Today’s Hukamnama 02.10.2019: Ber Sahib, Baoli Sahib, Damdama Sahib, Baba Darbara Singh, State Gurdwara Sahib

147
Today’s Hukamnama from Gurdwara Sri Ber Sahib Sultanpur Lodhi

ਸਲੋਕ ਮਃ ੧ ॥ ਦੁਇ ਦੀਵੇ ਚਉਦਹ ਹਟਨਾਲੇ ॥ ਜੇਤੇ ਜੀਅ ਤੇਤੇ ਵਣਜਾਰੇ ॥ ਖੁਲ੍ਹ੍ਹੇ ਹਟ ਹੋਆ ਵਾਪਾਰੁ ॥ ਜੋ ਪਹੁਚੈ ਸੋ ਚਲਣਹਾਰੁ ॥ ਧਰਮੁ ਦਲਾਲੁ ਪਾਏ ਨੀਸਾਣੁ ॥ ਨਾਨਕ ਨਾਮੁ ਲਾਹਾ ਪਰਵਾਣੁ ॥ ਘਰਿ ਆਏ ਵਜੀ ਵਾਧਾਈ ॥ ਸਚ ਨਾਮ ਕੀ ਮਿਲੀ ਵਡਿਆਈ ॥੧॥ {ਪੰਨਾ 789}

ਪਦਅਰਥ: ਦੁਇ = ਦੋਵੇਂ, ਚੰਦ ਤੇ ਸੂਰਜ। ਚਉਦਹ = ਚੌਦਾਂ ਲੋਕ। ਹਟਨਾਲੇ = ਬਾਜ਼ਾਰ। ਲਾਹਾ = ਨਫ਼ਾ। ਘਰਿ = ਘਰ ਵਿਚ, ਭਟਕਣ ਤੋਂ ਹਟ ਕੇ ਪ੍ਰਭੂ ਦੇ ਦਰ ਤੇ। ਵਧਾਈ ਵਜੀ = ਵਧਾਈ ਵੱਜਦੀ ਹੈ, ਚੜ੍ਹਦੀ ਕਲਾ ਬਣਦੀ ਹੈ।

ਅਰਥ: ਜਗਤ-ਰੂਪ ਸ਼ਹਰ ਵਿਚ ਚੰਦ ਤੇ ਸੂਰਜ, ਮਾਨੋ, ਦੋ ਲੈਂਪ ਜਗ ਰਹੇ ਹਨ, ਤੇ ਚੌਦਾਂ ਲੋਕ (ਇਹ ਜਗਤ-ਸ਼ਹਰ ਦੇ, ਮਾਨੋ) ਬਜ਼ਾਰ ਹਨ, ਸਾਰੇ ਜੀਵ (ਇਸ ਸ਼ਹਰ ਦੇ) ਵਪਾਰੀ ਹਨ। ਜਦੋਂ ਹੱਟ ਖੁਲ੍ਹ ਪਏ (ਜਗਤ-ਰਚਨਾ ਹੋਈ) , ਵਪਾਰ ਹੋਣ ਲੱਗ ਪਿਆ। ਜੋ ਜੋ ਵਪਾਰੀ ਏਥੇ ਆਉਂਦਾ ਹੈ ਉਹ ਮੁਸਾਫ਼ਿਰ ਹੀ ਹੁੰਦਾ ਹੈ।

(ਹਰੇਕ ਜੀਵ-ਵਪਾਰੀ ਦੀ ਕਰਣੀ-ਰੂਪ ਸਉਦੇ ਤੇ) ਧਰਮ-ਰੂਪ ਦਲਾਲ ਨਿਸ਼ਾਨ ਲਾਈ ਜਾਂਦਾ ਹੈ (ਕਿ ਇਸ ਦਾ ਸਉਦਾ ਖਰਾ ਹੈ ਜਾਂ ਖੋਟਾ) , ਹੇ ਨਾਨਕ! ਸ਼ਾਹ-ਪ੍ਰਭੂ ਦੇ ਹੱਟ ਤੇ) ‘ਨਾਮ’ ਨਫ਼ਾ ਹੀ ਕਬੂਲ ਹੁੰਦਾ ਹੈ। ਜੋ (ਇਹ ਨਫ਼ਾ ਖੱਟ ਕੇ) ਹਜ਼ੂਰੀ ਵਿਚ ਅੱਪੜਦਾ ਹੈ ਉਸ ਨੂੰ ਲਾਲੀ ਚੜ੍ਹਦੀ ਹੈ ਤੇ ਸੱਚੇ ਨਾਮ ਦੀ (ਪ੍ਰਾਪਤੀ ਦੀ) ਉਸ ਨੂੰ ਵਡਿਆਈ ਮਿਲਦੀ ਹੈ।੧।

ਮਃ ੧ ॥ ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥ ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥ {ਪੰਨਾ 789}

ਪਦਅਰਥ: ਸੇ ਵੰਨ = ਉਹੀ ਰੰਗ। ਸੁਪੇਦਾ = ਸਫ਼ੈਦ ਚੀਜ਼ਾਂ ਦਾ। ਦਿਹੁ = ਦਿਨ। ਬਗਾ = ਚਿੱਟਾ। ਘਣਾ = ਬਹੁਤ। ਵੰਨ = ਰੰਗ। ਅੰਧ ਗਿਆਨੁ = ਅੰਨ੍ਹੀ ਮਤਿ।

ਅਰਥ: ਰਾਤਾਂ ਕਾਲੀਆਂ ਹੁੰਦੀਆਂ ਹਨ (ਪਰ) ਚਿੱਟੀਆਂ ਚੀਜ਼ਾਂ ਦੇ ਉਹੀ ਚਿੱਟੇ ਰੰਗ ਹੀ ਰਹਿੰਦੇ ਹਨ (ਰਾਤ ਦੀ ਕਾਲਖ ਦਾ ਅਸਰ ਉਹਨਾਂ ਤੇ ਨਹੀਂ ਪੈਂਦਾ) , ਦਿਨ ਚਿੱਟਾ ਹੁੰਦਾ ਹੈ, ਚੰਗਾ ਤਕੜਾ ਚਮਕਦਾ ਹੈ, ਪਰ ਕਾਲੇ ਪਦਾਰਥਾਂ ਦੇ ਰੰਗ ਕਾਲੇ ਹੀ ਰਹਿੰਦੇ ਹਨ (ਦਿਨ ਦੀ ਰੌਸ਼ਨੀ ਦਾ ਅਸਰ ਇਹਨਾਂ ਕਾਲੀਆਂ ਚੀਜ਼ਾਂ ਤੇ ਨਹੀਂ ਪੈਂਦਾ) । (ਏਸੇ ਤਰ੍ਹਾਂ) ਜੋ ਮਨੁੱਖ ਅੰਨ੍ਹੇ ਮੂਰਖ ਅਕਲ-ਹੀਣ ਹਨ ਉਹਨਾਂ ਦੀ ਅੰਨ੍ਹੀ ਹੀ ਮਤਿ ਰਹਿੰਦੀ ਹੈ; ਹੇ ਨਾਨਕ! ਜਿਨ੍ਹਾਂ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਨਹੀਂ ਹੋਈ ਉਹਨਾਂ ਨੂੰ ਕਦੇ (‘ਨਾਮ’ ਦੀ ਪ੍ਰਾਪਤੀ ਦਾ) ਮਾਣ ਨਹੀਂ ਮਿਲਦਾ।੨।

ਪਉੜੀ ॥ ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥ ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥ ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥ ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥ ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥੧੩॥ {ਪੰਨਾ 789}

ਪਦਅਰਥ: ਕੋਟੁ = ਕਿਲ੍ਹਾ। ਆਪੇ = ਆਪ ਹੀ। ਇਕਿ = ਕਈ ਜੀਵ। ਖੁਆਇਅਨੁ = ਖੁੰਝਾਏ ਹਨ ਉਸ ਨੇ। ਵਿਆਪੇ = ਫਸੇ ਹੋਏ। ਸਾ = ਸੀ। ਮਨਮੁਖ = ਮਨ ਦੇ ਪਿੱਛੇ ਤੁਰਨ ਵਾਲੇ। ਥਾਪੇ = ਥਾਪਣਾ ਦੇਵੇ।

ਅਰਥ: ਇਹ ਮਨੁੱਖਾ-ਸਰੀਰ (ਮਾਨੋ,) ਕਿਲ੍ਹਾ ਹੈ ਜੋ ਸੱਚੇ ਪ੍ਰਭੂ ਨੇ ਆਪ ਬਣਾਇਆ ਹੈ, (ਪਰ ਇਸ ਕਿਲ੍ਹੇ ਵਿਚ ਰਹਿੰਦੇ ਹੋਏ ਭੀ) ਕਈ ਜੀਵ ਮਾਇਆ ਦੇ ਮੋਹ ਵਿਚ ਪਾ ਕੇ ਉਸ ਨੇ ਆਪ ਹੀ ਕੁਰਾਹੇ ਪਾ ਦਿੱਤੇ ਹਨ, ਉਹ (ਵਿਚਾਰੇ) ਹਉਮੈ ਵਿਚ ਫਸੇ ਪਏ ਹਨ।

ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਲੱਭਾ ਸੀ, ਪਰ ਮਨ ਦੇ ਪਿੱਛੇ ਤੁਰ ਕੇ ਜੀਵ ਦੁਖੀ ਹੋ ਰਹੇ ਹਨ; (ਇਹ ਸਰੀਰ ਪ੍ਰਾਪਤ ਕਰ ਕੇ ਕੀਹ ਕਰਨਾ ਸੀ) ਇਹ ਸਮਝ ਉਸ ਨੂੰ ਆਉਂਦੀ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖ਼ਸ਼ੇ ਤੇ ਸਤਿਗੁਰੂ ਥਾਪਣਾ ਦੇਵੇ।

(ਪਰ ਕਿਸੇ ਨੂੰ ਨਿੰਦਿਆ ਭੀ ਨਹੀਂ ਜਾ ਸਕਦਾ) ਇਹ ਸਾਰਾ ਜਗਤ ਉਸ ਪ੍ਰਭੂ ਨੇ ਇਕ ਖੇਡ ਬਣਾਈ ਹੈ ਤੇ ਇਸ ਵਿਚ ਹਰ ਥਾਂ ਆਪ ਹੀ ਮੌਜੂਦ ਹੈ।੧੩।

Today’s Hukamnama from Gurdwara Baoli Sahib Goindwal Sahib

ਸੂਹੀ ਮਹਲਾ ੧ ਕਾਫੀ ਘਰੁ ੧੦    ੴ ਸਤਿਗੁਰ ਪ੍ਰਸਾਦਿ ॥ ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ ॥ ਮਨੁ ਤਨੁ ਹੋਇ ਚੁਲੰਭੁ ਜੇ ਸਤਿਗੁਰ ਭਾਇਆ ॥੧॥ ਚਲੈ ਜਨਮੁ ਸਵਾਰਿ ਵਖਰੁ ਸਚੁ ਲੈ ॥ ਪਤਿ ਪਾਏ ਦਰਬਾਰਿ ਸਤਿਗੁਰ ਸਬਦਿ ਭੈ ॥੧॥ ਰਹਾਉ ॥ਮਨਿ ਤਨਿ ਸਚੁ ਸਲਾਹਿ ਸਾਚੇ ਮਨਿ ਭਾਇਆ ॥ ਲਾਲਿ ਰਤਾ ਮਨੁ ਮਾਨਿਆ ਗੁਰੁ ਪੂਰਾ ਪਾਇਆ ॥੨॥ ਹਉ ਜੀਵਾ ਗੁਣ ਸਾਰਿ ਅੰਤਰਿ ਤੂ ਵਸੈ ॥ ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ ॥੩॥ ਮੂਰਖ ਮਨ ਸਮਝਾਇ ਆਖਉ ਕੇਤੜਾ ॥ ਗੁਰਮੁਖਿ ਹਰਿ ਗੁਣ ਗਾਇ ਰੰਗਿ ਰੰਗੇਤੜਾ ॥੪॥ ਨਿਤ ਨਿਤ ਰਿਦੈ ਸਮਾਲਿ ਪ੍ਰੀਤਮੁ ਆਪਣਾ ॥ ਜੇ ਚਲਹਿ ਗੁਣ ਨਾਲਿ ਨਾਹੀ ਦੁਖੁ ਸੰਤਾਪਣਾ ॥੫॥ ਮਨਮੁਖ ਭਰਮਿ ਭੁਲਾਣਾ ਨਾ ਤਿਸੁ ਰੰਗੁ ਹੈ ॥ ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੁ ਹੈ ॥੬॥ ਗੁਰ ਕੀ ਕਾਰ ਕਮਾਇ ਲਾਹਾ ਘਰਿ ਆਣਿਆ ॥ ਗੁਰਬਾਣੀ ਨਿਰਬਾਣੁ ਸਬਦਿ ਪਛਾਣਿਆ ॥੭॥ ਇਕ ਨਾਨਕ ਕੀ ਅਰਦਾਸਿ ਜੇ ਤੁਧੁ ਭਾਵਸੀ ॥ ਮੈ ਦੀਜੈ ਨਾਮ ਨਿਵਾਸੁ ਹਰਿ ਗੁਣ ਗਾਵਸੀ ॥੮॥੧॥੩॥ {ਪੰਨਾ 751-752}

ਨੋਟ: ਇਹ ਅਸ਼ਟਪਦੀ ਸੂਹੀ ਅਤੇ ਕਾਫੀ ਦੋਹਾਂ ਮਿਲਵੀਆਂ ਰਾਗਣੀਆਂ ਵਿਚ ਗਾਈ ਜਾਣੀ ਹੈ। ਕਾਫੀ ਇਕ ਰਾਗਣੀ ਦਾ ਨਾਮ ਹੈ।

ਪਦਅਰਥ: ਮਾਣਸ ਜਨਮੁ = ਮਨੁੱਖਾ ਜਨਮ। ਦੁਲੰਭੁ = ਦੁਰਲੱਭ, ਬੜੀ ਮੁਸ਼ਕਲ ਨਾਲ ਮਿਲਣ ਵਾਲਾ। ਪਾਇਆ = ਕਦਰ ਪਾਈ। ਚੁਲੰਭੁ = ਗੂੜ੍ਹਾ ਲਾਲ।੧।

ਸਵਾਰਿ = ਸਵਾਰ ਕੇ। ਵਖਰੁ = ਵਪਾਰ ਦਾ ਸੌਦਾ। ਸਚੁ = ਸਦਾ-ਥਿਰ ਨਾਮ। ਲੈ = ਲੈ ਕੇ। ਪਤਿ = ਇੱਜ਼ਤ। ਦਰਬਾਰਿ = ਪ੍ਰਭੂ ਦੀ ਹਜ਼ੂਰੀ ਵਿਚ। ਭੈ = ਡਰ = ਅਦਬ ਵਿਚ (ਰਹਿ ਕੇ) ।੧।ਰਹਾਉ।

ਮਨਿ = ਮਨ ਵਿਚ। ਤਨਿ = ਸਰੀਰ ਦੀ ਰਾਹੀਂ। ਸਾਲਾਹਿ = ਸਲਾਹ ਕੇ, ਸਿਫ਼ਤਿ-ਸਾਲਾਹ ਕਰ ਕੇ। ਲਾਲਿ = ਲਾਲ (ਰੰਗ) ਵਿਚ। ਰਤਾ = ਰੰਗਿਆ ਗਿਆ।੨।

ਹਉ = ਮੈਂ। ਸਾਰਿ = ਸੰਭਾਲ ਕੇ। ਤੂ ਵਸੈ = ‘ਤੂ ਹੀ ਤੂ’ ਦਾ ਬੋਲ ਵੱਸ ਪਏ। ਸਹਜੇ = ਸਹਿਜ ਵਿਚ, ਅਡੋਲ ਆਤਮਕ ਅਵਸਥਾ ਵਿਚ। ਰਸਿ = (ਨਾਮ-) ਅੰਮ੍ਰਿਤ ਨਾਲ। ਰਸੈ = ਰਸਦਾ ਹੈ, ਭਿੱਜਦਾ ਹੈ, ਰਚਦਾ ਹੈ।੩।

ਮਨ = ਹੇ ਮਨ! ਆਖਉ = ਮੈਂ ਆਖਾਂ। ਕੇਤੜਾ = ਕਿਤਨਾ ਕੁ? ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਗਾਇ = ਗਾ ਕੇ। ਰੰਗਿ = ਰੰਗ ਵਿਚ। ਰੰਗੇਤੜਾ = ਰੰਗਿਆ ਜਾ।੪।

ਰਿਦੈ = ਹਿਰਦੇ ਵਿਚ। ਸਮਾਲਿ = ਸਾਂਭ। ਸੰਤਾਪਣਾ = ਕਲੇਸ਼ ਦੇ ਸਕਣਾ।੫।

ਰੰਗੁ = (ਨਾਮ ਦੀ) ਲਾਲੀ। ਮਰਸੀ = ਆਤਮਕ ਜੀਵਨ ਗਵਾ ਬੈਠੇਗਾ। ਵਿਡਾਣਾ = ਓਪਰਾ, ਨਿਖਸਮਾ। ਭੰਗੁ = ਤੋਟ, ਵਿਛੋੜਾ।੬।

ਲਾਹਾ = ਲਾਭ। ਆਣਿਆ = ਲਿਆਂਦਾ। ਨਿਰਬਾਣੁ = ਵਾਸਨਾ = ਰਹਿਤ ਪ੍ਰਭੂ।੭।

ਭਾਵਸੀ = ਚੰਗੀ ਲੱਗੇ, ਪਸੰਦ ਆਵੇ। ਮੈ = ਮੈਨੂੰ, ਮੇਰੇ ਹਿਰਦੇ ਵਿਚ। ਗਾਵਸੀ = ਗਾਵੇਗਾ।੮।

ਅਰਥ: ਜੇਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ) ਡਰ ਅਦਬ ਵਿਚ (ਰਹਿ ਕੇ) ਸਦਾ-ਥਿਰ ਪ੍ਰਭੂ ਦਾ ਨਾਮ-ਸੌਦਾ ਵਿਹਾਝਦਾ ਹੈ ਤੇ ਆਪਣਾ ਜੀਵਨ ਸੋਹਣਾ ਬਣਾ ਕੇ (ਇਥੋਂ) ਤੁਰਦਾ ਹੈ ਉਹ (ਪਰਮਾਤਮਾ ਦੀ) ਦਰਗਾਹ ਵਿਚ ਇੱਜ਼ਤ ਹਾਸਲ ਕਰਦਾ ਹੈ।੧।ਰਹਾਉ।

(ਚੌਰਾਸੀ ਲੱਖ ਜੂਨਾਂ ਵਿਚੋਂ) ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਪਰ ਇਸ ਦੀ ਕਦਰ ਉਹੀ ਮਨੁੱਖ ਜਾਣਦਾ ਹੈ ਜੋ ਗੁਰੂ ਦੀ ਸਰਨ ਪਏ। ਜੇ ਸਤਿਗੁਰੂ ਨੂੰ ਚੰਗਾ ਲੱਗੇ (ਭਾਵ, ਜੇ ਗੁਰੂ ਦੀ ਕਿਰਪਾ ਹੋ ਜਾਏ) ਤਾਂ (ਸਰਨ ਪਏ ਉਸ ਮਨੁੱਖ ਦਾ) ਮਨ ਅਤੇ ਸਰੀਰ (ਪ੍ਰਭੂ ਦੇ ਪ੍ਰੇਮ-ਰੰਗ ਨਾਲ) ਗੂੜ੍ਹਾ ਲਾਲ ਹੋ ਜਾਂਦਾ ਹੈ (ਨਾਮ ਦੀ ਬਰਕਤਿ ਨਾਲ ਉਸ ਨੂੰ ਲਾਲੀ ਚੜ੍ਹੀ ਰਹਿੰਦੀ ਹੈ) ।੧।

ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਆਪਣੇ ਮਨ ਅਤੇ ਸਰੀਰ ਦੀ ਰਾਹੀਂ ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਸਦਾ-ਥਿਰ ਪ੍ਰਭੂ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ। ਪ੍ਰਭੂ-ਨਾਮ ਦੀ ਲਾਲੀ ਵਿਚ ਮਸਤ ਹੋਇਆ ਉਸ ਦਾ ਮਨ ਉਸ ਲਾਲੀ ਵਿਚ ਗਿੱਝ ਜਾਂਦਾ ਹੈ (ਉਸ ਤੋਂ ਬਿਨਾ ਰਹਿ ਨਹੀਂ ਸਕਦਾ) ।੨।

ਹੇ ਪ੍ਰਭੂ! ਜੇ ਤੂੰ ਮੇਰੇ ਮਨ ਵਿਚ ਵੱਸ ਪਏਂ, ਤਾਂ ਮੇਰਾ ਮਨ ਅਡੋਲ ਅਵਸਥਾ ਵਿਚ ਟਿਕ ਕੇ ਤੇਰੇ ਨਾਮ ਦੇ ਸੁਆਦ ਵਿਚ ਭਿੱਜ ਜਾਏ, ਤੇਰੇ ਗੁਣ ਚੇਤੇ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਮੌਲ ਪਏ, ਮੇਰੇ ਅੰਦਰ “ਤੂ ਹੀ ਤੂ” ਦੀ ਧੁਨ ਲੱਗ ਪਏ।੩।

ਹੇ ਮੇਰੇ ਮੂਰਖ ਮਨ! ਮੈਂ ਤੈਨੂੰ ਕਿਤਨਾ ਕੁ ਸਮਝਾ ਸਮਝਾ ਕੇ ਦੱਸਾਂ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ, ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਜਾ (ਤੇ ਇਸ ਤਰ੍ਹਾਂ ਆਪਣਾ ਜਨਮ ਮਰਨ ਸੋਹਣਾ ਬਣਾ ਲੈ) ।੪।

ਹੇ ਭਾਈ! ਆਪਣੇ ਪ੍ਰੀਤਮ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ। ਜੇ ਤੂੰ (ਪ੍ਰਭੂ ਦੀ ਭਗਤੀ ਵਾਲੇ ਚੰਗੇ) ਗੁਣ ਨਾਲ ਲੈ ਕੇ (ਜੀਵਨ ਸਫ਼ਰ ਵਿਚ) ਤੁਰੇਂ ਤਾਂ ਕੋਈ ਦੁੱਖ ਕਲੇਸ਼ ਤੈਨੂੰ ਪੋਹ ਨਹੀਂ ਸਕੇਗਾ।੫।

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦੇ ਨਾਮ ਦੀ ਲਾਲੀ ਨਹੀਂ ਚੜ੍ਹਦੀ। ਉਹ ਨਿਖਸਮਾ ਹੋ ਕੇ ਆਤਮਕ ਮੌਤ ਸਹੇੜਦਾ ਹੈ, ਉਸ ਦੇ ਮਨ ਵਿਚ ਉਸ ਦੇ ਸਰੀਰ ਵਿਚ (ਪਰਮਾਤਮਾ ਨਾਲੋਂ) ਵਿਛੋੜਾ ਬਣਿਆ ਰਹਿੰਦਾ ਹੈ।੬।

ਜਿਸ ਮਨੁੱਖ ਨੇ ਗੁਰੂ ਦੀ ਦੱਸੀ ਕਾਰ (ਭਗਤੀ) ਕਰ ਕੇ (ਭਗਤੀ ਦਾ) ਲਾਭ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਉਸ ਨੇ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਾਸਨਾ-ਰਹਿਤ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ।੭।

ਹੇ ਪ੍ਰਭੂ! ਮੇਰੀ ਨਾਨਕ ਦੀ ਅਰਦਾਸ ਭੀ ਇਹੀ ਹੈ ਜੇ ਤੈਨੂੰ ਇਹ ਪਸੰਦ ਆ ਜਾਏ ਤਾਂ ਮੇਰੇ ਹਿਰਦੇ ਵਿਚ ਆਪਣੇ ਨਾਮ ਦਾ ਨਿਵਾਸ ਕਰ ਦੇਹ ਤਾ ਕਿ ਮੈਂ ਤੇਰੇ ਗੁਣ ਗਾਂਦਾ ਰਹਾਂ।੮।੧।੩।

ਨੋਟ: ਇਹ ਅਸਟਪਦੀ ‘ਘਰੁ ੧੦’ ਦੀ ਹੈ। ਕੁੱਲ ਜੋੜ ੩ ਹੈ।

Today’s Hukamnama from Gurdwara Damdama Sahib Thatta (Kapurthala)

ਬਿਲਾਵਲੁ ਮਹਲਾ ੫ ॥ ਗੁਰਿ ਪੂਰੈ ਮੇਰੀ ਰਾਖਿ ਲਈ ॥ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ ॥ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ॥ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥ ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ॥੨॥੧੨॥੯੮॥ {ਪੰਨਾ 823-824}

ਪਦਅਰਥ: ਗੁਰਿ = ਗੁਰੂ ਨੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਰਿਦੇ ਮਹਿ = ਹਿਰਦੇ ਵਿਚ।੧।ਰਹਾਉ।

ਨਿਵਰੇ = ਦੂਰ ਹੋ ਗਏ ਹਨ। ਦੂਤ = (ਕਾਮਾਦਿਕ) ਦੁਸ਼ਮਨ। ਬੈਰਾਈ = ਵੈਰੀ। ਕਹਾ ਕਰੈ = ਕੀਹ ਕਰ ਸਕਦਾ ਹੈ? ਕੁਝ ਵਿਗਾੜ ਨਹੀਂ ਕਰ ਸਕਦਾ। ਪਰਤਾਪੁ = ਤਾਕਤ।੧।

ਰਖੁ = ਟੇਕ, ਆਸਰਾ। ਮਾਹੀ = ਮਾਹਿ, ਵਿਚ। ਤਾ ਕੀ = ਉਸ (ਪ੍ਰਭੂ) ਦੀ। ਜਾ ਤੇ ਊਪਰਿ = ਜਿਸ ਤੋਂ ਵੱਡਾ।੨।

ਅਰਥ: (ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ। ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ, (ਉਸ ਨਾਮ ਦੀ ਬਰਕਤਿ ਨਾਲ) ਅਨੇਕਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਮੇਰੇ ਮਨ ਵਿਚੋਂ ਦੂਰ ਹੋ ਗਈ ਹੈ।੧।ਰਹਾਉ।

ਹੇ ਭਾਈ! ਪੂਰੇ ਗੁਰੂ ਦਾ ਦੱਸਿਆ ਹੋਇਆ ਹਰਿ-ਨਾਮ ਦਾ ਜਾਪ ਜਦੋਂ ਤੋਂ ਮੈਂ ਜਪਣਾ ਸ਼ੁਰੂ ਕੀਤਾ ਹੈ, (ਕਾਮਾਦਿਕ) ਸਾਰੇ ਵੈਰੀ ਦੁਰਜਨ ਨੱਸ ਗਏ ਹਨ। ਮੇਰੇ ਪ੍ਰਭੂ ਦੀ ਬੜੀ ਤਾਕਤ ਹੈ, ਹੁਣ (ਇਹਨਾਂ ਵਿਚੋਂ) ਕੋਈ ਭੀ ਮੇਰਾ ਕੁਝ ਵਿਗਾੜ ਨਹੀਂ ਸਕਦਾ।੧।

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨ) ਮੇਰੇ ਮਨ ਵਿਚ ਆਸਰਾ ਬਣ ਗਏ ਹਨ, ਉਸ ਦਾ ਨਾਮ (ਹਰ ਵੇਲੇ) ਸਿਮਰ ਸਿਮਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕੀਤਾ ਹੈ। ਹੇ ਭਾਈ! ਪ੍ਰਭੂ ਦਾ) ਦਾਸ ਨਾਨਕ ਉਸ (ਪ੍ਰਭੂ) ਦੀ ਸਰਨ ਪੈ ਗਿਆ ਹੈ ਜਿਸ ਤੋਂ ਵੱਡਾ ਹੋਰ ਕੋਈ ਨਹੀਂ।੨।੧੨।੯੮।

Today’s Hukamnama from Gurdwara Baba Darbara Singh Ji Tibba (Kapurthala)

ਧਨਾਸਰੀ ਮਹਲਾ ੫ ॥ ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥ ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥ ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥ ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥ ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥ ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥ ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥ ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥ ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ॥੪॥੩॥੨੭॥ {ਪੰਨਾ 677}

ਪਦਅਰਥ: ਜਹ ਜਹ = ਜਿੱਥੇ ਜਿੱਥੇ। ਪੇਖਉ = ਪੇਖਉਂ, ਮੈਂ ਦੇਖਦਾ ਹਾਂ। ਤਹ = ਉੱਥੇ। ਹਜੂਰਿ = ਅੰਗ = ਸੰਗ, ਹਾਜ਼ਰ। ਕਤਹੁ ਜਾਈ = ਕਿਸੇ ਭੀ ਥਾਂ ਤੋਂ। ਜਾਈ = ਥਾਂ। ਰਵਿ ਰਹਿਆ = ਵੱਸ ਰਿਹਾ ਹੈ। ਸਰਬਤ੍ਰ ਮੈ = ਸਭਨਾਂ ਵਿਚ। ਮਨ = ਹੇ ਮਨ!।੧।

ਈਤ = ਇਸ ਲੋਕ ਵਿਚ। ਊਤ = ਪਰਲੋਕ ਵਿਚ। ਬੀਛੜੈ = ਵਿਛੁੜਦਾ। ਸੰਗੀ = ਸਾਥੀ। ਗਨੀਐ = ਸਮਝਣਾ ਚਾਹੀਦਾ ਹੈ। ਨਿਮਖ = ਅੱਖ ਝਮਕਣ ਜਿਤਨਾ ਸਮਾ। ਅਲਪ = ਛੋਟਾ, ਥੋੜਾ, ਹੋਛਾ। ਭਨੀਐ = ਆਖਣਾ ਚਾਹੀਦਾ ਹੈ।ਰਹਾਉ।

ਅਪਿਆਉ = ਰਸ ਆਦਿਕ ਖ਼ੁਰਾਕ। ਊਨ = ਕਮੀ, ਥੁੜ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ।੨।

ਅਛਲ = ਜਿਸ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਅਛੇਦ = ਜਿਸ ਨੂੰ ਵਿੰਨਿ੍ਹਆ ਨਾਹ ਜਾ ਸਕੇ। ਜਾ ਕਾ ਰੂਪੁ = ਜਿਸ ਦੀ ਹਸਤੀ। ਜਪਿ = ਜਪ ਕੇ। ਜਨ = ਸੇਵਕ, ਭਗਤ। ਆਨੂਪੁ = ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ।੩।

ਸਾ = ਉਹ {ਇਸਤ੍ਰੀ ਲਿੰਗ}। ਪ੍ਰਭ = ਹੇ ਪ੍ਰਭੂ! ਜਿਤੁ = ਜਿਸ (ਮਤਿ) ਦੀ ਰਾਹੀਂ। ਰੇਨ = ਧੂੜ। ਪਗ = ਪੈਰ।੪।

ਅਰਥ: ਹੇ ਭਾਈ! ਉਸ (ਪਰਮਾਤਮਾ) ਨੂੰ ਹੀ (ਅਸਲ) ਸਾਥੀ ਸਮਝਣਾ ਚਾਹੀਦਾ ਹੈ, (ਜੇਹੜਾ ਸਾਥੋਂ) ਇਸ ਲੋਕ ਵਿਚ ਪਰਲੋਕ ਵਿਚ (ਕਿਤੇ ਭੀ) ਵੱਖਰਾ ਨਹੀਂ ਹੁੰਦਾ। ਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜੇਹੜਾ ਅੱਖ ਝਮਕਣ ਦੇ ਸਮੇ ਵਿਚ ਹੀ ਮੁੱਕ ਜਾਂਦਾ ਹੈ।ਰਹਾਉ।

ਹੇ ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ। ਹੇ (ਮੇਰੇ) ਮਨ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹਾ ਹੈ।੧।

ਹੇ ਭਾਈ! ਮੇਰਾ ਉਹ ਪ੍ਰਭੂ ਭੋਜਨ ਦੇ ਕੇ (ਸਭ ਨੂੰ) ਪਾਲਦਾ ਹੈ, (ਉਸ ਦੀ ਕਿਰਪਾ ਨਾਲ) ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ। ਉਹ ਪ੍ਰਭੂ (ਸਾਡੇ) ਹਰੇਕ ਸਾਹ ਦੇ ਨਾਲ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ।੨।

ਹੇ ਭਾਈ! ਜੇਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ, ਨਾਸ ਨਹੀਂ ਕੀਤਾ ਜਾ ਸਕਦਾ, ਜਿਸ ਦੀ ਹਸਤੀ ਸਭ ਤੋਂ ਉੱਚੀ ਹੈ, ਤੇ ਹੈਰਾਨ ਕਰਨ ਵਾਲੀ ਹੈ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ।੩।

ਹੇ ਦਇਆ ਦੇ ਘਰ ਪ੍ਰਭੂ! ਮੈਨੂੰ ਉਹ ਸਮਝ ਬਖ਼ਸ਼ ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ। ਹੇ ਪ੍ਰਭੂ! ਨਾਨਕ (ਤੇਰੇ ਪਾਸੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ।੪।੩।੨੭।

Today’s Hukamnama from State Gurdwara Sahib Kapurthala

ਸੋਰਠਿ ਮਹਲਾ ੩ ਘਰੁ ੧ ਤਿਤੁਕੀ    ੴ ਸਤਿਗੁਰ ਪ੍ਰਸਾਦਿ ॥ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥ ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥ ਹਰਿ ਜੀ ਏਹ ਤੇਰੀ ਵਡਿਆਈ ॥ ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥ ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥ ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥ ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥ {ਪੰਨਾ 637}

ਨੋਟ: ਤਿ-ਤੁਕੀ-ਤਿੰਨ ਤੁਕਾਂ ਵਾਲੀ, ਉਹ ਅਸ਼ਟਪਦੀ ਜਿਸ ਦੇ ਹਰੇਕ ਬੰਦ ਵਿਚ ਤਿੰਨ ਤੁਕਾਂ ਹਨ।

ਪਦਅਰਥ: ਹਰਿ ਜੀਉ = ਹੇ ਪ੍ਰਭੂ ਜੀ! ਧੁਰਿ = ਧੁਰ ਤੋਂ, ਸ਼ੁਰੂ ਤੋਂ, ਜਦੋਂ ਦਾ ਸੰਸਾਰ ਬਣਿਆ ਹੈ ਤਦੋਂ ਦਾ। ਪ੍ਰਹਿਲਾਦ ਜਨ = ਪ੍ਰਹਿਲਾਦ ਅਤੇ ਇਹੋ ਜਿਹੇ ਹੋਰ ਸੇਵਕ। ਮਾਰਿ = ਮਾਰ ਕੇ। ਪਚਾਇਆ = ਖ਼ੁਆਰ ਕੀਤਾ, ਤਬਾਹ ਕਰ ਦਿੱਤਾ। ਪਰਤੀਤਿ = ਸਰਧਾ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭਰਮਿ = ਭਟਕਣਾ ਵਿਚ।੧।

ਵਡਿਆਈ = ਇੱਜ਼ਤ। ਪੈਜ = ਲਾਜ। ਸੁਆਮੀ = ਹੇ ਸੁਆਮੀ!।ਰਹਾਉ।

ਜਮੁ = ਮੌਤ, ਮੌਤ ਦਾ ਡਰ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਕਾਲੁ = ਮੌਤ ਦਾ ਡਰ। ਮਨਿ = ਮਨ ਵਿਚ। ਨਾਮੇ ਹੀ = ਨਾਮ ਵਿਚ ਜੁੜ ਕੇ ਹੀ। ਮੁਕਤਿ = ਮੌਤ ਦੇ ਡਰ ਤੋਂ ਖ਼ਲਾਸੀ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਗੁਰ ਕੈ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਈ = ਸੁਭਾਇ, ਪ੍ਰੇਮ ਵਿਚ।੨।

ਅਰਥ: ਹੇ ਹਰੀ! ਹੇ ਸੁਆਮੀ! ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ। ਹੇ ਹਰੀ! (ਭਗਤਾਂ ਦੀ ਇੱਜ਼ਤ) ਤੇਰੀ ਹੀ ਇੱਜ਼ਤ ਹੈ।ਰਹਾਉ।

ਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ। ਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ। ਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ (ਕਿ ਤੂੰ ਭਗਤਾਂ ਦੀ ਇੱਜ਼ਤ ਬਚਾਂਦਾ ਹੈਂ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।੧।

ਹੇ ਭਾਈ! ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ, ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਕਦਾ (ਕਿਉਂਕਿ ਮੌਤ ਦੇ ਡਰ ਦੇ ਥਾਂ) ਸਿਰਫ਼ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਦਾ ਹੈ, ਨਾਮ ਦੀ ਬਰਕਤਿ ਨਾਲ ਹੀ ਉਹ (ਮੌਤ ਦੇ ਡਰ ਤੋਂ) ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ। ਭਗਤ ਗੁਰੂ ਦੀ ਰਾਹੀਂ (ਗੁਰੂ ਦੀ ਸ਼ਰਨ ਪੈ ਕੇ) ਆਤਮਕ ਅਡੋਲਤਾ ਵਿਚ ਪ੍ਰਭੂ-ਪਿਆਰ ਵਿਚ (ਟਿਕੇ ਰਹਿੰਦੇ ਹਨ, ਇਸ ਵਾਸਤੇ) ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀਂ ਲੱਗੀਆਂ ਰਹਿੰਦੀਆਂ ਹਨ।੨।

ਮਨਮੁਖਾ ਨੋ ਪਰਤੀਤਿ ਨ ਆਵੀ ਅੰਤਰਿ ਲੋਭ ਸੁਆਉ ॥ ਗੁਰਮੁਖਿ ਹਿਰਦੈ ਸਬਦੁ ਨ ਭੇਦਿਓ ਹਰਿ ਨਾਮਿ ਨ ਲਾਗਾ ਭਾਉ ॥ ਕੂੜ ਕਪਟ ਪਾਜੁ ਲਹਿ ਜਾਸੀ ਮਨਮੁਖ ਫੀਕਾ ਅਲਾਉ ॥੩॥ ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ॥ ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖੁ ਬਿਧਾਤਾ ॥ ਹਉਮੈ ਮਾਰਿ ਮਨਸਾ ਮਨਹਿ ਸਮਾਣੀ ਗੁਰ ਕੈ ਸਬਦਿ ਪਛਾਤਾ ॥੪॥ ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ ॥ ਗੁਰ ਪਰਸਾਦਿ ਸਦਾ ਮਨਿ ਵਸਿਆ ਸਭਿ ਕਾਜ ਸਵਾਰਣਹਾਰਾ ॥ ਓਨਾ ਕੀ ਰੀਸ ਕਰੇ ਸੁ ਵਿਗੁਚੈ ਜਿਨ ਹਰਿ ਪ੍ਰਭੁ ਹੈ ਰਖਵਾਰਾ ॥੫॥ {ਪੰਨਾ 637-638}

ਪਦਅਰਥ: ਨੋ = ਨੂੰ। ਆਵੀ = ਆਵੈ, ਆਉਂਦੀ। ਲੋਭ ਸੁਆਉ = ਲੋਭ ਦਾ ਸੁਆਰਥ, ਲੋਭ = ਭਰੀ ਗ਼ਰਜ਼। ਗੁਰਮੁਖਿ = ਗੁਰੂ ਦੀ ਸ਼ਰਨ ਪੈ ਕੇ। ਹਿਰਦੈ = ਹਿਰਦੇ ਵਿਚ। ਭੇਦਿਓ = ਵਿੱਝਿਆ। ਨਾਮਿ = ਨਾਮ ਵਿਚ। ਭਾਉ = ਪਿਆਰ। ਪਾਜੁ = ਮੁਲੰਮਾ। ਲਹਿ ਜਾਸੀ = ਉਤਰ ਜਾਏਗਾ। ਅਲਾਉ = ਅਲਾਪ, ਬੋਲ।੩।

ਵਰਤਦਾ = ਕੰਮ ਕਰਦਾ। ਭਗਤੀ = ਭਗਤਾਂ ਨੇ। ਤੂ = ਤੈਨੂੰ। ਲੋਕ = ਸ੍ਰਿਸ਼ਟੀ। ਬਿਧਾਤਾ = ਰਚਨਹਾਰ। ਮਨਸਾ = {मनीषा} ਮਨੋ = ਕਾਮਨਾ। ਮਨਹਿ = ਮਨਿ ਹੀ, ਮਨ ਵਿਚ ਹੀ {ਲਫ਼ਜ਼ ‘ਮਨਿ’ ਦੀ ‘ਿ’ ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ}। ਸਬਦਿ = ਸ਼ਬਦ ਦੀ ਰਾਹੀਂ।੪।

ਅਚਿੰਤ = ਚਿੰਤਾ ਤੋਂ ਬਿਨਾ ਹੀ। ਪ੍ਰਭ = ਹੇ ਪ੍ਰਭੂ! ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਸਭਿ = ਸਾਰੇ। ਸੁ = ਉਹ (ਮਨੁੱਖ) । ਵਿਗੁਚੈ = ਖ਼ੁਆਰ ਹੁੰਦਾ ਹੈ।੫।

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ (ਪਰਮਾਤਮਾ ਉਤੇ) ਯਕੀਨ ਨਹੀਂ ਬੱਝਦਾ, ਉਹਨਾਂ ਦੇ ਅੰਦਰ ਲੋਭ-ਭਰੀ ਗ਼ਰਜ਼ ਟਿਕੀ ਰਹਿੰਦੀ ਹੈ। ਗੁਰੂ ਦੀ ਸਰਨ ਪੈ ਕੇ ਉਹਨਾਂ (ਮਨਮੁਖਾਂ) ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਨਹੀਂ ਵਿੱਝਦਾ, ਪਰਮਾਤਮਾ ਦੇ ਨਾਮ ਵਿਚ ਉਹਨਾਂ ਦਾ ਪਿਆਰ ਨਹੀਂ ਬਣਦਾ। ਮਨਮੁਖਾਂ ਦਾ ਬੋਲ ਭੀ ਰੁੱਖਾ ਰੁੱਖਾ ਹੁੰਦਾ ਹੈ। ਪਰ ਉਹਨਾਂ ਦਾ ਝੂਠ ਤੇ ਠੱਗੀ ਦਾ ਪਾਜ ਉੱਘੜ ਹੀ ਜਾਂਦਾ ਹੈ।੩।

ਹੇ ਪ੍ਰਭੂ! ਆਪਣੇ ਭਗਤਾਂ ਵਿਚ ਤੂੰ ਆਪ ਕੰਮ ਕਰਦਾ ਹੈਂ, ਤੇਰੇ ਭਗਤਾਂ ਨੇ ਹੀ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ। ਪਰ, ਹੇ ਪ੍ਰਭੂ! ਮਾਇਆ ਦਾ ਮੋਹ ਭੀ ਤੇਰੀ ਹੀ ਰਚਨਾ ਹੈ, ਤੂੰ ਆਪ ਹੀ ਸਰਬ-ਵਿਆਪਕ ਹੈਂ, ਤੇ ਰਚਨਹਾਰ ਹੈਂ, ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦਾਂ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਮਨ ਦਾ ਫੁਰਨਾ ਮਨ ਵਿਚ ਹੀ ਲੀਨ ਕਰ ਦਿੱਤਾ ਹੈ, ਉਹਨਾਂ ਨੇ (ਹੇ ਪ੍ਰਭੂ! ਤੇਰੇ ਨਾਲ) ਸਾਂਝ ਪਾ ਲਈ।੪।

ਹੇ ਪ੍ਰਭੂ! ਜਿਨ੍ਹਾਂ ਨੂੰ ਤੇਰਾ ਹਰਿ-ਨਾਮ ਪਿਆਰਾ ਲੱਗਦਾ ਹੈ ਤੂੰ ਉਹਨਾਂ ਦੇ ਕੰਮ ਕਰ ਦੇਂਦਾ ਹੈ, ਉਹਨਾਂ ਨੂੰ ਕੋਈ ਚਿੰਤਾ-ਫ਼ਿਕਰ ਹੀ ਨਹੀਂ ਹੁੰਦਾ। ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਸਦਾ ਵੱਸਿਆ ਰਹਿੰਦਾ ਹੈ, ਪਰਮਾਤਮਾ ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ। ਜਿਨ੍ਹਾਂ ਮਨੁੱਖਾਂ ਦਾ ਰਾਖਾ ਪਰਮਾਤਮਾ ਆਪ ਬਣਦਾ ਹੈ, ਉਹਨਾਂ ਦੀ ਬਰਾਬਰੀ ਜੇਹੜਾ ਭੀ ਮਨੁੱਖ ਕਰਦਾ ਹੈ ਉਹ ਖ਼ੁਆਰ ਹੁੰਦਾ ਹੈ।੫।

ਬਿਨੁ ਸਤਿਗੁਰ ਸੇਵੇ ਕਿਨੈ ਨ ਪਾਇਆ ਮਨਮੁਖਿ ਭਉਕਿ ਮੁਏ ਬਿਲਲਾਈ ॥ ਆਵਹਿ ਜਾਵਹਿ ਠਉਰ ਨ ਪਾਵਹਿ ਦੁਖ ਮਹਿ ਦੁਖਿ ਸਮਾਈ ॥ ਗੁਰਮੁਖਿ ਹੋਵੈ ਸੁ ਅੰਮ੍ਰਿਤੁ ਪੀਵੈ ਸਹਜੇ ਸਾਚਿ ਸਮਾਈ ॥੬॥ ਬਿਨੁ ਸਤਿਗੁਰ ਸੇਵੇ ਜਨਮੁ ਨ ਛੋਡੈ ਜੇ ਅਨੇਕ ਕਰਮ ਕਰੈ ਅਧਿਕਾਈ ॥ ਵੇਦ ਪੜਹਿ ਤੈ ਵਾਦ ਵਖਾਣਹਿ ਬਿਨੁ ਹਰਿ ਪਤਿ ਗਵਾਈ ॥ ਸਚਾ ਸਤਿਗੁਰੁ ਸਾਚੀ ਜਿਸੁ ਬਾਣੀ ਭਜਿ ਛੂਟਹਿ ਗੁਰ ਸਰਣਾਈ ॥੭॥ ਜਿਨ ਹਰਿ ਮਨਿ ਵਸਿਆ ਸੇ ਦਰਿ ਸਾਚੇ ਦਰਿ ਸਾਚੈ ਸਚਿਆਰਾ ॥ ਓਨਾ ਦੀ ਸੋਭਾ ਜੁਗਿ ਜੁਗਿ ਹੋਈ ਕੋਇ ਨ ਮੇਟਣਹਾਰਾ ॥ ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰਿ ਰਾਖਿਆ ਉਰਿ ਧਾਰਾ ॥੮॥੧॥ {ਪੰਨਾ 638}

ਪਦਅਰਥ: ਕਿਨੈ = ਕਿਸੇ ਨੇ ਭੀ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭਉਕਿ = ਫ਼ਜ਼ੂਲ ਬੋਲ ਕੇ। ਮੁਏ = ਆਤਮਕ ਮੌਤ ਸਹੇੜ ਬੈਠੇ। ਬਿਲਲਾਈ = ਬਿਲਲਾਇ, ਵਿਲਕ ਕੇ। ਆਵਹਿ ਜਾਵਹਿ = ਜੰਮਦੇ ਹਨ ਮਰਦੇ ਹਨ। ਠਉਰ = ਟਿਕਾਣਾ, ਜਨਮ ਮਰਨ ਤੋਂ ਖਲ੍ਹੀਰ। ਦੁਖਿ = ਦੁੱਖ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਸਹਜੇ = ਆਤਮਕ ਅਡੋਲਤਾ ਵਿਚ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਮਾਈ = ਲੀਨਤਾ।੬।

ਜਨਮੁ = ਜਨਮਾਂ ਦਾ ਗੇੜ। ਅਧਿਕਾਈ = ਬਹੁਤ। ਪੜਹਿ = ਪੜ੍ਹਦੇ ਹਨ {ਬਹੁ-ਵਚਨ}। ਤੈ = ਅਤੇ। ਵਾਦ = ਚਰਚਾ, ਬਹਿਸਾਂ। ਪਤਿ = ਇੱਜ਼ਤ। ਸਚਾ = ਸਦਾ-ਥਿਰ (ਪ੍ਰਭੂ ਦਾ ਉਪਦੇਸ਼ ਕਰਨ ਵਾਲਾ) । ਸਾਚੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ। ਭਜਿ = ਭੱਜ ਕੇ, ਦੌੜ ਕੇ। ਛੂਟਹਿ = (ਆਤਮਕ ਮੌਤ ਤੋਂ) ਬਚਦੇ ਹਨ।੭।

ਮਨਿ = ਮਨ ਵਿਚ। ਦਰਿ = ਪ੍ਰਭੂ ਦੇ ਦਰ ਤੇ। ਸਾਚੇ = ਸੁਰਖ਼ = ਰੂ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰਾ = ਸੁਰਖ਼ = ਰੂ, ਇੱਜ਼ਤ ਵਾਲੇ। ਜੁਗਿ ਜੁਗਿ = ਹਰੇਕ ਜੁਗ ਵਿਚ। ਤਿਨ ਕੈ = ਉਹਨਾਂ ਤੋਂ। ਸਦ = ਸਦਾ। ਉਰਿ = ਹਿਰਦੇ ਵਿਚ।

ਅਰਥ: ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਕਿਸੇ ਮਨੁੱਖ ਨੇ ਭੀ (ਪਰਮਾਤਮਾ ਦਾ ਮਿਲਾਪ) ਹਾਸਲ ਨਹੀਂ ਕੀਤਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਫ਼ਜ਼ੂਲ ਬੋਲ ਬੋਲ ਕੇ ਵਿਲਕ ਵਿਲਕ ਕੇ ਆਤਮਕ ਮੌਤ ਸਹੇੜ ਲੈਂਦੇ ਹਨ। ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ (ਇਸ ਗੇੜ ਤੋਂ ਬਚਣ ਲਈ ਕੋਈ) ਠਾਹਰ ਉਹ ਲੱਭ ਨਹੀਂ ਸਕਦੇ, ਦੁੱਖ ਵਿਚ (ਜੀਵਨ ਬਤੀਤ ਕਰਦੇ ਆਖ਼ਰ) ਦੁੱਖ ਵਿਚ (ਹੀ) ਗ਼ਰਕ ਹੋ ਜਾਂਦੇ ਹਨ। ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, (ਤੇ, ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ।੬।

ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਨੁੱਖ ਨੂੰ ਜਨਮਾਂ ਦਾ ਗੇੜ ਨਹੀਂ ਛੱਡਦਾ, ਉਹ ਭਾਵੇਂ ਬਥੇਰੇ ਅਨੇਕਾਂ ਹੀ (ਮਿੱਥੇ ਹੋਏ ਧਾਰਮਿਕ) ਕਰਮ ਕਰਦਾ ਰਹੇ। (ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕਾਂ) ਪੜ੍ਹਦੇ ਹਨ, ਅਤੇ (ਉਹਨਾਂ ਬਾਬਤ ਨਿਰੀਆਂ) ਬਹਿਸਾਂ (ਹੀ) ਕਰਦੇ ਹਨ। (ਯਕੀਨ ਜਾਣੋ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਉਹਨਾਂ ਨੇ ਪ੍ਰਭੂ-ਦਰ ਤੇ ਆਪਣੀ ਇੱਜ਼ਤ ਗਵਾ ਲਈ ਹੈ।

ਹੇ ਭਾਈ! ਗੁਰੂ ਸਦਾ-ਥਿਰ ਪ੍ਰਭੂ ਦੇ ਨਾਮ ਦਾ ਉਪਦੇਸ਼ ਕਰਨ ਵਾਲਾ ਹੈ, ਉਸ ਦੀ ਬਾਣੀ ਭੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਹੈ। ਜੇਹੜੇ ਮਨੁੱਖ ਦੌੜ ਕੇ ਗੁਰੂ ਦੀ ਸ਼ਰਨ ਜਾ ਪੈਂਦੇ ਹਨ, ਉਹ (ਆਤਮਕ ਮੌਤ ਤੋਂ) ਬਚ ਜਾਂਦੇ ਹਨ।੭।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ। ਉਹਨਾਂ ਮਨੁੱਖਾਂ ਦੀ ਵਡਿਆਈ ਹਰੇਕ ਜੁਗ ਵਿਚ ਹੀ ਹੁੰਦੀ ਹੈ, ਕੋਈ (ਨਿੰਦਕ ਆਦਿਕ ਉਹਨਾਂ ਦੀ ਇਸ ਹੋ ਰਹੀ ਵਡਿਆਈ ਨੂੰ) ਮਿਟਾ ਨਹੀਂ ਸਕਦਾ। ਹੇ ਨਾਨਕ! ਆਖ-) ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਵਸਾ ਰੱਖਿਆ ਹੈ।੮।੧।