Today’s Hukamnama 03.10.2019: Ber Sahib, Baoli Sahib, Damdama Sahib, Baba Darbara Singh, State Gurdwara Sahib

140
Today’s Hukamnama from Gurdwara Sri Ber Sahib Sultanpur Lodhi

Today’s Hukamnama from Gurdwara Baoli Sahib Goindwal Sahib

ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ    ੴ ਸਤਿਗੁਰ ਪ੍ਰਸਾਦਿ ॥ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥ ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥ ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥ ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥ ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭਗਵੈ ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥ {ਪੰਨਾ 657-658}

ਪਦਅਰਥ: ਜਬ = ਜਿਤਨਾ ਚਿਰ। ਹਮ = ਅਸੀ, ਹਉਮੈ, ਆਪਾ = ਭਾਵ। ਹੋਤੇ = ਹੁੰਦੇ ਹਾਂ। ਮੈ = ਮੇਰੀ ਅਪਣੱਤ, ਹਉਮੈ। ਅਨਲ = {Skt. अनिल} ਹਵਾ। ਅਨਲ ਅਗਮ = ਭਾਰੀ ਹਨੇਰੀ (ਦੇ ਕਾਰਨ) । ਲਹਰਿ ਮਇ = ਲਹਰਿ ਮਯ, ਲਹਰਿ ਮੈ, {ਸੰ: ਮਯ = ਜਿਸ ਲਫ਼ਜ਼ ਦੇ ਅਖ਼ੀਰ ਵਿਚ ਲਫ਼ਜ਼ ‘ਮਯ’ ਵਰਤਿਆ ਜਾਏ, ਉਸ ਦੇ ਅਰਬ ਵਿਚ ‘ਬਹੁਲਤਾ’ ਦਾ ਖ਼ਿਆਲ ਵਧਾਇਆ ਜਾਂਦਾ ਹੈ, ਜਿਵੇਂ ਦਇਆ ਮਯ = ਦਇਆ ਨਾਲ ਭਰਪੂਰ} ਲਹਰਾਂ ਨਾਲ ਭਰਪੂਰ। ਓਦਧਿ = {Skt. ਉਦਧਿ, उदधि} ਸਮੁੰਦਰ।੧।

ਮਾਧਵੇ = ਹੇ ਮਾਧੋ! (ਨੋਟ: ਲਫ਼ਜ਼ ‘ਮਾਧੋ’ ਭਗਤ ਰਵਿਦਾਸ ਜੀ ਦਾ ਖ਼ਾਸ ਪਿਆਰਾ ਲਫ਼ਜ਼ ਹੈ, ਬਹੁਤੀ ਵਾਰੀ ਪਰਮਾਤਮਾ ਵਾਸਤੇ ਇਹੀ ਲਫ਼ਜ਼ ਵਰਤਦੇ ਹਨ, ਸੰਸਕ੍ਰਿਤ ਧਾਰਮਿਕ ਪੁਸਤਕਾਂ ਵਿਚ ਇਹ ਨਾਮ ਕ੍ਰਿਸ਼ਨ ਜੀ ਦਾ ਹੈ। ਜੇ ਰਵਿਦਾਸ ਜੀ ਸ੍ਰੀ ਰਾਮ ਚੰਦ ਜੀ ਦੇ ਉਪਾਸ਼ਕ ਹੁੰਦੇ, ਤਾਂ ਇਹ ਲਫ਼ਜ਼ ਉਹ ਨਾਹ ਵਰਤਦੇ) । ਕਿਆ ਕਹੀਐ = ਕੀਹ ਆਖੀਏ? ਕਿਹਾ ਨਹੀਂ ਜਾ ਸਕਦਾ। ਭ੍ਰਮੁ = ਭੁਲੇਖਾ। ਮਾਨੀਐ = ਮੰਨਿਆ ਜਾ ਰਿਹਾ ਹੈ, ਖ਼ਿਆਲ ਬਣਾਇਆ ਹੋਇਆ ਹੈ।੧।ਰਹਾਉ।

ਨਰਪਿਤ = ਰਾਜਾ। ਸਿੰਘਾਸਨਿ = ਤਖ਼ਤ ਉੱਤੇ। ਭਿਖਾਰੀ = ਮੰਗਤਾ। ਅਛਤ = ਹੁੰਦਿਆਂ ਸੁੰਦਿਆਂ। ਗਤਿ = ਹਾਲਤ।੨।

ਰਾਜ = ਰੱਜੂ, ਰੱਸੀ। ਭੁਇਅੰਗ = ਸੱਪ। ਪ੍ਰਸੰਗ = ਵਾਰਤਾ, ਗੱਲ। ਮਰਮੁ = ਭੇਤ, ਰਾਜ਼। ਕਟਕ = ਕੜੇ। ਕਹਤੇ = ਆਖਦਿਆਂ।੩।

ਸਰਬੇ = ਸਾਰਿਆਂ ਵਿਚ। ਅਨੇਕੈ = ਅਨੇਕ = ਰੂਪ ਹੋ ਕੇ। ਭਗਵੈ = {ਨੋਟ: ਅੱਖਰ ‘ਭ’ ਦੇ ਨਾਲ ਦੋ ਲਗਾਂ ਹਨ (ੋ) ਤੇ (ੁ) । ਅਸਲ ਲਫ਼ਜ਼ ਹੈ ‘ਭੋਗਵੈ’ ਪਰ ਇਥੇ ਪੜ੍ਹਨਾ ਹੈ ‘ਭੁਗਵੈ’} ਭੋਗ ਰਿਹਾ ਹੈ, ਮੌਜੂਦ ਹੈ। ਪੈ = ਤੋਂ। ਸਹਜੇ = ਸੁਤੇ ਹੀ, ਉਸ ਦੀ ਰਜ਼ਾ ਵਿਚ।੪।

ਅਰਥ: (ਹੇ ਮਾਧੋ!) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਅਸਾਡੀ ‘ਮੈਂ’ ਦੂਰ ਹੋ ਜਾਂਦੀ ਹੈ; (ਇਸ ‘ਮੈਂ’ ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ) ਜਿਵੇਂ ਬੜਾ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾਂ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ) ।੧।

ਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ) , ਉਹ ਠੀਕ ਨਹੀਂ ਹੈ।੧।ਰਹਾਉ।

(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ, ਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੁੜ ਕੇ) ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ।੨।

ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਜਿਵੇਂ (ਸੋਨੇ ਤੋਂ ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ (ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ) , ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ। ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ (ਭਾਵ, ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ) ।੩।

(ਹੁਣ ਤਾਂ) ਰਵਿਦਾਸ ਆਖਦਾ ਹੈ ਕਿ ਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇੱਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ। (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ, ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ।੪।੧।

ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ। ਪਰ ਜੀਵ ਆਪਣੀ ‘ਹਉਂ’ ਦੇ ਘੇਰੇ ਵਿਚ ਰਹਿ ਕੇ ਜਗਤ ਨੂੰ ਉਸ ਤੋਂ ਵੱਖਰੀ ਹਸਤੀ ਸਮਝਦਾ ਹੈ। ਜਿਤਨਾ ਚਿਰ ‘ਹਉਂ’ ਹੈ, ਉਤਨਾ ਚਿਰ ਵਿਤਕਰੇ ਹਨ।

Today’s Hukamnama from Gurdwara Damdama Sahib Thatta (Kapurthala)

ਸੋਰਠਿ ਮਹਲਾ ੫ ॥ ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥ ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥ ਮੇਰਾ ਬੈਦੁ ਗੁਰੂ ਗੋਵਿੰਦਾ ॥ ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥ ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥ ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥ {ਪੰਨਾ 618}

ਪਦਅਰਥ: ਨਿਵਾਰੈ = ਦੂਰ ਕਰ ਦੇਂਦਾ ਹੈ। ਸੂਕਾ = ਸੁੱਕਾ ਹੋਇਆ, ਪਰਮਾਤਮਾ ਦੇ ਪ੍ਰੇਮ ਦੀ ਹਰਿਆਵਲ ਤੋਂ ਸੱਖਣਾ। ਸਾਧਾਰੈ = ਸਹਾਰਾ ਦੇਂਦਾ ਹੈ। ਭੇਟਤ = ਮਿਲਦਿਆਂ, ਪ੍ਰਾਪਤ ਹੁੰਦਿਆਂ। ਨਿਹਾਲਾ = ਪ੍ਰਸੰਨ = ਚਿੱਤ। ਬੀਚਾਰੈ = ਵਿਚਾਰਦਾ, ਸੋਚ = ਮੰਡਲ ਵਿਚ ਵਸਾ ਲੈਂਦਾ ਹੈ।੧।

ਬੈਦੁ = ਹਕੀਮ। ਅਉਖਧੁ = ਦਵਾਈ। ਮੁਖਿ = ਮੂੰਹ ਵਿਚ। ਫੰਧਾ = ਫਾਹੀ।੧।ਰਹਾਉ।

ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਪੁਰਖ = ਹੇ ਸਰਬ = ਵਿਆਪਕ! ਪੂਰਨ = ਹੇ ਭਰਪੂਰ! ਬਿਧਾਤੇ = ਹੇ ਸਿਰਜਣਹਾਰ! ਆਪੇ = (ਤੂੰ) ਆਪ ਹੀ। ਕਰਣੈਹਾਰਾ = (ਗੁਰੂ ਨੂੰ) ਬਣਾਨ ਵਾਲਾ। ਉਬਾਰਿਆ = (ਜਮ ਦੀ ਫਾਹੀ ਤੋਂ) ਬਚਾ ਲਿਆ। ਅਧਾਰਾ = ਆਸਰਾ।੨।

ਅਰਥ: ਹੇ ਭਾਈ! ਗੋਬਿੰਦ ਦਾ ਰੂਪ ਮੇਰਾ ਗੁਰੂ (ਪੂਰਾ) ਹਕੀਮ ਹੈ। (ਇਹ ਹਕੀਮ ਜਿਸ ਮਨੁੱਖ ਦੇ) ਮੂੰਹ ਵਿਚ ਹਰਿ-ਨਾਮ ਦਵਾਈ ਪਾਂਦਾ ਹੈ, (ਉਸ ਦੀ) ਜਮ ਦੀ ਫਾਹੀ ਕੱਟ ਦੇਂਦਾ ਹੈ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੀ ਫਾਹੀ ਉਸ ਦੇ ਅੰਦਰੋਂ ਕੱਟ ਦੇਂਦਾ ਹੈ) ।੧।ਰਹਾਉ।

ਹੇ ਭਾਈ! ਵੈਦ-ਗੁਰੂ (ਸਰਣ-ਪਏ ਮਨੁੱਖ ਦੇ) ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ, ਆਤਮਕ ਜੀਵਨ ਦੀ ਹਰਿਆਵਲ ਤੋਂ ਸੱਖਣੇ ਉਸ ਦੇ ਮਨ ਨੂੰ (ਨਾਮ-ਦਾਰੂ ਦਾ ਸਹਾਰਾ ਦੇਂਦਾ ਹੈ। ਗੁਰੂ ਦਾ ਦਰਸਨ ਕਰਦਿਆਂ ਹੀ (ਮਨੁੱਖ) ਖਿੜ ਆਉਂਦਾ ਹੈ, ਤੇ, ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਵਸਾ ਲੈਂਦਾ ਹੈ।੧।

ਹੇ ਨਾਨਕ! ਆਖ-) ਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਭਰਪੂਰ! ਹੇ ਸਭ ਜੀਵਾਂ ਦੇ ਪੈਦਾ ਕਰਨ ਵਾਲੇ! ਤੂੰ ਆਪ ਹੀ (ਗੁਰੂ ਨੂੰ ਪੂਰਾ ਵੈਦ) ਬਣਾਣ ਵਾਲਾ ਹੈਂ। ਆਪਣੇ ਸੇਵਕ ਨੂੰ (ਵੈਦ-ਗੁਰੂ ਪਾਸੋਂ) ਨਾਮ ਦਾ ਆਸਰਾ ਦਿਵਾ ਕੇ ਤੂੰ ਆਪ ਹੀ (ਜਮ ਦੀ ਫਾਹੀ ਤੋਂ) ਬਚਾ ਲੈਂਦਾ ਹੈਂ।੨।੬।੩੪।

Today’s Hukamnama from Gurdwara Baba Darbara Singh Ji Tibba (Kapurthala)

ਸੋਰਠਿ ਮਹਲਾ ੫ ॥ ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥ ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥ ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥ ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥ ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥ ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥ {ਪੰਨਾ 617}

ਪਦਅਰਥ: ਜੀਅਨ ਕੋ = ਸਭ ਜੀਵਾਂ ਦਾ। ਸਭ ਮਲੁ = ਸਾਰੀ ਮੈਲ {ਲਫ਼ਜ਼ ‘ਮਲੁ’ ਸ਼ਕਲੋਂ ਪੁਲਿੰਗ ਦਿੱਸਦਾ ਹੈ, ਪਰ ਹੈ ਇਹ ਇਸਤ੍ਰੀ-ਲਿੰਗ। ਵੇਖੋ ‘ਗੁਰਬਾਣੀ ਵਿਆਕਰਣ’}। ਨਿਧਾਨ = ਖ਼ਜ਼ਾਨਾ। ਕਉ = ਵਾਸਤੇ। ਬਰਤਨਿ = ਹਰ ਵੇਲੇ ਕੰਮ ਆਉਣ ਵਾਲੀ ਚੀਜ਼।੧।

ਬਾਹੁੜਿ = ਫਿਰ, ਮੁੜ।੧।ਰਹਾਉ।

ਸਾਧ ਸੰਗੁ = ਭਲੇ ਮਨੁੱਖਾਂ ਦੀ ਸੰਗਤਿ। ਤਿਨ ਭੇਟਤ = ਉਹਨਾਂ ਨੂੰ ਮਿਲਿਆਂ। ਦੁਰਮਤਿ = ਖੋਟੀ ਮਤਿ। ਬਾਂਛੈ = ਮੰਗਦਾ ਹੈ, ਚਾਹੁੰਦਾ ਹੈ। ਜਿਨ = ਜਿਨ੍ਹਾਂ ਨੇ। ਰਿਦੈ = ਹਿਰਦੈ ਵਿਚ।੨।

ਅਰਥ: ਹੇ ਮੇਰੇ ਮਨ! ਉਸ ਪ੍ਰਭੂ ਨੂੰ ਜਪਿਆ ਕਰੋ ਜੋ ਸਭ ਤੋਂ ਵੱਡਾ ਹੈ, ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ, ਤੇ, ਜਿਸ ਦਾ ਆਸਰਾ ਲਿਆਂ ਸੁਖ ਪ੍ਰਾਪਤ ਕਰ ਲਈਦਾ ਹੈ, ਫਿਰ ਕਦੇ ਦੁੱਖ ਨਹੀਂ ਵਿਆਪਦਾ।੧।ਰਹਾਉ।

ਹੇ ਭਾਈ! ਉਸ ਪਰਮਾਤਮਾ ਦਾ ਸਿਮਰਨ ਕੀਤਿਆਂ (ਮਨ ਤੋਂ ਵਿਕਾਰਾਂ ਦੀ) ਸਾਰੀ ਮੈਲ ਲਹਿ ਜਾਂਦੀ ਹੈ ਜੋ ਨਾਸ-ਰਹਿਤ ਹੈ, ਤੇ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਉਹ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ। ਪਰ ਕੋਈ ਵਿਰਲਾ ਮਨੁੱਖ ਉਸ ਦਾ ਮਿਲਾਪ ਹਾਸਲ ਕਰਦਾ ਹੈ।੧।

ਹੇ ਭਾਈ! ਵੱਡੀ ਕਿਸਮਤਿ ਨਾਲ ਭਲੇ ਮਨੁੱਖਾਂ ਦੀ ਸੰਗਤਿ ਹਾਸਲ ਹੁੰਦੀ ਹੈ, ਉਹਨਾਂ ਨੂੰ ਮਿਲਿਆਂ ਖੋਟੀ ਬੁੱਧ ਨਾਸ ਹੋ ਜਾਂਦੀ ਹੈ। ਦਾਸ ਨਾਨਕ (ਭੀ) ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖਿਆ ਹੈ।੨।੫।੩੩।

Today’s Hukamnama from State Gurdwara Sahib Kapurthala

ਰਾਮਕਲੀ ਮਹਲਾ ੫ ॥ ਮੁਖ ਤੇ ਪੜਤਾ ਟੀਕਾ ਸਹਿਤ ॥ ਹਿਰਦੈ ਰਾਮੁ ਨਹੀ ਪੂਰਨ ਰਹਤ ॥ ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈ ॥ ਅਪਨਾ ਕਹਿਆ ਆਪਿ ਨ ਕਮਾਵੈ ॥੧॥ ਪੰਡਿਤ ਬੇਦੁ ਬੀਚਾਰਿ ਪੰਡਿਤ ॥ ਮਨ ਕਾ ਕ੍ਰੋਧੁ ਨਿਵਾਰਿ ਪੰਡਿਤ ॥੧॥ ਰਹਾਉ ॥ਆਗੈ ਰਾਖਿਓ ਸਾਲ ਗਿਰਾਮੁ ॥ ਮਨੁ ਕੀਨੋ ਦਹ ਦਿਸ ਬਿਸ੍ਰਾਮੁ ॥ ਤਿਲਕੁ ਚਰਾਵੈ ਪਾਈ ਪਾਇ ॥ ਲੋਕ ਪਚਾਰਾ ਅੰਧੁ ਕਮਾਇ ॥੨॥ ਖਟੁ ਕਰਮਾ ਅਰੁ ਆਸਣੁ ਧੋਤੀ ॥ ਭਾਗਠਿ ਗ੍ਰਿਹਿ ਪੜੈ ਨਿਤ ਪੋਥੀ ॥ ਮਾਲਾ ਫੇਰੈ ਮੰਗੈ ਬਿਭੂਤ ॥ ਇਹ ਬਿਧਿ ਕੋਇ ਨ ਤਰਿਓ ਮੀਤ ॥੩॥ ਸੋ ਪੰਡਿਤੁ ਗੁਰ ਸਬਦੁ ਕਮਾਇ ॥ ਤ੍ਰੈ ਗੁਣ ਕੀ ਓਸੁ ਉਤਰੀ ਮਾਇ ॥ ਚਤੁਰ ਬੇਦ ਪੂਰਨ ਹਰਿ ਨਾਇ ॥ ਨਾਨਕ ਤਿਸ ਕੀ ਸਰਣੀ ਪਾਇ ॥੪॥੬॥੧੭॥ {ਪੰਨਾ 887-888}

ਪਦਅਰਥ: ਤੇ = ਤੋਂ। ਮੁਖ ਤੇ = ਮੂੰਹੋਂ। ਟੀਕਾ ਸਹਿਤ = ਅਰਥਾਂ ਸਮੇਤ। ਹਿਰਦੈ = ਹਿਰਦੇ ਵਿਚ। ਰਹਤ = ਰਹਿਣੀ, ਆਚਰਨ। ਕਰਿ = ਕਰ ਕੇ। ਦ੍ਰਿੜਾਵੈ = ਪੱਕਾ ਨਿਸ਼ਚਾ ਦਿਵਾਂਦਾ ਹੈ।੧।

ਪੰਡਿਤ = ਹੇ ਪੰਡਿਤ! ਬੀਚਾਰਿ = ਸੋਚ = ਮੰਡਲ ਵਿਚ ਟਿਕਾਈ ਰੱਖ, ਮਨ ਵਿਚ ਵਸਾਈ ਰੱਖ। ਨਿਵਾਰਿ = ਦੂਰ ਕਰ।੧।ਰਹਾਉ।

ਆਗੈ = ਆਪਣੇ ਸਾਹਮਣੇ। ਰਾਖਿਓ = ਰੱਖਿਆ ਹੋਇਆ ਹੈ। ਸਾਲਗਿਰਾਮੁ = ਠਾਕੁਰ ਦੀ ਮੂਰਤੀ। ਦਹ ਦਿਸ = ਦਸ ਦਿਸ਼ਾਂ ਵਿਚ, ਦਸੀਂ ਪਾਸੀਂ। ਚਰਾਵੈ = ਮੱਥੇ ਉੱਤੇ ਲਾਂਦਾ ਹੈ। ਪਾਈ = ਪਾਈਂ, ਪੈਰੀਂ। ਪਾਇ = ਪੈਂਦਾ ਹੈ। ਪਚਾਰਾ = ਪਰਚਾਉਣ ਦਾ ਕੰਮ। ਅੰਧੁ = ਅੰਨ੍ਹਾ ਮਨੁੱਖ।੨।

ਖਟੁ ਕਰਮਾ = ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਧਾਰਮਿਕ ਕੰਮ {ਦਾਨ ਦੇਣਾ ਤੇ ਲੈਣਾ; ਜੱਗ ਕਰਨਾ ਤੇ ਕਰਾਣਾ; ਵਿੱਦਿਆ ਪੜ੍ਹਨੀ ਤੇ ਪੜ੍ਹਾਣੀ}। ਅਰੁ = ਅਤੇ। ਭਾਗਠਿ = ਭਾਗਾਂ ਵਾਲਾ ਮਨੁੱਖ, ਧਨਾਢ। ਗ੍ਰਿਹਿ = ਘਰ ਵਿਚ। ਬਿਭੂਤ = ਧਨ। ਮੀਤ = ਹੇ ਮਿੱਤਰ!।੩।

ਸਬਦੁ ਕਮਾਇ = ਸ਼ਬਦ ਅਨੁਸਾਰ ਜੀਵਨ ਢਾਲਦਾ ਹੈ। ਓਸੁ = ਉਸ ਮਨੁੱਖ ਦੀ। ਉਤਰੀ = ਲਹਿ ਜਾਂਦੀ ਹੈ। ਤ੍ਰੈ ਗੁਣ ਕੀ ਮਾਇ = ਤਿੰਨ ਗੁਣਾਂ ਵਾਲੀ ਮਾਇਆ। ਚਤੁਰ = ਚਾਰ। ਨਾਇ = ਨਾਮ ਵਿਚ। ਤਿਸ ਕੀ= {ਲਫ਼ਜ਼ ‘ਤਿਸੁ’ ਦਾ ੁ ਸਬੰਧੰਕ ‘ਕੀ’ ਦੇ ਕਾਰਨ ਉੱਡ ਗਿਆ ਹੈ}। ਪਾਇ = ਪੈਂਦਾ ਹੈ।੪।

ਅਰਥ: ਹੇ ਪੰਡਿਤ! ਵੇਦ (ਆਦਿਕ ਧਰਮ-ਪੁਸਤਕ ਦੇ ਉਪਦੇਸ਼) ਨੂੰ (ਆਪਣੇ) ਮਨ ਵਿਚ ਵਸਾਈ ਰੱਖ, ਅਤੇ ਆਪਣੇ ਮਨ ਦਾ ਗੁੱਸਾ ਦੂਰ ਕਰ ਦੇ।੧। ਰਹਾਉ।

(ਜੇਹੜਾ ਮਨੁੱਖ ਧਰਮ-ਪੁਸਤਕਾਂ ਨੂੰ) ਮੂੰਹੋਂ ਤਾਂ ਅਰਥਾਂ ਸਮੇਤ ਪੜ੍ਹਦਾ ਹੈ, ਪਰ ਉਸ ਦੇ ਹਿਰਦੇ ਵਿਚ ਪਰਮਾਤਮਾ ਨਹੀਂ ਵੱਸਦਾ, ਨਾਹ ਹੀ ਉਸ ਦੀ ਰਹਿਣੀ ਬੇ-ਦਾਗ਼ ਹੈ, ਹੋਰ ਲੋਕਾਂ ਨੂੰ (ਧਰਮ-ਪੁਸਤਕਾਂ ਦਾ) ਉਪਦੇਸ਼ ਕਰਦਾ ਹੈ (ਅਤੇ ਉਪਦੇਸ਼) ਕਰ ਕੇ ਉਹਨਾਂ ਦੇ ਮਨ ਵਿਚ (ਉਹ ਉਪਦੇਸ਼) ਪੱਕੀ ਤਰ੍ਹਾਂ ਬਿਠਾਂਦਾ ਹੈ, ਪਰ ਆਪਣਾ ਇਹ ਦੱਸਿਆ ਹੋਇਆ ਉਪਦੇਸ਼ ਆਪ ਨਹੀਂ ਕਮਾਂਦਾ (ਉਸ ਨੂੰ ਪੰਡਿਤ ਨਹੀਂ ਆਖਿਆ ਜਾ ਸਕਦਾ) ।੧।

(ਆਤਮਕ ਜੀਵਨ ਵਲੋਂ) ਅੰਨ੍ਹਾ (ਮਨੁੱਖ) ਸਾਲਗਰਾਮ ਦੀ ਮੂਰਤੀ ਆਪਣੇ ਸਾਹਮਣੇ ਰੱਖ ਲੈਂਦਾ ਹੈ, ਪਰ ਉਸ ਦਾ ਮਨ ਦਸੀਂ ਪਾਸੀਂ ਟਿਕਿਆ ਹੋਇਆ ਹੈ। ਅੰਨ੍ਹਾ (ਮਨੁੱਖ ਆਪਣੇ ਮੱਥੇ ਉੱਤੇ) ਤਿਲਕ ਲਾਂਦਾ ਹੈ, (ਮੂਰਤੀ ਦੇ) ਪੈਰਾਂ ਉੱਤੇ (ਭੀ) ਪੈਂਦਾ ਹੈ। ਪਰ ਇਹ ਸਭ ਕੁਝ ਉਹ ਸਿਰਫ਼ ਦੁਨੀਆ ਨੂੰ ਪਤਿਆਉਣ ਦਾ ਕੰਮ ਹੀ ਕਰਦਾ ਹੈ।੨।

(ਆਤਮਕ ਜੀਵਨ ਵਲੋਂ ਅੰਨ੍ਹਾ ਮਨੁੱਖ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਕਰਦਾ ਹੈ, (ਦੇਵ-ਪੂਜਾ ਕਰਨ ਵਾਸਤੇ ਉਸ ਨੇ ਉੱਨ ਆਦਿਕ ਦਾ) ਆਸਣ (ਭੀ ਰੱਖਿਆ ਹੋਇਆ ਹੈ, ਪੂਜਾ ਕਰਨ ਵੇਲੇ) ਧੋਤੀ (ਭੀ ਪਹਿਨਦਾ ਹੈ) , ਕਿਸੇ ਧਨਾਢ ਦੇ ਘਰ (ਜਾ ਕੇ) ਸਦਾ (ਆਪਣੀ ਧਾਰਮਿਕ) ਪੁਸਤਕ ਭੀ ਪੜ੍ਹਦਾ ਹੈ, (ਉਸ ਦੇ ਘਰ ਬੈਠ ਕੇ) ਮਾਲਾ ਫੇਰਦਾ ਹੈ, (ਫਿਰ ਉਸ ਧਨਾਢ ਪਾਸੋਂ) ਧਨ-ਪਦਾਰਥ ਮੰਗਦਾ ਹੈ-ਹੇ ਮਿੱਤਰ! ਇਸ ਤਰੀਕੇ ਨਾਲ ਕੋਈ ਮਨੁੱਖ ਕਦੇ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ।੩।

ਉਹ ਮਨੁੱਖ (ਹੀ) ਪੰਡਿਤ ਹੈ ਜੇਹੜਾ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਢਾਲਦਾ ਹੈ। ਤਿੰਨਾਂ ਗੁਣਾਂ ਵਾਲੀ ਇਹ ਮਾਇਆ ਉਸ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ। ਉਸ ਦੇ ਭਾ ਦੇ ਪਰਮਾਤਮਾ ਦੇ ਨਾਮ ਵਿਚ (ਹੀ) ਚਾਰੇ ਵੇਦ ਮੁਕੰਮਲ ਤੌਰ ਤੇ ਆ ਜਾਂਦੇ ਹਨ। ਹੇ ਨਾਨਕ! ਆਖ-ਕੋਈ ਭਾਗਾਂ ਵਾਲਾ ਮਨੁੱਖ) ਉਸ (ਪੰਡਿਤ) ਦੀ ਸਰਨ ਪੈਂਦਾ ਹੈ।੪।੬।੧੭।