Sultanpur Lodhi: ਨਿੱਜੀ ਸਕੂਲ ਦੀ ਬੱਸ ‘ਚੋਂ ਬੱਚਾ ਅਗਵਾ ਕਰਨ ਦੀ ਕੋਸ਼ਿਸ਼

2744

ਸੁਲਤਾਨਪੁਰ ਲੋਧੀ ਸ਼ਹਿਰ ਵਿਚ ਬ੍ਰਿਟਿਸ਼ ਵਿਕਟੋਰੀਆ ਸਕੂਲ ਦੀ ਬੱਸ ‘ਚੋਂ ਅੱਜ ਅਣਪਛਾਤੇ ਵਿਅਕਤੀ ਵਲੋਂ ਬੱਚਾ ਚੁੱਕਣ ਦੀ ਕੋਸ਼ਿਸ਼ ਕਰਨ ਦੀ ਖ਼ਬਰ ਹੈ। ਨਗਰ ਕੌਾਸਲ ਸੁਲਤਾਨਪੁਰ ਲੋਧੀ ਵਿਚ ਬਤੌਰ ਕਲਰਕ ਨੌਕਰੀ ਕਰਦੇ ਗੌਰਵ ਪੁੱਤਰ ਕਮਲ ਕੁਮਾਰ ਵਾਸੀ ਨੇੜੇ ਭਾਰਾ ਮੱਲ ਮੰਦਿਰ ਨੇ ਐਸ.ਐਚ.ਓ. ਸੁਲਤਾਨਪੁਰ ਲੋਧੀ ਨੂੰ ਦਰਖਾਸਤ ਦੇ ਕੇ ਉਸ ਦਾ ਬੱਚਾ ਚੁੱਕਣ ਦੀ ਕੋਸ਼ਿਸ਼ ਕਰਨ ਵਾਲੇ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦਰਖਾਸਤ ਵਿਚ ਗੌਰਵ ਨੇ ਦੱਸਿਆ ਕਿ ਦੁਪਹਿਰ ਕਰੀਬ 3 ਵਜੇ ਉਸ ਦੀ ਪਤਨੀ ਨੇ ਉਸ ਨੂੰ ਫ਼ੋਨ ਕਰਕੇ ਦੱਸਿਆ ਕਿ ਜਦੋਂ ਸਕੂਲ ਦੀ ਵੈਨ ਉਸ ਦੇ ਬੱਚੇ ਮਨਸਦੇਵ ਨੂੰ ਘਰ ਛੱਡਣ ਲਈ ਰੁਕੀ, ਤਾਂ ਹੈਲਪਰ ਨੇ ਵੈਨ ਦਾ ਦਰਵਾਜਾ ਖੋਲਿਆ ਤਾਂ ਇਕ ਅਣਪਛਾਤਾ ਵਿਅਕਤੀ ਵੈਨ ਦੀ ਹੈਲਪਰ ਨੂੰ ਕਹਿਣ ਲੱਗਾ ਕਿ ਬੱਚਾ ਮੇਰੇ ਹਵਾਲੇ ਕਰ ਦੇ ਪਰ ਹੈਲਪਰ ਨੇ ਤੁਰੰਤ ਵੈਨ ਦਾ ਦਰਵਾਜਾ ਬੰਦ ਕਰ ਦਿੱਤਾ, ਤੇ ਵਿਅਕਤੀ ਵਲੋਂ ਦੁਬਾਰਾ ਦਰਵਾਜਾ ਖੋਲਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਤੁਰੰਤ ਗੱਡੀ ਦੇ ਡਰਾਈਵਰ ਨੇ ਉੱਤਰ ਕੇ ਉਕਤ ਵਿਅਕਤੀ ਨੂੰ ਪਾਸੇ ਕੀਤਾ ਤੇ ਮੇਰੇ ਲੜਕੇ ਨੂੰ ਮੇਰੀ ਪਤਨੀ ਦੇ ਹਵਾਲੇ ਕਰ ਦਿੱਤਾ, ਜਿਸ ‘ਤੇ ਮੇਰੀ ਪਤਨੀ ਬੱਚੇ ਨੂੰ ਅੰਦਰ ਲੈ ਗਈ। ਗੌਰਵ ਨੇ ਦੱਸਿਆ ਕਿ ਸਾਰੀ ਗੱਲ ਸੁਣ ਕੇ ਮੈਂ ਘਰ ਪੁੱਜਾ ਤੇ ਆਪਣੇ ਲੜਕੇ ਦੇ ਸਕੂਲ ਫ਼ੋਨ ਕੀਤਾ, ਜਿਸ ‘ਤੇ ਵੈਨ ਡਰਾਈਵਰ ਜਗੀਰ ਸਿੰਘ ਤੇ ਹੈਲਪਰ ਅਮਨਦੀਪ ਕੌਰ ਮੇਰੇ ਘਰ ਆਏ ਤੇ ਮੈਨੂੰ ਸਾਰੀ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਗੱਡੀ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਉਸ ਅਣਪਛਾਤੇ ਵਿਅਕਤੀ ਦੀ ਤਸਵੀਰ ਜ਼ਰੂਰ ਆਈ ਹੋਵੇਗੀ, ਜਿਸ ‘ਤੇ ਬੱਚੇ ਦੇ ਸਕੂਲ ਬਿ੍ਟਿਸ਼ ਵਿਕਟੋਰੀਆ ਗਿਆ, ਤੇ ਉਕਤ ਵਿਅਕਤੀ ਦੀ ਤਸਵੀਰ ਲੈ ਕੇ ਆਇਆ ਹਾਂ, ਜਿਸ ਨੇ ਮੇਰੇ ਲੜਕੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਅਣਪਛਾਤੇ ਵਿਅਕਤੀ ਨੂੰ ਲੱਭ ਕੇ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।