁਣ ਮੇਰਾ ਇਹ ਮਨ ਤੇਰਾ ਪ੍ਰੇਮੀ ਬਣ ਗਿਆ ਹੈ।ਰਹਾਉ।

ਹੇ ਪਿਆਰੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਬਣਿਆ ਰਹਾਂ, ਸੰਤ ਜਨਾਂ ਦੀ ਸਰਨ ਪਿਆ ਰਹਾਂ। ਸੰਤ ਹੀ ਮੇਰਾ ਤਕੜਾ ਸਹਾਰਾ ਹਨ, ਸੰਤ ਜਨ ਹੀ ਮੇਰੇ ਜੀਵਨ ਨੂੰ ਸੋਹਣਾ ਬਣਾਣ ਵਾਲੇ ਹਨ।੧।

(ਹੇ ਪ੍ਰਭੂ! ਤੇਰੀ ਮੇਹਰ ਨਾਲ) ਸੰਤ ਜਨਾਂ ਨਾਲ ਹੀ ਮੇਰਾ ਲੈਣ-ਦੇਣ ਤੇ ਵਰਤਣ-ਵਿਹਾਰ ਹੈ। ਸੰਤ ਜਨਾਂ ਨਾਲ ਰਹਿ ਕੇ ਮੈਂ ਇਹ ਲਾਭ ਖੱਟਿਆ ਹੈ ਕਿ ਮੇਰੇ ਅੰਦਰ ਭਗਤੀ ਦੇ ਖ਼ਜ਼ਾਨੇ ਭਰ ਗਏ ਹਨ।੨।

ਹੇ ਭਾਈ! ਜਦੋਂ ਤੋਂ ਸੰਤ ਜਨਾਂ ਨੇ ਮੈਨੂੰ ਪਰਮਾਤਮਾ ਦੀ ਭਗਤੀ ਦੀ ਰਾਸਿ-ਪੂੰਜੀ ਦਿੱਤੀ ਹੈ, ਤਦੋਂ ਤੋਂ ਮੇਰੇ ਮਨ ਦਾ ਚਿੰਤਾ-ਫ਼ਿਕਰ ਲਹਿ ਗਿਆ ਹੈ। (ਮੇਰੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ) ਸਾਰਾ ਹੀ ਹਿਸਾਬ ਦਾ ਕਾਗਜ਼ ਪਾਟ ਚੁਕਾ ਹੈ। ਹੁਣ ਧਰਮਰਾਜ ਮੈਥੋਂ ਕੋਈ ਪੁੱਛ ਨਹੀਂ ਕਰੇਗਾ।੩।

ਹੇ ਭਾਈ! ਸੰਤ ਜਨਾਂ ਦੀ ਕਿਰਪਾ ਨਾਲ ਮੇਰੇ ਅੰਦਰ ਬੜਾ ਆਤਮਕ ਆਨੰਦ ਬਣਿਆ ਪਿਆ ਹੈ। ਹੇ ਨਾਨਕ! ਆਖ-ਮੇਰਾ ਮਨ ਪਰਮਾਤਮਾ ਨਾਲ ਪਤੀਜ ਗਿਆ ਹੈ, ਅਸਚਰਜ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮੈਂ ਰੰਗਿਆ ਗਿਆ ਹਾਂ।੪।੮।੧੯।

Today’s Hukamnama from Gurdwara Baba Darbara Singh Ji Tibba (Kapurthala)

ਪਹਿਲ ਪੁਰੀਏ ਪੁੰਡਰਕ ਵਨਾ ॥ ਤਾ ਚੇ ਹੰਸਾ ਸਗਲੇ ਜਨਾਂ ॥ ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥ ਪਹਿਲ ਪੁਰਸਾਬਿਰਾ ॥ ਅਥੋਨ ਪੁਰਸਾਦਮਰਾ ॥ ਅਸਗਾ ਅਸ ਉਸਗਾ ॥ ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥ ਨਾਚੰਤੀ ਗੋਪੀ ਜੰਨਾ ॥ ਨਈਆ ਤੇ ਬੈਰੇ ਕੰਨਾ ॥ ਤਰਕੁ ਨ ਚਾ ॥ ਭ੍ਰਮੀਆ ਚਾ ॥ ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥ ਪਿੰਧੀ ਉਭਕਲੇ ਸੰਸਾਰਾ ॥ ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥ ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥ {ਪੰਨਾ 693}

ਪਦਅਰਥ: ਪਹਿਲ ਪੁਰੀਏ = ਪਹਿਲਾਂ ਪਹਿਲ। {ਪੁਰਾ (पुरा) ਸੰਸਕ੍ਰਿਤ ਪਦ ਹੈ, ਇਸ ਦਾ ਅਰਥ ਹੈ ‘ਪਹਿਲਾਂ’}। ਪੁੰਡਰਕ ਵਨਾ = ਪੁੰਡਰਕਾਂ ਦਾ ਬਨ, ਕੌਲ ਫੁੱਲਾਂ ਦਾ ਖੇਤ। ਪੁੰਡਰਕ = {पुंडरीक} ਚਿੱਟਾ ਕੌਲ ਫੁੱਲ। ਤਾ ਚੇ = ਉਸ (ਪੁੰਡਰਕ ਵਨ) ਦੇ, ਉਸ (ਕੌਲ ਫੁੱਲਾਂ ਦੇ ਖੇਤ) ਦੇ। ਸਗਲੇ ਜਨਾਂ = ਸਾਰੇ ਜੀਅ ਜੰਤ। ਕ੍ਰਿਸ੍ਨਾ = ਮਾਇਆ। ਤੇ = ਤੋਂ। ਜਾਨਊ = ਜਾਣੋ, ਸਮਝੋ। ਹਰਿ ਕ੍ਰਿਸ੍ਨਾ = ਪ੍ਰਭੂ ਦੀ ਮਾਇਆ। ਹਰਿ ਨਾਚਨਾ = ਪ੍ਰਭੂ ਦੀ ਨਾਚ ਕਰਨ ਵਾਲੀ (ਸ੍ਰਿਸ਼ਟੀ) । ਨਾਚੰਤੀ = ਨੱਚ ਰਹੀ ਹੈ।੧।

ਪੁਰਸਾਬਿਰਾ = ਪੁਰਸ = ਆਬਿਰਾ। ਪੁਰਸ = ਪਰਮਾਤਮਾ। ਆਬਿਰਾ = ਪਰਗਟ (ਹੋਇਆ) । ਆਬਿਰ ਭੂ = {आविर भु } ਪਰਗਟ ਹੋਣਾ। ਅਥੋਨ = ਉਸ ਤੋਂ ਪਿਛੋਂ, ਫਿਰ। ਪੁਰਸਾਦਮਰਾ = ਪੁਰਸ਼ਾਤ = ਅਮਰਾ {पुरूषात् = अमरा} ਪੁਰਸ਼ ਤੋਂ ਮਾਇਆ। ਅਮਰਾ = ਮਾਇਆ, ਕੁਦਰਤ। ਅਸ ਗਾ = ਇਸ ਦਾ। ਅਸ = ਅਤੇ। ਉਸ ਗਾ = ਉਸ ਦਾ। ਬਾਗਰਾ = ਸੋਹਣਾ ਜਿਹਾ ਬਾਗ਼। ਪਿੰਧੀ = ਟਿੰਡਾਂ। ਸਾਗਰਾ = ਸਮੁੰਦਰ, ਪਾਣੀ।੧।ਰਹਾਉ।

ਗੋਪੀ ਜੰਨਾ = ਇਸਤ੍ਰੀਆਂ ਅਤੇ ਮਰਦ। ਨਈਆ = ਨਾਇਕ, ਪਰਮਾਤਮਾ। ਤੇ = ਤੋਂ। ਬੈਰੇ = ਵੱਖਰੇ। ਕੰਨਾ = ਕੋਈ ਨਹੀਂ। ਕੇਸਵਾ ਬਚਉਨੀ = ਕੇਸ਼ਵ ਦੇ ਬਚਨ ਹੀ। ਅਈਏ ਮਈਏ = ਇਸਤ੍ਰੀ ਮਰਦ ਵਿਚ। ਅਈਆ = {अर्या} ਇਸਤ੍ਰੀ। ਮਈਆ {मर्य} ਮਨੁੱਖ। ਏਕ ਆਨ = {एकायन = ਇਕ ਅਯਨ। ਅਯਨ = ਰਸਤਾ} ਇੱਕੋ ਰਾਹੇ, ਇੱਕ = ਰਸ।੨।

ਉਭਕਲੇ = ਡੁਬਕੀਆਂ। ਸੰਸਾਰਾ = ਸੰਸਾਰ (ਸਮੁੰਦਰ) ਵਿਚ। ਭ੍ਰਮਿ ਭ੍ਰਮਿ = ਭਟਕ ਭਟਕ ਕੇ। ਤੁਮ ਚੇ = ਤੇਰੇ। ਚੇ = ਦੇ। ਰੇ = ਹੇ ਭਾਈ! ਕੁਨੁ = ਕੌਣ? ਜੀ = ਹੇ (ਪ੍ਰਭੂ) ਜੀ! ਆਲਾ = ਆਲਯ, ਘਰ, ਜਗਤ ਦਾ ਜੰਜਾਲ। ਤੇ = ਤੋਂ। ਨਿਵਾਰਣਾ = ਬਚਾ ਲੈ। ਜਮ ਕਾਰਣਾ = ਜਮਾਂ (ਦੇ ਡਰ) ਦਾ ਕਾਰਨ।

ਨੋਟ: ਲਫ਼ਜ਼ ‘ਆਲਾ’ ਦਾ ਅਰਥ ਕਈ ਸੱਜਣ ‘ਆਇਆ’ ਕਰਦੇ ਹਨ। ਇਸ ਲਫ਼ਜ਼ ‘ਆਲਾ’ ਨੂੰ ਉਹ ਧਾਤੂ ‘ਆ’ ਦਾ ‘ਭੂਤਕਾਲ’ ਮੰਨਦੇ ਹਨ। ਮਰਾਠੀ ਬੋਲੀ ਵਿਚ ਕਿਸੇ ਧਾਤੂ ਤੋਂ ‘ਭੂਤਕਾਲ’ ਬਣਾਣ ਲਈ ਪਿਛੇਤਰ ‘ਲਾ’ ਵਰਤੀਦਾ ਹੈ। ਪਰ ਧਾਤੂ ‘ਆ’ ਤੋਂ ਮਰਾਠੀ ਵਿਚ ‘ਆਲਾ’ ਭੂਤਕਾਲ ਨਹੀਂ ਬਣਦਾ, ‘ਆ’ ਅਤੇ ‘ਲਾ’ ਦੇ ਵਿਚਕਾਰ ‘ਇ’ ਭੀ ਵਰਤੀ ਜਾਂਦੀ ਹੈ। ‘ਆ’ ਤੋਂ ਭੂਤਕਾਲ ‘ਆਇਲਾ’ ਹੈ; ਜਿਵੇਂ:

“ਗਰੁੜ ਚੜੇ ਗੋਬਿੰਦੁ ਆਇਲਾ” {ਨਾਮਦੇਵ ਜੀ}

ਲਫ਼ਜ਼ ‘ਤੇ’ ਦਾ ਉਹ ਸੱਜਣ ‘ਅਤੇ’ ਅਰਥ ਕਰਦੇ ਹਨ। ਇਹ ਭੀ ਗ਼ਲਤ ਹੈ। ‘ਤੇ’ ਦਾ ਅਰਥ ਹੈ ‘ਤੋਂ’। ‘ਅਤੇ’ ਵਾਸਤੇ ਪੁਰਾਣੀ ਪੰਜਾਬੀ ਵਿਚ ਲਫ਼ਜ਼ ‘ਤੈ’ ਹੈ।੩।

ਅਰਥ: ਪਹਿਲਾਂ ਪੁਰਸ਼ (ਅਕਾਲ ਪੁਰਖ) ਪਰਗਟ ਹੋਇਆ {“ਆਪੀਨ੍ਹ੍ਹੈ ਆਪੁ ਸਾਜਿਓ, ਆਪੀਨ੍ਹ੍ਹੈ ਰਚਿਓ ਨਾਉ”}। ਫਿਰ ਅਕਾਲ ਪੁਰਖ ਤੋਂ ਮਾਇਆ (ਬਣੀ) (“ਦੁਯੀ ਕੁਦਰਤਿ ਸਾਜੀਐ”) । ਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ (ਮੇਲ ਹੋਇਆ) (“ਕਰਿ ਆਸਣੁ ਡਿਠੋ ਚਾਉ”) । (ਇਸ ਤਰ੍ਹਾਂ ਇਹ ਸੰਸਾਰ) ਪਰਮਾਤਮਾ ਦਾ ਇਕ ਸੋਹਣਾ ਜਿਹਾ ਬਾਗ਼ (ਬਣ ਗਿਆ ਹੈ, ਜੋ) ਇਉਂ ਨੱਚ ਰਿਹਾ ਹੈ ਜਿਵੇਂ (ਖੂਹ ਦੀਆਂ) ਟਿੰਡਾਂ ਵਿਚ ਪਾਣੀ ਨੱਚਦਾ ਹੈ (ਭਾਵ, ਸੰਸਾਰ ਦੇ ਜੀਵ ਮਾਇਆ ਵਿਚ ਮੋਹਿਤ ਹੋ ਕੇ ਦੌੜ-ਭੱਜ ਕਰ ਰਹੇ ਹਨ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ) ।੧।ਰਹਾਉ।

ਪਹਿਲਾਂ ਪਹਿਲ (ਜੋ ਜਗਤ ਬਣਿਆ ਹੈ ਉਹ, ਮਾਨੋ) ਕੌਲ ਫੁੱਲਾਂ ਦਾ ਖੇਤ ਹੈ, ਸਾਰੇ ਜੀਅ ਜੰਤ ਉਸ (ਕੌਲ ਫੁੱਲਾਂ ਦੇ ਖੇਤ) ਦੇ ਹੰਸ ਹਨ। ਪਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ। ਇਹ ਪ੍ਰਭੂ ਦੀ ਮਾਇਆ (ਦੀ ਪ੍ਰੇਰਨਾ) ਤੋਂ ਸਮਝੋ।੧।

ਇਸਤ੍ਰੀਆਂ ਮਰਦ ਸਭ ਨੱਚ ਰਹੇ ਹਨ, (ਪਰ ਇਹਨਾਂ ਸਭਨਾਂ ਵਿਚ) ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਹੈ। (ਹੇ ਭਾਈ! ਇਸ ਵਿਚ) ਸ਼ੱਕ ਨਾ ਕਰ, (ਇਸ ਸੰਬੰਧੀ) ਭਰਮ ਦੂਰ ਕਰ ਦੇਹ। ਹਰੇਕ ਇਸਤ੍ਰੀ-ਮਰਦ ਵਿਚ ਪਰਮਾਤਮਾ ਦੇ ਬਚਨ ਹੀ ਇੱਕ-ਰਸ ਹੋ ਰਹੇ ਹਨ (ਭਾਵ, ਹਰੇਕ ਜੀਵ ਵਿਚ ਪਰਮਾਤਮਾ ਆਪ ਹੀ ਬੋਲ ਰਿਹਾ ਹੈ) ।੨।

(ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ। ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ। ਹੇ (ਪ੍ਰਭੂ) ਜੀ! ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ? (ਤਾਂ) ਹੇ ਜੀ! ਮੈਂ ਨਾਮਾ ਹਾਂ। ਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ।੩, ੪।

Today’s Hukamnama from State Gurdwara Sahib Kapurthala

ਸੋਰਠਿ ਮਹਲਾ ੫ ਘਰੁ ੨ ਚਉਪਦੇ    ੴ ਸਤਿਗੁਰ ਪ੍ਰਸਾਦਿ ॥ ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥ ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥ ਇਹੁ ਮਨੁ ਤੇਰਾ ਭਾਈ ॥ ਰਹਾਉ ॥ ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥ ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥ ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥ ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥ ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥ ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥ {ਪੰਨਾ 612}

ਨੋਟ: ਇਥੋਂ ‘ਘਰੁ ੨’ ਦੇ ਸ਼ਬਦ ਸ਼ੁਰੂ ਹੁੰਦੇ ਹਨ। ਪਹਿਲੇ ਸ਼ਬਦਾਂ ਦਾ ਸੰਗ੍ਰਹ ੧੧ ਹੈ।

ਪਦਅਰਥ: ਗੁਰ ਹਾਈ = ਗੁਰਭਾਈ। ਮੀਤਾ = ਹੇ ਮਿੱਤਰ! ਜੀਉ = ਜਿੰਦ। ਬਲਿ ਜਾਸੀ = ਸਦਕੇ ਜਾਵੇਗੀ।੧।

ਕਉ = ਤੋਂ। ਬਲਿ ਜਾਈ = ਜਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਭਾਈ = ਹੇ ਭਾਈ!।ਰਹਾਉ।

ਪਾਵ = {ਲਫ਼ਜ਼ ‘ਪਾਉ’ ਤੋਂ ਬਹੁ-ਵਚਨ} ਦੋਵੇਂ ਪੈਰ। ਮਲੋਵਾ = ਮਲੋਵਾਂ, ਮੈਂ ਮਲਾਂਗਾ। ਮਲਿ = ਮਲ ਕੇ। ਧੋਵਾ = ਧੋਵਾਂ, ਮੈਂ ਧੋਵਾਂਗਾ। ਤੈ ਕੂ = ਤੈਨੂੰ। ਦੇਸਾ = ਦੇਸਾਂ, ਮੈਂ ਦਿਆਂਗਾ। ਹਉ = ਮੈਂ। ਪ੍ਰਭ ਮਿਲਉ = ਮੈਂ ਪ੍ਰਭੂ ਨੂੰ ਮਿਲ ਪਵਾਂ, ਮਿਲਉਂ।੨।

ਮਾਨੁ = ਅਹੰਕਾਰ। ਕੀਜੈ = ਕਰਨਾ ਚਾਹੀਦਾ। ਪਰੀਜੈ = ਪੈਣਾ ਚਾਹੀਦਾ ਹੈ। ਪਿੰਡੁ = ਸਰੀਰ। ਅਰਪੀਜੈ = ਭੇਟ ਕਰ ਦੇਣਾ ਚਾਹੀਦਾ ਹੈ। ਇਉ = ਇਉਂ, ਇਸ ਤਰ੍ਹਾਂ।੩।

ਅਨੁਗ੍ਰਹੁ = ਮੇਹਰ, ਕਿਰਪਾ। ਪ੍ਰਸਾਦਿ = ਕਿਰਪਾ ਨਾਲ। ਗੁਰਿ = ਗੁਰੂ ਨੇ। ਅਕੁਲ = ਅ = ਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨੁ = {ਨਿਰ = ਅੰਜਨੁ। ਅੰਜਨੁ = ਸੁਰਮਾ, ਮਾਇਆ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਰਹਿਤ।੪।

ਜ਼ਰੂਰੀ ਨੋਟ: ਇਸ ਸ਼ਬਦ ਵਿਚ ਇਕ ਜਿਗਿਆਸੂ ਪਾਸੋਂ ਸਵਾਲ ਕਰਾ ਕੇ, ਤੇ, ਕਿਸੇ ਗੁਰਮੁਖਿ ਪਾਸੋਂ ਉੱਤਰ ਦਿਵਾ ਕੇ ਪਰਮਾਤਮਾ ਦੇ ਮਿਲਾਪ ਦੀ ਜੁਗਤੀ ਦੱਸੀ ਗਈ ਹੈ।

ਅਰਥ: ਹੇ ਮਿੱਤਰ! ਮੇਰੀ ਬੇਨਤੀ) ਸੁਣ। ਮੈਂ (ਤੇਰੇ ਚਰਨਾਂ ਦੀ) ਧੂੜ ਤੋਂ ਕੁਰਬਾਨ ਜਾਂਦਾ ਹਾਂ। ਹੇ ਭਰਾ! ਮੈਂ ਆਪਣਾ) ਇਹ ਮਨ ਤੇਰਾ (ਆਗਿਆਕਾਰ ਬਣਾਣ ਨੂੰ ਤਿਆਰ ਹਾਂ) ।ਰਹਾਉ।

ਹੇ ਮਿੱਤਰ! ਸਾਡਾ) ਇਕੋ ਹੀ ਪ੍ਰਭੂ-ਪਿਤਾ ਹੈ, ਅਸੀ ਇਕੋ ਪ੍ਰਭੂ-ਪਿਤਾ ਦੇ ਬੱਚੇ ਹਾਂ, (ਫਿਰ,) ਤੂੰ ਮੇਰਾ ਗੁਰਭਾਈ (ਭੀ) ਹੈਂ। ਮੈਨੂੰ ਪਰਮਾਤਮਾ ਦਾ ਦਰਸਨ ਕਰਾ ਦੇਹ। ਮੇਰੀ ਜਿੰਦ ਤੈਥੋਂ ਮੁੜ ਮੁੜ ਸਦਕੇ ਜਾਇਆ ਕਰੇਗੀ।੧।

ਹੇ ਮਿੱਤਰ! ਮੈਂ (ਤੇਰੇ ਦੋਵੇਂ) ਪੈਰ ਮਲਾਂਗਾ, (ਇਹਨਾਂ ਨੂੰ) ਮਲ ਮਲ ਕੇ ਧੋਵਾਂਗਾ, ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ। ਹੇ ਮਿੱਤਰ! (ਮੇਰੀ ਬੇਨਤੀ) ਸੁਣ। ਮੈਂ ਤੇਰੀ ਸ਼ਰਨ ਆਇਆ ਹਾਂ। ਮੈਨੂੰ (ਅਜੇਹਾ) ਉਪਦੇਸ਼ ਦੇਹ (ਕਿ) ਮੈਂ ਪ੍ਰਭੂ ਨੂੰ ਮਿਲ ਸਕਾਂ।੨।

{ਨੋਟ: ਗੁਰਮੁਖਿ ਪ੍ਰਭੂ-ਮਿਲਾਪ ਦੀ ਜੁਗਤਿ ਦੱਸਦਾ ਹੈ}

ਹੇ ਮਿੱਤਰ! ਸੁਣ। (ਕਿਸੇ ਕਿਸਮ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ, ਪ੍ਰਭੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ। ਜੋ ਕੁਝ ਪਰਮਾਤਮਾ ਕਰ ਰਿਹਾ ਹੈ, ਉਸ ਨੂੰ ਭਲਾ ਕਰ ਕੇ ਮੰਨਣਾ ਚਾਹੀਦਾ ਹੈ। ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਦੀ ਭੇਟ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਪਰਮਾਤਮਾ ਨੂੰ ਲੱਭ ਲਈਦਾ ਹੈ।੩।

ਹੇ ਮਿੱਤਰ! ਸੰਤ ਜਨਾਂ ਦੀ ਕਿਰਪਾ ਨਾਲ (ਜਿਸ ਮਨੁੱਖ ਉਤੇ ਪ੍ਰਭੂ ਦੀ) ਮੇਹਰ ਹੋਵੇ ਉਸ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ। (ਹੇ ਮਿੱਤਰ!) ਦਾਸ ਨਾਨਕ ਉੱਤੇ ਗੁਰੂ ਨੇ ਕਿਰਪਾ ਕੀਤੀ ਤਾਂ (ਨਾਨਕ ਨੂੰ) ਹਰ ਥਾਂ ਉਹ ਪ੍ਰਭੂ ਦਿੱਸਣ ਲੱਗ ਪਿਆ, ਜਿਸ ਦੀ ਕੋਈ ਖ਼ਾਸ ਕੁਲ ਨਹੀਂ, ਤੇ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।੪।੧।੧੨।