Sultanpur Lodhi: ਮਨੁੱਖੀ ਤਸਕਰੀ ਦੇ ਨਾਲ ਨਸ਼ੀਲੇ ਪਦਾਰਥਾਂ ਦਾ ਵੀ ਕੇਂਦਰ ਬਣਿਆ ਸੁਲਤਾਨਪੁਰ ਲੋਧੀ

104

ਪ੍ਰਵਾਸੀ ਪੰਜਾਬੀਆਂ ਦੇ ਲੋਕਾਂ ਦੀ ਮਿਹਨਤ ਨਾਲ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਖੇਤਰ ‘ਚ ਪਿੰਡ-ਪਿੰਡ ਉਸਰੀਆਂ ਆਲੀਸ਼ਾਨ ਕੋਠੀਆਂ, ਰਬੜ ਵਰਗੀਆਂ ਨਵੀਆਂ ਸੜਕਾਂ ਤੇ ਮਹਿੰਗੀਆਂ ਤੋਂ ਮਹਿੰਗੀਆਂ ਧੂੜ ਪੱਟਦੀਆਂ ਫਿਰਦੀਆਂ ਕਾਰਾਂ ਇਕ ਵਾਰ ਤਾਂ ਕਿਸੇ ਵਿਕਸਤ ਖਿੱਤੇ ਦਾ ਭਰਮ ਪੈਦਾ ਕਰਦੀਆਂ ਹਨ, ਪਰ ਇਸ ਖੇਤਰ ਦੇ ਲੋਕਾਂ ਦੇ ਅੰਦਰ ਝਾਤ ਮਾਰਿਆਂ ਪਤਾ ਲਗਦਾ ਹੈ ਕਿ ਖੁਸ਼ਹਾਲੀ ਦਾ ਦੌਰ ਹੰਢਾਉਣ ਵਾਲੇ ਇਸ ਖੇਤਰ ਦੇ ਲੋਕ ਨਸ਼ਿਆਂ ਦੇ ਕੋਹੜ ਨੇ ਧੁਰ ਅੰਦਰੋਂ ਕੰਗਾਲ ਕਰ ਸੁੱਟੇ ਨੇ | ਲੋਕਾਂ ਦੇ ਚਿਰਾਗ ਬੁਝ ਰਹੇ ਹਨ | ਲੋਕਾਂ ਦਾ ਮਨ ਉਦਾਸ ਤੇ ਦਿਲ ਹੌਕੇ ਭਰਦਾ ਹੈ | ਖਾੜਕੂ ਲਹਿਰ ਦੇ ਉਭਾਰ ਸਮੇਂ ਕੱਚੇ ਕੋਠਿਆਂ ਵਾਲੇ ਪਿੰਡਾਂ ਤੇ ਦਰਿਆਵਾਂ ਲਾਗਲੀ ਜ਼ਮੀਨ ‘ਚ ਉੱਚੇ ਸਰਕੜੇ ਤੇ ਕਾਹੀ ਬਗਾਵਤੀ ਨੌਜਵਾਨਾਂ ਲਈ ਵੱਡੀ ਠਾਹਰ ਸਨ | ਦਿਨ ਫਿਰੇ ਤਾਂ ਵੱਡੀ ਗਿਣਤੀ ‘ਚ ਵਿਦੇਸ਼ੀਂ ਜਾ ਵਸੇ ਲੋਕਾਂ ਨੇ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਵੱਲ ਪਾਸਾ ਪਲਟਿਆ | ਇਸ ਖੇਤਰ ਦੇ ਪਿੰਡ ਕੁਲਾਰ ਤੇ ਫੱਤੂਢੀਂਗਾ ਨੂੰ ਦੇਖ ਲਗਦਾ ਹੀ ਨਹੀਂ ਕਿ ਤੁਸੀਂ ਪੰਜਾਬ ਦੇ ਕਿਸੇ ਪਿੰਡ ਵਿਚ ਘੁੰਮਦੇ ਹੋ | ਇਹ ਪਿੰਡ ਸ਼ਾਮ ਨੂੰ ਕਿਸੇ ਵਿਕਸਤ ਟਾਪੂ ਵਰਗਾ ਨਜ਼ਾਰਾ ਪੇਸ਼ ਕਰਦੇ ਹਨ | ਖੁਸ਼ਹਾਲੀ ਦੇ ਇਸ ਦੌਰ ਨੂੰ ਲਗਦਾ ਹੈ ਕਿ ਕਿਸੇ ਚੰਦਰੇ ਦੀ ਅਜਿਹੀ ਨਜ਼ਰ ਲੱਗੀ ਕਿ ਨਸ਼ਿਆਂ ਦੀ ਭਰਮਾਰ ਨੇ ਆ ਡੇਰਾ ਲਾਇਆ ਹੈ | ਕਿਸੇ ਵੇਲੇ ਸ਼ਾਮ ਪੈਂਦਿਆਂ ਖਾੜਕੂ ਲਹਿਰ ਦੌਰਾਨ ਲੋਕ ਸ਼ਾਮ ਦੇ 6 ਵਜਦਿਆਂ ਘਰੀਂ ਜਾ ਵੜਨ ਨੂੰ ਤਰਜੀਹ ਦਿੰਦੇ ਸਨ ਤੇ ਹੁਣ ਸ਼ਾਮ ਢਲਦਿਆਂ ਲੋਕ ਕੰਧਾਂ ਨਾਲ ਵੱਜਦੇ ਫਿਰਦੇ ਨਸ਼ੇੜੀਆਂ ਤੋਂ ਬਚਣ ਲਈ ਅੰਦਰ ਜਾ ਵੜਦੇ ਹਨ | ਖੇਤਰ ਦੇ ਵਡੇਰੇ ਇਕ ਅਜੀਮ ਜਿਹੇ ਡਰ, ਸਹਿਮ ਤੇ ਸੰਸੇ ਦੇ ਸ਼ਿਕਾਰ ਹਨ, ਹਰ ਥਾਂ ਉਨ੍ਹਾਂ ਦੇ ਬੋਲਾਂ ‘ਚੋਂ ਬੇਵੱਸੀ ਕਿਰਦੀ ਨਜ਼ਰ ਆ ਰਹੀ ਹੈ | ਨਵੀਂ ਪੀੜ੍ਹੀ ਨੂੰ ਬਚਾਉਣ ਲਈ ਇਸ ਖੇਤਰ ‘ਚੋਂ ਪ੍ਰਵਾਸ ਹੀ ਲੋਕਾਂ ਨੂੰ ਇਕੋ-ਇਕ ਬਦਲ ਨਜ਼ਰ ਆ ਰਿਹਾ ਹੈ | ਲੋਕ ਜ਼ਮੀਨਾਂ ਤੇ ਘਰ-ਘਾਟ ਵੇਚ ਕੇ ਜਾਨ ਜ਼ੋਖ਼ਮ ਵਿਚ ਪਾ ਕੇ ਬੱਚਿਆਂ ਨੂੰ ਵਿਦੇਸ਼ਾਂ ਵੱਲ ਤੋਰ ਰਹੇ ਹਨ | ਇਸ ਵੇਲੇ ਸੁਲਤਾਨਪੁਰ ਲੋਧੀ ਖੇਤਰ ‘ਚ ਨਸ਼ਾ ਤਸਕਰਾਂ ਦੇ ਨਾਲ ਗ਼ੈਰ-ਕਾਨੂੰਨੀ ਮਨੁੱਖੀ ਤਸਕਰ ਵੀ ਖੂਬ ਹੱਥ ਰੰਗ ਰਹੇ ਹਨ | ਇਸ ਖੇਤਰ ਵਿਚ ਵਿਚਰਦਿਆਂ ਪਿੰਡਾਂ ਤੇ ਕਸਬਿਆਂ ਦੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਇਹ ਤੱਥ  ਉਜਾਗਰ ਹੋਇਆ ਹੈ ਕਿ ਨਸ਼ਿਆਂ ਦੀ ਭਰਮਾਰ ਵਿਚ ਮੁੜ ਫਿਰ ਉਛਾਲ ਆਇਆ ਹੈ | ਹਰ ਪਿੰਡ ਵਿਚ ਨਸ਼ੇ ਆਮ ਮਿਲ ਰਹੇ ਹਨ | ਪਤਵੰਤੇ ਦੱਸਦੇ ਹਨ ਕਿ ਹੁਣ ਤਾਂ ਨਸ਼ਿਆਂ ਦੀ ਸਪਲਾਈ ਫੋਨ ‘ਤੇ ਜਿੱਥੇ ਕਹੋ ਹੋਣ ਲੱਗ ਪਈ ਹੈ | ਸੁਲਤਾਨਪੁਰ ਲੋਧੀ ਖੇਤਰ ਦੇ ਨਸ਼ਾ ਤਸਕਰਾਂ ਦੀਆਂ ਤਾਰਾਂ ਕੌਮਾਂਤਰੀ ਗਰੋਹਾਂ ਨਾਲ ਵੀ ਜੁੜੀਆਂ ਹੋਈਆਂ ਹਨ | ਇਸ ਖੇਤਰ ਦੇ ਨਸ਼ਾ ਤਸਕਰ ਦਿੱਲੀ ਤੱਕ ਮਾਰ ਕਰਦੇ ਹਨ | ਪੁਲਿਸ ਵੱਡੇ ਨਸ਼ਾ ਤਸਕਰਾਂ ਦਾ ਪਾਣੀ ਭਰਦੀ ਹੈ, ਪਰ ਕਦੇ-ਕਦਾਈਾ ਕਾਰਵਾਈ ਪਾਉਣ ਲਈ ਨਸ਼ਾ ਖਾਣ ਵਾਲਿਆਂ ਉੱਪਰ ਜੁੱਤੀ ਜ਼ਰੂਰ ਫੇਰਦੀ ਹੈ | ਸਿਆਸਤਦਾਨਾਂ ਦੀ ਸਰਪ੍ਰਸਤੀ ਬਾਰੇ ਇਲਾਕੇ ਦੇ ਲੋਕ ਦੰਦ ਜੋੜਨ ਵਾਲੀਆਂ ਕਹਾਣੀਆਂ ਦੱਸਦੇ ਹਨ | ਅਕਾਲੀ ਰਾਜ ਵੇਲੇ ਵਾਂਗ ਨਵੀਂ ਸਰਕਾਰ ਵਿਚ ਵੀ ਮਨਮਰਜ਼ੀ ਦੇ ਥਾਣੇਦਾਰ ਤੇ ਹਲਕਾ ਡੀ. ਐਸ. ਪੀ. ਲਗਾਉਣ ਦਾ ਰਿਵਾਜ ਅਜੇ ਵੀ ਬਾਦਸਤੂਰ ਜਾਰੀ ਹੈ |


ਬੇਰੋਕ-ਟੋਕ ਹੈ ਨਸ਼ੇ ਦੀ ਸਪਲਾਈ
‘ਅਜੀਤ’ ਦੀ ਟੀਮ ਵਲੋਂ ਸੁਲਤਾਨਪੁਰ ਲੋਧੀ ਦੇ ਨਸ਼ਿਆਂ ਦੇ ਕੋਹੜ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਡੇਢ ਦਰਜਨ ਦੇ ਕਰੀਬ ਪਿੰਡਾਂ ‘ਚ ਜਾ ਕੇ ਕੀਤੀ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਖੇਤਰ ਵਿਚ ਨਸ਼ੇ ਦੀ ਸਪਲਾਈ ਬਿਨਾਂ ਕਿਸੇ ਡਰ ਭੈਅ ਦੇ ਸ਼ਰ੍ਹੇਆਮ ਹੋ ਰਹੀ ਹੈ | ਫੱਤੂਢੀਂਗਾ ਦੇ ਥਾਣੇ ਤੇ ਮੋਠਾਂਵਾਲ ਦੀ ਪੁਲਿਸ ਚੌਕੀ ਵਾਲੇ ਪਿੰਡਾਂ ‘ਚ ਲੋਕਾਂ ਨੇ ਦੱਸਿਆ ਕਿ ਸ਼ਾਮ ਨੂੰ ਨਸ਼ੇੜੀ ਸਬਜ਼ੀਆਂ ਖਰੀਦਣ ਵਾਂਗ ਇਥੇ ਨਸ਼ੇ ਖਰੀਦਣ ਆਉਂਦੇ ਹਨ | ਫੱਤੂਢੀਂਗਾ ਦਾ ਸਾਬਕਾ ਸਰਪੰਚ ਸ: ਬਲਵਿੰਦਰ ਸਿੰਘ ਦੁਹਾਈ ਪਾਉਂਦਾ ਕਹਿ ਰਿਹਾ ਸੀ ਕਿ ਨਸ਼ੇ ਨੇ ਸਾਡੇ ਪਿੰਡਾਂ ਦਾ ਬੇੜਾ ਗਰਕ ਕਰ ਦਿੱਤਾ ਹੈ | ਸ਼ਾਮੀਂ 5-6 ਵਜੇ ਤੋਂ ਰਾਤ 10 ਵਜੇ ਤੱਕ ਨਸ਼ੇੜੀ ਨਸ਼ਾ ਲੈਣ ਲਈ ਸਾਡੇ ਪਿੰਡ ਦੀਆਂ ਗਲੀਆਂ ‘ਚ ਘੁੰਮਦੇ ਹਨ | ਲੋਕਾਂ ਨੇ ਦੱਸਿਆ ਕਿ 500 ਦੇ ਕਰੀਬ ਨਸ਼ੇ ਖਰੀਦਣ ਵਾਲੇ ਹਰ ਰੋਜ਼ ਫੱਤੂਢੀਂਗਾ ਵਿਚ ਆਉਂਦੇ ਹਨ | ਇਸ ਪਿੰਡ ਵਿਚ ਨਸ਼ੇ ਵੇਚਣ ਵਾਲਿਆਂ ਦੇ ਕਈ ਗਰੁੱਪ ਸਰਗਰਮ ਦੱਸੇ ਜਾਂਦੇ ਹਨ | ਦਰਿਆ ਬਿਆਸ ਨਾਲ ਪੈਂਦੇ ਪਿੰਡ ਦੇਸਲ, ਬਾਗੂਵਾਲ, ਮੁੰਡੀ ਤੇ ਆਲੇ-ਦੁਆਲੇ ਦੇ ਪਿੰਡਾਂ ‘ਚ ਹੁਣ ਦੇਸੀ ਦਾਰੂ ਕੱਢਣ ਦਾ ਰਿਵਾਜ ਹੀ ਘੱਟ ਗਿਆ ਹੈ ਤੇ ਨਵੀਂ ਪੀੜ੍ਹੀ ਹੈਰੋਇਨ, ਚਿੱਟੇ ਤੇ ਨਸ਼ੀਲੀਆਂ ਦਵਾਈਆਂ ਦੇ ਸੇਵਨ ਮਗਰ ਲੱਗ ਤੁਰੀ ਹੈ | ਲੋਕਾਂ ਦਾ ਕਹਿਣਾ ਸੀ ਕਿ ਹਾਲਤ ਇੰਨੇ ਬਦਤਰ ਹੋ ਗਏ ਹਨ ਕਿ ਚਾਰ ਜਣੇ ਮੋਟਰ ‘ਤੇ ਬੈਠੇ ਕਹਿਣ ਤਾਂ ਮਿੰਟਾਂ ਵਿਚ ਹੀ ਚਿੱਟੇ ਦੀ ਸਪਲਾਈ ਮੋਟਰਸਾਈਕਲਾਂ ਵਾਲੇ ਉਥੇ ਕਰ ਜਾਂਦੇ ਹਨ | ਸੁਲਤਾਨਪੁਰ ਲੋਧੀ ਤੋਂ ਅਗਲੇ ਪਾਸੇ ਪਿੰਡ ਡਡਵਿੰਡੀ, ਲਾਟੀਆਂ ਵਾਲ, ਤੋਤੀ, ਅਹਿਮਦਪੁਰ, ਮੋਠਾਂਵਾਲ ਆਦਿ ਪਿੰਡਾਂ ਵਿਚ ਵੀ ਨਸ਼ਿਆਂ ਦੀ ਆਮ ਭਰਮਾਰ ਦੇ ਕਿੱਸੇ ਸੁਣਾਈ ਦਿੱਤੇ | ਲਾਟੀਆਂ ਵਾਲ ਅਜਿਹਾ ਪਿੰਡ ਹੈ ਜਿਥੋਂ ਦੇ ਬਹੁਤੇ ਲੋਕ ਨਸ਼ੇ ਦੇ ਵਪਾਰ ਨਾਲ ਜੁੜੇ ਦੱਸੇ ਜਾਂਦੇ ਹਨ | ਸ਼ਾਮ ਨੂੰ ਇਸ ਪਿੰਡ ਤੋਂ ਨਸ਼ਾ ਲੈਣ ਜਾਂਦੇ ਲੋਕ ਆਮ ਦੇਖੇ ਜਾਂਦੇ ਹਨ | 10 ਸਾਲ ਤੋਂ ਪਹਿਲਾਂ ਇਸ ਪਿੰਡ ਦੇ ਘਰ ਕੱਚੇ ਤੇ ਬਹੁਤੇ ਲੋਕ ਦਿਹਾੜੀਦਾਰ ਸਨ, ਪਰ ਹੁਣ ਨਸ਼ੇ ਦੇ ਵਪਾਰ ਨੇ ਇਸ ਪਿੰਡ ਦੇ ਲੋਕਾਂ ਦੇ ਭਾਗ ਬਦਲ ਦਿੱਤੇ ਹਨ | ਇਸ ਪਿੰਡ ਵਿਚੋਂ ਲੰਘਦਿਆਂ ਦੇਖਿਆ ਕਿ ਨਵੀਆਂ ਨਕੋਰ ਕੋਠੀਆਂ ਉਸਰ ਰਹੀਆਂ ਹਨ | ਦਿੱਲੀ ਵਿਖੇ ਪਿੰਡ ਦਾ ਰਾਜ ਮਿਸਤਰੀ ਬਲਵਿੰਦਰ ਸਿੰਘ 4 ਕਿੱਲੋ ਹੈਰੋਇਨ ਸਮੇਤ ਫੜਿਆ ਗਿਆ ਸੀ, ਫਿਰ ਉਸ ਦਾ ਸਾਲਾ ਗੁਰਨਾਮ ਸਿੰਘ ਤੇ ਪੁੱਤਰ ਦਿਲਬਾਗ ਸਿੰਘ ਵੀ ਦਿੱਲੀ ਵਿਖੇ ਹੀ ਦੋ ਕਿੱਲੋ ਹੈਰੋਇਨ ਨਾਲ ਫੜੇ ਗਏ | ਦਿਲਬਾਗ ਸਿੰਘ ਕੋਲੋਂ 20 ਲੱਖ ਰੁਪਏ ਨਕਦ ਵੀ ਫੜੇ ਗਏ ਸਨ | ਇਸੇ ਤਰ੍ਹਾਂ 10 ਸਾਲ ਪਹਿਲਾਂ ਤੱਕ ਦਿਹਾੜੀਦਾਰ ਰਹੇ ਜੀਵਨ ਸਿੰਘ ਦੀ ਵੀ ਲਾਟੀਆਂ ਵਾਲ ਪਿੰਡ ਵਿਚ ਤਿੰਨ ਮੰਜ਼ਿਲਾ ਆਲੀਸ਼ਾਨ ਕੋਠੀ ਬਣੀ ਹੋਈ ਹੈ |

ਉਹ ਵੀ ਦਿੱਲੀ ਤੋਂ ਹੁਣੇ ਜ਼ਮਾਨਤ ‘ਤੇ ਆਇਆ ਹੈ | ਇਸੇ ਤਰ੍ਹਾਂ ਅਕਾਲੀ ਰਾਜ ਸਮੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਰਹੇ ਇਕ ਆਗੂ ਦੀ ਵੀ ਪਿੰਡ ‘ਚ ਵੜਦਿਆਂ ਹੀ ਵੱਡੀ ਕੋਠੀ ਬਣੀ ਰਹੀ ਨਜ਼ਰ ਆਉਂਦੀ ਹੈ | ਪੁਲਿਸ ਰਿਕਾਰਡ ਮੁਤਾਬਿਕ ਇਸ ਸਾਬਕਾ ਚੇਅਰਮੈਨ ਦੇ ਸਾਰੇ ਪਰਿਵਾਰ ਸਣੇ ਔਰਤਾਂ ਉੱਪਰ ਨਸ਼ੇ ਵੇਚਣ ਦੇ ਕੇਸ ਚੱਲ ਰਹੇ ਹਨ | ਇਸ ਪਿੰਡ ਵਿਚ ਦੱਸਦੇ ਹਨ ਕਿ ਨਸ਼ੀਲੀਆਂ ਗੋਲੀਆਂ ਪੱਤਿਆਂ ਦੇ ਹਿਸਾਬ ਨਹੀਂ, ਕਿੱਲੋਆਂ ਦੇ ਹਿਸਾਬ ਵੇਚੀਆਂ ਜਾਂਦੀਆਂ ਹਨ | ਨਸ਼ੇ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਕਿਸ ਕਦਰ ਉਜਾੜਾ ਕੀਤਾ ਹੈ, ਉਸ ਦੀ ਝਲਕ ਇਸ ਗੱਲ ਤੋਂ ਹੀ ਵੇਖੀ ਜਾ ਸਕਦੀ ਹੈ | ਮੋਠਾਂਵਾਲੀ ਪਿੰਡ ਦੀ ਕਮਾਲਪੁਰ ਪੱਤੀ ਦਾ ਸੁਖਵਿੰਦਰ ਸਿੰਘ ਉਰਫ਼ ਸੁੱਖਾ ਤਿੰਨ ਸਾਲ ਪਹਿਲਾਂ 6 ਏਕੜ ਜ਼ਮੀਨ ਦਾ ਮਾਲਕ ਸੀ ਤੇ ਕੁਝ ਹੋਰ ਜ਼ਮੀਨ ਠੇਕੇ ‘ਤੇ ਲੈ ਕੇ ਚੰਗੀ ਖੇਤੀ ਕਰਦਾ ਸੀ | ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਨਸ਼ੇ ਦੀ ਅਜਿਹੀ ਲਤ ਲੱਗੀ ਕਿ ਢਾਈ ਸਾਲ ਵਿਚ ਹੀ ਸਾਰੀ ਜ਼ਮੀਨ ਵੇਚ-ਵੱਟ ਕੇ ਹੁਣ ਦਿਹਾੜੀ ਦੱਪਾ ਕਰਨ ‘ਤੇ ਆ ਗਿਆ ਹੈ | ਨਸ਼ਾ ਕਰਨ ਵਾਲੇ ਸੁੱਖੇ ਨੂੰ ਬੀਤੇ ਕੱਲ੍ਹ ਥਾਣੇ ਵਾਲਿਆਂ ਨੇ ਪਰਚਾ ਪਾ ਕੇ ਜੇਲ੍ਹ ਭੇਜ ਦਿੱਤਾ ਹੈ ਤੇ ਉਥੇ ਚਰਚਾ ਹੈ ਕਿ ਨਸ਼ਾ ਵੇਚਣ ਵਾਲੇ ਨਾਲ ਸੌਦਾ ਹੋਣ ‘ਤੇ ਛੱਡ ਦਿੱਤਾ ਗਿਆ ਹੈ | ਖੇਤਰ ਵਿਚ ਇਹ ਗੱਲ ਆਮ ਹੈ ਕਿ ਪੁਲਿਸ ਵਲੋਂ ਬਹੁਤੇ ਨਸ਼ਾ ਕਰਨ ਵਾਲੇ ਲੋਕਾਂ ਉੱਪਰ ਹੀ ਕੋਰੜਾ ਚਾੜਿ੍ਹਆ ਜਾਂਦਾ ਹੈ | ਨਸ਼ੇ ਵੇਚਣ ‘ਚ ਗਲਤਾਨ ਤਸਕਰਾਂ ਨੂੰ ਕਦੇ-ਕਦਾਈਾ ਹੀ ਹੱਥ ਪਾਇਆ ਜਾਂਦਾ ਹੈ |


ਹੁਣ ਨਸ਼ੀਲੀ ਦਵਾਈ ਤੇ ਟੀਕਿਆਂ ਦਾ ਦੌਰ
ਹੈਰੋਇਨ ਤੇ ਸਮੈਕ ਦਾ ਨਸ਼ਾ ਬੇਹੱਦ ਮਹਿੰਗਾ ਹੋਣ ਕਾਰਨ ਹੁਣ ਕਿਸੇ ਕੈਮੀਕਲ ਰਾਹੀਂ ਬਣਾਇਆ ‘ਚਿੱਟਾ’, ਨਸ਼ੀਲੀ ਦਵਾਈ ਵਾਲੀਆਂ ਗੋਲੀਆਂ ਤੇ ਟੀਕੇ ਲਗਾਉਣ ਦਾ ਸਿਲਸਲਾ ਵਧੇਰੇ ਪ੍ਰਚੱਲਤ ਹੋ ਰਿਹਾ ਹੈ | ਪਤਾ ਲੱਗਾ ਹੈ ਕਿ ਨਸ਼ੀਲੀਆਂ ਗੋਲੀਆਂ ਘੋਲ ਕੇ ਟੀਕੇ ਲਗਾਉਣਾ ਬੇਹੱਦ ਖ਼ਤਰਨਾਕ ਸਾਬਤ ਹੋ ਰਿਹਾ ਹੈ | ਬਹੁਤ ਸਾਰੇ ਨੌਜਵਾਨ ਟੀਕਾ ਲਗਾਉਂਦਿਆਂ ਹੀ ਮੌਤ ਦੇ ਮੂੰਹ ਜਾ ਪੈਂਦੇ ਹਨ | ਇਸ ਖੇਤਰ ਦੇ ਦਰਜਨ ਤੋਂ ਵਧੇਰੇ ਨੌਜਵਾਨ ਅਜਿਹੇ ਹਨ ਜਿਨ੍ਹਾਂ ਦੀ ਮੌਤ ਵੇਲੇ ਸਰਿੰਜ ਉਨ੍ਹਾਂ ਦੇ ਸਰੀਰ ਵਿਚ ਹੀ ਲੱਗੀ ਹੋਈ ਸੀ | ਫੱਤੂਢੀਂਗਾ ਨੇੜਲੇ ਪਿੰਡ ਜਾਗੂਵਾਲ ਦੇ ਬੱਬੂ ਤੇ ਸਤਨਾਮ ਸਿੰਘ ਦੀ ਮੌਤ ਟੀਕਾ ਲਗਾਉਣ ਸਮੇਂ ਹੀ ਹੋਈ ਸੀ | ਬਾਗੂਵਾਲ ਦੇ ਸਰਪੰਚ ਬੱਗਾ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੌਤਾਂ ਦੀ ਕਿਧਰੇ ਵੀ ਸੂਚਨਾ ਨਹੀਂ ਦਿੱਤੀ ਗਈ | ਉਨ੍ਹਾਂ ਕਿਹਾ ਕਿ ਨਸ਼ੇ ਦੀ ਸਪਲਾਈ ਪਹਿਲਾਂ ਨਾਲੋਂ ਵੱਧ ਤੇ ਸੌਖੀ ਹੋ ਗਈ ਹੈ | ਵੱਡੇ ਪਿੰਡ ਫੱਤੂਢੀਂਗਾ ‘ਚ 10 ਤੋਂ ਵੱਧ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਏ | ਇਹ ਸਾਰੇ 20 ਤੋਂ 25 ਸਾਲ ਦੀ ਉਮਰ ਵਿਚਕਾਰ ਸਨ | ਫੱਤੂਢੀਂਗਾ ਦੇ ਬੱਸ ਅੱਡੇ ਉੱਪਰਲੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਅਜੇ 10 ਦਿਨ ਪਹਿਲਾਂ 22 ਸਾਲਾ ਗੋਪੀ ਨਾਂਅ ਦਾ ਮੁੰਡਾ ਟੀਕਾ ਲਗਾਉਂਦੇ ਸਮੇਂ ਹੀ ਮੌਤ ਦੇ ਮੂੰਹ ਜਾ ਪਿਆ | ਉਥੇ ਪਤਾ ਲੱਗਾ ਕਿ ਇਕ ਗੋਲੀ 50-60 ਰੁਪਏ ਦੀ ਮਿਲਦੀ ਹੈ ਤੇ ਕਈ ਨੌਜਵਾਨ ਰਲ ਕੇ ਇਸ ਦਾ ਘੋਲ ਬਣਾ ਕੇ ਟੀਕਾ ਲਗਾਉਂਦੇ ਹਨ | ਲੋਕਾਂ ਨੇ ਇਹ ਵੀ ਦੱਸਿਆ ਕਿ ਪਿੰਡਾਂ ਵਿਚ ਇਕ ਅਜਿਹੇ ਕੈਮੀਕਲ ਦੀਆਂ ਬੋਤਲਾਂ ਆ ਰਹੀਆਂ ਹਨ, ਜਿਸ ਤੋਂ ਮਿੰਟਾਂ ਵਿਚ ਸ਼ਰਾਬ ਤਿਆਰ ਹੋ ਜਾਂਦੀ ਹੈ | ਪਤਾ ਲੱਗਾ ਹੈ ਕਿ ਇਸ ਸ਼ਰਾਬ ਦੇ ਪੀਣ ਨਾਲ ਛੇਤੀ ਫੇਫੜੇ ਗਲਣੇ ਸ਼ੁਰੂ ਹੋ ਜਾਂਦੇ ਹਨ | ਇਸ ਗੱਲ ਦੀ ਤਸਦੀਕ ਡਡਵਿੰਡੀ ਪਿੰਡ ਵਿਚ ਵੀ ਕਈ ਲੋਕਾਂ ਨੇ ਕੀਤੀ |


ਮੋਠਾਂਵਾਲ ਪਿੰਡ ਦੇ ਪਰਿਵਾਰ ਉੱਜੜੇ
ਨਸ਼ੇ ਨੇ ਮੋਠਾਂਵਾਲ ਪਿੰਡ ਦੇ ਕਈ ਘਰ ਹੀ ਉਜਾੜ ਦਿੱਤੇ ਹਨ | ਲੋਕਾਂ ਨੇ ਦੱਸਿਆ ਕਿ ਦੋ ਪਰਿਵਾਰਾਂ ਦੇ 3-3 ਸਕੇ ਭਰਾ ਪਿਛਲੇ ਇਕ ਸਾਲ ਵਿਚ ਹੀ ਨਸ਼ਿਆਂ ਦੀ ਭੇਟ ਚੜ੍ਹ ਗਏ | ਪੌਲੀ, ਪ੍ਰੇਮ ਤੇ ਮੰਗਲ ਤਿੰਨ ਸਕੇ ਭਰਾ ਇਕ ਸਾਲ ਦੇ ਵਕਫ਼ੇ ‘ਚ ਮੌਤ ਦੇ ਮੂੰਹ ਜਾ ਪਏ ਤੇ ਵਾਲਮੀਕਿ ਭਾਈਚਾਰੇ ਦੇ ਤਿੰਨ ਸਕੇ ਭਰਾ ਸੰਤੂ, ਪਿਆਰਾ ਤੇ ਦੂਲੀ ਨਸ਼ੇ ਦੇ ਆਦੀ ਹੋਣ ਕਾਰਨ ਜ਼ਿੰਦਗੀ ਤੋਂ ਹੱਥ ਧੋ ਬੈਠੇ | ਹੁਣ ਅੱਗੋਂ ਸੰਤੂ ਦੇ ਦੋ ਮੁੰਡੇ ਨਸ਼ੇੜੀ ਬਣ ਚੁੱਕੇ ਹਨ | ਇਸੇ ਤਰ੍ਹਾਂ ਮੋਠਾਂਵਾਲ ਪਿੰਡ ਦੀ ਕਮਾਲਪੁਰ ਪੱਤੀ ਵਿਚ ਵੀ ਚਾਰ ਹੋਰ ਮੌਤਾਂ ਹੋਣ ਦਾ ਪਤਾ ਲੱਗਾ ਹੈ | ਫੱਤੂਢੀਂਗਾ ਤੇ ਮੋਠਾਂਵਾਲੀ ਦੇ ਪਿੰਡਾਂ ਵਿਚ ਹੀ 20 ਨੌਜਵਾਨ ਨਸ਼ੇ ਦੀ ਭੇਟ ਚੜ੍ਹੇ ਹਨ | ਲਗਦਾ ਨਹੀਂ ਕੋਈ ਪਿੰਡ ਇਸ ਨਾਮੁਰਾਦ ਬਿਮਾਰੀ ਤੋਂ ਬਚਿਆ ਹੋਵੇ | ਸੁਲਤਾਨਪੁਰ ਲੋਧੀ ਖੇਤਰ ‘ਚ ਮੌਤਾਂ ਦੀ ਗਿਣਤੀ ਸੈਂਕੜਿਆਂ ਵਿਚ ਦੱਸੀ ਜਾ ਰਹੀ ਹੈ | ਇਹ ਤੱਥ ਵੀ ਹੈ ਕਿ ਨਸ਼ੇ ਨਾਲ ਮਰ ਰਹੇ ਵਿਅਕਤੀਆਂ ਦਾ ਪੁਲਿਸ, ਸਿਹਤ ਵਿਭਾਗ ਜਾਂ ਕੋਈ ਹੋਰ ਰਿਕਾਰਡ ਵੀ ਨਹੀਂ ਰੱਖਦਾ ਤੇ ਸਮਾਜਿਕ ਨਮੋਸ਼ੀ ਕਾਰਨ ਲੋਕ ਕਿਸੇ ਨਾਲ ਗੱਲ ਵੀ ਨਹੀਂ ਕਰਦੇ |

Source Ajit Newspaper