Home / ਹੈਡਲਾਈਨਜ਼ ਪੰਜਾਬ / SGPC ਨੇ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਤੋਂ ਲੁੱਟਿਆ ਖਜ਼ਾਨਾ ਵਾਪਿਸ ਕਰਨ ਦੀ ਮੰਗ ਕੀਤੀ

SGPC ਨੇ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ਤੋਂ ਲੁੱਟਿਆ ਖਜ਼ਾਨਾ ਵਾਪਿਸ ਕਰਨ ਦੀ ਮੰਗ ਕੀਤੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤੀ ਫੌਜ ਵਲੋਂ ਜੂਨ 1984 ਵਿਚ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਮੌਕੇ ਦਰਬਾਰ ਸਾਹਿਬ ਵਿਚੋਂ ਲੁੱਟਿਆ ਸਮਾਨ ਅਤੇ ਇਤਿਹਾਸਕ ਦਸਤਾਵੇਜੀ ਹੱਥਲਿਖਤਾਂ ਵਾਪਿਸ ਕਰਨ ਦੀ ਮੰਗ ਕੀਤੀ ਹੈ।

ਬੀਤੇ ਕਲ੍ਹ ਦਰਬਾਰ ਸਾਹਿਬ ਵਿਖੇ ਆਪਣੀ ਪਤਨੀ ਮਧੂਲੀਕਾ ਰਾਵਤ ਨਾਲ ਪਹੁੰਚੇ ਭਾਰਤੀ ਫੌਜ ਦੇ ਮੁਖੀ ਬਿਪਿਨ ਰਾਵਤ ਸਾਹਮਣੇ ਸ਼੍ਰੋਮਣੀ ਕਮੇਟੀ ਨੇ ਇਹ ਮੰਗ ਰੱਖੀ। ਅਖ਼ਬਾਰੀ ਖ਼ਬਰਾਂ ਮੁਤਾਬਿਕ ਸ਼੍ਰੋਮਣੀ ਕਮੇਟੀ ਨੁਮਾਂਇੰਦਿਆਂ ਨੇ ਭਾਰਤੀ ਫੌਜ ਦੇ ਮੁਖੀ ਨੂੰ ਜੂਨ 1984 ਦੇ ਹਮਲੇ ਵਿਚ ਭਾਰਤੀ ਫੌਜ ਵਲੋਂ ਸਾੜੀ ਗਈ ਸਿੱਖ ਰੈਫਰੈਂਸ ਲਾਇਬਰੇਰੀ ਦਿਖਾਈ।

ਭਾਈ ਲੌਂਗੋਵਾਲ ਨੇ ਜਨਰਲ ਰਾਵਤ ਨੂੰ ਕਿਹਾ ਕਿ ਲਾਇਬ੍ਰੇਰੀ ਦਾ ਕੀਮਤੀ ਸਰਮਾਇਆ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਨਰਲ ਰਾਵਤ ਨੂੰ ਗੁਰਦੁਆਰਾ ਪੱਥਰ ਸਾਹਿਬ ਲੇਹ ਲਦਾਖ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਦੀ ਮੰਗ ਵੀ ਕੀਤੀ।

ਸ਼੍ਰੋਮਣੀ ਕਮੇਟੀ ਵਲੋਂ ਜਾਰੀ ਅਖਵਾਰੀ ਬਿਆਨ ਮੁਤਾਬਿਕ ਜਨਰਲ ਰਾਵਤ ਨੇ ਸਿੱਖ ਰੈਂਫਰੈਂਸ ਲਾਇਬ੍ਰੇਰੀ ਦੇ ਕੀਮਤੀ ਖ਼ਜ਼ਾਨੇ ਬਾਰੇ ਅਗਿਆਨਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਦਾ ਪਤਾ ਲਗਾਉਣਗੇ। ਉਨ੍ਹਾਂ ਗੁਰਦੁਆਰਾ ਪੱਥਰ ਸਾਹਿਬ ਲੇਹ ਲਦਾਖ ਸਬੰਧੀ ਵੀ ਵਿਚਾਰ ਕਰਨ ਦਾ ਭਰੋਸਾ ਦਿੱਤਾ।

ਗੌਰਤਲਬ ਹੈ ਕਿ ਸਿੱਖ ਲੰਬੇ ਸਮੇਂ ਤੋਂ ਭਾਰਤ ਵਲੋਂ ਲੁਟਿਆ ਗਿਆ ਸਮਾਨ ਵਾਪਿਸ ਕਰਨ ਦੀ ਮੰਗ ਕਰਦੇ ਆ ਰਹੇ ਹਨ। ਇਸ ਤੋਂ ਪਹਿਲਾਂ ਭਾਰਤ ਦੇ ਸਾਬਕਾ ਰੱਖਿਆ ਮੰਤਰੀ ਜੋਰਜ ਫਰਨੈਂਡਿਸ ਨੇ ਵੀ ਸਿੱਖਾਂ ਨੂੰ ਇਕ ਵਾਰ ਭਰੋਸਾ ਦਵਾਇਆ ਸੀ ਕਿ ਫੌਜ ਵਲੋਂ ਲੁੱਟਿਆ ਸਮਾਨ ਵਾਪਿਸ ਕੀਤਾ ਜਾਵੇਗਾ, ਪਰ ਅੱਜ ਤਕ ਇਸ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ।

About thatta

Comments are closed.

Scroll To Top
error: