Today’s Hukamnama 08.10.2019: Ber Sahib, Baoli Sahib, Damdama Sahib, Baba Darbara Singh, State Gurdwara Sahib

131
Today’s Hukamnama from Gurdwara Sri Ber Sahib Sultanpur Lodhi

ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥ {ਪੰਨਾ 696}

ਪਦਅਰਥ: ਹੀਅਰੈ = ਹਿਰਦੇ ਵਿਚ। ਗੁਰਿ = ਗੁਰੂ ਨੇ। ਮੇਰੈ ਮਾਥਾ = ਮੇਰੈ ਮਾਥੈ, ਮੇਰੇ ਮੱਥੇ ਉੱਤੇ। ਕਿਲਬਿਖ = ਪਾਪ। ਰਿਨੁ = ਕਰਜ਼ਾ, ਵਿਕਾਰਾਂ ਦਾ ਭਾਰ।੧।

ਮਨ = ਹੇ ਮਨ! ਸਭਿ = ਸਾਰੇ। ਅਰਥਾ = ਪਦਾਰਥ। ਦ੍ਰਿੜਾਇਆ = ਪੱਕਾ ਕਰ ਦਿੱਤਾ। ਬਿਰਥਾ = ਵਿਅਰਥ।ਰਹਾਉ।

ਮੂੜ = ਮੂਰਖ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਤੇ = ਉਹ {ਬਹੁ-ਵਚਨ}। ਸਾਧੂ = ਗੁਰੂ। ਅਕਥਾ = ਨਿਸਫਲ, ਅਕਾਰਥ।੨।

ਪਗ = ਪੈਰ, ਚਰਨ। ਸਫਲਿਓ = ਕਾਮਯਾਬ। ਸਨਾਥਾ = ਖਸਮ ਵਾਲੇ। ਮੋ ਕਉ = ਮੈਨੂੰ। ਕਉ = ਨੂੰ। ਕੀਜੈ = ਬਣਾ ਲੈ। ਜਗੰਨਾਥਾ = ਹੇ ਜਗਤ ਦੇ ਨਾਥ!।੩।

ਕਿਉ = ਕਿਵੇਂ? ਚਾਲਹ = ਅਸੀ ਚੱਲੀਏ। ਮਾਰਗਿ = ਰਸਤੇ ਉਤੇ। ਪੰਥਾ = ਪੰਥਿ, ਰਸਤੇ ਉਤੇ। ਗੁਰ = ਹੇ ਗੁਰੂ! ਅੰਚਲੁ = ਪੱਲਾ। ਮਿਲੰਥਾ = ਮਿਲ ਕੇ।੪।

ਅਰਥ: ਹੇ ਮੇਰੇ ਮਨ! ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ) । (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।ਰਹਾਉ।

(ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ।੧।

ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ।੨।

ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ।੩।

ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਹੇ ਦਾਸ ਨਾਨਕ! (ਆਖ-) ਹੇ ਗੁਰੂ! ਸਾਨੂੰ ਅੰਨਿ੍ਹਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ।੪।੧।

Today’s Hukamnama from Gurdwara Baoli Sahib Goindwal Sahib

ਕਿਆ ਪੜੀਐ ਕਿਆ ਗੁਨੀਐ ॥ ਕਿਆ ਬੇਦ ਪੁਰਾਨਾਂ ਸੁਨੀਐ ॥ ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥ ਹਰਿ ਕਾ ਨਾਮੁ ਨ ਜਪਸਿ ਗਵਾਰਾ ॥ ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥ ਅੰਧਿਆਰੇ ਦੀਪਕੁ ਚਹੀਐ ॥ ਇਕ ਬਸਤੁ ਅਗੋਚਰ ਲਹੀਐ ॥ ਬਸਤੁ ਅਗੋਚਰ ਪਾਈ ॥ ਘਟਿ ਦੀਪਕੁ ਰਹਿਆ ਸਮਾਈ ॥੨॥ ਕਹਿ ਕਬੀਰ ਅਬ ਜਾਨਿਆ ॥ ਜਬ ਜਾਨਿਆ ਤਉ ਮਨੁ ਮਾਨਿਆ ॥ ਮਨ ਮਾਨੇ ਲੋਗੁ ਨ ਪਤੀਜੈ ॥ ਨ ਪਤੀਜੈ ਤਉ ਕਿਆ ਕੀਜੈ ॥੩॥੭॥ {ਪੰਨਾ 655-656}

ਪਦਅਰਥ: ਕਿਆ = ਕੀਹ ਲਾਭ? ਗੁਨੀਐ {Skt. गण्} ਵਿਚਾਰੀਏ। ਕਿਆ ਹੋਈ = ਕੋਈ ਲਾਭ ਨਹੀਂ ਹੋਵੇਗਾ। ਜਉ = ਜੇ। ਸਹਜ = {Skt. सहज = as a natural result of} ਕੁਦਰਤੀ ਨਤੀਜੇ ਦੇ ਤੌਰ ਤੇ, ਸੁਭਾਵਿਕ ਹੀ। ਸੋਈ = ਉਹ ਪ੍ਰਭੂ।੧।

ਨ ਜਪਸਿ = ਤੂੰ ਨਹੀਂ ਜਪਦਾ। ਗਵਾਰਾ = ਹੇ ਗੰਵਾਰ! ਹੇ ਮੂਰਖ! ਬਾਰੰ ਬਾਰਾ = ਮੁੜ ਮੁੜ।੧।ਰਹਾਉ।

ਅੰਧਿਆਰੇ = ਹਨੇਰੇ ਵਿਚ। ਚਹੀਐ = ਚਾਹੀਦਾ ਹੈ, ਲੋੜ ਹੁੰਦੀ ਹੈ। ਅਗੋਚਰ = ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ {ਅ = ਗੋ = ਚਰ}। ਲਹੀਐ = ਲੱਭ ਪਏ। ਪਾਈ = (ਜਿਸ ਨੇ) ਲੱਭ ਲਈ। ਘਟਿ = (ਉਸ ਦੇ) ਹਿਰਦੇ ਵਿਚ। ਸਮਾਈ ਰਹਿਆ = ਅਡੋਲ ਜਗਦਾ ਰਹਿੰਦਾ ਹੈ।੨।

ਕਹਿ = ਕਹੇ, ਕਹਿੰਦਾ ਹੈ। ਅਬ = ਹੁਣ (ਜਦੋਂ ‘ਅਗੋਚਰ ਬਸਤੁ’ ਲੱਭ ਪਈ ਹੈ) । ਜਾਨਿਆ = ਜਾਣ ਲਿਆ ਹੈ, ਸੂਝ ਪੈ ਗਈ ਹੈ, ਜਾਣ-ਪਛਾਣ ਹੋ ਗਈ ਹੈ। ਮਾਨਿਆ = ਮੰਨ ਗਿਆ, ਪਤੀਜ ਗਿਆ ਹੈ, ਸੰਤੁਸ਼ਟ ਹੋ ਗਿਆ ਹੈ। ਤਉ = ਤਾਂ। ਕਿਆ ਕੀਜੈ = ਕੀਹ ਕੀਤਾ ਜਾਏ? ਕੋਈ ਮੁਥਾਜੀ ਨਹੀਂ ਹੁੰਦੀ।੩।

ਅਰਥ: ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ (ਤਾਂ) ਸਿਮਰਦਾ ਨਹੀਂ (ਨਾਮ ਨੂੰ ਵਿਸਾਰ ਕੇ) ਮੁੜ ਮੁੜ ਹੋਰ ਸੋਚਾਂ ਸੋਚਣ ਦਾ ਤੈਨੂੰ ਕੀਹ ਲਾਭ ਹੋਵੇਗਾ?।੧।ਰਹਾਉ।

(ਹੇ ਗੰਵਾਰ!) ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨਿਰੇ ਪੜ੍ਹਨ ਸੁਣਨ ਤੋਂ ਕੋਈ ਫ਼ਾਇਦਾ ਨਹੀਂ, ਜੇ ਇਸ ਪੜ੍ਹਨ ਸੁਣਨ ਦੇ ਕੁਦਰਤੀ ਨਤੀਜੇ ਦੇ ਤੌਰ ਤੇ ਉਸ ਪ੍ਰਭੂ ਦਾ ਮਿਲਾਪ ਨਾਹ ਹੋਵੇ।੧।

ਹਨੇਰੇ ਵਿਚ (ਤਾਂ) ਦੀਵੇ ਦੀ ਲੋੜ ਹੁੰਦੀ ਹੈ (ਤਾਕਿ ਅੰਦਰੋਂ) ਉਹ ਹਰਿ-ਨਾਮ ਪਦਾਰਥ ਮਿਲ ਪਏ, ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, (ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਉਹ ਗਿਆਨ ਦਾ ਦੀਵਾ ਮਨ ਵਿਚ ਜਗਣਾ ਚਾਹੀਦਾ ਹੈ ਜਿਸ ਨਾਲ ਅੰਦਰ-ਵੱਸਦਾ ਰੱਬ ਲੱਭ ਪਏ) । ਜਿਸ ਮਨੁੱਖ ਨੂੰ ਉਹ ਅਪਹੁੰਚ ਹਰਿ-ਨਾਮ ਪਦਾਰਥ ਮਿਲ ਪੈਂਦਾ ਹੈ, ਉਸ ਦੇ ਅੰਦਰ ਉਹ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ।੨।

ਕਬੀਰ ਆਖਦਾ ਹੈ-ਉਸ ਅਪਹੁੰਚ ਹਰਿ-ਨਾਮ ਪਦਾਰਥ ਨਾਲ ਮੇਰੀ ਭੀ ਜਾਣ-ਪਛਾਣ ਹੋ ਗਈ ਹੈ। ਜਦੋਂ ਤੋਂ ਜਾਣ-ਪਛਾਣ ਹੋਈ ਹੈ, ਮੇਰਾ ਮਨ ਉਸੇ ਵਿਚ ਹੀ ਪਰਚ ਗਿਆ ਹੈ। (ਪਰ ਜਗਤ ਲੋੜਦਾ ਹੈ ਧਰਮ-ਪੁਸਤਕਾਂ ਦੇ ਰਿਵਾਜੀ ਪਾਠ ਕਰਨੇ ਕਰਾਉਣੇ ਤੇ ਤੀਰਥ ਆਦਿਕਾਂ ਦੇ ਇਸ਼ਨਾਨ; ਸੋ,) ਪਰਮਾਤਮਾ ਵਿਚ ਮਨ ਜੁੜਨ ਨਾਲ (ਕਰਮ-ਕਾਂਡੀ) ਜਗਤ ਦੀ ਤਸੱਲੀ ਨਹੀਂ ਹੁੰਦੀ; (ਦੂਜੇ ਪਾਸੇ,) ਨਾਮ ਸਿਮਰਨ ਵਾਲੇ ਨੂੰ ਭੀ ਇਹ ਮੁਥਾਜੀ ਨਹੀਂ ਹੁੰਦੀ ਕਿ ਜ਼ਰੂਰ ਹੀ ਲੋਕਾਂ ਦੀ ਤਸੱਲੀ ਭੀ ਕਰਾਏ, (ਤਾਹੀਏਂ, ਆਮ ਤੌਰ ਤੇ ਇਹਨਾਂ ਦਾ ਅਜੋੜ ਹੀ ਬਣਿਆ ਰਹਿੰਦਾ ਹੈ) ।੩।੭।

ਸ਼ਬਦ ਦਾ ਭਾਵ: ਜੇ ਮਨੁੱਖ ਦੀ ਲਗਨ ਪ੍ਰਭੂ ਦੇ ਨਾਮ ਵਿਚ ਨਹੀਂ ਬਣਦੀ ਤਾਂ ਧਰਮ-ਪੁਸਤਕਾਂ ਦੇ ਪਾਠ ਕਰਾਉਣ ਦਾ ਕੋਈ ਲਾਭ ਨਹੀਂ ਹੁੰਦਾ। ਇਹ ਪਾਠ ਕਰਨੇ ਕਰਾਉਣੇ ਨਿਰੇ ਲੋਕਾਚਾਰੀ ਰਹਿ ਜਾਂਦੇ ਹਨ।੭।

Today’s Hukamnama from Gurdwara Damdama Sahib Thatta (Kapurthala)

ਬੈਰਾੜੀ ਮਹਲਾ ੪ ॥ ਜਪਿ ਮਨ ਰਾਮ ਨਾਮੁ ਨਿਸਤਾਰਾ ॥ ਕੋਟ ਕੋਟੰਤਰ ਕੇ ਪਾਪ ਸਭਿ ਖੋਵੈ ਹਰਿ ਭਵਜਲੁ ਪਾਰਿ ਉਤਾਰਾ ॥੧॥ ਰਹਾਉ ॥ ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥ ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲਾਧਾ ਗੁਰ ਵੀਚਾਰਾ ॥੧॥ ਹਰਿ ਆਪੇ ਸਾਹੁ ਸਰਾਫੁ ਰਤਨੁ ਹੀਰਾ ਹਰਿ ਆਪਿ ਕੀਆ ਪਾਸਾਰਾ ॥ ਨਾਨਕ ਜਿਸੁ ਕ੍ਰਿਪਾ ਕਰੇ ਸੁ ਹਰਿ ਨਾਮੁ ਵਿਹਾਝੇ ਸੋ ਸਾਹੁ ਸਚਾ ਵਣਜਾਰਾ ॥੨॥੪॥ {ਪੰਨਾ 720}

ਪਦਅਰਥ: ਮਨ = ਹੇ ਮਨ! ਨਿਸਤਾਰਾ = ਪਾਰ = ਉਤਾਰਾ। ਕੋਟੁ = ਕਿਲ੍ਹਾ। ਕੋਟ = ਕਿਲ੍ਹੇ। ਕੋਟਿ = ਕ੍ਰੋੜ। ਕੋਟ ਕੋਟੰਤਰ ਕੇ = ਅਨੇਕਾਂ ਕਿਲਿ੍ਹਆਂ ਦੇ, ਅਨੇਕਾਂ ਜੂਨਾਂ ਦੇ। ਸਭਿ = ਸਾਰੇ। ਖੋਵੈ = ਨਾਸ ਕਰਦਾ ਹੈ। ਭਵਜਲੁ = ਸੰਸਾਰ = ਸਮੁੰਦਰ।੧।ਰਹਾਉ।

ਕਾਇਆ = ਸਰੀਰ। ਨਗਰਿ = ਨਗਰ ਵਿਚ। ਨਿਰੰਕਾਰਾ = ਆਕਾਰ = ਰਹਿਤ। ਨਿਕਟਿ = ਨੇੜੇ। ਗੁਰ ਵੀਚਾਰਾ = ਗੁਰੂ ਦੀ ਦਿੱਤੀ ਸੂਝ ਨਾਲ।੧।

ਆਪੇ = ਆਪ ਹੀ। ਪਾਸਾਰਾ = ਖਿਲਾਰਾ। ਵਿਹਾਝੇ = ਖ਼ਰੀਦਦਾ ਹੈ। ਸਚਾ = ਸਦਾ-ਥਿਰ।੨।

ਅਰਥ: ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, (ਇਹ ਨਾਮ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਕਰ ਦੇਂਦਾ ਹੈ। (ਪਰਮਾਤਮਾ ਦਾ ਨਾਮ) ਅਨੇਕਾਂ ਜੂਨਾਂ ਦੇ (ਕੀਤੇ ਸਾਰੇ ਪਾਪ ਨਾਸ ਕਰ ਦੇਂਦਾ ਹੈ, ਪਰਮਾਤਮਾ (ਸਿਮਰਨ ਕਰਨ ਵਾਲੇ ਜੀਵ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।੧।ਰਹਾਉ।

(ਹੇ ਭਾਈ!) ਮਾਲਕ-ਪ੍ਰਭੂ (ਸਾਡੇ) ਸਰੀਰ-ਸ਼ਹਰ ਵਿਚ ਵੱਸਦਾ ਹੈ, (ਫਿਰ ਭੀ) ਉਸ ਨੂੰ ਕੋਈ ਡਰ ਨਹੀਂ ਪੋਂਹਦਾ, ਉਸ ਨੂੰ ਕਿਸੇ ਨਾਲ ਵੈਰ ਨਹੀਂ, ਉਸ ਦਾ ਕੋਈ ਖ਼ਾਸ ਆਕਾਰ ਨਹੀਂ। ਪਰਮਾਤਮਾ (ਸਦਾ ਸਾਡੇ) ਨੇੜੇ ਵੱਸਦਾ ਹੈ, (ਪਰ ਸਾਨੂੰ) ਦਿੱਸਦਾ ਨਹੀਂ (ਹਾਂ,) ਗੁਰੂ ਦੀ ਬਖ਼ਸ਼ੀ ਸੂਝ ਨਾਲ ਉਹ ਹਰੀ ਲੱਭ ਪੈਂਦਾ ਹੈ।੧।

(ਗੁਰੂ ਦੀ ਬਖ਼ਸ਼ੀ ਮਤਿ ਨਾਲ ਇਹ ਸਮਝ ਆ ਜਾਂਦੀ ਹੈ ਕਿ) ਪਰਮਾਤਮਾ ਆਪ ਹੀ ਹੀਰਾ ਹੈ ਆਪ ਹੀ ਰਤਨ ਹੈ, ਆਪ ਹੀ (ਇਸ ਨੂੰ ਵਿਹਾਝਣ ਵਾਲਾ) ਸ਼ਾਹ ਹੈ ਸਰਾਫ਼ ਹੈ, ਉਸ ਨੇ ਆਪ ਹੀ ਇਹ ਜਗਤ ਦਾ ਖਿਲਾਰਾ ਰਚਿਆ ਹੋਇਆ ਹੈ। ਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਮਨੁੱਖ ਉਸ ਦਾ ਨਾਮ ਵਿਹਾਝਦਾ ਹੈ, ਉਹ ਮਨੁੱਖ (ਨਾਮ-ਰਤਨ ਦਾ) ਸਾਹੂਕਾਰ ਬਣ ਜਾਂਦਾ ਹੈ, ਉਹ ਸਦਾ ਲਈ (ਇਸ ਨਾਮ-ਰਤਨ ਦਾ) ਵਣਜ ਕਰਦਾ ਰਹਿੰਦਾ ਹੈ।੨।੪।

Today’s Hukamnama from Gurdwara Baba Darbara Singh Ji Tibba (Kapurthala)

ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ    ੴ ਸਤਿਗੁਰ ਪ੍ਰਸਾਦਿ ॥ ਸਨਕ ਸਨੰਦ ਮਹੇਸ ਸਮਾਨਾਂ ॥ ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥ ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਉ ॥ ਹਨੂਮਾਨ ਸਰਿ ਗਰੁੜ ਸਮਾਨਾਂ ॥ ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥ ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥ ਕਮਲਾਪਤਿ ਕਵਲਾ ਨਹੀ ਜਾਨਾਂ ॥੩॥ ਕਹਿ ਕਬੀਰ ਸੋ ਭਰਮੈ ਨਾਹੀ ॥ ਪਗ ਲਗਿ ਰਾਮ ਰਹੈ ਸਰਨਾਂਹੀ ॥੪॥੧॥ {ਪੰਨਾ 691}

ਪਦਅਰਥ: ਸਨਕ ਸਨੰਦ = ਬ੍ਰਹਮਾ ਦੇ ਪੁੱਤਰ (ਸਨਕ, ਸਨੰਦ, ਸਨਾਤਨ, ਸਨਤ ਕੁਮਾਰ) । ਮਹੇਸ = ਸ਼ਿਵ। ਸਮਾਨਾਂ = ਵਰਗਿਆਂ ਨੇ। ਸੇਖ ਨਾਗਿ = ਸ਼ੇਸ਼ ਨਾਗ ਨੇ (ਸ਼ੇਸ਼ ਨਾਗ = ਸੱਪਾਂ ਦਾ ਰਾਜਾ, ਇਸ ਦੇ ਇੱਕ ਹਜ਼ਾਰ ਫਣ ਮਿੱਥੇ ਗਏ ਹਨ; ਇਹਨਾਂ ਨਾਲ ਇਹ ਆਪਣੇ ਇਸ਼ਟ ਵਿਸ਼ਨੂ ਭਗਵਾਨ ਉੱਤੇ ਛਾਂ ਕਰਦਾ ਹੈ, ਹਰੇਕ ਜੀਭ ਨਾਲ ਨਿੱਤ ਨਵਾਂ ਨਾਮ ਭਗਵਾਨ ਦਾ ਉਚਾਰਦਾ ਹੈ) । ਮਰਮੁ = ਭੇਤ।੧।

ਰਿਦੈ = ਹਿਰਦੇ ਵਿਚ। ਬਸਾਈ = ਬਸਾਈਂ, ਮੈਂ ਵਸਾਉਂਦਾ ਹਾਂ।੧।ਰਹਾਉ।

ਸਰਿ = ਵਰਗੇ ਨੇ। ਗਰੁੜ = ਵਿਸ਼ਨੂ ਭਗਵਾਨ ਦੀ ਸਵਾਰੀ, ਸਾਰੇ ਪੰਛੀਆਂ ਦਾ ਰਾਜਾ। ਸੁਰ ਪਤਿ = ਦੇਵਤਿਆਂ ਦਾ ਰਾਜਾ, ਇੰਦਰ। ਨਰਪਤਿ = ਮਨੁੱਖਾਂ ਦਾ ਰਾਜਾ।੨।

ਕਮਲਾਪਤਿ = ਲੱਛਮੀ ਦਾ ਪਤੀ, ਵਿਸ਼ਨੂ। ਕਵਲਾ = ਲੱਛਮੀ।੩।

ਕਹਿ = ਕਹੇ, ਆਖਦਾ ਹੈ। ਭਰਮੈ ਨਾਹੀ = ਭਟਕਦਾ ਨਹੀਂ। ਪਗ ਲਗਿ = ਚਰਨੀਂ ਲੱਗ ਕੇ। ਸਰਨਾਂਹੀ = ਸ਼ਰਨ ਵਿਚ।੪।

ਅਰਥ: ਮੈਂ ਸੰਤਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹਾਂ।੧।ਰਹਾਉ।

ਹੇ ਪ੍ਰਭੂ! ਬ੍ਰਹਮਾ ਦੇ ਪੁੱਤਰਾਂ) ਸਨਕ, ਸਨੰਦ ਅਤੇ ਸ਼ਿਵ ਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ; (ਵਿਸ਼ਨੂ ਦੇ ਭਗਤ) ਸ਼ੇਸ਼ਨਾਗ ਨੇ ਤੇਰੇ (ਦਿਲ ਦਾ) ਰਾਜ਼ ਨਹੀਂ ਸਮਝਿਆ।੧।

(ਸ੍ਰੀ ਰਾਮ ਚੰਦਰ ਜੀ ਦੇ ਸੇਵਕ) ਹਨੂਮਾਨ ਵਰਗੇ ਨੇ, (ਵਿਸ਼ਨੂ ਦੇ ਸੇਵਕ ਤੇ ਪੰਛੀਆਂ ਦੇ ਰਾਜੇ) ਗਰੁੜ ਵਰਗਿਆਂ ਨੇ, ਦੇਵਤਿਆਂ ਦੇ ਰਾਜੇ ਇੰਦਰ ਨੇ, ਵੱਡੇ ਵੱਡੇ ਰਾਜਿਆਂ ਨੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ।੨।

ਚਾਰ ਵੇਦ, (ਅਠਾਰਾਂ) ਸਿਮ੍ਰਿਤੀਆਂ, (ਅਠਾਰਾਂ) ਪੁਰਾਣ-(ਇਹਨਾਂ ਦੇ ਕਰਤਾ ਬ੍ਰਹਮਾ, ਮਨੂ ਤੇ ਹੋਰ ਰਿਸ਼ੀਆਂ) ਨੇ ਤੈਨੂੰ ਨਹੀਂ ਸਮਝਿਆ; ਵਿਸ਼ਨੂ ਤੇ ਲੱਛਮੀ ਨੇ ਭੀ ਤੇਰਾ ਅੰਤ ਨਹੀਂ ਪਾਇਆ।੩।

ਕਬੀਰ ਆਖਦਾ ਹੈ-(ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ) ਇੱਕ ਉਹ ਮਨੁੱਖ ਭਟਕਦਾ ਨਹੀਂ, ਜੋ (ਸੰਤਾਂ ਦੀ) ਚਰਨੀਂ ਲੱਗ ਕੇ ਪਰਮਾਤਮਾ ਦੀ ਸ਼ਰਨ ਵਿਚ ਟਿਕਿਆ ਰਹਿੰਦਾ ਹੈ।੪।੧।

ਸ਼ਬਦ ਦਾ ਭਾਵ: ਅੱਨ ਪੂਜਾ ਛੱਡ ਕੇ ਇਕ ਪਰਮਾਤਮਾ ਦਾ ਹੀ ਭਜਨ ਕਰੋ। ਬ੍ਰਹਮਾ, ਸ਼ਿਵ, ਵਿਸ਼ਨੂ, ਇੰਦਰ ਆਦਿਕ ਅਤੇ ਉਹਨਾਂ ਦੇ ਸੇਵਕ ਪਰਮਾਤਮਾ ਦਾ ਅੰਤ ਨਾਹ ਪਾ ਸਕੇ।੧।

Today’s Hukamnama from State Gurdwara Sahib Kapurthala

ਬਿਲਾਵਲੁ ਮਹਲਾ ੫ ਛੰਤ ਮੰਗਲ    ੴ ਸਤਿਗੁਰ ਪ੍ਰਸਾਦਿ ॥ ਸਲੋਕੁ ॥ਸੁੰਦਰ ਸਾਂਤਿ ਦਇਆਲ ਪ੍ਰਭ ਸਰਬ ਸੁਖਾ ਨਿਧਿ ਪੀਉ ॥ ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋਤ ਇਹੁ ਜੀਉ ॥੧॥ ਛੰਤ ॥ ਸੁਖ ਸਾਗਰ ਪ੍ਰਭੁ ਪਾਈਐ ਜਬ ਹੋਵੈ ਭਾਗੋ ਰਾਮ ॥ ਮਾਨਨਿ ਮਾਨੁ ਵਞਾਈਐ ਹਰਿ ਚਰਣੀ ਲਾਗੋ ਰਾਮ ॥ ਛੋਡਿ ਸਿਆਨਪ ਚਾਤੁਰੀ ਦੁਰਮਤਿ ਬੁਧਿ ਤਿਆਗੋ ਰਾਮ ॥ ਨਾਨਕ ਪਉ ਸਰਣਾਈ ਰਾਮ ਰਾਇ ਥਿਰੁ ਹੋਇ ਸੁਹਾਗੋ ਰਾਮ ॥੧॥ {ਪੰਨਾ 847-848}

ਪਦਅਰਥ: {ਦਇਆਲ = {ਦਇਆ = ਆਲਯ} ਦਇਆ ਦਾ ਘਰ। ਸਰਬ ਸੁਖਾ ਨਿਧਿ = ਸਾਰੇ ਸੁਖਾਂ ਦਾ ਖ਼ਜ਼ਾਨਾ। ਪੀਉ = ਪ੍ਰਭੂ = ਪਤੀ। ਸਾਗਰ = ਸਮੁੰਦਰ। ਪ੍ਰਭ ਭੇਟਿਐ = ਜੇ ਪ੍ਰਭੂ ਮਿਲ ਪਏ। ਜੀਉ = ਜੀਊੜਾ, ਜਿੰਦ।੧।

ਛੰਤ। ਪਾਈਐ = ਮਿਲਦਾ ਹੈ। ਭਾਗੋ = ਭਾਗੁ, ਕਿਸਮਤ। ਮਾਨਨਿ = ਹੇ ਮਾਣ ਵਾਲੀਏ! ਹੇ ਮਾਣ = ਮੱਤੀ ਜੀਵ = ਇਸਤ੍ਰੀਏ! ਵਞਾਈਐ = ਦੂਰ ਕਰਨਾ ਚਾਹੀਦਾ ਹੈ। ਲਾਗੋ = ਲਾਗੁ, ਲੱਗੀ ਰਹੁ। ਚਾਤੁਰੀ = ਚਤੁਰਾਈ। ਦੁਰਮਤਿ = ਖੋਟੀ ਮਤਿ। ਤਿਆਗੋ = ਤਿਆਗ, ਦੂਰ ਕਰ। ਥਿਰੁ = ਅਟੱਲ। ਸੁਹਾਗੋ = ਸੁਹਾਗ, ਸਿਰ ਦਾ ਸਾਈਂ, ਖਸਮ।੧।

ਅਰਥ: ਸਲੋਕ-ਹੇ ਨਾਨਕ! ਪ੍ਰਭੂ-ਪਤੀ ਸੋਹਣਾ ਹੈ ਸ਼ਾਂਤੀ-ਰੂਪ ਹੈ, ਦਇਆ ਦਾ ਸੋਮਾ ਹੈ ਅਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ। ਜੇ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪਏ, ਤਾਂ ਇਹ ਜਿੰਦ ਸੁਖੀ ਹੋ ਜਾਂਦੀ ਹੈ।੧।

ਛੰਤ-ਹੇ ਮਾਣ ਮੱਤੀ ਜੀਵ-ਇਸਤ੍ਰੀਏ! ਜਦੋਂ (ਮੱਥੇ ਦਾ) ਭਾਗ ਜਾਗਦਾ ਹੈ ਤਦੋਂ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪੈਂਦਾ ਹੈ (ਪਰ ਉਸ ਨੂੰ ਮਿਲਣ ਲਈ ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਦੇਣਾ ਚਾਹੀਦਾ ਹੈ। ਹੇ ਜੀਵ-ਇਸਤ੍ਰੀ! ਮਾਣ ਤਿਆਗ ਕੇ) ਪ੍ਰਭੂ ਦੇ ਚਰਨਾਂ ਵਿਚ ਜੁੜੀ ਰਹੁ, ਸਿਆਣਪ ਚਤੁਰਾਈ ਛੱਡ ਦੇਹ, ਖੋਟੀ ਮਤਿ-ਬੁਧਿ (ਆਪਣੇ ਅੰਦਰੋਂ) ਦੂਰ ਕਰ। ਹੇ ਨਾਨਕ! ਆਖ-ਹੇ ਜੀਵ-ਇਸਤ੍ਰੀ!) ਪ੍ਰਭੂ-ਪਾਤਿਸ਼ਾਹ ਦੀ ਸਰਨ ਪਈ ਰਹੁ, (ਤਾਂ ਹੀ ਤੇਰੇ ਸਿਰ ਉੱਤੇ ਤੇਰੇ ਸਿਰ ਦਾ) ਖਸਮ ਸਦਾ ਲਈ ਟਿਕਿਆ ਰਹੇਗਾ।੧।

ਸੋ ਪ੍ਰਭੁ ਤਜਿ ਕਤ ਲਾਗੀਐ ਜਿਸੁ ਬਿਨੁ ਮਰਿ ਜਾਈਐ ਰਾਮ ॥ ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ ॥ ਪਤਿਤ ਪਾਵਨ ਪ੍ਰਭੁ ਤਿਆਗਿ ਕਰੇ ਕਹੁ ਕਤ ਠਹਰਾਈਐ ਰਾਮ ॥ ਨਾਨਕ ਭਗਤਿ ਭਾਉ ਕਰਿ ਦਇਆਲ ਕੀ ਜੀਵਨ ਪਦੁ ਪਾਈਐ ਰਾਮ ॥੨॥ {ਪੰਨਾ 848}

ਪਦਅਰਥ: ਤਜਿ = ਤਿਆਗ ਕੇ, ਵਿਸਾਰ ਕੇ। ਕਤੁ = {कुत्र} ਕਿੱਥੇ? ਲਾਗੀਐ = ਪਰਚੇ ਰਹੀਦਾ ਹੈ। ਮਰਿ ਜਾਈਐ = ਆਤਮਕ ਮੌਤੇ ਮਰ ਜਾਈਦਾ ਹੈ। ਲਾਜ = ਸ਼ਰਮ। ਅਗਿਆਨ = ਆਤਮਕ ਜੀਵਨ ਵਲੋਂ ਬੇ = ਸਮਝੀ। ਅਗਿਆਨ ਮਤੀ = ਉਹ ਮਨੁੱਖ ਜਿਸ ਦੀ ਮਤਿ ਆਤਮਕ ਜੀਵਨ ਵਲੋਂ ਕੋਰੀ ਹੈ। ਬਿਰਮਾਈਐ = ਪਰਚਿਆ ਰਹਿੰਦਾ ਹੈ। ਦੁਰਜਨ = ਭੈੜੇ ਬੰਦਿਆਂ ਵਿਚ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ, ਵਿਕਾਰੀ। ਪਤਿਤ ਪਾਵਨ ਪ੍ਰਭੁ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਪ੍ਰਭੂ। ਕਰੇ = ਕਰਿ। ਤਿਆਗਿ ਕਰੇ = ਤਿਆਗਿ ਕਰਿ, ਤਿਆਗ ਕੇ। ਕਹੁ = ਦੱਸ। ਕਤ = ਕਿੱਥੇ? ਠਹਰਾਈਐ = ਸ਼ਾਂਤੀ ਆ ਸਕਦੀ ਹੈ। ਭਾਉ = ਪ੍ਰੇਮ। ਪਦੁ = ਦਰਜਾ। ਜੀਵਨ ਪਦੁ = ਆਤਮਕ ਜੀਵਨ ਵਾਲਾ ਦਰਜਾ। ਪਾਈਐ = ਮਿਲਦਾ ਹੈ।੨।

ਅਰਥ: ਹੇ ਭਾਈ! ਜਿਸ (ਪਰਮਾਤਮਾ ਦੀ ਯਾਦ) ਤੋਂ ਬਿਨਾ ਆਤਮਕ ਮੌਤ ਸਹੇੜ ਲਈਦੀ ਹੈ, ਉਸ ਨੂੰ ਭੁਲਾ ਕੇ ਕਿਸੇ ਭੀ ਹੋਰ ਥਾਂ ਪਰਚਣਾ ਨਹੀਂ ਚਾਹੀਦਾ। ਪਰ ਜਿਸ ਮਨੁੱਖ ਦੀ ਮਤਿ ਆਤਮਕ ਜੀਵਨ ਵਲੋਂ ਕੋਰੀ ਹੈ (ਪ੍ਰਭੂ ਦੀ ਯਾਦ ਭੁਲਾ ਕੇ) ਉਸ ਨੂੰ ਸ਼ਰਮ ਨਹੀਂ ਆਉਂਦੀ, ਉਹ ਮਨੁੱਖ ਭੈੜੇ ਬੰਦਿਆਂ ਵਿਚ ਪਰਚਿਆ ਰਹਿੰਦਾ ਹੈ। ਹੇ ਭਾਈ! ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਨੂੰ ਭੁਲਾ ਕੇ ਹੋਰ ਕਿਥੇ ਸ਼ਾਂਤੀ ਆ ਸਕਦੀ ਹੈ? ਪ੍ਰਭੂ ਨਾਲ ਪਿਆਰ ਪਾਈ ਰੱਖ (ਇਸ ਤਰ੍ਹਾਂ) ਆਤਮਕ ਜੀਵਨ ਵਾਲਾ (ਉੱਚਾ) ਦਰਜਾ ਮਿਲ ਜਾਂਦਾ ਹੈ।੨।

ਸ੍ਰੀ ਗੋਪਾਲੁ ਨ ਉਚਰਹਿ ਬਲਿ ਗਈਏ ਦੁਹਚਾਰਣਿ ਰਸਨਾ ਰਾਮ ॥ ਪ੍ਰਭੁ ਭਗਤਿ ਵਛਲੁ ਨਹ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ ॥ ਭ੍ਰਮਿ ਮੋਹੀ ਦੂਖ ਨ ਜਾਣਹੀ ਕੋਟਿ ਜੋਨੀ ਬਸਨਾ ਰਾਮ ॥ ਨਾਨਕ ਬਿਨੁ ਹਰਿ ਅਵਰੁ ਜਿ ਚਾਹਨਾ ਬਿਸਟਾ ਕ੍ਰਿਮ ਭਸਮਾ ਰਾਮ ॥੩॥ {ਪੰਨਾ 848}

ਪਦਅਰਥ: ਸ੍ਰੀ ਗੋਪਾਲੁ = ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ। ਨ ਉਚਰਹਿ = (ਹੇ ਜੀਭ!) ਤੂੰ ਨਹੀਂ ਉਚਾਰਦੀ। ਬਲਿ ਗਈਏ = {ਨਿੰਦਾ = ਈਰਖਾ ਦੀ ਅੱਗ ਵਿਚ) ਸੜ ਰਹੀਏ! ਦੁਹਚਾਰਣਿ ਰਸਨਾ = (ਨਿੰਦਾ ਕਰਨ ਦੇ) ਮੰਦੇ ਕੰਮ ਵਿਚ ਪਈ ਹੋਈ ਹੇ ਜੀਭ! ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਨਹ ਸੇਵਹੀ = ਨਹ ਸੇਵਹਿ, ਤੂੰ ਸੇਵਾ = ਭਗਤੀ ਨਹੀਂ ਕਰਦੀ। ਕਾਇਆ = ਸਰੀਰ। ਕਾਕ = (ਕਾਮਾਦਿਕ) ਕਾਂ। ਕਾਕ ਗ੍ਰਸਨਾ = (ਕਾਮਾਦਿਕ) ਕਾਂ ਖਾਈ ਜਾ ਰਹੇ ਹਨ। ਭ੍ਰਮਿ = ਭਟਕਣਾ ਵਿਚ। ਮੋਹੀ = ਠੱਗੀ ਹੋਈ। ਨ ਜਾਣਹੀ = ਨ ਜਾਣਹਿ, ਤੂੰ ਨਹੀਂ ਜਾਣਦੀ। ਕੋਟਿ = ਕ੍ਰੋੜਾਂ। ਅਵਰੁ ਸਿ = ਜਿਹੜਾ ਕੋਈ ਹੋਰ। ਕ੍ਰਿਮ = ਕੀੜਾ। ਭਸਮਾ = ਸੁਆਹ।੩।

ਅਰਥ: ਹੇ (ਨਿੰਦਾ-ਈਰਖਾ ਦੀ ਅੱਗ ਵਿਚ) ਸੜ ਰਹੀਏ! ਨਿੰਦਾ ਕਰਨ ਦੇ) ਮੰਦੇ ਕੰਮ ਵਿਚ ਰੁੱਝੀ ਹੋਈ ਹੇ ਜੀਭ! ਤੂੰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ (ਦਾ ਨਾਮ) ਯਾਦ ਨਹੀਂ ਕਰਦੀ। ਹੇ ਜਿੰਦੇ! ਜਿਹੜਾ ਪ੍ਰਭੂ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਤੂੰ ਉਸ ਦੀ ਸੇਵਾ-ਭਗਤੀ ਨਹੀਂ ਕਰਦੀ, (ਤੇਰੇ ਇਸ) ਸਰੀਰ ਨੂੰ (ਕਾਮਾਦਿਕ) ਕਾਂ (ਅੰਦਰੇ ਅੰਦਰ) ਖਾਈ ਜਾ ਰਹੇ ਹਨ।

ਹੇ ਜਿੰਦੇ! ਭਟਕਣਾ ਦੇ ਕਾਰਨ ਤੂੰ (ਆਤਮਕ ਸਰਮਾਇਆ) ਲੁਟਾਈ ਜਾ ਰਹੀ ਹੈਂ, (ਨਾਮ ਭੁਲਾ ਕੇ) ਕ੍ਰੋੜਾਂ ਜੂਨਾਂ ਵਿਚ ਪੈਣਾ ਪੈਂਦਾ ਹੈ, ਤੂੰ ਇਹਨਾਂ ਦੁੱਖਾਂ ਨੂੰ ਨਹੀਂ ਸਮਝਦੀ! ਹੇ ਨਾਨਕ! ਆਖ-ਹੇ ਜਿੰਦੇ!) ਪਰਮਾਤਮਾ ਤੋਂ ਬਿਨਾ ਜਿਹੜਾ ਕਿਸੇ ਹੋਰ ਨੂੰ ਪਿਆਰ ਕਰਦੇ ਰਹਿਣਾ ਹੈ, (ਇਸ ਤਰ੍ਹਾਂ) ਗੂੰਹ ਦੇ ਕੀੜੇ ਵਾਂਗ (ਵਿਕਾਰਾਂ ਦੇ ਗੰਦ ਵਿਚ ਪਏ ਰਹਿ ਕੇ) ਆਤਮਕ ਜੀਵਨ (ਸੜ ਕੇ) ਸੁਆਹ ਹੋ ਜਾਂਦਾ ਹੈ।੩।

ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ ਰਾਮ ॥ ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖੁ ਤਿਆਗਨਿ ਰਾਮ ॥ ਈਤ ਊਤ ਨਹ ਡੋਲੀਐ ਹਰਿ ਸੇਵਾ ਜਾਗਨਿ ਰਾਮ ॥ ਨਾਨਕ ਜਿਨਿ ਪ੍ਰਭੁ ਪਾਇਆ ਆਪਣਾ ਸਾ ਅਟਲ ਸੁਹਾਗਨਿ ਰਾਮ ॥੪॥੧॥੪॥ {ਪੰਨਾ 848}

ਪਦਅਰਥ: ਬਿਰਹੁ = ਪਿਆਰ। ਸੰਗੇ = ਨਾਲ। ਹੋਇ ਬੈਰਾਗਨਿ = ਵੈਰਾਗਣ ਹੋ ਕੇ। ਚੀਰ = (ਸੋਹਣੇ) ਕੱਪੜੇ। ਰਸਾ = ਸੁਆਦਲੇ ਭੋਜਨ। ਬਿਖੁ = (ਆਤਮਕ ਮੌਤ ਲਿਆਉਣ ਵਾਲੀ) ਜ਼ਹਿਰ। ਤਿਆਗਨਿ = ਤਿਆਗ ਦੇਂਦੇ ਹਨ। ਈਤ ਊਤ = ਇੱਥੇ ਉੱਥੇ। ਜਾਗਨਿ = ਜਾਗਦੇ ਹਨ, ਸੁਚੇਤ ਰਹਿੰਦੇ ਹਨ। ਜਿਨਿ = ਜਿਸ (ਜੀਵ = ਇਸਤ੍ਰੀ) ਨੇ। ਸਾ = ਉਹ (ਜੀਵ = ਇਸਤ੍ਰੀ) ।੪।

ਅਰਥ: ਹੇ ਸਹੇਲੀਏ! ਭਗਵਾਨ ਨਾਲ ਪ੍ਰੀਤ ਬਣਾਈ ਰੱਖ। (ਦੁਨੀਆ ਦੇ ਪਦਾਰਥਾਂ ਵਲੋਂ) ਵੈਰਾਗਣ ਹੋ ਕੇ (ਮੋਹ ਤੋੜ ਕੇ ਪ੍ਰਭੂ ਦੇ ਚਰਨਾਂ ਵਿਚ) ਜੁੜੀ ਰਹੁ। (ਜਿਹੜੀਆਂ ਜੀਵ-ਇਸਤ੍ਰੀਆਂ ਪ੍ਰਭੂ-ਚਰਨਾਂ ਵਿਚ ਜੁੜੀਆਂ ਰਹਿੰਦੀਆਂ ਹਨ, ਉਹ) ਚੰਦਨ, ਸੋਹਣੇ ਕੱਪੜੇ, ਸੁਗੰਧੀਆਂ, ਸੁਆਦਲੇ ਭੋਜਨ (ਆਦਿਕ ਤੋਂ ਪੈਦਾ ਹੋਣ ਵਾਲੀ) ਆਤਮਕ ਮੌਤ ਲਿਆਉਣ ਵਾਲੀ ਹਉਮੈ ਜ਼ਹਿਰ ਨੂੰ ਤਿਆਗ ਦੇਂਦੀਆਂ ਹਨ। (ਹੇ ਸਹੇਲੀਏ! ਇਹਨਾਂ ਰਸਾਂ ਦੀ ਖ਼ਾਤਰ) ਇਧਰ ਉਧਰ ਡੋਲਣਾ ਨਹੀਂ ਚਾਹੀਦਾ ਹੈ, (ਪਰ ਇਹਨਾਂ ਵਲੋਂ) ਉਹੀ ਸੁਚੇਤ ਰਹਿੰਦੀਆਂ ਹਨ ਜਿਹੜੀਆਂ ਪ੍ਰਭੂ ਦੀ ਸੇਵਾ-ਭਗਤੀ ਵਿਚ ਲੀਨ ਰਹਿੰਦੀਆਂ ਹਨ।

ਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ ਆਪਣੇ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ, ਉਹ ਸਦਾ ਲਈ ਖਸਮ ਵਾਲੀ ਹੋ ਜਾਂਦੀ ਹੈ।੪।੧।੪।