Today’s Hukamnama 07.10.2019: Ber Sahib, Baoli Sahib, Damdama Sahib, Baba Darbara Singh, State Gurdwara Sahib

153
Today’s Hukamnama from Gurdwara Sri Ber Sahib Sultanpur Lodhi

ੴ ਸਤਿਗੁਰ ਪ੍ਰਸਾਦਿ ॥ ਰਾਮਕਲੀ ਮਹਲਾ ੩ ਘਰੁ ੧ ॥ ਸਤਜੁਗਿ ਸਚੁ ਕਹੈ ਸਭੁ ਕੋਈ ॥ ਘਰਿ ਘਰਿ ਭਗਤਿ ਗੁਰਮੁਖਿ ਹੋਈ ॥ ਸਤਜੁਗਿ ਧਰਮੁ ਪੈਰ ਹੈ ਚਾਰਿ ॥ ਗੁਰਮੁਖਿ ਬੂਝੈ ਕੋ ਬੀਚਾਰਿ ॥੧॥ ਜੁਗ ਚਾਰੇ ਨਾਮਿ ਵਡਿਆਈ ਹੋਈ ॥ ਜਿ ਨਾਮਿ ਲਾਗੈ ਸੋ ਮੁਕਤਿ ਹੋਵੈ ਗੁਰ ਬਿਨੁ ਨਾਮੁ ਨ ਪਾਵੈ ਕੋਈ ॥੧॥ ਰਹਾਉ ॥ਤ੍ਰੇਤੈ ਇਕ ਕਲ ਕੀਨੀ ਦੂਰਿ ॥ ਪਾਖੰਡੁ ਵਰਤਿਆ ਹਰਿ ਜਾਣਨਿ ਦੂਰਿ ॥ ਗੁਰਮੁਖਿ ਬੂਝੈ ਸੋਝੀ ਹੋਈ ॥ ਅੰਤਰਿ ਨਾਮੁ ਵਸੈ ਸੁਖੁ ਹੋਈ ॥੨॥ ਦੁਆਪੁਰਿ ਦੂਜੈ ਦੁਬਿਧਾ ਹੋਇ ॥ ਭਰਮਿ ਭੁਲਾਨੇ ਜਾਣਹਿ ਦੋਇ ॥ ਦੁਆਪੁਰਿ ਧਰਮਿ ਦੁਇ ਪੈਰ ਰਖਾਏ ॥ ਗੁਰਮੁਖਿ ਹੋਵੈ ਤ ਨਾਮੁ ਦ੍ਰਿੜਾਏ ॥੩॥ ਕਲਜੁਗਿ ਧਰਮ ਕਲਾ ਇਕ ਰਹਾਏ ॥ ਇਕ ਪੈਰਿ ਚਲੈ ਮਾਇਆ ਮੋਹੁ ਵਧਾਏ ॥ ਮਾਇਆ ਮੋਹੁ ਅਤਿ ਗੁਬਾਰੁ ॥ ਸਤਗੁਰੁ ਭੇਟੈ ਨਾਮਿ ਉਧਾਰੁ ॥੪॥ ਸਭ ਜੁਗ ਮਹਿ ਸਾਚਾ ਏਕੋ ਸੋਈ ॥ ਸਭ ਮਹਿ ਸਚੁ ਦੂਜਾ ਨਹੀ ਕੋਈ ॥ ਸਾਚੀ ਕੀਰਤਿ ਸਚੁ ਸੁਖੁ ਹੋਈ ॥ ਗੁਰਮੁਖਿ ਨਾਮੁ ਵਖਾਣੈ ਕੋਈ ॥੫॥ ਸਭ ਜੁਗ ਮਹਿ ਨਾਮੁ ਊਤਮੁ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥ ਹਰਿ ਨਾਮੁ ਧਿਆਏ ਭਗਤੁ ਜਨੁ ਸੋਈ ॥ ਨਾਨਕ ਜੁਗਿ ਜੁਗਿ ਨਾਮਿ ਵਡਿਆਈ ਹੋਈ ॥੬॥੧॥ {ਪੰਨਾ 880}

ਪਦਅਰਥ: ਸਤਜੁਗਿ = ਸਤਜੁਗ ਵਿਚ। ਕਹੈ– ਆਖਦਾ ਹੈ। ਸਭੁ ਕੋਈ = ਹਰੇਕ ਜੀਵ। ਕਹੈ ਸਭੁ ਕੋਈ = ਹਰੇਕ ਜੀਵ ਆਖਦਾ ਹੈ, ਇਹ ਆਮ ਪ੍ਰਚਲਤ ਖ਼ਿਆਲ ਹੈ। ਘਰਿ ਘਰਿ = ਹਰੇਕ ਘਰ ਵਿਚ (‘ਸਚੁ’ ਪ੍ਰਧਾਨ ਹੈ) । ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪੈਰ ਹੈ ਚਾਰਿ = ਚਾਰ ਪੈਰਾਂ ਵਾਲਾ {ਨੋਟ:ਆਮ ਲੋਕਾਂ ਵਿਚ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਧਰਤੀ ਨੂੰ ਬਲਦ ਨੇ ਚੁੱਕਿਆ ਹੋਇਆ ਹੈ। ਗੁਰਮਤਿ ਅਨੁਸਾਰ ‘ਧਰਮ’ ਹੀ ਜਗਤ ਦਾ ਸਹਾਰਾ ਹੈ। ‘ਧਰਮ’ ਹੀ ਧਰਤੀ ਦਾ ‘ਬਲਦ’ ਹੈ}। ਕੋ = ਕੋਈ ਵਿਰਲਾ। ਬੀਚਾਰਿ = ਵਿਚਾਰ ਕਰ ਕੇ।੧।

ਜੁਗ ਚਾਰੇ = ਚਹੁੰਆਂ ਜੁਗਾਂ ਵਿਚ। ਨਾਮਿ = ਨਾਮ ਦੀ ਰਾਹੀਂ। ਜਿ = ਜੇਹੜਾ ਮਨੁੱਖ। ਨਾਮਿ = ਨਾਮ ਵਿਚ। ਲਾਗੈ = ਲੱਗਦਾ ਹੈ।੧।ਰਹਾਉ।

ਤ੍ਰੇਤੈ = ਤ੍ਰੇਤੇ ਜੁਗ ਵਿਚ। ਕਲ = ਕਲਾ। ਵਰਤਿਆ = ਪ੍ਰਧਾਨ ਹੋ ਗਿਆ। ਜਾਣਨਿ = ਜਾਣਦੇ ਹਨ। ਸੋਝੀ = (ਅਸਲੀਅਤ ਦੀ) ਸਮਝ। ਅੰਤਰਿ = ਹਿਰਦੇ ਵਿਚ।੨।

ਦੁਆਪੁਰਿ = ਦੁਆਪੁਰ ਵਿਚ। ਦੂਜੈ = ਦ੍ਵੈਤ = ਭਾਵ ਵਿਚ। ਦੁਬਿਧਾ = ਮੇਰ = ਤੇਰ। ਭਰਮਿ = ਭਟਕਣਾ ਵਿਚ। ਭੁਲਾਨੇ = ਕੁਰਾਹੇ ਪੈ ਗਏ। ਜਾਣਹਿ = ਜਾਣਦੇ ਹਨ। ਦੋਇ = ਮੇਰ = ਤੇਰ। ਧਰਮਿ = ਧਰਮ (-ਬਲਦ) ਨੇ। ਗੁਰਮੁਖਿ ਹੋਵੈ = (ਜਦੋਂ ਮਨੁੱਖ) ਗੁਰੂ ਦੇ ਸਨਮੁਖ ਹੁੰਦਾ ਹੈ। ਤ = ਤਦੋਂ। ਦ੍ਰਿੜਾਏ = ਹਿਰਦੇ ਵਿਚ ਪੱਕਾ ਕਰਦਾ ਹੈ।੩।

ਕਲਜੁਗਿ = ਕਲਜੁਗ ਵਿਚ। ਇਕ ਪੈਰਿ = ਇਕ ਪੈਰ ਨਾਲ। ਚਲੈ = (ਧਰਮ = ਬਲਦ) ਤੁਰਦਾ ਹੈ। ਅਤਿ ਗੁਬਾਰੁ = ਘੁੱਪ ਹਨੇਰਾ। ਭੇਟੈ = ਮਿਲਦਾ ਹੈ। ਨਾਮਿ = ਨਾਮ ਦੀ ਰਾਹੀਂ। ਉਧਾਰੁ = ਪਾਰ = ਉਤਾਰਾ।੪।

ਸਾਚਾ = ਸਦਾ ਕਾਇਮ ਰਹਿਣ ਵਾਲਾ। ਏਕੋ = ਇੱਕ ਹੀ। ਕੀਰਤਿ = ਸਿਫ਼ਤਿ-ਸਾਲਾਹ। ਸਾਚੀ ਕੀਰਤਿ = ਸਦਾ ਕਾਇਮ ਰਹਿਣ ਵਾਲੀ ਸਿਫ਼ਤਿ-ਸਾਲਾਹ। ਕੋਈ = ਜੇਹੜਾ ਮਨੁੱਖ।੫।

ਜੁਗਿ ਜੁਗਿ = ਹਰੇਕ ਜੁਗ ਵਿਚ। ਨਾਮਿ = ਨਾਮ ਦੀ ਰਾਹੀਂ।੬।

ਜ਼ਰੂਰੀ ਨੋਟ: ਸ਼ਬਦ ਦਾ ਕੇਂਦਰੀ ਭਾਵ ‘ਰਹਾਉ’ ਦੀਆਂ ਤੁਕਾਂ ਵਿਚ ਹੁੰਦਾ ਹੈ। ਸਾਰੇ ਸ਼ਬਦ ਵਿਚ ਉਸ ਕੇਂਦਰੀ ਭਾਵ ਦੀ ਵਿਆਖਿਆ ਹੁੰਦੀ ਹੈ। ਇਸ ਸ਼ਬਦ ਦੇ ਕੇਂਦਰੀ ਭਾਵ ਨੂੰ ਗਹੁ ਨਾਲ ਵੇਖੋ। ਇਸ ਖ਼ਿਆਲ ਨੂੰ ਰੱਦ ਕੀਤਾ ਹੈ ਕਿ ਵਖ-ਵਖ ਜੁਗ ਵਿਚ ਵਖ-ਵਖ ਕਰਮ ਨੂੰ ਪ੍ਰਧਾਨਤਾ ਮਿਲਦੀ ਹੈ।

ਅਰਥ: ਹੇ ਭਾਈ! ਚਹੁੰਆਂ ਹੀ ਜੁਗਾਂ ਵਿਚ ਜੀਵ ਨੂੰ (ਪਰਮਾਤਮਾ ਦੇ) ਨਾਮ ਵਿਚ ਜੁੜਨ ਕਰਕੇ ਹੀ ਇੱਜ਼ਤ ਮਿਲਦੀ ਹੈ। ਜੇਹੜਾ ਭੀ ਮਨੁੱਖ ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜਦਾ ਹੈ, ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਜਾਂਦੀ ਹੈ। (ਪਰ ਇਹ ਭੀ ਯਾਦ ਰੱਖੋ ਕਿ) ਕੋਈ ਜੀਵ ਭੀ ਗੁਰੂ (ਦੀ ਸਰਨ) ਤੋਂ ਬਿਨਾ (ਪਰਮਾਤਮਾ ਦਾ ਨਾਮ) ਪ੍ਰਾਪਤ ਨਹੀਂ ਕਰ ਸਕਦਾ।੧।ਰਹਾਉ।

ਹੇ ਭਾਈ! ਇਹ ਆਮ ਪ੍ਰਚਲਤ ਖ਼ਿਆਲ ਹੈ ਕਿ ਸਤਜੁਗ ਵਿਚ ਸੱਚ (ਬੋਲਣ ਦੇ ਕਰਮ ਨੂੰ ਪ੍ਰਧਾਨਤਾ) ਹੈ, ਹਰੇਕ ਘਰ ਵਿਚ (ਸੱਚ ਬੋਲਣਾ ਹੀ ਪ੍ਰਧਾਨ ਹੈ) , ਅਤੇ ਸਤਜੁਗ ਵਿਚ (ਧਰਤੀ ਨੂੰ ਸਹਾਰਾ ਦੇਣ ਵਾਲਾ) ਧਰਮ (-ਬਲਦ) ਚਾਰ ਪੈਰਾਂ ਵਾਲਾ ਰਹਿੰਦਾ ਹੈ (ਧਰਮ ਮੁਕੰਮਲ ਸਰੂਪ ਵਾਲਾ ਹੁੰਦਾ ਹੈ) । (ਪਰ, ਹੇ ਭਾਈ!) ਕੋਈ ਵਿਰਲਾ ਮਨੁੱਖ ਗੁਰੂ ਦੀ ਰਾਹੀਂ ਵਿਚਾਰ ਕਰ ਕੇ ਇਹ ਸਮਝਦਾ ਹੈ ਕਿ (ਸਤਜੁਗ ਵਿਚ ਭੀ) ਗੁਰੂ ਦੀ ਸਰਨ ਪੈ ਕੇ ਹੀ ਪ੍ਰਭੂ ਦੀ ਭਗਤੀ ਹੋ ਸਕਦੀ ਹੈ (ਅਤੇ ਸਤਜੁਗ ਵਿਚ ਭੀ ਪਰਮਾਤਮਾ ਦੀ ਭਗਤੀ ਹੀ ਪ੍ਰਧਾਨ ਕਰਮ ਹੈ) ।੧।

(ਹੇ ਭਾਈ! ਇਹ ਆਮ ਪ੍ਰਚਲਤ ਖ਼ਿਆਲ ਹੈ ਕਿ) ਤ੍ਰੇਤੇ ਜੁਗ ਵਿਚ ਇਕ ਕਲਾ ਦੂਰ ਕਰ ਦਿੱਤੀ ਗਈ (ਧਰਮ-ਬਲਦ ਦਾ ਇੱਕ ਪੈਰ ਨਕਾਰਾ ਹੋ ਗਿਆ) । (ਜਗਤ ਵਿਚ) ਪਖੰਡ ਦਾ ਬੋਲ-ਬਾਲਾ ਹੋ ਗਿਆ, ਲੋਕ ਪਰਮਾਤਮਾ ਨੂੰ ਕਿਤੇ ਦੂਰ-ਵੱਸਦਾ ਸਮਝਣ ਲੱਗ ਪਏ। (ਪਰ, ਹੇ ਭਾਈ!) ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਜੀਵਨ-ਜੁਗਤਿ ਦਾ) ਗਿਆਨ ਪ੍ਰਾਪਤ ਕਰਦਾ ਹੈ, ਉਸ ਨੂੰ ਸਮਝ ਆ ਜਾਂਦੀ ਹੈ (ਕਿ ਮਿਥੇ ਹੋਏ ਤ੍ਰੇਤੇ ਵਿਚ ਭੀ ਤਦੋਂ ਹੀ) ਸੁਖ ਮਿਲਦਾ ਹੈ ਜੇ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੋਵੇ।੨।

(ਹੇ ਭਾਈ! ਇਹ ਖ਼ਿਆਲ ਆਮ ਪ੍ਰਚਲਤ ਹੈ ਕਿ) ਦੁਆਪੁਰ ਜੁਗ ਵਿਚ ਲੋਕ ਦ੍ਵੈਤ ਵਿਚ ਫਸ ਗਏ, ਲੋਕਾਂ ਦੇ ਹਿਰਦੇ ਵਿਚ ਵਿਤਕਰਾ ਜ਼ੋਰ ਪਾ ਗਿਆ, ਭਟਕਣਾ ਵਿਚ ਪੈ ਕੇ ਲੋਕ ਕੁਰਾਹੇ ਪੈ ਗਏ, ਮੇਰ-ਤੇਰ ਨੂੰ ਹੀ (ਚੰਗੀ) ਜਾਣਨ ਲੱਗ ਪਏ, ਦੁਆਪੁਰ ਵਿਚ ਧਰਮ (-ਬਲਦ) ਨੇ (ਆਪਣੇ) ਦੋ ਹੀ ਪੈਰ ਟਿਕਾਏ ਹੋਏ ਸਨ। ਪਰ ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਉਹ (ਇਸ ਕੱਚੇ ਖ਼ਿਆਲ ਨੂੰ ਛੱਡ ਕੇ ਪਰਮਾਤਮਾ ਦਾ) ਨਾਮ ਆਪਣੇ ਹਿਰਦੇ ਵਿਚ ਪੱਕਾ ਬਿਠਾਂਦਾ ਹੈ।੩।

(ਹੇ ਭਾਈ! ਆਮ ਤੌਰ ਤੇ ਲੋਕ ਇਹੀ ਮੰਨਦੇ ਹਨ ਕਿ) ਕਲਜੁਗ ਵਿਚ ਧਰਮ ਦੀ ਇਕੋ ਕਲਾ ਰਹਿ ਗਈ ਹੈ, (ਧਰਮ-ਬਲਦ) ਇਕੋ ਪੈਰ ਦੇ ਭਾਰ ਤੁਰਦਾ ਹੈ, (ਜਗਤ ਵਿਚ) ਮਾਇਆ (ਜੀਵਾਂ ਦੇ ਹਿਰਦੇ ਵਿਚ ਆਪਣਾ) ਮੋਹ ਵਧਾ ਰਹੀ ਹੈ, (ਦੁਨੀਆ ਵਿਚ) ਮਾਇਆ ਦਾ ਮੋਹ ਘੁੱਪ ਹਨੇਰਾ ਬਣਿਆ ਪਿਆ ਹੈ। (ਪਰ, ਹੇ ਭਾਈ! ਜਿਸ ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ, ਉਸ ਨੂੰ ਪ੍ਰਭੂ ਦੇ ਨਾਮ ਵਿਚ ਜੋੜ ਕੇ (ਕਲਜੁਗ ਵਿਚ ਭੀ ਮਾਇਆ ਦੇ ਘੁੱਪ ਹਨੇਰੇ ਤੋਂ) ਬਚਾ ਲੈਂਦਾ ਹੈ।੪।

ਹੇ ਭਾਈ! ਸਾਰੇ ਜੁਗਾਂ ਵਿਚ ਉਹ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ। ਸਭ ਜੀਵਾਂ ਵਿਚ ਭੀ ਉਹ ਸਦਾ-ਥਿਰ ਪ੍ਰਭੂ ਹੀ ਵੱਸਦਾ ਹੈ, ਉਸ ਤੋਂ ਬਿਨਾ ਕਿਤੇ ਭੀ ਕੋਈ ਹੋਰ ਨਹੀਂ ਹੈ। (ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੀ) ਸਦਾ ਕਾਇਮ ਰਹਿਣ ਵਾਲੀ ਵਡਿਆਈ ਵੱਸਦੀ ਹੈ, ਉਸ ਨੂੰ ਹਰੇਕ ਸੁਖ ਪ੍ਰਾਪਤ ਹੈ। (ਪਰ, ਹਾਂ) ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਪਰਮਾਤਮਾ ਦਾ ਨਾਮ ਜਪ ਸਕਦਾ ਹੈ।੫।

ਹੇ ਭਾਈ! ਸਾਰੇ ਜੁਗਾਂ ਵਿਚ ਪ੍ਰਭੂ ਦਾ ਨਾਮ ਜਪਣਾ ਹੀ (ਸਭ ਕਰਮਾਂ ਤੋਂ) ਸ੍ਰੇਸ਼ਟ ਕਰਮ ਹੈ-ਇਸ ਗੱਲ ਨੂੰ ਕੋਈ ਉਹ ਵਿਰਲਾ ਮਨੁੱਖ ਸਮਝਦਾ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ। (ਜੁਗ ਕੋਈ ਭੀ ਹੋਵੇ) ਉਹੀ ਮਨੁੱਖ ਭਗਤ ਹੈ ਜੇਹੜਾ ਪਰਮਾਤਮਾ ਦਾ ਨਾਮ ਜਪਦਾ ਹੈ। ਹੇ ਨਾਨਕ! ਇਹ ਗੱਲ ਪੱਕੀ ਜਾਣ ਕਿ) ਹਰੇਕ ਜੁਗ ਵਿਚ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਹੀ ਇੱਜ਼ਤ ਮਿਲਦੀ ਹੈ।੬।੧।

Today’s Hukamnama from Gurdwara Baoli Sahib Goindwal Sahib

ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ    ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥ ਰਖਿ ਰਖਿ ਚਰਨ ਧਰੇ ਵੀਚਾਰੀ ॥ ਦੁਬਿਧਾ ਛੋਡਿ ਭਏ ਨਿਰੰਕਾਰੀ ॥ ਮੁਕਤਿ ਪਦਾਰਥੁ ਹਰਿ ਰਸ ਚਾਖੇ ॥ ਆਵਣ ਜਾਣ ਰਹੇ ਗੁਰਿ ਰਾਖੇ ॥੨॥ ਸਰਵਰ ਹੰਸਾ ਛੋਡਿ ਨ ਜਾਇ ॥ ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥ ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ ਅਕਥ ਕਥਾ ਗੁਰ ਬਚਨੀ ਆਦਰੁ ॥੩॥ ਸੁੰਨ ਮੰਡਲ ਇਕੁ ਜੋਗੀ ਬੈਸੇ ॥ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥ ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥ ਸੁਰਿ ਨਰ ਨਾਥ ਸਚੇ ਸਰਣਾਈ ॥੪॥ ਆਨੰਦ ਮੂਲੁ ਅਨਾਥ ਅਧਾਰੀ ॥ ਗੁਰਮੁਖਿ ਭਗਤਿ ਸਹਜਿ ਬੀਚਾਰੀ ॥ ਭਗਤਿ ਵਛਲ ਭੈ ਕਾਟਣਹਾਰੇ ॥ ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥ ਅਨਿਕ ਜਤਨ ਕਰਿ ਕਾਲੁ ਸੰਤਾਏ ॥ ਮਰਣੁ ਲਿਖਾਇ ਮੰਡਲ ਮਹਿ ਆਏ ॥ ਜਨਮੁ ਪਦਾਰਥੁ ਦੁਬਿਧਾ ਖੋਵੈ ॥ ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥ ਕਹਤਉ ਪੜਤਉ ਸੁਣਤਉ ਏਕ ॥ ਧੀਰਜ ਧਰਮੁ ਧਰਣੀਧਰ ਟੇਕ ॥ ਜਤੁ ਸਤੁ ਸੰਜਮੁ ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥ ਸਾਚੇ ਨਿਰਮਲ ਮੈਲੁ ਨ ਲਾਗੈ ॥ ਗੁਰ ਕੈ ਸਬਦਿ ਭਰਮ ਭਉ ਭਾਗੈ ॥ ਸੂਰਤਿ ਮੂਰਤਿ ਆਦਿ ਅਨੂਪੁ ॥ ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥ {ਪੰਨਾ 685-686}

ਪਦਅਰਥ: ਰਤਨੀ = ਰਤਨਾਂ ਨਾਲ, ਸੋਹਣੇ ਜੀਵਨ = ਉਪਦੇਸ਼। ਭਰਪੂਰੇ = ਨਕਾ ਨਕ ਭਰਿਆ ਹੋਇਆ। ਸੰਤ = ਗੁਰਮੁਖਿ ਬੰਦੇ। ਚੁਗਹਿ = ਚੁਗਦੇ ਹਨ। ਚੋਗ = ਖ਼ੁਰਾਕ, ਆਤਮਕ ਜੀਵਨ ਦੀ ਖ਼ੁਰਾਕ। ਪ੍ਰਾਨਪਤਿ = ਪਰਮਾਤਮਾ।੧।

ਬਗੁ = ਬਗਲਾ। ਬਪੁੜਾ = ਵਿਚਾਰਾ। ਨਾਇ = ਨ੍ਹਾਉਂਦਾ ਹੈ। ਕੀਚੜਿ = ਚਿੱਕੜ ਵਿਚ।੧।ਰਹਾਉ।

ਰਖਿ ਰਖਿ = ਰੱਖ ਕੇ, ਰੱਖ ਕੇ, ਧਿਆਨ ਨਾਲ। ਵੀਚਾਰੀ = ਵੀਚਾਰ ਦੇ ਆਸਰੇ। ਦੁਬਿਧਾ = ਕਿਸੇ ਹੋਰ ਆਸਰੇ ਦੀ ਭਾਲ। ਰਹੇ = ਮੁੱਕ ਜਾਂਦੇ ਹਨ। ਗੁਰਿ = ਗੁਰੂ ਨੇ।੨।

ਸਹਜਿ = ਸਹਜ ਵਿਚ, ਅਡੋਲ ਆਤਮਕ ਅਵਸਥਾ ਵਿਚ। ਆਦਰੁ = ਇੱਜ਼ਤ।੩।

ਸੁੰਨ ਮੰਡਲ = ਅਫੁਰ ਅਵਸਥਾ, ਉਹ ਅਵਸਥਾ ਜਿਥੇ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੈ। ਜੋਗੀ = ਪ੍ਰਭੂ = ਚਰਨਾਂ ਵਿਚ ਜੁੜਿਆ ਹੋਇਆ। ਤ੍ਰਿਭਵਣ ਜੋਤਿ = ਉਹ ਪ੍ਰਭੂ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਹੈ। ਸੁਰਿ = ਦੇਵਤੇ।੪।

ਆਨੰਦ ਮੂਲੁ = ਆਨੰਦ ਦਾ ਸੋਮਾ। ਭਗਤਿ ਵਛਲ = ਭਗਤੀ ਨਾਲ ਪਿਆਰ ਕਰਨ ਵਾਲਾ। ਪਗੁ ਧਾਰੇ = (ਸਤਸੰਗ ਵਿਚ) ਪੈਰ ਟਿਕਾ ਕੇ, ਜਾ ਕੇ।੫।

ਕਰਿ = ਕਰ ਕੇ, ਕਰਨ ਤੇ ਭੀ। ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਮੰਡਲ = ਜਗਤ। ਮਰਣੁ = ਮੌਤ, ਆਤਮਕ ਮੌਤ। ਖੋਵੈ = ਗਵਾ ਲੈਂਦਾ ਹੈ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।੬।

ਏਕ = ਇਕ ਪ੍ਰਭੂ ਦੀ (ਸਿਫ਼ਤਿ-ਸਾਲਾਹ) । ਧਰਣੀਧਰ = ਧਰਤੀ ਦਾ ਆਸਰਾ ਪ੍ਰਭੂ। ਚਉਥਾ ਪਦ = ਉਹ ਆਤਮਕ ਅਵਸਥਾ ਜਿਥੇ ਮਾਇਆ ਦੇ ਤਿੰਨ ਗੁਣ ਜ਼ੋਰ ਨਹੀਂ ਪਾ ਸਕਦੇ। ਪਤੀਆਇ = ਗਿਝਾ ਲਏ।੭।

ਸੂਰਤਿ = ਸ਼ਕਲ। ਮੂਰਤਿ = ਹਸਤੀ, ਵਜੂਦ, ਹੋਂਦ। ਅਨੂਪੁ = ਜੋ ਉਪਮਾ ਤੋਂ ਪਰੇ ਹੈ, ਜਿਸ ਵਰਗਾ ਹੋਰ ਕੋਈ ਨਹੀਂ। ਸਾਚੁ ਸਰੂਪੁ = ਜਿਸ ਦਾ ਸਰੂਪ ਸਦਾ ਕਾਇਮ ਰਹਿਣ ਵਾਲਾ ਹੈ।੮।

ਅਰਥ: ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ? (ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ) ।੧।ਰਹਾਉ।

ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧।

ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵੀਚਾਰ ਨਾਲ (ਜੀਵਨ-ਸਫ਼ਰ ਵਿਚ) ਪੈਰ ਰੱਖਦਾ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾ ਦੇਂਦਾ ਹੈ। ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ।੨।

(ਜਿਵੇਂ) ਹੰਸ ਮਾਨਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ (ਤਿਵੇਂ ਜੇਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ) ਪ੍ਰੇਮ ਭਗਤੀ ਦੀ ਬਰਕਤਿ ਨਾਲ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਜਾਂਦਾ ਹੈ। ਜੇਹੜਾ ਗੁਰਸਿੱਖ-ਹੰਸ ਗੁਰੂ-ਸਰੋਵਰ ਵਿਚ ਟਿਕਦਾ ਹੈ, ਉਸ ਦੇ ਅੰਦਰ ਗੁਰੂ-ਸਰੋਵਰ ਆਪਣਾ ਆਪ ਪਰਗਟ ਕਰਦਾ ਹੈ (ਉਸ ਸਿੱਖ ਦੇ ਅੰਦਰ ਗੁਰੂ ਵੱਸ ਪੈਂਦਾ ਹੈ) -ਇਹ ਕਥਾ ਅਕੱਥ ਹੈ (ਭਾਵ, ਇਸ ਆਤਮਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ਼ ਇਹ ਕਹਿ ਸਕਦੇ ਹਾਂ ਕਿ) ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ।੩।

ਜੇਹੜਾ ਕੋਈ ਵਿਰਲਾ ਪ੍ਰਭੂ-ਚਰਨਾਂ ਵਿਚ ਜੁੜਿਆ ਬੰਦਾ ਅਫੁਰ ਅਵਸਥਾ ਵਿਚ ਟਿਕਦਾ ਹੈ, ਉਸ ਦੇ ਅੰਦਰ ਇਸਤ੍ਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ (ਭਾਵ, ਉਸ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਂਦੀ) । ਦੱਸੋ, ਕੋਈ ਇਹ ਸੰਕਲਪ ਕਰ ਭੀ ਕਿਵੇਂ ਸਕਦਾ ਹੈ? ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਵਿਆਪਕ ਹੈ ਅਤੇ ਦੇਵਤੇ ਮਨੁੱਖ ਨਾਥ ਆਦਿਕ ਸਭ ਜਿਸ ਸਦਾ-ਥਿਰ ਦੀ ਸਰਨ ਲਈ ਰੱਖਦੇ ਹਨ।੪।

(ਗੁਰਮੁਖ-ਹੰਸ ਗੁਰੂ-ਸਾਗਰ ਵਿਚ ਟਿਕ ਕੇ ਉਸ ਪ੍ਰਾਨਪਤਿ-ਪ੍ਰਭੂ ਨੂੰ ਮਿਲਦਾ ਹੈ) ਜੋ ਆਤਮਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ। ਗੁਰਮੁਖ ਉਸ ਦੀ ਭਗਤੀ ਦੀ ਰਾਹੀਂ ਅਤੇ ਉਸ ਦੇ ਗੁਣਾਂ ਦੀ ਵਿਚਾਰ ਦੀ ਰਾਹੀਂ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ। ਉਹ ਪ੍ਰਭੂ (ਆਪਣੇ ਸੇਵਕਾਂ ਦੀ) ਭਗਤੀ ਨਾਲ ਪ੍ਰੇਮ ਕਰਦਾ ਹੈ, ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ। ਗੁਰਮੁਖਿ ਹਉਮੈ ਮਾਰ ਕੇ ਅਤੇ (ਸਾਧ ਸੰਗਤਿ ਵਿਚ) ਟਿਕ ਕੇ ਉਸ ਆਨੰਦ-ਮੂਲ ਪ੍ਰਭੂ (ਦੇ ਚਰਨਾਂ) ਵਿਚ ਜੁੜਦੇ ਹਨ।੫।

ਜੇਹੜਾ-ਮਨੁੱਖ (ਵਿਚਾਰੇ ਬਗੁਲੇ ਵਾਂਗ ਹਉਮੈ ਦੀ ਛਪੜੀ ਵਿਚ ਹੀ ਨ੍ਹਾਉਂਦਾ ਰਹਿੰਦਾ ਹੈ, ਤੇ) ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ, ਉਹ (ਹਉਮੈ ਵਿਚ) ਭਟਕ ਭਟਕ ਕੇ ਦੁਖੀ ਹੁੰਦਾ ਹੈ; ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਉਹ ਅਮੋਲਕ ਮਨੁੱਖਾ ਜਨਮ ਨੂੰ ਗਵਾ ਲੈਂਦਾ ਹੈ; ਅਨੇਕਾਂ ਹੋਰ ਹੋਰ ਜਤਨ ਕਰਨ ਕਰਕੇ (ਸਹੇੜੀ ਹੋਈ) ਆਤਮਕ ਮੌਤ ਉਸ ਨੂੰ (ਸਦਾ) ਦੁਖੀ ਕਰਦੀ ਹੈ, ਉਹ (ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ) ਆਤਮਕ ਮੌਤ (ਦਾ ਲੇਖ ਹੀ ਆਪਣੇ ਮੱਥੇ ਉਤੇ) ਲਿਖਾ ਕੇ ਇਸ ਜਗਤ ਵਿਚ ਆਇਆ (ਤੇ ਇਥੇ ਭੀ ਆਤਮਕ ਮੌਤ ਹੀ ਵਿਹਾਝਦਾ ਰਿਹਾ) ।੬।

(ਪਰ) ਜੇਹੜਾ ਮਨੁੱਖ ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ (ਨਿੱਤ) ਉਚਾਰਦਾ ਹੈ ਪੜ੍ਹਦਾ ਹੈ ਤੇ ਸੁਣਦਾ ਹੈ ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ ਉਹ ਗੰਭੀਰ ਸੁਭਾਉ ਗ੍ਰਹਣ ਕਰਦਾ ਹੈ ਉਹ (ਮਨੁੱਖ ਜੀਵਨ ਦੇ) ਫ਼ਰਜ਼ ਨੂੰ (ਪਛਾਣਦਾ ਹੈ) ।

ਜੇ ਮਨੁੱਖ (ਗੁਰੂ ਦੀ ਸਰਨ ਵਿਚ ਰਹਿ ਕੇ) ਆਪਣੇ ਮਨ ਨੂੰ ਉਸ ਆਤਮਕ ਅਵਸਥਾ ਵਿਚ ਗਿਝਾ ਲਏ ਜਿਥੇ ਮਾਇਆ ਦੇ ਤਿੰਨੇ ਹੀ ਗੁਣ ਜ਼ੋਰ ਨਹੀਂ ਪਾ ਸਕਦੇ, ਤਾਂ (ਸੁਤੇ ਹੀ) ਜਤ ਸਤ ਤੇ ਸੰਜਮ ਉਸ ਦੇ ਹਿਰਦੇ ਵਿਚ ਲੀਨ ਰਹਿੰਦੇ ਹਨ।੭।

ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਪਵਿਤ੍ਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ (ਦੁਨੀਆ ਵਾਲਾ) ਡਰ-ਸਹਮ ਮੁੱਕ ਜਾਂਦਾ ਹੈ।

ਨਾਨਕ (ਭੀ) ਉਸ ਸਦਾ-ਥਿਰ ਹਸਤੀ ਵਾਲੇ ਪ੍ਰਭੂ (ਦੇ ਦਰ ਤੋਂ ਨਾਮ ਦੀ ਦਾਤਿ) ਮੰਗਦਾ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ (ਸੋਹਣੀ) ਸੂਰਤ ਤੇ ਜਿਸ ਦਾ ਵਜੂਦ ਆਦਿ ਤੋਂ ਹੀ ਚਲਿਆ ਆ ਰਿਹਾ ਹੈ।੮।੧।

Today’s Hukamnama from Gurdwara Damdama Sahib Thatta (Kapurthala)

ਰਾਗੁ ਰਾਮਕਲੀ ਮਹਲਾ ੫ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥ ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤਿ ਏਹੀ ॥੧॥ ਮੇਰੇ ਮਨ ਸਤਿਗੁਰੁ ਸੇਵਿ ਸੁਖੁ ਹੋਈ ॥ ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਦੂਖੁ ਨ ਵਿਆਪੈ ਕੋਈ ॥੧॥ ਰਹਾਉ ॥ ਕਾਚੇ ਭਾਡੇ ਸਾਜਿ ਨਿਵਾਜੇ ਅੰਤਰਿ ਜੋਤਿ ਸਮਾਈ ॥ ਜੈਸਾ ਲਿਖਤੁ ਲਿਖਿਆ ਧੁਰਿ ਕਰਤੈ ਹਮ ਤੈਸੀ ਕਿਰਤਿ ਕਮਾਈ ॥੨॥ ਮਨੁ ਤਨੁ ਥਾਪਿ ਕੀਆ ਸਭੁ ਅਪਨਾ ਏਹੋ ਆਵਣ ਜਾਣਾ ॥ ਜਿਨਿ ਦੀਆ ਸੋ ਚਿਤਿ ਨ ਆਵੈ ਮੋਹਿ ਅੰਧੁ ਲਪਟਾਣਾ ॥੩॥ ਜਿਨਿ ਕੀਆ ਸੋਈ ਪ੍ਰਭੁ ਜਾਣੈ ਹਰਿ ਕਾ ਮਹਲੁ ਅਪਾਰਾ ॥ ਭਗਤਿ ਕਰੀ ਹਰਿ ਕੇ ਗੁਣ ਗਾਵਾ ਨਾਨਕ ਦਾਸੁ ਤੁਮਾਰਾ ॥੪॥੧॥ {ਪੰਨਾ 882}

ਪਦਅਰਥ: ਦੀਨ = ਗ਼ਰੀਬ, ਕੰਗਾਲ। ਦਾਤੇ = ਹੇ ਦਾਤਾਂ ਦੇਣ ਵਾਲੇ! ਕਿਆ ਧੋਪੈ = ਕੀਹ ਧੁਪ ਸਕਦਾ ਹੈ? (ਮਿੱਟੀ ਦਾ ਮੈਲਾ = ਪਨ) ਕਦੇ ਨਹੀਂ ਧੁਪ ਸਕਦਾ। ਸੁਆਮੀ = ਹੇ ਮਾਲਕ! ਗਤਿ = ਹਾਲਤ, ਦਸ਼ਾ।੧।

ਮਨ = ਹੇ ਮਨ! ਸੇਵਿ = ਸਰਨ ਪਿਆ ਰਹੁ। ਇਛਹੁ = ਮੰਗੇਂਗਾ। ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ।੧।ਰਹਾਉ।

ਕਾਚੇ ਭਾਂਡੇ = ਨਾਸਵੰਤ ਸਰੀਰ। ਸਾਜਿ = ਬਣਾ ਕੇ। ਨਿਵਾਜੇ = ਵਡਿਆਈ ਦਿੱਤੀ ਹੈ। ਸਮਾਈ = ਟਿਕੀ ਹੋਈ ਹੈ। ਲਿਖਤੁ = ਲੇਖ। ਧੁਰਿ = ਧੁਰ ਦਰਗਾਹ ਤੋਂ। ਕਰਤੈ = ਕਰਤਾਰ ਨੇ। ਕਿਰਤਿ = ਕਾਰ।੨।

ਥਾਪਿ ਕੀਆ = ਮਿਥ ਲਿਆ, ਸਮਝ ਲਿਆ। ਏਹੋ = ਇਹ ਮਿਥ ਹੀ, ਇਹ ਅਪਣੱਤ ਹੀ। ਜਿਨਿ = ਜਿਸ (ਪਰਮਾਤਮਾ) ਨੇ। ਚਿਤਿ = ਚਿੱਤ ਵਿਚ। ਮੋਹ = (ਇਸ ਜਿੰਦ ਤੇ ਸਰੀਰ ਦੇ) ਮੋਹ ਵਿਚ। ਮਨੁ = ਜਿੰਦ। ਅੰਧੁ = ਅੰਨ੍ਹਾ ਮਨੁੱਖ।੩।

ਜਿਨਿ = ਜਿਸ (ਪ੍ਰਭੂ) ਨੇ। ਸੇਈ = ਉਹ (ਪ੍ਰਭੂ) ਹੀ। ਮਹਲੁ = ਟਿਕਾਣਾ, ਉੱਚਾ ਆਸਣ। ਅਪਾਰਾ = ਬੇਅੰਤ, ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਕਰੀ = ਕਰੀਂ, ਮੈਂ ਕਰਾਂ। ਗਾਵਾ = ਗਾਵਾਂ, ਮੈਂ ਗਾਂਦਾ ਰਹਾਂ।੪।

ਅਰਥ: ਹੇ ਮੇਰੇ ਮਨ! ਗੁਰੂ ਦੀ ਸਰਨ ਪਿਆ ਰਹੁ (ਗੁਰੂ ਦੇ ਦਰ ਤੇ ਰਿਹਾਂ ਹੀ) ਆਨੰਦ ਮਿਲਦਾ ਹੈ। (ਗੁਰੂ ਦੇ ਦਰ ਤੇ ਰਹਿ ਕੇ) ਜੇਹੜੀ ਕਾਮਨਾ ਚਿਤਵੇਂਗਾ, ਉਹੀ ਫਲ ਹਾਸਲ ਕਰ ਲਏਂਗਾ। (ਇਸ ਤਰ੍ਹਾਂ) ਕੋਈ ਦੁੱਖ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ।੧।ਰਹਾਉ।

ਹੇ ਗ਼ਰੀਬਾਂ ਉਤੇ ਬਖ਼ਸ਼ਸ਼ਾਂ ਕਰਨ ਵਾਲੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੇਰਾ ਕੋਈ ਗੁਣ ਨਾਹ ਵਿਚਾਰੀਂ, ਮੇਰਾ ਕੋਈ ਔਗੁਣ ਨਾਹ ਵਿਚਾਰੀਂ (ਮੇਰੇ ਅੰਦਰ ਤਾਂ ਔਗੁਣ ਹੀ ਔਗੁਣ ਹਨ) । (ਜਿਵੇਂ ਪਾਣੀ ਨਾਲ ਧੋਤਿਆਂ) ਮਿੱਟੀ ਦਾ ਮੈਲਾ-ਪਨ ਕਦੇ ਧੁਪ ਨਹੀਂ ਸਕਦਾ, ਹੇ ਮਾਲਕ-ਪ੍ਰਭੂ! ਅਸਾਂ ਜੀਵਾਂ ਦੀ ਭੀ ਇਹੀ ਹਾਲਤ ਹੈ।੧।

ਹੇ ਭਾਈ! ਸਾਡੇ ਇਹ) ਨਾਸਵੰਤ ਸਰੀਰ ਬਣਾ ਕੇ (ਪਰਮਾਤਮਾ ਨੇ ਹੀ ਇਹਨਾਂ ਨੂੰ) ਵਡਿਆਈ ਦਿੱਤੀ ਹੋਈ ਹੈ (ਕਿਉਂਕਿ ਇਹਨਾਂ ਨਾਸਵੰਤ ਸਰੀਰਾਂ ਦੇ) ਅੰਦਰ ਉਸ ਦੀ ਜੋਤ ਟਿਕੀ ਹੋਈ ਹੈ। ਹੇ ਭਾਈ! ਸਾਡੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਧੁਰ ਦਰਗਾਹ ਤੋਂ ਜਿਹੋ ਜਿਹਾ (ਸੰਸਕਾਰਾਂ ਦਾ) ਲੇਖ (ਸਾਡੇ ਅੰਦਰ) ਲਿਖ ਦਿੱਤਾ ਹੈ, ਅਸੀ ਜੀਵ (ਹੁਣ ਭੀ) ਉਹੋ ਜਿਹੇ ਕਰਮਾਂ ਦੀ ਕਮਾਈ ਕਰੀ ਜਾਂਦੇ ਹਾਂ।੨।

ਹੇ ਭਾਈ! ਮਨੁੱਖ ਇਸ ਜਿੰਦ ਨੂੰ ਇਸ ਸਰੀਰ ਨੂੰ ਸਦਾ ਆਪਣਾ ਮਿਥੀ ਰੱਖਦਾ ਹੈ, ਇਹ ਅਪਣੱਤ ਹੀ (ਮਨੁੱਖ ਵਾਸਤੇ) ਜਨਮ ਮਰਨ (ਦੇ ਗੇੜ ਦਾ ਕਾਰਨ ਬਣੀ ਰਹਿੰਦੀ) ਹੈ। ਜਿਸ ਪਰਮਾਤਮਾ ਨੇ ਇਹ ਜਿੰਦ ਦਿੱਤੀ ਹੈ ਇਹ ਸਰੀਰ ਦਿੱਤਾ ਹੈ ਉਹ ਇਸ ਦੇ ਚਿੱਤ ਵਿਚ (ਕਦੇ) ਨਹੀਂ ਵੱਸਦਾ, ਅੰਨ੍ਹਾ ਮਨੁੱਖ (ਜਿੰਦ ਤੇ ਸਰੀਰ ਦੇ) ਮੋਹ ਵਿਚ ਫਸਿਆ ਰਹਿੰਦਾ ਹੈ।੩।

ਹੇ ਭਾਈ! ਜਿਸ ਪਰਮਾਤਮਾ ਨੇ (ਇਹ ਖੇਲ) ਬਣਾਇਆ ਹੈ ਉਹੀ (ਇਸ ਨੂੰ ਚਲਾਣਾ) ਜਾਣਦਾ ਹੈ, ਉਸ ਪਰਮਾਤਮਾ ਦਾ ਟਿਕਾਣਾ ਅਪਹੁੰਚ ਹੈ (ਜੀਵ ਉਸ ਪਰਮਾਤਮਾ ਦੀ ਰਜ਼ਾ ਨੂੰ ਸਮਝ ਨਹੀਂ ਸਕਦਾ) । ਹੇ ਨਾਨਕ! ਆਖ-ਹੇ ਪ੍ਰਭੂ!) ਮੈਂ ਤੇਰਾ ਦਾਸ ਹਾਂ (ਮੇਹਰ ਕਰ) ਮੈਂ ਤੇਰੀ ਭਗਤੀ ਕਰਦਾ ਰਹਾਂ, ਮੈਂ ਤੇਰੇ ਗੁਣ ਗਾਂਦਾ ਰਹਾਂ।੪।੧।

Today’s Hukamnama from Gurdwara Baba Darbara Singh Ji Tibba (Kapurthala)

ਸਲੋਕੁ ਮਃ ੩ ॥ ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ {ਪੰਨਾ 647-648}

ਪਦਅਰਥ: ਸਿਰਿ = ਸਿਰ ਉਤੇ। ਅੰਕਸੁ = ਮਹਾਵਤ ਦਾ ਕੁੰਡਾ। ਊਭੀ = ਖਲੋ ਕੇ, ਸੁਚੇਤ ਹੋ ਕੇ। ਆਪੁ = ਆਪਾ = ਭਾਵ, ਅਪਣੱਤ। ਨਿਵਾਰੀਐ = ਦੂਰ ਕੀਤੀ ਜਾਂਦੀ ਹੈ।

ਅਰਥ: ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਤੇ ਜਿਵੇਂ ਅਹਰਣ (ਵਦਾਨ ਹੇਠਾਂ) ਸਿਰ ਦੇਂਦੀ ਹੈ, ਤਿਵੇਂ ਸਰੀਰ ਤੇ ਮਨ (ਸਤਿਗੁਰੂ ਨੂੰ) ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰੋ; ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਇਸ ਤਰ੍ਹਾਂ ਆਪਾ-ਭਾਵ ਗਵਾਂਦਾ ਹੈ ਤੇ, ਮਾਨੋ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ।


ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥ {ਪੰਨਾ 648}

ਅਰਥ: ਹੇ ਨਾਨਕ! ਜਦੋਂ ਹਰੀ ਆਪ ਕ੍ਰਿਪਾ ਦੀ ਨਜ਼ਰ ਕਰਦਾ ਹੈ ਤਦੋਂ ਸਤਿਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਆਉਂਦੀ ਹੈ।੧।

ਮਃ ੩ ॥ ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥ ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥ {ਪੰਨਾ 648}

ਅਰਥ: (ਸੰਸਾਰ ਵਿਚ) ਆਏ ਉਹ ਮਨੁੱਖ ਕਬੂਲ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਸਿਮਰਿਆ ਹੈ; ਹੇ ਨਾਨਕ! ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਦਰਗਾਹ ਵਿਚ ਆਦਰ ਪਾਂਦੇ ਹਨ।੨।

ਪਉੜੀ ॥ ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥ ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥ ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥ ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥ {ਪੰਨਾ 648}

ਅਰਥ: ਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਆਪੋ ਵਿਚ) ਮਿਲਾਈਆਂ ਹਨ; ਉਹਨਾਂ ਵਿਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ, ਕਈਆਂ ਨੂੰ ਸਤਿਗੁਰੂ ਨੇ (ਹੋਰ) ਕਾਰੇ ਲਾਇਆ ਹੋਇਆ ਹੈ; ਜਿਨ੍ਹਾਂ ਦੇ ਮਨ ਵਿਚ ਪਿਆਰਾ ਗੁਰੂ ਵੱਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ, ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤ੍ਰਾਂ ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ। (ਹੇ ਸਿੱਖ ਸਹੇਲੀਓ!) ਸਾਰੀਆਂ ‘ਗੁਰੂ, ਗੁਰੂ’ ਆਖੋ, ‘ਗੁਰੂ, ਗੁਰੂ’ ਆਖਿਆਂ ਗੁਰੂ ਆਤਮਕ ਜੀਵਨ ਦੇ ਦੇਂਦਾ ਹੈ।੧੪।

Today’s Hukamnama from State Gurdwara Sahib Kapurthala

ਤਿਲੰਗ ਘਰੁ ੨ ਮਹਲਾ ੫ ॥ ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥ ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥ ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥ ਹੈ ਤੂਹੈ ਤੂ ਹੋਵਨਹਾਰ ॥ ਅਗਮ ਅਗਾਧਿ ਊਚ ਆਪਾਰ ॥ ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥ ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥ ਜੋ ਦੀਸੈ ਸੋ ਤੇਰਾ ਰੂਪੁ ॥ ਗੁਣ ਨਿਧਾਨ ਗੋਵਿੰਦ ਅਨੂਪ ॥ ਸਿਮਰਿ ਸਿਮਰਿ ਸਿਮਰਿ ਜਨ ਸੋਇ ॥ ਨਾਨਕ ਕਰਮਿ ਪਰਾਪਤਿ ਹੋਇ ॥੩॥ ਜਿਨਿ ਜਪਿਆ ਤਿਸ ਕਉ ਬਲਿਹਾਰ ॥ ਤਿਸ ਕੈ ਸੰਗਿ ਤਰੈ ਸੰਸਾਰ ॥ ਕਹੁ ਨਾਨਕ ਪ੍ਰਭ ਲੋਚਾ ਪੂਰਿ ॥ ਸੰਤ ਜਨਾ ਕੀ ਬਾਛਉ ਧੂਰਿ ॥੪॥੨॥ {ਪੰਨਾ 723-724}

ਪਦਅਰਥ: ਕਰਹਿ = ਤੂੰ ਕਰਦਾ ਹੈਂ। ਜੋਰੁ = ਬਲ। ਮਨਿ = ਮਨ ਵਿਚ। ਟੇਕ = ਆਸਰਾ। ਨਾਨਕ = ਹੇ ਨਾਨਕ!।੧।

ਆਧਾਰੁ = ਸਹਾਰਾ।ਰਹਾਉ।

ਤੂ ਹੈ– ਤੂੰ ਹੀ। ਹੋਵਨਹਾਰ = ਸਦਾ ਕਾਇਮ ਰਹਿਣ ਵਾਲਾ। ਅਗਮ = ਅਪਹੁੰਚ। ਅਗਾਧਿ = ਅਥਾਹ। ਆਪਾਰ = ਅਪਾਰ, ਬੇਅੰਤ। ਤੁਧੁ = ਤੈਨੂੰ। ਸੇਵਹਿ = ਸਿਮਰਦੇ ਹਨ। ਪ੍ਰਸਾਦਿ = ਕਿਰਪਾ ਨਾਲ। ਗਾਹਿ = ਗਾਂਦੇ ਹਨ।੨।

ਦੀਸੈ = ਦਿੱਸਦਾ ਹੈ। ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਅਨੂਪ = ਹੇ ਸੁੰਦਰ! ਜਨ = ਹੇ ਜਨ! ਸੋਇ = ਉਸ ਪਰਮਾਤਮਾ ਨੂੰ ਹੀ। ਕਰਮਿ = ਮੇਹਰ ਨਾਲ।੩।

ਜਿਨਿ = ਜਿਸ (ਮਨੁੱਖ) ਨੇ। ਤਿਸ ਕਉ = {ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਕਉ’ ਦੇ ਕਾਰਨ ਉੱਡ ਗਿਆ ਹੈ}। ਬਲਿਹਾਰ = ਸਦਕੇ। ਤਿਸ ਕੈ = {ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਕੈ’ ਦੇ ਕਾਰਨ ਉੱਡਿਆ ਹੈ}। ਕੈ ਸੰਗਿ = ਦੇ ਨਾਲ। ਲੋਚਾ = ਤਾਂਘ। ਪੂਰਿ = ਪੂਰੀ ਕਰ। ਬਾਛਉ = ਬਾਛਉਂ, ਮੈਂ ਚਾਹੁੰਦਾ ਹਾਂ। ਧੂਰਿ = ਚਰਨ = ਧੂੜ।੪।

ਅਰਥ: ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ। ਹੇ ਪ੍ਰਭੂ! ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ।ਰਹਾਉ।

ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। (ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ। ਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ।੧।

ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ। ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ ਨਹੀਂ ਸਕਦਾ। ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਪਰਮਾਤਮਾ ਦੇ) ਗੁਣ ਗਾ ਸਕਦੇ ਹਨ।੨।

ਹੇ ਗੁਣਾਂ ਦੇ ਖ਼ਜ਼ਾਨੇ! ਹੇ ਸੋਹਣੇ ਗੋਬਿੰਦ! ਜਗਤ ਵਿਚ) ਜੋ ਕੁਝ ਦਿੱਸਦਾ ਹੈ ਤੇਰਾ ਹੀ ਸਰੂਪ ਹੈ। ਹੇ ਮਨੁੱਖ! ਸਦਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹੁ। ਹੇ ਨਾਨਕ! ਪਰਮਾਤਮਾ ਦਾ ਸਿਮਰਨ) ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ।੩।

ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ। ਉਸ ਮਨੁੱਖ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਹੇ ਨਾਨਕ! ਆਖ-ਹੇ ਪ੍ਰਭੂ! ਮੇਰੀ ਤਾਂਘ ਪੂਰੀ ਕਰ, ਮੈਂ (ਤੇਰੇ ਦਰ ਤੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੪।੨।