Home / ਹੈਡਲਾਈਨਜ਼ ਪੰਜਾਬ / SGPC ਵੱਲੋਂ ਗਿਆਨੀ ਗੁਰਮੁਖ ਸਿੰਘ ਦੇ ਹੱਕ ਵਿੱਚ ਲਿਆ ਗਿਆ ਇਹ ਸ਼ਲਾਘਾਯੋਗ ਫੈਸਲਾ

SGPC ਵੱਲੋਂ ਗਿਆਨੀ ਗੁਰਮੁਖ ਸਿੰਘ ਦੇ ਹੱਕ ਵਿੱਚ ਲਿਆ ਗਿਆ ਇਹ ਸ਼ਲਾਘਾਯੋਗ ਫੈਸਲਾ

ਸ਼੍ਰੋਮਣੀ ਕਮੇਟੀ ਵਲੋਂ ਅੱਜ ਦੇਰ ਸ਼ਾਮ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੂੰ ਅਚਾਨਕ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁੱਖ ਗ੍ਰੰਥੀ ਨਿਯੁਕਤ ਕੀਤੇ ਜਾਣ ਦੀ ਸੂਚਨਾ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਸ ਵੇਲੇ ਮੁੱਖ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਹੇ ਗਿਆਨੀ ਮਲਕੀਤ ਸਿੰਘ ਨੂੰ ਇਥੋਂ ਤਬਦੀਲ ਕਰਕੇ ਸ੍ਰੀ ਹਰਿਮੰਦਰ ਸਾਹਿਬ ਦਾ ਗ੍ਰੰਥੀ ਨਿਯੁਕਤ ਕੀਤਾ ਜਾ ਰਿਹਾ ਹੈ | ਇਸ ਸਬੰਧੀ ਭਾਵੇਂ ਦੇਰ ਸ਼ਾਮ ਤੱਕ ਸ਼ੋ੍ਰਮਣੀ ਕਮੇਟੀ ਦਾ ਕੋਈ ਵੀ ਅਧਿਕਾਰੀ ਪੁਸ਼ਟੀ ਕਰਨ ਲਈ ਤਿਆਰ ਨਹੀਂ ਸੀ, ਪਰ ਜਾਣਕਾਰੀ ਅਨੁਸਾਰ ਗਿਆਨੀ ਗੁਰਮੁਖ ਸਿੰਘ ਨੇ ਅੱਜ ਦੇਰ ਸ਼ਾਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਸ੍ਰੀ ਦਰਬਾਰ ਸਾਹਿਬ ਦੇ ਇਕ ਵਧੀਕ ਮੈਨੇਜਰ ਦੀ ਮੌਜੂਦਗੀ ਵਿਚ ਆਪਣੀ ਸੇਵਾ ਬਕਾਇਦਾ ਸੰਭਾਲ ਲਈ ਹੈ | ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਾਇਨਾਤ ਗ੍ਰੰਥੀ ਸਿੰਘ ਤੇ ਹੋਰਨਾਂ ਸੇਵਾਦਾਰਾਂ ਵਲੋਂ ਉਨ੍ਹਾਂ ਨੂੰ ਸਿਰੋਪਾਓ ਵੀ ਭੇਟ ਕੀਤਾ ਗਿਆ | ਇੱਥੇ ਜ਼ਿਕਰਯੋਗ ਹੈ ਕਿ ਸ਼ੋੋ੍ਰਮਣੀ ਕਮੇਟੀ ਵਲੋਂ ਕੁਝ ਮਹੀਨੇ ਪਹਿਲਾਂ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨਾਲ ਵਿਵਾਦ ਦੇ ਚੱਲਦਿਆਂ ਉਨ੍ਹਾਂ ਨੂੰ ਹਰਿਆਣਾ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਮੁੱਖ ਗ੍ਰੰਥੀ ਵਜੋਂ ਤਬਦੀਲ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦੇ ਪਰਿਵਾਰ ਤੋਂ ਅੰਮਿ੍ਤਸਰ ਵਿਖੇ ਦਿੱਤਾ ਗਿਆ ਕੁਆਟਰ ਵੀ ਖਾਲੀ ਕਰਵਾ ਲਿਆ ਗਿਆ ਸੀ | ਪਰ ਸ਼ੋ੍ਰਮਣੀ ਕਮੇਟੀ ਵਲੋਂ ਅੱਜ ਅਚਾਨਕ ਫ਼ੈਸਲਾ ਵਾਪਸ ਲੈਂਦਿਆਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁੜ ਮੁੱਖ ਗ੍ਰੰਥੀ ਨਿਯੁਕਤ ਕੀਤੇ ਜਾਣ ਨਾਲ ਪੰਥਕ ਗਲਿਆਰਿਆਂ ਵਿਚ ਹੈਰਾਨੀ ਪਾਈ ਜਾ ਰਹੀ ਹੈ | ਜਾਣਕਾਰੀ ਅਨੁਸਾਰ ਗਿਆਨੀ ਮਲਕੀਤ ਸਿੰਘ ਆਉਂਦੇ ਦਿਨਾਂ ‘ਚ ਸਿੰਘ ਸਾਹਿਬਾਨ ਦੀ ਮੌਜੂਦਗੀ ਵਿਚ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਵਜੋਂ ਸੇਵਾਵਾਂ ਸੰਭਾਲਣਗੇ |

About thatta

Comments are closed.

Scroll To Top
error: