Today’s Hukamnama 04.10.2019: Ber Sahib, Baoli Sahib, Damdama Sahib, Baba Darbara Singh, State Gurdwara Sahib

148
Today’s Hukamnama from Gurdwara Sri Ber Sahib Sultanpur Lodhi

ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ    ੴ ਸਤਿਗੁਰ ਪ੍ਰਸਾਦਿ ॥ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥ ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥ ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥ ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥ ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭਗਵੈ ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥ {ਪੰਨਾ 657-658}

ਪਦਅਰਥ: ਜਬ = ਜਿਤਨਾ ਚਿਰ। ਹਮ = ਅਸੀ, ਹਉਮੈ, ਆਪਾ = ਭਾਵ। ਹੋਤੇ = ਹੁੰਦੇ ਹਾਂ। ਮੈ = ਮੇਰੀ ਅਪਣੱਤ, ਹਉਮੈ। ਅਨਲ = {Skt. अनिल} ਹਵਾ। ਅਨਲ ਅਗਮ = ਭਾਰੀ ਹਨੇਰੀ (ਦੇ ਕਾਰਨ) । ਲਹਰਿ ਮਇ = ਲਹਰਿ ਮਯ, ਲਹਰਿ ਮੈ, {ਸੰ: ਮਯ = ਜਿਸ ਲਫ਼ਜ਼ ਦੇ ਅਖ਼ੀਰ ਵਿਚ ਲਫ਼ਜ਼ ‘ਮਯ’ ਵਰਤਿਆ ਜਾਏ, ਉਸ ਦੇ ਅਰਬ ਵਿਚ ‘ਬਹੁਲਤਾ’ ਦਾ ਖ਼ਿਆਲ ਵਧਾਇਆ ਜਾਂਦਾ ਹੈ, ਜਿਵੇਂ ਦਇਆ ਮਯ = ਦਇਆ ਨਾਲ ਭਰਪੂਰ} ਲਹਰਾਂ ਨਾਲ ਭਰਪੂਰ। ਓਦਧਿ = {Skt. ਉਦਧਿ, उदधि} ਸਮੁੰਦਰ।੧।

ਮਾਧਵੇ = ਹੇ ਮਾਧੋ! (ਨੋਟ: ਲਫ਼ਜ਼ ‘ਮਾਧੋ’ ਭਗਤ ਰਵਿਦਾਸ ਜੀ ਦਾ ਖ਼ਾਸ ਪਿਆਰਾ ਲਫ਼ਜ਼ ਹੈ, ਬਹੁਤੀ ਵਾਰੀ ਪਰਮਾਤਮਾ ਵਾਸਤੇ ਇਹੀ ਲਫ਼ਜ਼ ਵਰਤਦੇ ਹਨ, ਸੰਸਕ੍ਰਿਤ ਧਾਰਮਿਕ ਪੁਸਤਕਾਂ ਵਿਚ ਇਹ ਨਾਮ ਕ੍ਰਿਸ਼ਨ ਜੀ ਦਾ ਹੈ। ਜੇ ਰਵਿਦਾਸ ਜੀ ਸ੍ਰੀ ਰਾਮ ਚੰਦ ਜੀ ਦੇ ਉਪਾਸ਼ਕ ਹੁੰਦੇ, ਤਾਂ ਇਹ ਲਫ਼ਜ਼ ਉਹ ਨਾਹ ਵਰਤਦੇ) । ਕਿਆ ਕਹੀਐ = ਕੀਹ ਆਖੀਏ? ਕਿਹਾ ਨਹੀਂ ਜਾ ਸਕਦਾ। ਭ੍ਰਮੁ = ਭੁਲੇਖਾ। ਮਾਨੀਐ = ਮੰਨਿਆ ਜਾ ਰਿਹਾ ਹੈ, ਖ਼ਿਆਲ ਬਣਾਇਆ ਹੋਇਆ ਹੈ।੧।ਰਹਾਉ।

ਨਰਪਿਤ = ਰਾਜਾ। ਸਿੰਘਾਸਨਿ = ਤਖ਼ਤ ਉੱਤੇ। ਭਿਖਾਰੀ = ਮੰਗਤਾ। ਅਛਤ = ਹੁੰਦਿਆਂ ਸੁੰਦਿਆਂ। ਗਤਿ = ਹਾਲਤ।੨।

ਰਾਜ = ਰੱਜੂ, ਰੱਸੀ। ਭੁਇਅੰਗ = ਸੱਪ। ਪ੍ਰਸੰਗ = ਵਾਰਤਾ, ਗੱਲ। ਮਰਮੁ = ਭੇਤ, ਰਾਜ਼। ਕਟਕ = ਕੜੇ। ਕਹਤੇ = ਆਖਦਿਆਂ।੩।

ਸਰਬੇ = ਸਾਰਿਆਂ ਵਿਚ। ਅਨੇਕੈ = ਅਨੇਕ = ਰੂਪ ਹੋ ਕੇ। ਭਗਵੈ = {ਨੋਟ: ਅੱਖਰ ‘ਭ’ ਦੇ ਨਾਲ ਦੋ ਲਗਾਂ ਹਨ (ੋ) ਤੇ (ੁ) । ਅਸਲ ਲਫ਼ਜ਼ ਹੈ ‘ਭੋਗਵੈ’ ਪਰ ਇਥੇ ਪੜ੍ਹਨਾ ਹੈ ‘ਭੁਗਵੈ’} ਭੋਗ ਰਿਹਾ ਹੈ, ਮੌਜੂਦ ਹੈ। ਪੈ = ਤੋਂ। ਸਹਜੇ = ਸੁਤੇ ਹੀ, ਉਸ ਦੀ ਰਜ਼ਾ ਵਿਚ।੪।

ਅਰਥ: (ਹੇ ਮਾਧੋ!) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਅਸਾਡੀ ‘ਮੈਂ’ ਦੂਰ ਹੋ ਜਾਂਦੀ ਹੈ; (ਇਸ ‘ਮੈਂ’ ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ) ਜਿਵੇਂ ਬੜਾ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾਂ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ) ।੧।

ਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ) , ਉਹ ਠੀਕ ਨਹੀਂ ਹੈ।੧।ਰਹਾਉ।

(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ, ਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੁੜ ਕੇ) ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ।੨।

ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਜਿਵੇਂ (ਸੋਨੇ ਤੋਂ ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ (ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ) , ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ। ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ (ਭਾਵ, ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ) ।੩।

(ਹੁਣ ਤਾਂ) ਰਵਿਦਾਸ ਆਖਦਾ ਹੈ ਕਿ ਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇੱਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ। (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ, ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ।੪।੧।

ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ। ਪਰ ਜੀਵ ਆਪਣੀ ‘ਹਉਂ’ ਦੇ ਘੇਰੇ ਵਿਚ ਰਹਿ ਕੇ ਜਗਤ ਨੂੰ ਉਸ ਤੋਂ ਵੱਖਰੀ ਹਸਤੀ ਸਮਝਦਾ ਹੈ। ਜਿਤਨਾ ਚਿਰ ‘ਹਉਂ’ ਹੈ, ਉਤਨਾ ਚਿਰ ਵਿਤਕਰੇ ਹਨ।

Today’s Hukamnama from Gurdwara Baoli Sahib Goindwal Sahib

ਬਿਲਾਵਲੁ ਮਹਲਾ ੫ ॥ ਪ੍ਰਭ ਜਨਮ ਮਰਨ ਨਿਵਾਰਿ ॥ ਹਾਰਿ ਪਰਿਓ ਦੁਆਰਿ ॥ ਗਹਿ ਚਰਨ ਸਾਧੂ ਸੰਗ ॥ ਮਨ ਮਿਸਟ ਹਰਿ ਹਰਿ ਰੰਗ ॥ ਕਰਿ ਦਇਆ ਲੇਹੁ ਲੜਿ ਲਾਇ ॥ ਨਾਨਕਾ ਨਾਮੁ ਧਿਆਇ ॥੧॥ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥ ਜਾਚਉ ਸੰਤ ਰਵਾਲ ॥੧॥ ਰਹਾਉ ॥ਸੰਸਾਰੁ ਬਿਖਿਆ ਕੂਪ ॥ ਤਮ ਅਗਿਆਨ ਮੋਹਤ ਘੂਪ ॥ ਗਹਿ ਭੁਜਾ ਪ੍ਰਭ ਜੀ ਲੇਹੁ ॥ ਹਰਿ ਨਾਮੁ ਅਪੁਨਾ ਦੇਹੁ ॥ ਪ੍ਰਭ ਤੁਝ ਬਿਨਾ ਨਹੀ ਠਾਉ ॥ ਨਾਨਕਾ ਬਲਿ ਬਲਿ ਜਾਉ ॥੨॥ {ਪੰਨਾ 837-838}

ਪਦਅਰਥ: ਪ੍ਰਭ = ਹੇ ਪ੍ਰਭੂ! ਨਿਵਾਰਿ = ਦੂਰ ਕਰ। ਦੁਆਰਿ = (ਤੇਰੇ) ਦਰ ਤੇ। ਹਾਰਿ = ਹਾਰ ਕੇ, ਥੱਕ ਕੇ, (ਹੋਰ ਪਾਸਿਆਂ ਵਲੋਂ) ਆਸ ਲਾਹ ਕੇ। ਗਹਿ = ਫੜ ਕੇ। ਮਿਸਟ = ਮਿੱਠਾ। ਕਰਿ = ਕਰ ਕੇ। ਲੜਿ = ਪੱਲੇ ਨਾਲ। ਨਾਨਕਾ = ਹੇ ਨਾਨਕ!।੧।

ਦੀਨਾ ਨਾਥ = ਹੇ ਗਰੀਬਾਂ ਦੇ ਖਸਮ! ਦਇਆਲ = ਹੇ ਦਇਆ ਦੇ ਸੋਮੇ! ਜਾਚਉ = ਜਾਚਉਂ, ਮੈਂ ਮੰਗਦਾ ਹਾਂ। ਰਵਾਲ = ਚਰਨ = ਧੂੜ।੧।ਰਹਾਉ।

ਬਿਖਿਆ = ਮਾਇਆ। ਕੂਪ = ਖੂਹ। ਤਮ = ਹਨੇਰਾ। ਅਗਿਆਨ = ਆਤਮਕ ਜੀਵਨ ਵਲੋਂ ਬੇ = ਸਮਝੀ। ਤਮ ਘੂਪ = ਘੁੱਪ ਹਨੇਰਾ। ਮੋਹਤ = ਮੋਹ ਰਿਹਾ ਹੈ। ਗਹਿ = ਫੜ ਕੇ। ਭੁਜਾ = ਬਾਂਹ। ਠਾਉ = ਠਾਉਂ, ਥਾਂ, ਆਸਰਾ। ਬਲਿ ਜਾਉ = ਬਲਿ ਜਾਉਂ, ਮੈਂ ਸਦਕੇ ਜਾਂਦਾ ਹਾਂ।੨।

ਅਰਥ: ਹੇ ਗ਼ਰੀਬਾਂ ਦੇ ਖਸਮ! ਹੇ ਦਇਆ ਦੇ ਸੋਮੇ! ਹੇ ਮੇਰੇ ਸੁਆਮੀ! ਹੇ ਦੀਨਾ ਨਾਥ! ਹੇ ਦਇਆਲ! ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।੧।ਰਹਾਉ।

ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆ ਕਰ (ਅਤੇ ਬੇਨਤੀ ਕਰਿਆ ਕਰ-) ਹੇ ਪ੍ਰਭੂ! ਮੇਰਾ) ਜਨਮ ਮਰਨ (ਦਾ ਗੇੜ) ਮੁਕਾ ਦੇਹ, ਮੈਂ (ਹੋਰ ਪਾਸਿਆਂ ਵਲੋਂ) ਆਸ ਲਾਹ ਕੇ ਤੇਰੇ ਦਰ ਤੇ ਆ ਡਿੱਗਾ ਹਾਂ। (ਮਿਹਰ ਕਰ) ਤੇਰੇ ਸੰਤ ਜਨਾਂ ਦੇ ਚਰਨ ਫੜ ਕੇ (ਤੇਰੇ ਸੰਤ ਜਨਾਂ ਦਾ) ਪੱਲਾ ਫੜ ਕੇ, ਮੇਰੇ ਮਨ ਨੂੰ, ਹੇ ਹਰੀ! ਤੇਰਾ ਪਿਆਰ ਮਿੱਠਾ ਲੱਗਦਾ ਰਹੇ। ਮਿਹਰ ਕਰ ਕੇ ਮੈਨੂੰ ਆਪਣੇ ਲੜ ਨਾਲ ਲਾ ਲੈ।੧।

ਹੇ ਨਾਨਕ! ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ, ਆਖ-) ਹੇ ਪ੍ਰਭੂ! ਮੈਂ (ਤੇਰੇ ਨਾਮ ਤੋਂ) ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼। ਇਹ ਜਗਤ ਮਾਇਆ (ਦੇ ਮੋਹ) ਦਾ ਖੂਹ ਹੈ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਮੈਨੂੰ) ਮੋਹ ਰਿਹਾ ਹੈ। (ਮੇਰੀ) ਬਾਂਹ ਫੜ ਕੇ (ਮੈਨੂੰ) ਬਚਾ ਲੈ।੨।

ਲੋਭਿ ਮੋਹਿ ਬਾਧੀ ਦੇਹ ॥ ਬਿਨੁ ਭਜਨ ਹੋਵਤ ਖੇਹ ॥ ਜਮਦੂਤ ਮਹਾ ਭਇਆਨ ॥ਚਿਤ ਗੁਪਤ ਕਰਮਹਿ ਜਾਨ ॥ ਦਿਨੁ ਰੈਨਿ ਸਾਖਿ ਸੁਨਾਇ ॥ ਨਾਨਕਾ ਹਰਿ ਸਰਨਾਇ ॥੩॥ ਭੈ ਭੰਜਨਾ ਮੁਰਾਰਿ ॥ ਕਰਿ ਦਇਆ ਪਤਿਤ ਉਧਾਰਿ ॥ ਮੇਰੇ ਦੋਖ ਗਨੇ ਨ ਜਾਹਿ ॥ ਹਰਿ ਬਿਨਾ ਕਤਹਿ ਸਮਾਹਿ ॥ ਗਹਿ ਓਟ ਚਿਤਵੀ ਨਾਥ ॥ ਨਾਨਕਾ ਦੇ ਰਖੁ ਹਾਥ ॥੪॥ ਹਰਿ ਗੁਣ ਨਿਧੇ ਗੋਪਾਲ ॥ ਸਰਬ ਘਟ ਪ੍ਰਤਿਪਾਲ ॥ ਮਨਿ ਪ੍ਰੀਤਿ ਦਰਸਨ ਪਿਆਸ ॥ ਗੋਬਿੰਦ ਪੂਰਨ ਆਸ ॥ ਇਕ ਨਿਮਖ ਰਹਨੁ ਨ ਜਾਇ ॥ ਵਡ ਭਾਗਿ ਨਾਨਕ ਪਾਇ ॥੫॥ {ਪੰਨਾ 838}

ਪਦਅਰਥ: ਲੋਭਿ = ਲੋਭ ਨਾਲ, ਲੋਭ ਵਿਚ। ਮੋਹਿ = ਮੋਹ ਨਾਲ, ਮੋਹ ਵਿਚ। ਦੇਹ = ਸਰੀਰ। ਖੇਹ = ਮਿੱਟੀ, ਸੁਆਹ। ਭਇਆਨ = ਭਿਆਨਕ, ਡਰਾਵਣੇ। ਚਿਤ ਗੁਪਤ = ਚਿੱਤ੍ਰ ਗੁਪਤ। ਕਰਮਹਿ = (ਮੇਰੇ) ਕਰਮਾਂ ਨੂੰ। ਰੈਨਿ = ਰਾਤ। ਸਾਖਿ = ਗਵਾਹੀ। ਸੁਨਾਇ = ਸੁਣਾ ਕੇ। ਹਰਿ = ਹੇ ਹਰੀ!।੩।

ਭੈ = {ਲਫ਼ਜ਼ ‘ਭਉ’ ਤੋਂ ਬਹੁ-ਵਚਨ} ਸਾਰੇ ਡਰ। ਮੁਰਾਰਿ = ਹੇ ਪ੍ਰਭੂ! ਭੈ ਭੰਜਨਾ = ਹੇ ਸਾਰੇ ਡਰ ਨਾਸ ਕਰਨ ਵਾਲੇ! ਕਰਿ = ਕਰ ਕੇ। ਪਤਿਤ = ਵਿਕਾਰੀ। ਉਧਾਰਿ = ਬਚਾ ਲੈ। ਦੋਖ = ਐਬ, ਪਾਪ। ਕਤਹਿ = ਹੋਰ ਕਿੱਥੇ? ਸਮਾਹਿ = ਸਮਾ ਸਕਦੇ ਹਨ, ਮੁਆਫ਼ ਹੋ ਸਕਦੇ ਹਨ। ਗਹਿ = ਫੜ ਲੈ (ਮੇਰੀ ਬਾਂਹ) । ਓਟ = ਆਸਰਾ। ਚਿਤਵੀ = (ਮੈਂ) ਸੋਚੀ ਹੈ। ਨਾਥ = ਹੇ ਨਾਥ! ਦੇ ਹਾਥ = ਹੱਥ ਦੇ ਕੇ।੪।

ਗੁਣ ਨਿਧੇ = ਹੇ ਗੁਣਾਂ ਦੇ ਖ਼ਜ਼ਾਨੇ! ਗੋਪਾਲ = ਹੇ ਸ੍ਰਿਸ਼ਟੀ ਦੇ ਪਾਲਣਹਾਰ! ਘਟ = ਸਰੀਰ। ਪ੍ਰਤਿਪਾਲ = ਹੇ ਪਾਲਣ ਵਾਲੇ! ਮਨਿ = (ਮੇਰੇ) ਮਨ ਵਿਚ। ਪਿਆਸ = ਤਾਂਘ। ਪੂਰਨ ਆਸ = ਆਸ ਪੂਰੀ ਕਰ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਵਡ ਭਾਗਿ = ਵੱਡੀ ਕਿਸਮਤ ਨਾਲ। ਪਾਇ = (ਤੇਰਾ ਮਿਲਾਪ) ਹਾਸਲ ਕਰ ਸਕਦਾ ਹੈ।੫।

ਅਰਥ: ਹੇ ਨਾਨਕ! ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ। ਮੇਰਾ ਸਰੀਰ ਲੋਭ ਵਿਚ ਮੋਹ ਵਿਚ ਬੱਝਾ ਪਿਆ ਹੈ, (ਤੇਰਾ) ਭਜਨ ਕਰਨ ਤੋਂ ਬਿਨਾ ਮਿੱਟੀ ਹੁੰਦਾ ਜਾ ਰਿਹਾ ਹੈ। (ਮੈਨੂੰ) ਜਮਦੂਤ ਬੜੇ ਡਰਾਉਣੇ (ਲੱਗ ਰਹੇ ਹਨ। ਚਿੱਤ੍ਰ ਗੁਪਤ (ਮੇਰੇ) ਕਰਮਾਂ ਨੂੰ ਜਾਣਦੇ ਹਨ। ਦਿਨ ਅਤੇ ਰਾਤ (ਇਹ ਭੀ ਮੇਰੇ ਕਰਮਾਂ ਦੀ) ਗਵਾਹੀ ਦੇ ਕੇ (ਇਹੀ ਕਹਿ ਰਹੇ ਹਨ ਕਿ ਮੈਂ ਮੰਦ-ਕਰਮੀ ਹਾਂ) ।੩।

ਹੇ ਨਾਨਕ! ਆਖ-) ਹੇ ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਭੂ! ਮਿਹਰ ਕਰ ਕੇ (ਮੈਨੂੰ) ਵਿਕਾਰੀ ਨੂੰ (ਵਿਕਾਰਾਂ ਤੋਂ) ਬਚਾ ਲੈ। ਮੇਰੇ ਵਿਕਾਰ ਗਿਣੇ ਨਹੀਂ ਜਾ ਸਕਦੇ। ਹੇ ਹਰੀ! ਤੈਥੋਂ ਬਿਨਾ ਹੋਰ ਕਿਸੇ ਦਰ ਤੇ ਭੀ ਇਹ ਬਖ਼ਸ਼ੇ ਨਹੀਂ ਜਾ ਸਕਦੇ। ਹੇ ਨਾਥ! ਮੈਂ ਤੇਰਾ ਆਸਰਾ ਹੀ ਸੋਚਿਆ ਹੈ, (ਮੇਰੀ ਬਾਂਹ) ਫੜ ਲੈ, (ਆਪਣਾ) ਹੱਥ ਦੇ ਕੇ ਮੇਰੀ ਰੱਖਿਆ ਕਰ।੪।

ਹੇ ਨਾਨਕ! ਆਖ-) ਹੇ ਹਰੀ! ਹੇ ਗੁਣਾਂ ਦੇ ਖ਼ਜ਼ਾਨੇ! ਹੇ ਧਰਤੀ ਦੇ ਰੱਖਿਅਕ! ਹੇ ਸਭ ਸਰੀਰਾਂ ਦੇ ਪਾਲਣਹਾਰ! ਹੇ ਗੋਬਿੰਦ! ਮੇਰੇ ਮਨ ਦੀ) ਆਸ ਪੂਰੀ ਕਰ, (ਮੇਰੇ) ਮਨ ਵਿਚ (ਤੇਰੀ) ਪ੍ਰੀਤ (ਬਣੀ ਰਹੇ, ਤੇਰੇ) ਦਰਸਨ ਦੀ ਤਾਂਘ (ਬਣੀ ਰਹੇ, ਤੇਰੇ ਦਰਸਨ ਤੋਂ ਬਿਨਾ ਮੈਥੋਂ) ਇਕ ਪਲ ਭਰ ਭੀ ਰਿਹਾ ਨਹੀਂ ਜਾ ਸਕਦਾ। ਵੱਡੀ ਕਿਸਮਤ ਨਾਲ ਹੀ ਕੋਈ (ਤੇਰਾ) ਮਿਲਾਪ ਪ੍ਰਾਪਤ ਕਰਦਾ ਹੈ।੫।

ਪ੍ਰਭ ਤੁਝ ਬਿਨਾ ਨਹੀ ਹੋਰ ॥ ਮਨਿ ਪ੍ਰੀਤਿ ਚੰਦ ਚਕੋਰ ॥ ਜਿਉ ਮੀਨ ਜਲ ਸਿਉ ਹੇਤੁ ॥ ਅਲਿ ਕਮਲ ਭਿੰਨੁ ਨ ਭੇਤੁ ॥ ਜਿਉ ਚਕਵੀ ਸੂਰਜ ਆਸ ॥ ਨਾਨਕ ਚਰਨ ਪਿਆਸ ॥੬॥ {ਪੰਨਾ 838}

ਪਦਅਰਥ: ਪ੍ਰਭ = ਹੇ ਪ੍ਰਭੂ! ਮਨਿ = (ਮੇਰੇ) ਮਨ ਵਿਚ। ਮੀਨ = ਮੱਛੀ। ਸਿਉ = ਨਾਲ। ਹੇਤੁ = ਪਿਆਰ। ਅਲਿ = ਭੌਰਾ। ਕਮਲ = ਕੌਲ ਫੁੱਲ। ਭਿੰਨੁ = ਵੱਖਰਾ। ਭੇਤੁ = ਵਿੱਥ। ਪਿਆਸ = ਤਾਂਘ। ਭਿੰਨੁ ਭੇਤੁ = ਫ਼ਰਕ।੬।

ਅਰਥ: ਹੇ ਨਾਨਕ! ਆਖ-) ਹੇ ਪ੍ਰਭੂ! ਤੈਥੋਂ ਬਿਨਾ (ਮੇਰਾ ਕੋਈ) ਹੋਰ (ਆਸਰਾ) ਨਹੀਂ ਹੈ। (ਮੇਰੇ) ਮਨ ਵਿਚ (ਤੇਰੇ ਚਰਨਾਂ ਦੀ) ਪ੍ਰੀਤ ਹੈ (ਜਿਵੇਂ) ਚਕੋਰ ਨੂੰ ਚੰਦ ਨਾਲ ਪਿਆਰ ਹੈ, ਜਿਵੇਂ ਮਛਲੀ ਦਾ ਪਾਣੀ ਨਾਲ ਪਿਆਰ ਹੈ, (ਜਿਵੇਂ) ਭੌਰ ਦਾ ਕੌਲ ਫੁੱਲ ਨਾਲੋਂ ਕੋਈ ਫ਼ਰਕ ਨਹੀਂ ਰਹਿ ਜਾਂਦਾ, ਜਿਵੇਂ ਚਕਵੀ ਨੂੰ ਸੂਰਜ (ਦੇ ਚੜ੍ਹਨ) ਦੀ ਉਡੀਕ ਲੱਗੀ ਰਹਿੰਦੀ ਹੈ, (ਇਸੇ ਤਰ੍ਹਾਂ, ਹੇ ਪ੍ਰਭੂ! ਮੈਨੂੰ ਤੇਰੇ) ਚਰਨਾਂ ਦੀ ਤਾਂਘ ਹੈ।੬।

ਜਿਉ ਤਰੁਨਿ ਭਰਤ ਪਰਾਨ ॥ ਜਿਉ ਲੋਭੀਐ ਧਨੁ ਦਾਨੁ ॥ ਜਿਉ ਦੂਧ ਜਲਹਿ ਸੰਜੋਗੁ ॥ ਜਿਉ ਮਹਾ ਖੁਧਿਆਰਥ ਭੋਗੁ ॥ ਜਿਉ ਮਾਤ ਪੂਤਹਿ ਹੇਤੁ ॥ ਹਰਿ ਸਿਮਰਿ ਨਾਨਕ ਨੇਤ ॥੭॥ ਜਿਉ ਦੀਪ ਪਤਨ ਪਤੰਗ ॥ ਜਿਉ ਚੋਰੁ ਹਿਰਤ ਨਿਸੰਗ ॥ ਮੈਗਲਹਿ ਕਾਮੈ ਬੰਧੁ ॥ ਜਿਉ ਗ੍ਰਸਤ ਬਿਖਈ ਧੰਧੁ ॥ ਜਿਉ ਜੂਆਰ ਬਿਸਨੁ ਨ ਜਾਇ ॥ ਹਰਿ ਨਾਨਕ ਇਹੁ ਮਨੁ ਲਾਇ ॥੮॥ {ਪੰਨਾ 838}

ਪਦਅਰਥ: ਤਰੁਨਿ = ਜੁਆਨ ਇਸਤ੍ਰੀ। ਭਰਤ = ਭਰਤਾ, ਖਸਮ। ਪਰਾਨ = ਜਿੰਦ = ਜਨ, ਬਹੁਤ ਪਿਆਰਾ। ਲੋਭੀਐ = ਲੋਭੀ ਨੂੰ, ਲਾਲਚੀ ਮਨੁੱਖ ਨੂੰ। ਦਾਨੁ = ਦਿੱਤਾ ਜਾਣਾ, ਪ੍ਰਾਪਤੀ। ਜਲਹਿ = ਪਾਣੀ ਨਾਲ। ਸੰਜੋਗੁ = ਮਿਲਾਪ। ਖੁਧਿਆਰਥ = ਭੁੱਖੇ ਨੂੰ। ਭੋਗੁ = ਭੋਜਨ। ਪੂਤਹਿ = ਪੁੱਤਰ ਨਾਲ। ਹੇਤੁ = ਪਿਆਰ। ਨੇਤ = ਨਿੱਤ, ਸਦਾ।੭।

ਦੀਪ = ਦੀਵਾ। ਪਤਨ = ਡਿੱਗਣਾ {पत् = to fall}। ਪਤੰਗ = ਭੰਬਟ। ਹਿਰਤ = ਚੁਰਾਂਦਾ ਹੈ। ਨਿਸੰਗ = ਝਾਕਾ ਲਾਹ ਕੇ। ਮੈਗਲ = ਹਾਥੀ। ਕਾਮੈ ਬੰਦੁ = ਕਾਮ = ਵਾਸ਼ਨਾ ਦਾ ਮੇਲ। ਬੰਧੁ = ਸਨਬੰਧ, ਮੇਲ। ਗ੍ਰਸਤ = ਗ੍ਰਸਦਾ ਹੈ, ਕਾਬੂ ਕਰੀ ਰੱਖਦਾ ਹੈ। ਧੰਧੁ = (ਵਿਸ਼ਿਆਂ ਦਾ) ਧੰਧਾ। ਬਿਖਈ = ਵਿਸ਼ਈ (ਮਨੁੱਖ) ਨੂੰ। ਬਿਸਨੁ = {व्यसन} ਭੈੜੀ ਆਦਤ। ਲਾਇ = ਜੋੜ ਰੱਖ।੮।

ਅਰਥ: ਹੇ ਨਾਨਕ! ਆਖ-ਹੇ ਭਾਈ) ਜਿਵੇਂ ਜੁਆਨ ਇਸਤ੍ਰੀ ਨੂੰ (ਆਪਣਾ) ਖਸਮ ਬਹੁਤ ਪਿਆਰਾ ਹੁੰਦਾ ਹੈ, ਜਿਵੇਂ ਲਾਲਚੀ ਮਨੁੱਖ ਨੂੰ ਧਨ-ਪ੍ਰਾਪਤੀ (ਤੋਂ ਖ਼ੁਸ਼ੀ ਹੁੰਦੀ ਹੈ) , ਜਿਵੇਂ ਦੁੱਧ ਦਾ ਪਾਣੀ ਨਾਲ ਮਿਲਾਪ ਹੋ ਜਾਂਦਾ ਹੈ, ਜਿਵੇਂ ਬਹੁਤ ਭੁੱਖੇ ਨੂੰ ਭੋਜਨ (ਤ੍ਰਿਪਤ ਕਰਦਾ ਹੈ) , ਜਿਵੇਂ ਮਾਂ ਦਾ ਪੁੱਤਰ ਨਾਲ ਪਿਆਰ ਹੁੰਦਾ ਹੈ, ਤਿਵੇਂ ਸਦਾ ਪਰਮਾਤਮਾ ਨੂੰ (ਪਿਆਰ ਨਾਲ) ਸਿਮਰਿਆ ਕਰ।੭।

ਹੇ ਨਾਨਕ! ਆਖ-ਹੇ ਭਾਈ!) ਜਿਵੇਂ (ਪ੍ਰੇਮ ਦੇ ਬੱਝੇ) ਭੰਬਟ ਦੀਵੇ ਉਤੇ ਡਿੱਗਦੇ ਹਨ, ਜਿਵੇਂ ਚੋਰ ਝਾਕਾ ਲਾਹ ਕੇ ਚੋਰੀ ਕਰਦਾ ਹੈ, ਜਿਵੇਂ ਹਾਥੀ ਦਾ ਕਾਮ-ਵਾਸਨਾ ਨਾਲ ਜੋੜ ਹੈ, ਜਿਵੇਂ (ਵਿਸ਼ਿਆਂ ਦਾ) ਧੰਧਾ ਵਿਸ਼ਈ ਮਨੁੱਖ ਨੂੰ ਗ੍ਰਸੀ ਰੱਖਦਾ ਹੈ, ਜਿਵੇਂ ਜੁਆਰੀਏ ਦੀ (ਜੂਆ ਖੇਡਣ ਦੀ) ਭੈੜੀ ਆਦਤ ਦੂਰ ਨਹੀਂ ਹੁੰਦੀ, ਤਿਵੇਂ (ਆਪਣੇ) ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ ਪਿਆਰ ਨਾਲ) ਜੋੜੀ ਰੱਖੀਂ।੮।

ਕੁਰੰਕ ਨਾਦੈ ਨੇਹੁ ॥ ਚਾਤ੍ਰਿਕੁ ਚਾਹਤ ਮੇਹੁ ॥ ਜਨ ਜੀਵਨਾ ਸਤਸੰਗਿ ॥ ਗੋਬਿਦੁ ਭਜਨਾ ਰੰਗਿ ॥ ਰਸਨਾ ਬਖਾਨੈ ਨਾਮੁ ॥ ਨਾਨਕ ਦਰਸਨ ਦਾਨੁ ॥੯॥ ਗੁਨ ਗਾਇ ਸੁਨਿ ਲਿਖਿ ਦੇਇ ॥ ਸੋ ਸਰਬ ਫਲ ਹਰਿ ਲੇਇ ॥ ਕੁਲ ਸਮੂਹ ਕਰਤ ਉਧਾਰੁ ॥ ਸੰਸਾਰੁ ਉਤਰਸਿ ਪਾਰਿ ॥ ਹਰਿ ਚਰਨ ਬੋਹਿਥ ਤਾਹਿ ॥ ਮਿਲਿ ਸਾਧਸੰਗਿ ਜਸੁ ਗਾਹਿ ॥ ਹਰਿ ਪੈਜ ਰਖੈ ਮੁਰਾਰਿ ॥ ਹਰਿ ਨਾਨਕ ਸਰਨਿ ਦੁਆਰਿ ॥੧੦॥੨॥ {ਪੰਨਾ 838}

ਪਦਅਰਥ: ਕੁਰੰਕ = ਹਰਨ। ਨਾਦੈ ਨੇਹੁ = ਨਾਦ ਦਾ ਪਿਆਰ। ਨਾਦ = ਖੱਲ ਨਾਲ ਮੜ੍ਹੇ ਹੋਏ ਘੜੇ ਦੀ ਆਵਾਜ਼। ਚਾਤ੍ਰਿਕੁ = ਪਪੀਹਾ। ਮੇਹੁ = ਮੀਂਹ। ਸਤਸੰਗਿ = ਸਤ ਸੰਗ ਵਿਚ। ਰੰਗਿ = ਪਿਆਰ ਵਿਚ। ਬਖਾਨੈ = ਉਚਾਰਦਾ ਹੈ। ਦਰਸਨ ਦਾਨੁ = ਦਰਸਨ ਦੀ ਦਾਤਿ।੯।

ਗਾਇ = ਗਾ ਕੇ। ਸੁਨਿ = ਸੁਣ ਕੇ। ਲਿਖਿ = ਲਿਖ ਕੇ। ਦੇਇ = ਦੇਂਦਾ ਹੈ। ਸਰਬ ਫਲ ਹਰਿ = ਸਾਰੇ ਫਲ ਦੇਣ ਵਾਲਾ ਹਰੀ। ਲੇਇ = (ਮਿਲਾਪ) ਹਾਸਲ ਕਰਦਾ ਹੈ। ਕੁਲ ਸਮੂਹ = ਸਾਰੀਆਂ ਕੁਲਾਂ ਦਾ। ਉਧਾਰੁ = ਪਾਰ = ਉਤਾਰਾ। ਉਤਰਸਿ = ਪਾਰ ਲੰਘ ਜਾਂਦਾ ਹੈ। ਬੋਹਿਥ = ਜਹਾਜ਼। ਤਾਹਿ = ਉਹਨਾਂ ਵਾਸਤੇ। ਮਿਲਿ = ਮਿਲ ਕੇ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਜਸੁ = ਸਿਫ਼ਤਿ-ਸਾਲਾਹ। ਗਾਹਿ = ਗਾਂਦੇ ਹਨ {ਬਹੁ-ਵਚਨ}। ਪੈਜ = ਲਾਜ ਇੱਜ਼ਤ। ਦੁਆਰਿ = ਦਰ ਤੇ।੧੦।

ਅਰਥ: ਜਿਵੇਂ ਹਰਨ ਦਾ ਘੰਡੇਹੇੜੇ ਦੀ ਆਵਾਜ਼ ਨਾਲ ਪਿਆਰ ਹੁੰਦਾ ਹੈ, ਜਿਵੇਂ ਪਪੀਹਾ (ਹਰ ਵੇਲੇ) ਮੀਂਹ ਮੰਗਦਾ ਹੈ, ਤਿਵੇਂ, ਹੇ ਨਾਨਕ! ਪਰਮਾਤਮਾ ਦੇ) ਸੇਵਕ ਦਾ (ਸੁਖੀ) ਜੀਵ ਸਾਧ ਸੰਗਤਿ ਵਿਚ (ਹੀ ਹੁੰਦਾ) ਹੈ, ਸੇਵਕ ਪਿਆਰ ਨਾਲ ਪਰਮਾਤਮਾ (ਦੇ ਨਾਮ) ਨੂੰ ਜਪਦਾ ਹੈ, (ਆਪਣੀ) ਜੀਭ ਨਾਲ (ਪਰਮਾਤਮਾ ਦਾ) ਨਾਮ ਉਚਾਰਦਾ ਰਹਿੰਦਾ ਹੈ ਅਤੇ (ਪਰਮਾਤਮਾ ਦੇ) ਦਰਸਨ ਦੀ ਦਾਤਿ (ਮੰਗਦਾ ਰਹਿੰਦਾ ਹੈ) ।੯।

ਜਿਹੜਾ ਮਨੁੱਖ (ਪਰਮਾਤਮਾ ਦੇ) ਗੁਣ ਗਾ ਕੇ, ਸੁਣ ਕੇ, ਲਿਖ ਕੇ (ਇਹ ਦਾਤਿ ਹੋਰਨਾਂ ਨੂੰ ਭੀ) ਦੇਂਦਾ ਹੈ, ਉਹ ਮਨੁੱਖ ਸਾਰੇ ਫਲ ਦੇਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ (ਆਪਣੀਆਂ) ਸਾਰੀਆਂ ਕੁਲਾਂ ਦਾ (ਹੀ) ਪਾਰ-ਉਤਾਰਾ ਕਰਾ ਲੈਂਦਾ ਹੈ, ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।

ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, (ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਲਈ) ਪਰਮਾਤਮਾ ਦੇ ਚਰਨ ਉਹਨਾਂ ਵਾਸਤੇ ਜਹਾਜ਼ (ਦਾ ਕੰਮ ਦੇਂਦੇ) ਹਨ। ਮੁਰਾਰੀ ਪ੍ਰਭੂ ਉਹਨਾਂ ਦੀ ਲਾਜ ਰੱਖਦਾ ਹੈ, ਉਹ ਹਰੀ ਦੀ ਸਰਨ ਪਏ ਰਹਿੰਦੇ ਹਨ, ਉਹ ਹਰੀ ਦੇ ਦਰ ਤੇ ਟਿਕੇ ਰਹਿੰਦੇ ਹਨ।੧੦।੨।

Today’s Hukamnama from Gurdwara Damdama Sahib Thatta (Kapurthala)

ਸੋਰਠਿ ਮਹਲਾ ੫ ॥ ਦੁਰਤੁ ਗਵਾਇਆ ਹਰਿ ਪ੍ਰਭਿ ਆਪੇ ਸਭੁ ਸੰਸਾਰੁ ਉਬਾਰਿਆ ॥ ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ ਅਪਣਾ ਬਿਰਦੁ ਸਮਾਰਿਆ ॥੧॥ ਹੋਈ ਰਾਜੇ ਰਾਮ ਕੀ ਰਖਵਾਲੀ ॥ ਸੂਖ ਸਹਜ ਆਨਦ ਗੁਣ ਗਾਵਹੁ ਮਨੁ ਤਨੁ ਦੇਹ ਸੁਖਾਲੀ ॥ ਰਹਾਉ ॥ ਪਤਿਤ ਉਧਾਰਣੁ ਸਤਿਗੁਰੁ ਮੇਰਾ ਮੋਹਿ ਤਿਸ ਕਾ ਭਰਵਾਸਾ ॥ ਬਖਸਿ ਲਏ ਸਭਿ ਸਚੈ ਸਾਹਿਬਿ ਸੁਣਿ ਨਾਨਕ ਕੀ ਅਰਦਾਸਾ ॥੨॥੧੭॥੪੫॥ {ਪੰਨਾ 620}

ਪਦਅਰਥ: ਦੁਰਤੁ = {दुरित} ਪਾਪ। ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ। ਸਭੁ = ਸਾਰਾ। ਉਬਾਰਿਆ = (ਪਾਪਾਂ ਤੋਂ) ਬਚਾਇਆ ਹੈ। ਪਾਰਬ੍ਰਹਮਿ = ਪਾਰਬ੍ਰਹਮ ਨੇ। ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ। ਸਮਾਰਿਆ = ਚੇਤੇ ਰੱਖਿਆ ਹੈ।੧।

ਰਾਜੇ ਰਾਮ ਕੀ = ਰਾਮ ਰਾਜੇ ਕੀ, ਪ੍ਰਭੂ = ਪਾਤਿਸ਼ਾਹ ਦੀ। ਰਖਵਾਲੀ = ਰਾਖੀ, ਸਹਾਇਤਾ। ਸਹਜ = ਆਤਮਕ ਅਡੋਲਤਾ। ਸੁਖਾਲੀ = ਸੁਖੀ।ਰਹਾਉ।

ਪਤਿਤ ਉਧਾਰਣੁ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ। ਮੋਹਿ = ਮੈਨੂੰ। ਤਿਸ ਕਾ = {ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਕਾ’ ਦੇ ਕਾਰਨ ਉੱਡ ਗਿਆ ਹੈ}। ਭਰਵਾਸਾ = ਆਸਰਾ। ਸਭਿ = ਸਾਰੇ। ਸੁਣਿ = ਸੁਣੈ, ਸੁਣਦਾ ਹੈ।੨।

ਅਰਥ: ਹੇ ਭਾਈ! ਪ੍ਰਭੂ-ਪਾਤਿਸ਼ਾਹ (ਜਿਸ ਮਨੁੱਖ ਦੀ ਪਾਪਾਂ ਵਲੋਂ) ਰਾਖੀ ਕਰਦਾ ਹੈ, ਉਸ ਦਾ ਮਨ ਸੁਖੀ ਹੋ ਜਾਂਦਾ ਹੈ, ਉਸ ਦਾ ਸਰੀਰ ਸੁਖੀ ਹੋ ਜਾਂਦਾ ਹੈ। (ਹੇ ਭਾਈ! ਤੁਸੀਂ ਭੀ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੋ, (ਤੁਹਾਨੂੰ ਭੀ) ਸੁਖ ਮਿਲਣਗੇ, ਆਤਮਕ ਅਡੋਲਤਾ ਦੇ ਆਨੰਦ ਮਿਲਣਗੇ।ਰਹਾਉ।

(ਹੇ ਭਾਈ! ਜਿਸ ਮਨੁੱਖ ਉੱਤੇ ਪਾਰਬ੍ਰਹਮ ਪ੍ਰਭੂ ਨੇ ਮੇਹਰ (ਦੀ ਨਿਗਾਹ) ਕੀਤੀ, (ਉਸ ਨੂੰ ਗੁਰੂ ਮਿਲਾ ਕੇ) ਪ੍ਰਭੂ ਨੇ ਉਸ ਦਾ ਪਿਛਲਾ ਕੀਤਾ) ਪਾਪ (ਉਸ ਦੇ ਅੰਦਰੋਂ) ਦੂਰ ਕਰ ਦਿੱਤਾ। (ਇਸ ਤਰ੍ਹਾਂ) ਪ੍ਰਭੂ ਆਪ ਹੀ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ। ਆਪਣਾ ਮੁੱਢ-ਕਦੀਮਾਂ ਦਾ (ਦਇਆ-ਪਿਆਰ ਵਾਲਾ) ਸੁਭਾਉ ਚੇਤੇ ਰੱਖਦਾ ਹੈ।੧।

ਹੇ ਭਾਈ! ਮੇਰਾ ਗੁਰੂ ਵਿਕਾਰੀਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ। ਮੈਨੂੰ ਭੀ ਉਸ ਦਾ (ਹੀ) ਸਹਾਰਾ ਹੈ। ਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਸਾਰੇ ਜੀਵ (ਗੁਰੂ ਦੀ ਸ਼ਰਨ ਪਾ ਕੇ) ਬਖ਼ਸ਼ ਲਏ ਹਨ (ਜੇਹੜਾ ਸਦਾ-ਥਿਰ ਪ੍ਰਭੂ ਵਿਕਾਰੀਆਂ ਨੂੰ ਭੀ ਗੁਰੂ ਦੀ ਸ਼ਰਨ ਪਾ ਕੇ ਬਖ਼ਸ਼ਦਾ ਆ ਰਿਹਾ ਹੈ) , ਉਹ ਪ੍ਰਭੂ ਨਾਨਕ ਦੀ ਅਰਜ਼ੋਈ ਭੀ ਸੁਣਨ ਵਾਲਾ ਹੈ।੨।੧੭।੪੫।

Today’s Hukamnama from Gurdwara Baba Darbara Singh Ji Tibba (Kapurthala)

ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ    ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥ ਰਖਿ ਰਖਿ ਚਰਨ ਧਰੇ ਵੀਚਾਰੀ ॥ ਦੁਬਿਧਾ ਛੋਡਿ ਭਏ ਨਿਰੰਕਾਰੀ ॥ ਮੁਕਤਿ ਪਦਾਰਥੁ ਹਰਿ ਰਸ ਚਾਖੇ ॥ ਆਵਣ ਜਾਣ ਰਹੇ ਗੁਰਿ ਰਾਖੇ ॥੨॥ ਸਰਵਰ ਹੰਸਾ ਛੋਡਿ ਨ ਜਾਇ ॥ ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥ ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ ਅਕਥ ਕਥਾ ਗੁਰ ਬਚਨੀ ਆਦਰੁ ॥੩॥ ਸੁੰਨ ਮੰਡਲ ਇਕੁ ਜੋਗੀ ਬੈਸੇ ॥ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥ ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥ ਸੁਰਿ ਨਰ ਨਾਥ ਸਚੇ ਸਰਣਾਈ ॥੪॥ ਆਨੰਦ ਮੂਲੁ ਅਨਾਥ ਅਧਾਰੀ ॥ ਗੁਰਮੁਖਿ ਭਗਤਿ ਸਹਜਿ ਬੀਚਾਰੀ ॥ ਭਗਤਿ ਵਛਲ ਭੈ ਕਾਟਣਹਾਰੇ ॥ ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥ ਅਨਿਕ ਜਤਨ ਕਰਿ ਕਾਲੁ ਸੰਤਾਏ ॥ ਮਰਣੁ ਲਿਖਾਇ ਮੰਡਲ ਮਹਿ ਆਏ ॥ ਜਨਮੁ ਪਦਾਰਥੁ ਦੁਬਿਧਾ ਖੋਵੈ ॥ ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥ ਕਹਤਉ ਪੜਤਉ ਸੁਣਤਉ ਏਕ ॥ ਧੀਰਜ ਧਰਮੁ ਧਰਣੀਧਰ ਟੇਕ ॥ ਜਤੁ ਸਤੁ ਸੰਜਮੁ ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥ ਸਾਚੇ ਨਿਰਮਲ ਮੈਲੁ ਨ ਲਾਗੈ ॥ ਗੁਰ ਕੈ ਸਬਦਿ ਭਰਮ ਭਉ ਭਾਗੈ ॥ ਸੂਰਤਿ ਮੂਰਤਿ ਆਦਿ ਅਨੂਪੁ ॥ ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥ {ਪੰਨਾ 685-686}

ਪਦਅਰਥ: ਰਤਨੀ = ਰਤਨਾਂ ਨਾਲ, ਸੋਹਣੇ ਜੀਵਨ = ਉਪਦੇਸ਼। ਭਰਪੂਰੇ = ਨਕਾ ਨਕ ਭਰਿਆ ਹੋਇਆ। ਸੰਤ = ਗੁਰਮੁਖਿ ਬੰਦੇ। ਚੁਗਹਿ = ਚੁਗਦੇ ਹਨ। ਚੋਗ = ਖ਼ੁਰਾਕ, ਆਤਮਕ ਜੀਵਨ ਦੀ ਖ਼ੁਰਾਕ। ਪ੍ਰਾਨਪਤਿ = ਪਰਮਾਤਮਾ।੧।

ਬਗੁ = ਬਗਲਾ। ਬਪੁੜਾ = ਵਿਚਾਰਾ। ਨਾਇ = ਨ੍ਹਾਉਂਦਾ ਹੈ। ਕੀਚੜਿ = ਚਿੱਕੜ ਵਿਚ।੧।ਰਹਾਉ।

ਰਖਿ ਰਖਿ = ਰੱਖ ਕੇ, ਰੱਖ ਕੇ, ਧਿਆਨ ਨਾਲ। ਵੀਚਾਰੀ = ਵੀਚਾਰ ਦੇ ਆਸਰੇ। ਦੁਬਿਧਾ = ਕਿਸੇ ਹੋਰ ਆਸਰੇ ਦੀ ਭਾਲ। ਰਹੇ = ਮੁੱਕ ਜਾਂਦੇ ਹਨ। ਗੁਰਿ = ਗੁਰੂ ਨੇ।੨।

ਸਹਜਿ = ਸਹਜ ਵਿਚ, ਅਡੋਲ ਆਤਮਕ ਅਵਸਥਾ ਵਿਚ। ਆਦਰੁ = ਇੱਜ਼ਤ।੩।

ਸੁੰਨ ਮੰਡਲ = ਅਫੁਰ ਅਵਸਥਾ, ਉਹ ਅਵਸਥਾ ਜਿਥੇ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੈ। ਜੋਗੀ = ਪ੍ਰਭੂ = ਚਰਨਾਂ ਵਿਚ ਜੁੜਿਆ ਹੋਇਆ। ਤ੍ਰਿਭਵਣ ਜੋਤਿ = ਉਹ ਪ੍ਰਭੂ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਹੈ। ਸੁਰਿ = ਦੇਵਤੇ।੪।

ਆਨੰਦ ਮੂਲੁ = ਆਨੰਦ ਦਾ ਸੋਮਾ। ਭਗਤਿ ਵਛਲ = ਭਗਤੀ ਨਾਲ ਪਿਆਰ ਕਰਨ ਵਾਲਾ। ਪਗੁ ਧਾਰੇ = (ਸਤਸੰਗ ਵਿਚ) ਪੈਰ ਟਿਕਾ ਕੇ, ਜਾ ਕੇ।੫।

ਕਰਿ = ਕਰ ਕੇ, ਕਰਨ ਤੇ ਭੀ। ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਮੰਡਲ = ਜਗਤ। ਮਰਣੁ = ਮੌਤ, ਆਤਮਕ ਮੌਤ। ਖੋਵੈ = ਗਵਾ ਲੈਂਦਾ ਹੈ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।੬।

ਏਕ = ਇਕ ਪ੍ਰਭੂ ਦੀ (ਸਿਫ਼ਤਿ-ਸਾਲਾਹ) । ਧਰਣੀਧਰ = ਧਰਤੀ ਦਾ ਆਸਰਾ ਪ੍ਰਭੂ। ਚਉਥਾ ਪਦ = ਉਹ ਆਤਮਕ ਅਵਸਥਾ ਜਿਥੇ ਮਾਇਆ ਦੇ ਤਿੰਨ ਗੁਣ ਜ਼ੋਰ ਨਹੀਂ ਪਾ ਸਕਦੇ। ਪਤੀਆਇ = ਗਿਝਾ ਲਏ।੭।

ਸੂਰਤਿ = ਸ਼ਕਲ। ਮੂਰਤਿ = ਹਸਤੀ, ਵਜੂਦ, ਹੋਂਦ। ਅਨੂਪੁ = ਜੋ ਉਪਮਾ ਤੋਂ ਪਰੇ ਹੈ, ਜਿਸ ਵਰਗਾ ਹੋਰ ਕੋਈ ਨਹੀਂ। ਸਾਚੁ ਸਰੂਪੁ = ਜਿਸ ਦਾ ਸਰੂਪ ਸਦਾ ਕਾਇਮ ਰਹਿਣ ਵਾਲਾ ਹੈ।੮।

ਅਰਥ: ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ? (ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ) ।੧।ਰਹਾਉ।

ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ।੧।

ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵੀਚਾਰ ਨਾਲ (ਜੀਵਨ-ਸਫ਼ਰ ਵਿਚ) ਪੈਰ ਰੱਖਦਾ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾ ਦੇਂਦਾ ਹੈ। ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ।੨।

(ਜਿਵੇਂ) ਹੰਸ ਮਾਨਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ (ਤਿਵੇਂ ਜੇਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ) ਪ੍ਰੇਮ ਭਗਤੀ ਦੀ ਬਰਕਤਿ ਨਾਲ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਜਾਂਦਾ ਹੈ। ਜੇਹੜਾ ਗੁਰਸਿੱਖ-ਹੰਸ ਗੁਰੂ-ਸਰੋਵਰ ਵਿਚ ਟਿਕਦਾ ਹੈ, ਉਸ ਦੇ ਅੰਦਰ ਗੁਰੂ-ਸਰੋਵਰ ਆਪਣਾ ਆਪ ਪਰਗਟ ਕਰਦਾ ਹੈ (ਉਸ ਸਿੱਖ ਦੇ ਅੰਦਰ ਗੁਰੂ ਵੱਸ ਪੈਂਦਾ ਹੈ) -ਇਹ ਕਥਾ ਅਕੱਥ ਹੈ (ਭਾਵ, ਇਸ ਆਤਮਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ਼ ਇਹ ਕਹਿ ਸਕਦੇ ਹਾਂ ਕਿ) ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ।੩।

ਜੇਹੜਾ ਕੋਈ ਵਿਰਲਾ ਪ੍ਰਭੂ-ਚਰਨਾਂ ਵਿਚ ਜੁੜਿਆ ਬੰਦਾ ਅਫੁਰ ਅਵਸਥਾ ਵਿਚ ਟਿਕਦਾ ਹੈ, ਉਸ ਦੇ ਅੰਦਰ ਇਸਤ੍ਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ (ਭਾਵ, ਉਸ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਂਦੀ) । ਦੱਸੋ, ਕੋਈ ਇਹ ਸੰਕਲਪ ਕਰ ਭੀ ਕਿਵੇਂ ਸਕਦਾ ਹੈ? ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਵਿਆਪਕ ਹੈ ਅਤੇ ਦੇਵਤੇ ਮਨੁੱਖ ਨਾਥ ਆਦਿਕ ਸਭ ਜਿਸ ਸਦਾ-ਥਿਰ ਦੀ ਸਰਨ ਲਈ ਰੱਖਦੇ ਹਨ।੪।

(ਗੁਰਮੁਖ-ਹੰਸ ਗੁਰੂ-ਸਾਗਰ ਵਿਚ ਟਿਕ ਕੇ ਉਸ ਪ੍ਰਾਨਪਤਿ-ਪ੍ਰਭੂ ਨੂੰ ਮਿਲਦਾ ਹੈ) ਜੋ ਆਤਮਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ। ਗੁਰਮੁਖ ਉਸ ਦੀ ਭਗਤੀ ਦੀ ਰਾਹੀਂ ਅਤੇ ਉਸ ਦੇ ਗੁਣਾਂ ਦੀ ਵਿਚਾਰ ਦੀ ਰਾਹੀਂ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ। ਉਹ ਪ੍ਰਭੂ (ਆਪਣੇ ਸੇਵਕਾਂ ਦੀ) ਭਗਤੀ ਨਾਲ ਪ੍ਰੇਮ ਕਰਦਾ ਹੈ, ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ। ਗੁਰਮੁਖਿ ਹਉਮੈ ਮਾਰ ਕੇ ਅਤੇ (ਸਾਧ ਸੰਗਤਿ ਵਿਚ) ਟਿਕ ਕੇ ਉਸ ਆਨੰਦ-ਮੂਲ ਪ੍ਰਭੂ (ਦੇ ਚਰਨਾਂ) ਵਿਚ ਜੁੜਦੇ ਹਨ।੫।

ਜੇਹੜਾ-ਮਨੁੱਖ (ਵਿਚਾਰੇ ਬਗੁਲੇ ਵਾਂਗ ਹਉਮੈ ਦੀ ਛਪੜੀ ਵਿਚ ਹੀ ਨ੍ਹਾਉਂਦਾ ਰਹਿੰਦਾ ਹੈ, ਤੇ) ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ, ਉਹ (ਹਉਮੈ ਵਿਚ) ਭਟਕ ਭਟਕ ਕੇ ਦੁਖੀ ਹੁੰਦਾ ਹੈ; ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਉਹ ਅਮੋਲਕ ਮਨੁੱਖਾ ਜਨਮ ਨੂੰ ਗਵਾ ਲੈਂਦਾ ਹੈ; ਅਨੇਕਾਂ ਹੋਰ ਹੋਰ ਜਤਨ ਕਰਨ ਕਰਕੇ (ਸਹੇੜੀ ਹੋਈ) ਆਤਮਕ ਮੌਤ ਉਸ ਨੂੰ (ਸਦਾ) ਦੁਖੀ ਕਰਦੀ ਹੈ, ਉਹ (ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ) ਆਤਮਕ ਮੌਤ (ਦਾ ਲੇਖ ਹੀ ਆਪਣੇ ਮੱਥੇ ਉਤੇ) ਲਿਖਾ ਕੇ ਇਸ ਜਗਤ ਵਿਚ ਆਇਆ (ਤੇ ਇਥੇ ਭੀ ਆਤਮਕ ਮੌਤ ਹੀ ਵਿਹਾਝਦਾ ਰਿਹਾ) ।੬।

(ਪਰ) ਜੇਹੜਾ ਮਨੁੱਖ ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ (ਨਿੱਤ) ਉਚਾਰਦਾ ਹੈ ਪੜ੍ਹਦਾ ਹੈ ਤੇ ਸੁਣਦਾ ਹੈ ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ ਉਹ ਗੰਭੀਰ ਸੁਭਾਉ ਗ੍ਰਹਣ ਕਰਦਾ ਹੈ ਉਹ (ਮਨੁੱਖ ਜੀਵਨ ਦੇ) ਫ਼ਰਜ਼ ਨੂੰ (ਪਛਾਣਦਾ ਹੈ) ।

ਜੇ ਮਨੁੱਖ (ਗੁਰੂ ਦੀ ਸਰਨ ਵਿਚ ਰਹਿ ਕੇ) ਆਪਣੇ ਮਨ ਨੂੰ ਉਸ ਆਤਮਕ ਅਵਸਥਾ ਵਿਚ ਗਿਝਾ ਲਏ ਜਿਥੇ ਮਾਇਆ ਦੇ ਤਿੰਨੇ ਹੀ ਗੁਣ ਜ਼ੋਰ ਨਹੀਂ ਪਾ ਸਕਦੇ, ਤਾਂ (ਸੁਤੇ ਹੀ) ਜਤ ਸਤ ਤੇ ਸੰਜਮ ਉਸ ਦੇ ਹਿਰਦੇ ਵਿਚ ਲੀਨ ਰਹਿੰਦੇ ਹਨ।੭।

ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਪਵਿਤ੍ਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ (ਦੁਨੀਆ ਵਾਲਾ) ਡਰ-ਸਹਮ ਮੁੱਕ ਜਾਂਦਾ ਹੈ।

ਨਾਨਕ (ਭੀ) ਉਸ ਸਦਾ-ਥਿਰ ਹਸਤੀ ਵਾਲੇ ਪ੍ਰਭੂ (ਦੇ ਦਰ ਤੋਂ ਨਾਮ ਦੀ ਦਾਤਿ) ਮੰਗਦਾ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ (ਸੋਹਣੀ) ਸੂਰਤ ਤੇ ਜਿਸ ਦਾ ਵਜੂਦ ਆਦਿ ਤੋਂ ਹੀ ਚਲਿਆ ਆ ਰਿਹਾ ਹੈ।੮।੧।

Today’s Hukamnama from State Gurdwara Sahib Kapurthala

ਜੈਤਸਰੀ ਮਹਲਾ ੪ ॥ ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥ ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥ ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥ ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ ॥ ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥ ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥ ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥੪॥੫॥ {ਪੰਨਾ 697}

ਪਦਅਰਥ: ਜਿਨ ਹਿਰਦੇ = ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ। ਤਿਨ ਮਾਤ = ਉਹਨਾਂ ਦੀ ਮਾਂ। ਬਾਂਝਾ = ਸੰਢ, ਜਿਸ ਦੇ ਘਰ ਸੰਤਾਨ ਪੈਦਾ ਨਾਹ ਹੋ ਸਕੇ। ਸੁੰਞੀ = ਸੱਖਣੀ। ਦੇਹ = ਕਾਂਇਆਂ, ਸਰੀਰ। ਓਇ = ਉਹ {ਲਫ਼ਜ਼ ‘ਓਹ’ ਤੋਂ ਬਹੁ-ਵਚਨ}। ਮੁਏ = ਆਤਮਕ ਮੌਤ ਮਰ ਗਏ। ਕਰਾਂਝਾ = ਕ੍ਰੁਝ ਕ੍ਰੁਝ ਕੇ।੧।

ਮਾਝਾ = ਅੰਦਰ, ਜੋ ਅੰਦਰ ਹੀ ਵੱਸ ਰਿਹਾ ਹੈ। ਕ੍ਰਿਪਾਲਿ = ਕ੍ਰਿਪਾਲ ਨੇ। ਪ੍ਰਭਿ = ਪ੍ਰਭੂ ਨੇ। ਗੁਰਿ = ਗੁਰੂ ਨੇ।ਰਹਾਉ।

ਕੀਰਤਿ = ਸਿਫ਼ਤਿ-ਸਾਲਾਹ। ਕਲਜੁਗਿ = ਜਗਤ ਵਿਚ। ਪਦੁ = ਆਤਮਕ ਦਰਜਾ। ਪਾਈਐ = ਮਿਲਦਾ ਹੈ। ਮਾਝਾ = ਦੀ ਰਾਹੀਂ। ਹਉ = ਮੈਂ। ਜਿਨਿ = ਜਿਸ (ਗੁਰੂ) ਨੇ {ਲਫ਼ਜ਼ ‘ਜਿਨ’ ਅਤੇ ‘ਜਿਨਿ’ ਦਾ ਫ਼ਰਕ ਚੇਤੇ ਰੱਖੋ}। ਗੁਪਤੁ = ਅੰਦਰ ਲੁਕਿਆ ਹੋਇਆ।੨।

ਸਾਧ = ਗੁਰੂ। ਸਭਿ = ਸਾਰੇ। ਕਿਲਬਿਖ = ਪਾਪ। ਦਾਣਾ = ਦਾਨਾ, ਸਿਆਣਾ। ਸਾਝਾ = ਸਾਂਝੀਵਾਲ।੩।

ਜਗ ਜੀਵਨਿ = ਜਗਤ ਦੇ ਜੀਵਨ (ਪ੍ਰਭੂ) ਨੇ। ਉਰਿ = ਹਿਰਦੇ ਵਿਚ। ਮਾਝਾ = ਵਿਚ। ਦਰਿ = ਦਰ ਤੇ। ਕਾਗਦ = ਕੀਤੇ ਕਰਮਾਂ ਦੇ ਲੇਖੇ ਦੇ ਕਾਗ਼ਜ਼। ਫਾਰੇ = ਪਾੜ ਦਿੱਤੇ ਗਏ।੪।

ਅਰਥ: ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ। ਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ।ਰਹਾਉ।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ) ਉਹਨਾਂ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ।੧।

ਹੇ ਭਾਈ! ਜਗਤ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਸਭ ਤੋਂ ਉੱਚਾ ਦਰਜਾ ਹੈ, (ਪਰ) ਪਰਮਾਤਮਾ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ। ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਗੁੱਝੇ ਵੱਸਦੇ ਪਰਮਾਤਮਾ ਦਾ ਨਾਮ ਪਰਗਟ ਕਰ ਦਿੱਤਾ।੨।

ਹੇ ਭਾਈ! ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ, ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਜਿਸ ਨੂੰ ਵੱਡਾ ਸਿਆਣਾ ਤੇ ਸ਼ਾਹ ਗੁਰੂ ਮਿਲ ਪਿਆ, ਗੁਰੂ ਨੇ ਪਰਮਾਤਮਾ ਦੇ ਬਹੁਤੇ ਗੁਣਾਂ ਨਾਲ ਉਸ ਨੂੰ ਸਾਂਝੀਵਾਲ ਬਣਾ ਦਿੱਤਾ।੩।

ਹੇ ਭਾਈ! ਜਗਤ ਦੇ ਜੀਵਨ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕੀਤੀ, ਉਹਨਾਂ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਲਿਆ। ਹੇ ਨਾਨਕ! ਆਖ-ਹੇ ਭਾਈ) ਧਰਮਰਾਜ ਦੇ ਦਰ ਤੇ ਉਹਨਾਂ ਮਨੁੱਖਾਂ ਦੇ (ਕੀਤੇ ਕਰਮਾਂ ਦੇ ਲੇਖੇ ਦੇ ਸਾਰੇ) ਕਾਗ਼ਜ਼ ਪਾੜ ਦਿੱਤੇ ਗਏ, ਉਹਨਾਂ ਦਾਸਾਂ ਦਾ ਲੇਖਾ ਨਿੱਬੜ ਗਿਆ।੪।੫।