Home / ਖਬਰਾਂ ਸਿੱਖ ਜਗਤ ਦੀਆਂ / NORTH AMERICA: ਗੋਲਡਨ ਸ਼ਹਿਰ ਗੁਰੂ ਘਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

NORTH AMERICA: ਗੋਲਡਨ ਸ਼ਹਿਰ ਗੁਰੂ ਘਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਉੱਤਰੀ ਅਮਰੀਕਾ ਦੇ ਗੋਲਡਨ ਸ਼ਹਿਰ ਗੁਰਦੁਆਰਾ ਸਾਹਿਬ ਤੋਂ ਪਹਿਲਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਹਜ਼ਾਰਾਂ ਸੰਗਤਾਂ ਨੇ ਸ਼ਿਰਕਤ ਕੀਤੀ | ਇਸ ਗੁਰੂ ਘਰ ਨੂੰ 2016 ਵਿਚ ਸਿੱਖ ਵਿਰਾਸਤ ਦਾ ਰੁਤਬਾ ਮਿਲਿਆ ਹੋਇਆ ਹੈ | ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸ਼ੁਰੂ ਹੋਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ |

ਇਸ ਨਗਰ ਕੀਰਤਨ ਵਿਚ ਗੋਲਡਨ ਸ਼ਹਿਰ ਤੋਂ ਇਲਾਵਾ ਕੈਲਗਰੀ, ਵੈਨਕੂਵਰ, ਐਬਸਫੋਰਡ ਅਤੇ ਹੋਰ ਨੇੜੇ ਦੇ ਸ਼ਹਿਰਾਂ ਤੋਂ ਸੰਗਤਾਂ ਨੇ ਹਿੱਸਾ ਲਿਆ | ਇਸ ਸਮੇਂ ਸਿੱਖ ਮੋਟਰ ਸਾਈਕਲ ਕਲੱਬ ਦੇ ਸਿੰਘ ਤੇ ਹੋਰ ਸੰਗਤਾਂ ਜੈਕਾਰਿਆਂ ਦੀ ਗੂੰਜ ‘ਚ ‘ਵਾਹਿਗੁਰੂ’ ਦਾ ਜਾਪ ਕਰਦੀਆਂ ਹੋਈਆਂ ਚੱਲ ਰਹੀਆਂ ਸਨ | ਸਾਰਾ ਮਾਹੌਲ ਖ਼ਾਲਸਾਈ ਰੰਗ ਵਿਚ ਰੰਗਿਆ ਹੋਇਆ ਨਜ਼ਰ ਆ ਰਿਹਾ ਸੀ |

ਸੁਰੱਖਿਆ ਵਜੋਂ ਸਥਾਨਕ ਪੁਲਿਸ ਤੇ ਅੱਗ ਬੁਝਾਊ ਅਮਲਾ ਵੀ ਨਗਰ ਕੀਰਤਨ ਦੇ ਨਾਲ-ਨਾਲ ਚੱਲ ਰਿਹਾ ਸੀ | ਸੜਕ ਦੇ ਦੋਨੋਂ ਪਾਸਿਆਂ ‘ਤੇ ਖੜੀਆਂ ਸੰਗਤਾਂ ਨੇ ਨਗਰ  ਕੀਰਤਨ ਦਾ ਸਵਾਗਤ ਕੀਤਾ | ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਗੁਰੂ ਘਰ ਵਿਖੇ ਸਮਾਪਤ ਹੋਇਆ | ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਮਰੀਕ ਸਿੰਘ ਖੁਣਖੁਣ ਨੇ ਨਗਰ ਕੀਰਤਨ ਵਿਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਹੈ |

ਇਸ ਨਗਰ ਕੀਰਤਨ ਵਿਚ ਸ਼ਹਿਰ ਦੇ ਮੇਅਰ ਰੌਨ ਓਸਜਸਟ, ਚੋਣ ਡਾਇਰੈਕਟਰ ਕਾਰੇਨਕੈਥਕਾਰਟ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਿਲ ਹੋਏ | ਇੱਥੇ ਗੱਲ ਦੱਸਣਯੋਗ ਹੈ ਕਿ ਪਿਛਲੇ ਤਕਰੀਬਨ 10  ਮਹੀਨਿਆਂ ਤੋਂ ਕੈਲਗਰੀ ਅਤੇ ਹੋਰਾਂ ਸ਼ਹਿਰਾਂ ਤੋਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਹੋਰ ਸੁੰਦਰ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ ਹੈ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ |

About thatta

Comments are closed.

Scroll To Top
error: