Today’s Hukamnama 06.10.2019: Ber Sahib, Baoli Sahib, Damdama Sahib, Baba Darbara Singh, State Gurdwara Sahib

129
Today’s Hukamnama from Gurdwara Sri Ber Sahib Sultanpur Lodhi

ਬਿਲਾਵਲੁ ਮਹਲਾ ੫ ॥ ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ ॥ ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ ॥੧॥ ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ ॥ ਪਾਰਬ੍ਰਹਮੁ ਆਰਾਧਤੇ ਮੁਖਿ ਅੰਮ੍ਰਿਤੁ ਪੀਵਾ ॥੧॥ ਰਹਾਉ ॥ ਜੀਅ ਜੰਤ ਸਭਿ ਸੁਖਿ ਬਸੇ ਸਭ ਕੈ ਮਨਿ ਲੋਚ ॥ ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ ॥੨॥ ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ ॥ ਕਥਾ ਕੀਰਤਨੁ ਹਰਿ ਅਤਿ ਘਨਾ ਸੁਖ ਸਹਜ ਬਿਸ੍ਰਾਮੁ ॥੩॥ ਮਨ ਤੇ ਕਦੇ ਨ ਵੀਸਰੈ ਅਨਾਥ ਕੋ ਨਾਥ ॥ ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭੁ ਕਿਛੁ ਹਾਥ ॥੪॥੨੯॥੫੯॥ {ਪੰਨਾ 815}

ਪਦਅਰਥ: ਸੁਖ ਸਾਰੁ = ਸੁਖਾਂ ਦਾ ਤੱਤ, ਸਭ ਤੋਂ ਸ੍ਰੇਸ਼ਟ ਸੁਖ। ਜਪਿ = ਜਪ ਕੇ।੧।

ਚਰਨ ਕਮਲ = ਕੌਲ ਫੁੱਲ ਵਰਗੇ ਸੋਹਣੇ ਚਰਨ। ਹਉ = ਹਉਂ, ਮੈਂ। ਜੀਵਾ = ਜੀਵਾਂ, ਮੈਂ ਜੀਊਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ। ਆਰਾਧਤੇ = ਸਿਮਰਦਿਆਂ। ਮੁਖਿ = ਮੂੰਹ ਨਾਲ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਪੀਵਾ = ਪੀਵਾਂ, ਮੈਂ ਪੀਂਦਾ ਹਾਂ।੧।ਰਹਾਉ।

ਜੀਅ = {ਲਫ਼ਜ਼ ‘ਜੀਉ’ ਤੋਂ ਬਹੁ-ਵਚਨ}। ਸਭਿ = ਸਾਰੇ। ਸੁਖਿ = ਸੁਖ ਵਿਚ। ਕੈ ਮਨਿ = ਦੇ ਮਨ ਵਿਚ। ਪਰ ਉਪਕਾਰੁ = ਦੂਜਿਆਂ ਦੀ ਭਲਾਈ ਦਾ ਕੰਮ। ਪੋਚ = ਪਾਪ।੨।

ਧੰਨੁ = ਭਾਗਾਂ ਵਾਲਾ। ਬਸੰਤ = ਵੱਸਣ ਵਾਲੇ। ਜਹ = ਜਿੱਥੇ। ਜਪੀਐ = ਜਪਿਆ ਜਾਂਦਾ ਹੈ। ਅਤਿ ਘਨਾ = ਬਹੁਤ ਵਧੀਕ। ਸਹਜ ਬਿਸ੍ਰਾਮੁ = ਆਤਮਕ ਅਡੋਲਤਾ ਦਾ ਟਿਕਾਣਾ।੩।

ਤੇ = ਤੋਂ। ਕੋ = ਦਾ। ਅਨਾਥ ਕੋ ਨਾਥ = ਨਿਖਸਮਿਆਂ ਦਾ ਖਸਮ। ਜਾ ਕੈ ਹਾਥ = ਜਿਸ ਦੇ ਵੱਸ ਵਿਚ।੪।

ਅਰਥ: ਹੇ ਭਾਈ! ਗੁਰੂ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ, ਪਰਮਾਤਮਾ ਦਾ ਆਰਾਧਨ ਕਰਦਿਆਂ, ਪਰਮਾਤਮਾ ਦਾ ਨਾਮ ਜਪ ਜਪ ਕੇ, (ਜਿਉਂ ਜਿਉਂ) ਮੈਂ ਮੂੰਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹਾਂ, (ਤਿਉਂ ਤਿਉਂ) ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ।੧।ਰਹਾਉ।

ਹੇ ਭਾਈ! ਪਰਮਾਤਮਾ ਦਾ ਨਾਮ ਜਪਣ ਦਾ) ਉੱਦਮ ਕਰਦਿਆਂ (ਮਨ ਵਿਚ) ਸਰੂਰ ਪੈਦਾ ਹੁੰਦਾ ਹੈ, ਨਾਮ ਸਿਮਰਦਿਆਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ। ਪਰਮਾਤਮਾ ਦਾ ਨਾਮ ਮੁੜ ਮੁੜ ਜਪ ਕੇ ਸਭ ਗੁਣਾਂ ਨਾਲ ਭਰਪੂਰ ਪਰਮਾਤਮਾ ਦੇ ਗੁਣਾਂ ਦਾ ਵਿਚਾਰ (ਮਨ ਵਿਚ ਟਿਕਿਆ ਰਹਿੰਦਾ ਹੈ) ।੧।

ਹੇ ਭਾਈ! ਪਰਮਾਤਮਾ ਦਾ ਆਰਾਧਨ ਕਰਦਿਆਂ) ਸਾਰੇ ਜੀਅ ਜੰਤ ਆਤਮਕ ਆਨੰਦ ਵਿਚ ਲੀਨ ਰਹਿੰਦੇ ਹਨ, (ਜਪਣ ਵਾਲੇ) ਸਭਨਾਂ ਦੇ ਮਨ ਵਿਚ (ਸਿਮਰਨ ਦੀ) ਤਾਂਘ ਪੈਦਾ ਹੋਈ ਰਹਿੰਦੀ ਹੈ। (ਜੇਹੜੇ ਜੇਹੜੇ ਮਨੁੱਖ ਨਾਮ ਜਪਦੇ ਹਨ, ਉਹ) ਸਦਾ ਦੂਜਿਆਂ ਦੀ ਭਲਾਈ ਕਰਨ ਦਾ ਕੰਮ ਸੋਚਦੇ ਰਹਿੰਦੇ ਹਨ, ਕੋਈ ਪਾਪ-ਵਿਕਾਰ ਉਹਨਾਂ ਉਤੇ ਆਪਣਾ ਅਸਰ ਨਹੀਂ ਪਾ ਸਕਦਾ।੨।

ਹੇ ਭਾਈ! ਜਿਸ ਥਾਂ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ, ਉਹ ਥਾਂ ਭਾਗਾਂ ਵਾਲਾ ਹੋ ਜਾਂਦਾ ਹੈ, ਉਥੇ ਵੱਸਣ ਵਾਲੇ ਭੀ ਭਾਗਾਂ ਵਾਲੇ ਬਣ ਜਾਂਦੇ ਹਨ (ਕਿਉਂਕਿ ਜਿਸ ਥਾਂ) ਪਰਮਾਤਮਾ ਦੀ ਕਥਾ-ਵਾਰਤਾ, ਪ੍ਰਭੂ ਦੀ ਸਿਫ਼ਤਿ-ਸਾਲਾਹ ਬਹੁਤ ਹੁੰਦੀ ਰਹੇ, ਉਹ ਥਾਂ ਆਤਮਕ ਆਨੰਦ ਦਾ, ਆਤਮਕ ਅਡੋਲਤਾ ਦਾ ਟਿਕਾਣਾ (ਸੋਮਾ) ਬਣ ਜਾਂਦਾ ਹੈ।੩।

(ਇਸ ਵਾਸਤੇ) ਹੇ ਨਾਨਕ! (ਆਖ-ਹੇ ਭਾਈ!) ਉਹ ਅਨਾਥਾਂ ਦਾ ਨਾਥ ਪ੍ਰਭੂ ਕਦੇ ਮਨ ਤੋਂ ਭੁੱਲਣਾ ਨਹੀਂ ਚਾਹੀਦਾ, ਉਸ ਪ੍ਰਭੂ ਦੀ ਸਰਨ ਸਦਾ ਪਏ ਰਹਿਣਾ ਚਾਹੀਦਾ ਹੈ, ਜਿਸ ਦੇ ਹੱਥ ਵਿਚ ਹਰੇਕ ਚੀਜ਼ ਹੈ।੪।੨੯।੫੯।

Today’s Hukamnama from Gurdwara Baoli Sahib Goindwal Sahib

ਸਲੋਕੁ ਮਃ ੩ ॥ ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥ ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥ ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥ {ਪੰਨਾ 646}

ਪਦਅਰਥ: ਜਗਿ = ਜਗਤ ਵਿਚ। ਤੋਟਾ = ਘਾਟਾ। ਸੰਸਾਰਿ = ਸੰਸਾਰ ਵਿਚ। ਸਭਿ = ਸਾਰੇ ਜੀਵ।

ਅਰਥ: ਨਾਮ ਤੋਂ ਬਿਨਾ ਸਾਰੇ ਲੋਕ ਭਟਕਦੇ ਫਿਰਦੇ ਹਨ; ਉਹਨਾਂ ਨੂੰ ਸੰਸਾਰ ਵਿਚ ਸਦਾ ਘਾਟਾ ਹੀ ਘਾਟਾ ਹੈ; ਹੇ ਨਾਨਕ! ਮਨਮੁਖ ਤਾਂ ਹਉਮੈ ਦੇ ਆਸਰੇ ਉਹ ਕਰਮ ਕਮਾਂਦੇ ਹਨ ਜੋ ਘੁੱਪ ਹਨੇਰਾ ਪੈਦਾ ਕਰਦੇ ਹਨ। ਪਰ ਸਤਿਗੁਰੂ ਦੇ ਸਨਮੁਖ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ।੧।

ਮਃ ੩ ॥ ਸਹਜੇ ਜਾਗੈ ਸਹਜੇ ਸੋਵੈ ॥ ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥ {ਪੰਨਾ 646}

ਅਰਥ: ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਤਮਕ ਅਡੋਲਤਾ ਵਿਚ ਹੀ ਜਾਗਦਾ ਹੈ ਤੇ ਆਤਮਕ ਅਡੋਲਤਾ ਵਿਚ ਹੀ ਸੌਂਦਾ ਹੈ (ਭਾਵ, ਜਾਗਦਿਆਂ ਹਰੀ ਵਿਚ ਲੀਨ ਤੇ ਸੁੱਤਿਆਂ ਹਰੀ ਵਿਚ ਲੀਨ ਰਹਿੰਦਾ ਹੈ) ਉਸ ਨੂੰ ਹਰ ਰੋਜ਼ (ਭਾਵ, ਹਰ ਵੇਲੇ) ਹਰੀ ਦੀ ਉਸਤਤਿ (ਦਾ ਹੀ ਆਹਰ ਹੁੰਦਾ) ਹੈ।

ਮਨਮੁਖ ਭਰਮੈ ਸਹਸਾ ਹੋਵੈ ॥ ਅੰਤਰਿ ਚਿੰਤਾ ਨੀਦ ਨ ਸੋਵੈ ॥ {ਪੰਨਾ 646}

ਅਰਥ: ਮਨਮੁਖ ਭਟਕਦਾ ਹੈ, ਕਿਉਂਕਿ ਉਸ ਨੂੰ ਸਦਾ ਤੌਖ਼ਲਾ ਰਹਿੰਦਾ ਹੈ; ਮਨ ਵਿਚ ਚਿੰਤਾ ਹੋਣ ਕਰ ਕੇ ਉਹ (ਸੁਖ ਦੀ) ਨੀਂਦਰ ਨਹੀਂ ਸੌਂਦਾ।

ਗਿਆਨੀ ਜਾਗਹਿ ਸਵਹਿ ਸੁਭਾਇ ॥ ਨਾਨਕ ਨਾਮਿ ਰਤਿਆ ਬਲਿ ਜਾਉ ॥੨॥ {ਪੰਨਾ 646}

ਅਰਥ: ਪ੍ਰਭੂ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦੇ ਪ੍ਰਭੂ ਦੇ ਪਿਆਰ ਵਿਚ ਹੀ ਜਾਗਦੇ ਸੌਂਦੇ ਹਨ (ਭਾਵ, ਜਾਗਦੇ ਤੇ ਸੁੱਤੇ ਹੋਏ ਇਕ-ਰਸ ਰਹਿੰਦੇ ਹਨ) । ਹੇ ਨਾਨਕ! ਮੈਂ ਨਾਮ ਵਿਚ ਰੰਗੇ ਹੋਇਆਂ ਤੋਂ ਸਦਕੇ ਹਾਂ।੨।

ਪਉੜੀ ॥ ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥ ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥ ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥ ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥ ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥ {ਪੰਨਾ 646}

ਪਦਅਰਥ: ਸਤਿਆ = ਸਤਿ, ਸਦਾ-ਥਿਰ ਰਹਿਣ ਵਾਲਾ।

ਅਰਥ: ਜੋ ਮਨੁੱਖ ਹਰੀ ਵਿਚ ਰੱਤੇ ਹੋਏ ਹਨ, ਉਹ ਉਸ ਦਾ ਨਾਮ ਸਿਮਰਦੇ ਹਨ; ਉਸ ਇੱਕ ਹਰੀ ਨੂੰ ਧਿਆਉਂਦੇ ਹਨ; ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਇੱਕ ਆਪ ਹਰ ਥਾਂ ਵਿਆਪਕ ਹੈ ਤੇ ਜਿਸ ਇਕ ਨੇ ਹੀ (ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ। ਜੋ ਮਨੁੱਖ ਨਾਮ ਸਿਮਰਦੇ ਹਨ, ਉਹਨਾਂ ਨੇ ਸਾਰਾ ਡਰ ਦੂਰ ਕਰ ਦਿੱਤਾ ਹੈ। ਪਰ ਉਹੀ ਗੁਰਮੁਖ ਨਾਮ ਸਿਮਰਦਾ ਹੈ ਜਿਸਨੂੰ ਪ੍ਰਭੂ ਆਪ ਗੁਰੂ ਦੀ ਮਤਿ ਦੀ ਰਾਹੀਂ ਇਹ ਦਾਤਿ ਦੇਂਦਾ ਹੈ।੯।

Today’s Hukamnama from Gurdwara Damdama Sahib Thatta (Kapurthala)

ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥ {ਪੰਨਾ 674}

ਪਦਅਰਥ: ਪ੍ਰਤਿਪਾਲਕ = ਪਾਲਣ ਵਾਲੇ। ਨਾਇਕ = ਆਗੂ। ਨਿਮਖ = ਅੱਖ ਝਮਕਣ ਜਿਤਨਾ ਸਮਾ। ਤੁਮਰੇ ਧਾਰੇ = ਤੇਰੇ ਆਸਰੇ।੧।

ਜਿਹਵਾ = ਜੀਭ। ਕਹੀਐ = ਬਿਆਨ ਕੀਤਾ ਜਾ ਸਕਦਾ ਹੈ। ਤੇਰੋ = ਤੇਰਾ। ਕਿਨ ਹੀ = ਕਿਨਿ ਹੀ, ਕਿਸੇ ਪਾਸੋਂ ਭੀ {ਲਫ਼ਜ਼ ‘ਕਿਨਿ’ ਦੀ ‘ਿ’ ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ}। ਲਹੀਐ = ਲੱਭਿਆ ਜਾ ਸਕਦਾ।੧।ਰਹਾਉ।

ਕੋਟਿ = ਕ੍ਰੋੜਾਂ। ਪਰਾਧ = ਅਪਰਾਧ। ਖੰਡਹੁ = ਨਾਸ ਕਰਦੇ ਹੋ। ਬਿਧਿ = ਤਰੀਕਾ। ਅਗਿਆਨ = ਗਿਆਨ = ਹੀਣ, ਆਤਮਕ ਜੀਵਨ ਦੀ ਸੂਝ ਤੋਂ ਸੱਖਣੇ। ਅਲਪ = ਥੋੜੀ, ਹੋਛੀ। ਬਿਰਦੁ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ।੨।

ਤੁਮਾਰੀ = ਤੇਰੀ ਹੀ। ਸੁਹੇਲੇ = ਸੁਖ ਦੇਣ ਵਾਲੇ। ਰਾਖਨਹਾਰ = ਰੱਖਿਆ ਕਰਨ ਦੀ ਸਮਰਥਾ ਵਾਲੇ! ਗੋਲੇ = ਗ਼ੁਲਾਮ।੩।

ਅਰਥ: ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ।

ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ) , ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧।

ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ।੨।

ਹੇ ਨਾਨਕ! ਆਖ-) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ।੩।੧੨।

Today’s Hukamnama from Gurdwara Baba Darbara Singh Ji Tibba (Kapurthala)

ਕਿਆ ਪੜੀਐ ਕਿਆ ਗੁਨੀਐ ॥ ਕਿਆ ਬੇਦ ਪੁਰਾਨਾਂ ਸੁਨੀਐ ॥ ਪੜੇ ਸੁਨੇ ਕਿਆ ਹੋਈ ॥ ਜਉ ਸਹਜ ਨ ਮਿਲਿਓ ਸੋਈ ॥੧॥ ਹਰਿ ਕਾ ਨਾਮੁ ਨ ਜਪਸਿ ਗਵਾਰਾ ॥ ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥ ਅੰਧਿਆਰੇ ਦੀਪਕੁ ਚਹੀਐ ॥ ਇਕ ਬਸਤੁ ਅਗੋਚਰ ਲਹੀਐ ॥ ਬਸਤੁ ਅਗੋਚਰ ਪਾਈ ॥ ਘਟਿ ਦੀਪਕੁ ਰਹਿਆ ਸਮਾਈ ॥੨॥ ਕਹਿ ਕਬੀਰ ਅਬ ਜਾਨਿਆ ॥ ਜਬ ਜਾਨਿਆ ਤਉ ਮਨੁ ਮਾਨਿਆ ॥ ਮਨ ਮਾਨੇ ਲੋਗੁ ਨ ਪਤੀਜੈ ॥ ਨ ਪਤੀਜੈ ਤਉ ਕਿਆ ਕੀਜੈ ॥੩॥੭॥ {ਪੰਨਾ 655-656}

ਪਦਅਰਥ: ਕਿਆ = ਕੀਹ ਲਾਭ? ਗੁਨੀਐ {Skt. गण्} ਵਿਚਾਰੀਏ। ਕਿਆ ਹੋਈ = ਕੋਈ ਲਾਭ ਨਹੀਂ ਹੋਵੇਗਾ। ਜਉ = ਜੇ। ਸਹਜ = {Skt. सहज = as a natural result of} ਕੁਦਰਤੀ ਨਤੀਜੇ ਦੇ ਤੌਰ ਤੇ, ਸੁਭਾਵਿਕ ਹੀ। ਸੋਈ = ਉਹ ਪ੍ਰਭੂ।੧।

ਨ ਜਪਸਿ = ਤੂੰ ਨਹੀਂ ਜਪਦਾ। ਗਵਾਰਾ = ਹੇ ਗੰਵਾਰ! ਹੇ ਮੂਰਖ! ਬਾਰੰ ਬਾਰਾ = ਮੁੜ ਮੁੜ।੧।ਰਹਾਉ।

ਅੰਧਿਆਰੇ = ਹਨੇਰੇ ਵਿਚ। ਚਹੀਐ = ਚਾਹੀਦਾ ਹੈ, ਲੋੜ ਹੁੰਦੀ ਹੈ। ਅਗੋਚਰ = ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ {ਅ = ਗੋ = ਚਰ}। ਲਹੀਐ = ਲੱਭ ਪਏ। ਪਾਈ = (ਜਿਸ ਨੇ) ਲੱਭ ਲਈ। ਘਟਿ = (ਉਸ ਦੇ) ਹਿਰਦੇ ਵਿਚ। ਸਮਾਈ ਰਹਿਆ = ਅਡੋਲ ਜਗਦਾ ਰਹਿੰਦਾ ਹੈ।੨।

ਕਹਿ = ਕਹੇ, ਕਹਿੰਦਾ ਹੈ। ਅਬ = ਹੁਣ (ਜਦੋਂ ‘ਅਗੋਚਰ ਬਸਤੁ’ ਲੱਭ ਪਈ ਹੈ) । ਜਾਨਿਆ = ਜਾਣ ਲਿਆ ਹੈ, ਸੂਝ ਪੈ ਗਈ ਹੈ, ਜਾਣ-ਪਛਾਣ ਹੋ ਗਈ ਹੈ। ਮਾਨਿਆ = ਮੰਨ ਗਿਆ, ਪਤੀਜ ਗਿਆ ਹੈ, ਸੰਤੁਸ਼ਟ ਹੋ ਗਿਆ ਹੈ। ਤਉ = ਤਾਂ। ਕਿਆ ਕੀਜੈ = ਕੀਹ ਕੀਤਾ ਜਾਏ? ਕੋਈ ਮੁਥਾਜੀ ਨਹੀਂ ਹੁੰਦੀ।੩।

ਅਰਥ: ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ (ਤਾਂ) ਸਿਮਰਦਾ ਨਹੀਂ (ਨਾਮ ਨੂੰ ਵਿਸਾਰ ਕੇ) ਮੁੜ ਮੁੜ ਹੋਰ ਸੋਚਾਂ ਸੋਚਣ ਦਾ ਤੈਨੂੰ ਕੀਹ ਲਾਭ ਹੋਵੇਗਾ?।੧।ਰਹਾਉ।

(ਹੇ ਗੰਵਾਰ!) ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨਿਰੇ ਪੜ੍ਹਨ ਸੁਣਨ ਤੋਂ ਕੋਈ ਫ਼ਾਇਦਾ ਨਹੀਂ, ਜੇ ਇਸ ਪੜ੍ਹਨ ਸੁਣਨ ਦੇ ਕੁਦਰਤੀ ਨਤੀਜੇ ਦੇ ਤੌਰ ਤੇ ਉਸ ਪ੍ਰਭੂ ਦਾ ਮਿਲਾਪ ਨਾਹ ਹੋਵੇ।੧।

ਹਨੇਰੇ ਵਿਚ (ਤਾਂ) ਦੀਵੇ ਦੀ ਲੋੜ ਹੁੰਦੀ ਹੈ (ਤਾਕਿ ਅੰਦਰੋਂ) ਉਹ ਹਰਿ-ਨਾਮ ਪਦਾਰਥ ਮਿਲ ਪਏ, ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, (ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਉਹ ਗਿਆਨ ਦਾ ਦੀਵਾ ਮਨ ਵਿਚ ਜਗਣਾ ਚਾਹੀਦਾ ਹੈ ਜਿਸ ਨਾਲ ਅੰਦਰ-ਵੱਸਦਾ ਰੱਬ ਲੱਭ ਪਏ) । ਜਿਸ ਮਨੁੱਖ ਨੂੰ ਉਹ ਅਪਹੁੰਚ ਹਰਿ-ਨਾਮ ਪਦਾਰਥ ਮਿਲ ਪੈਂਦਾ ਹੈ, ਉਸ ਦੇ ਅੰਦਰ ਉਹ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ।੨।

ਕਬੀਰ ਆਖਦਾ ਹੈ-ਉਸ ਅਪਹੁੰਚ ਹਰਿ-ਨਾਮ ਪਦਾਰਥ ਨਾਲ ਮੇਰੀ ਭੀ ਜਾਣ-ਪਛਾਣ ਹੋ ਗਈ ਹੈ। ਜਦੋਂ ਤੋਂ ਜਾਣ-ਪਛਾਣ ਹੋਈ ਹੈ, ਮੇਰਾ ਮਨ ਉਸੇ ਵਿਚ ਹੀ ਪਰਚ ਗਿਆ ਹੈ। (ਪਰ ਜਗਤ ਲੋੜਦਾ ਹੈ ਧਰਮ-ਪੁਸਤਕਾਂ ਦੇ ਰਿਵਾਜੀ ਪਾਠ ਕਰਨੇ ਕਰਾਉਣੇ ਤੇ ਤੀਰਥ ਆਦਿਕਾਂ ਦੇ ਇਸ਼ਨਾਨ; ਸੋ,) ਪਰਮਾਤਮਾ ਵਿਚ ਮਨ ਜੁੜਨ ਨਾਲ (ਕਰਮ-ਕਾਂਡੀ) ਜਗਤ ਦੀ ਤਸੱਲੀ ਨਹੀਂ ਹੁੰਦੀ; (ਦੂਜੇ ਪਾਸੇ,) ਨਾਮ ਸਿਮਰਨ ਵਾਲੇ ਨੂੰ ਭੀ ਇਹ ਮੁਥਾਜੀ ਨਹੀਂ ਹੁੰਦੀ ਕਿ ਜ਼ਰੂਰ ਹੀ ਲੋਕਾਂ ਦੀ ਤਸੱਲੀ ਭੀ ਕਰਾਏ, (ਤਾਹੀਏਂ, ਆਮ ਤੌਰ ਤੇ ਇਹਨਾਂ ਦਾ ਅਜੋੜ ਹੀ ਬਣਿਆ ਰਹਿੰਦਾ ਹੈ) ।੩।੭।

ਸ਼ਬਦ ਦਾ ਭਾਵ: ਜੇ ਮਨੁੱਖ ਦੀ ਲਗਨ ਪ੍ਰਭੂ ਦੇ ਨਾਮ ਵਿਚ ਨਹੀਂ ਬਣਦੀ ਤਾਂ ਧਰਮ-ਪੁਸਤਕਾਂ ਦੇ ਪਾਠ ਕਰਾਉਣ ਦਾ ਕੋਈ ਲਾਭ ਨਹੀਂ ਹੁੰਦਾ। ਇਹ ਪਾਠ ਕਰਨੇ ਕਰਾਉਣੇ ਨਿਰੇ ਲੋਕਾਚਾਰੀ ਰਹਿ ਜਾਂਦੇ ਹਨ।੭।

Today’s Hukamnama from State Gurdwara Sahib Kapurthala

ਸੂਹੀ ਮਹਲਾ ੫ ॥ ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥ ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥ ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ ॥ ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥ ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥ ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥ {ਪੰਨਾ 749-750}

ਪਦਅਰਥ: ਜਿਸ ਕੇ = {ਲਫ਼ਜ਼ ‘ਜਿਸ’ ਦਾ ੁ ਸੰਬੰਧਕ ‘ਕੇ’ ਦੇ ਕਾਰਨ ਉੱਡ ਗਿਆ ਹੈ}। ਸੁਆਮੀ = ਹੇ ਸੁਆਮੀ! ਬੋਲਿ ਨ ਜਾਣੈ = ਬੋਲਣ ਨਹੀਂ ਜਾਣਦਾ। ਮਦਿ = ਅਹੰਕਾਰ ਵਿਚ। ਮਾਤਾ = ਮਸਤ। ਮਰਣਾ = ਮੌਤ, ਮੌਤ ਦਾ ਸਹਿਮ। ਚੀਤਿ = ਚਿੱਤ ਵਿਚ।੧।

ਰਾਮਰਾਇ = ਹੇ ਪ੍ਰਭੂ = ਪਾਤਿਸ਼ਾਹ! ਕਉ = ਨੂੰ। ਨੇਰੇ = ਨੇੜੇ।੧।ਰਹਾਉ।

ਤੇਰੈ ਰੰਗਿ = ਤੇਰੇ ਪ੍ਰੇਮ ਵਿਚ। ਰਾਤੇ = ਰੰਗੇ ਹੋਏ। ਨਾਸਾ = ਦੂਰ ਹੋ ਜਾਂਦਾ ਹੈ। ਬਖਸ = ਬਖ਼ਸ਼ਸ਼। ਦਿਲਾਸਾ = ਭਰੋਸਾ, ਤਸੱਲੀ।੨।

ਧਿਆਇਨਿ = ਧਿਆਉਂਦੇ ਹਨ। ਪਾਇਨਿ = ਪਾਂਦੇ ਹਨ। ਆਰਾਧਹਿ = ਆਰਾਧਦੇ ਹਨ। ਭਰਵਾਸੇ = ਆਸਰੇ ਨਾਲ। ਪੰਚ ਦੁਸਟ = ਕਾਮਾਦਿਕ ਪੰਚ ਵੈਰੀ। ਲੈ = ਫੜ ਕੇ। ਸਾਧਹਿ = ਵੱਸ ਵਿਚ ਕਰ ਲੈਂਦੇ ਹਨ।੩।

ਗਿਆਨੁ = ਆਤਮਕ ਜੀਵਨ ਦੀ ਸੂਝ। ਧਿਆਨੁ = ਸੁਰਤਿ ਜੋੜਨ ਦੀ ਜਾਚ। ਨ ਜਾਣਾ = ਨ ਜਾਣਾਂ, ਨਹੀਂ ਸਾਂ ਜਾਣਦਾ। ਸਾਰ = ਕਦਰ। ਜਿਨਿ = ਜਿਸ (ਗੁਰੂ) ਨੇ। ਕਰ = ਇੱਜਤ, ਲਾਜ।੪।

ਅਰਥ: ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ (ਆਪਣੇ) ਸੰਤਾਂ ਦਾ (ਰਾਖਾ) ਹੈਂ, (ਤੇਰੇ) ਸੰਤ ਤੇਰੇ (ਆਸਰੇ ਰਹਿੰਦੇ ਹਨ) । ਹੇ ਪ੍ਰਭੂ! ਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ।੧।ਰਹਾਉ।

ਹੇ ਮੇਰੇ ਮਾਲਕ ਪ੍ਰਭੂ! ਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂ) ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ। ਉਹ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ।੧।

ਹੇ ਮੇਰੇ ਮਾਲਕ! ਜੇਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਜਾਂਦਾ ਹੈ, ਉਹਨਾਂ ਨੂੰ ਗੁਰੂ ਦਾ (ਦਿੱਤਾ ਹੋਇਆ ਇਹ) ਭਰੋਸਾ (ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈ) ਤੇਰੀ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ।੨।

ਹੇ ਪ੍ਰਭੂ! ਤੇਰੇ ਸੰਤ ਤੇਰਾ) ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ। ਤੇਰੀ ਸਰਨ ਵਿਚ ਆ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ) ਪੰਜੇ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ।੩।

ਹੇ ਮੇਰੇ ਮਾਲਕ-ਪ੍ਰਭੂ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿਚ ਸੁਰਤਿ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ। ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ) ।੪।੧੦।੫੭।