Hukamnama 16.08.2019: Ber Sahib, Baoli Sahib, Damdama Sahib, Baba Darbara Singh, State Gurdwara Sahib

81

ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥ ਦਰਸਨੁ ਹਰਿ ਦੇਖਣ ਕੈ ਤਾਈ ॥ ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥੧॥ ਰਹਾਉ ॥ ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥ ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥ ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥ ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥ ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥੬॥ {ਪੰਨਾ 757}

ਪਦਅਰਥ: ਆਣਿ = ਲਿਆ ਕੇ। ਹਉ = ਮੈਂ। ਪਹਿ = ਪਾਸ, ਅੱਗੇ। ਆਪੁ = ਆਪਣਾ ਆਪ। ਵੇਚਾਈ = ਵੇਚਾਈਂ, ਵੇਚ ਦਿਆਂ।੧।

ਕੈ ਤਾਈ = ਕੈ ਤਾਈਂ, ਵਾਸਤੇ। ਕਰਹਿ = (ਜੇ) ਤੂੰ ਕਰੇਂ। ਮੇਲਹਿ = ਤੂੰ ਮਿਲਾ ਦੇਵੇਂ। ਧਿਆਈ = ਧਿਆਈਂ, ਮੈਂ ਧਿਆਵਾਂ।੧।ਰਹਾਉ।

ਤ = ਤਾਂ। ਅਰਾਧੀ = ਅਰਾਧੀਂ, ਮੈਂ ਆਰਾਧਾਂ। ਦੁਖਿ = ਦੁੱਖ ਵਿਚ।੨।

ਇਤ ਹੀ = ਇਤੁ ਹੀ, ਇਸ (ਭੁਖ) ਵਿਚ ਹੀ {ਲਫ਼ਜ਼ ‘ਇਤ’ ਦਾ ੁ ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਿਆ ਹੈ}। ਰਾਜਾ = ਰਾਜਾਂ, ਮੈਂ ਰੱਜਿਆ ਰਹਾਂ। ਮਨਾਈ = ਮਨਾਈਂ, ਮਨਾਵਾਂਗਾ।੩।

ਕਾਟਿ = ਕੱਟ ਕੇ। ਸਭੁ = ਸਾਰਾ। ਅਰਪੀ = ਅਰਪੀਂ, ਮੈਂ ਭੇਟਾ ਕਰ ਦਿਆਂ। ਆਪੁ = ਆਪਣਾ ਆਪ।੪।

ਫੇਰੀ = ਫੇਰੀਂ। ਢੋਵਾ = ਢੋਵਾਂ। ਦੇਵਹਿ = ਤੂੰ ਦੇਵੇਂਗਾ। ਖਾਈ = ਖਾਈਂ, ਮੈਂ ਖਾਵਾਂ।੫।

ਵਡਿਆਈ = ਉਪਕਾਰ।੬।

ਅਰਥ: ਹੇ ਪ੍ਰਭੂ! ਜੇ ਤੂੰ (ਮੇਰੇ ਉਤੇ) ਮੇਹਰ ਕਰੇਂ, (ਮੈਨੂੰ) ਗੁਰੂ ਮਿਲਾ ਦੇਵੇਂ, ਤਾਂ ਤੇਰਾ ਦਰਸਨ ਕਰਨ ਵਾਸਤੇ ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂਗਾ।੧।ਰਹਾਉ।

ਹੇ ਭਾਈ! ਜੇ ਕੋਈ (ਸੱਜਣ) ਮੇਰਾ ਪ੍ਰੀਤਮ ਲਿਆ ਕੇ ਮੈਨੂੰ ਮਿਲਾ ਦੇਵੇ, ਤਾਂ ਮੈਂ ਉਸ ਦੇ ਅੱਗੇ ਆਪਣਾ ਆਪ ਵੇਚ ਦਿਆਂ।੧।

ਹੇ ਪ੍ਰਭੂ! ਮੇਹਰ ਕਰ) ਜੇ ਤੂੰ ਮੈਨੂੰ ਸੁਖ ਦੇਵੇਂ, ਤਾਂ ਮੈਂ ਤੈਨੂੰ ਹੀ ਸਿਮਰਦਾ ਰਹਾਂ, ਦੁਖ ਵਿਚ ਭੀ ਮੈਂ ਤੇਰੀ ਹੀ ਆਰਾਧਨਾ ਕਰਦਾ ਰਹਾਂ।੨।

ਹੇ ਪ੍ਰਭੂ! ਜੇ ਤੂੰ ਮੈਨੂੰ ਭੁੱਖਾ ਰੱਖੇਂ, ਤਾਂ ਮੈਂ ਇਸ ਭੁਖ ਵਿਚ ਹੀ ਰੱਜਿਆ ਰਹਾਂਗਾ, ਦੁੱਖਾਂ ਵਿਚ ਮੈਂ ਸੁਖ ਪ੍ਰਤੀਤ ਕਰਾਂਗਾ (ਤੇਰੀ ਇਹ ਮੇਹਰ ਜ਼ਰੂਰ ਹੋ ਜਾਏ ਕਿ ਮੈਨੂੰ ਤੇਰਾ ਦਰਸਨ ਹੋ ਜਾਏ) ।੩।

ਹੇ ਪ੍ਰਭੂ! ਤੇਰਾ ਦਰਸਨ ਕਰਨ ਦੀ ਖ਼ਾਤਰ ਜੇ ਲੋੜ ਪਏ ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਕੱਟ ਕੱਟ ਕੇ ਸਾਰਾ ਭੇਟਾ ਕਰ ਦਿਆਂਗਾ, ਅੱਗ ਵਿਚ ਆਪਣੇ ਆਪ ਨੂੰ ਸਾੜ (ਭੀ) ਦਿਆਂਗਾ।੪।

ਹੇ ਪ੍ਰਭੂ! ਤੇਰੇ ਦੀਦਾਰ ਦੀ ਖ਼ਾਤਰ, ਤੇਰੀਆਂ ਸੰਗਤਾਂ ਨੂੰ) ਮੈਂ ਪੱਖਾਂ ਝਲਾਂਗਾ, ਪਾਣੀ ਢੋਵਾਂਗਾ, ਜੋ ਕੁਝ ਤੂੰ ਮੈਨੂੰ (ਖਾਣ ਲਈ) ਦੇਵੇਂਗਾ ਉਹੀ (ਖ਼ੁਸ਼ ਹੋ ਕੇ) ਖਾ ਲਵਾਂਗਾ।੫।

ਹੇ ਪ੍ਰਭੂ! ਤੇਰਾ ਦਾਸ) ਗਰੀਬ ਨਾਨਕ ਤੇਰੇ ਦਰ ਤੇ ਆ ਡਿੱਗਾ ਹੈ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ, ਤੇਰਾ ਇਹ ਉਪਕਾਰ ਹੋਵੇਗਾ।੬।

ਅਖੀ ਕਾਢਿ ਧਰੀ ਚਰਣਾ ਤਲਿ ਸਭ ਧਰਤੀ ਫਿਰਿ ਮਤ ਪਾਈ ॥੭॥ ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ ਮਾਰਿ ਕਢਹਿ ਭੀ ਧਿਆਈ ॥੮॥ ਜੇ ਲੋਕੁ ਸਲਾਹੇ ਤਾ ਤੇਰੀ ਉਪਮਾ ਜੇ ਨਿੰਦੈ ਤ ਛੋਡਿ ਨ ਜਾਈ ॥੯॥ ਜੇ ਤੁਧੁ ਵਲਿ ਰਹੈ ਤਾ ਕੋਈ ਕਿਹੁ ਆਖਉ ਤੁਧੁ ਵਿਸਰਿਐ ਮਰਿ ਜਾਈ ॥੧੦॥ ਵਾਰਿ ਵਾਰਿ ਜਾਈ ਗੁਰ ਊਪਰਿ ਪੈ ਪੈਰੀ ਸੰਤ ਮਨਾਈ ॥੧੧॥ ਨਾਨਕੁ ਵਿਚਾਰਾ ਭਇਆ ਦਿਵਾਨਾ ਹਰਿ ਤਉ ਦਰਸਨ ਕੈ ਤਾਈ ॥੧੨॥ {ਪੰਨਾ 757}

ਪਦਅਰਥ: ਅਖੀ = ਅੱਖੀਂ। ਧਰੀ = ਧਰੀਂ, ਮੈਂ ਧਰ ਦਿਆਂ। ਤਲਿ = ਹੇਠ। ਫਿਰਿ = ਫਿਰੀਂ, ਫਿਰਾਂ। ਮਤ ਪਾਈ = ਮਤ ਪਾਈਂ, ਸ਼ਾਇਦ (ਗੁਰੂ ਨੂੰ) ਲੱਭ ਲਵਾਂ।੭।

ਕਢਹਿ = ਤੂੰ ਕੱਢ ਦੇਵੇਂ।੮।

ਲੋਕੁ = ਜਗਤ। ਸਲਾਹੇ = (ਮੇਰੀ) ਉਪਮਾ ਕਰੇ। ਨ ਜਾਈ = ਨ ਜਾਈਂ, ਨਾਹ ਜਾਵਾਂ।੯।

ਤੁਧੁ ਵਲਿ ਰਹੈ– ਤੇਰੇ ਪਾਸੇ ਪ੍ਰੀਤਿ ਬਣੀ ਰਹੇ। ਕਿਹੁ ਆਖਉ = ਬੇਸ਼ੱਕ ਕੋਈ ਕੁਝ ਪਿਆ ਆਖੇ {ਆਖਉ = ਹੁਕਮੀ ਭਵਿੱਖ, ਅੱਨ ਪੁਰਖ, ਇਕ-ਵਚਨ}। ਮਰਿ ਜਾਇ = ਮਰਿ ਜਾਈਂ, ਮੈਂ ਆਤਮਕ ਮੌਤ ਮਰ ਜਾਵਾਂਗਾ।੧੦।

ਜਾਈ = ਜਾਈਂ, ਜਾਵਾਂ। ਪੈ = ਪੈ ਕੇ। ਪੈਰੀ = ਪੈਰੀਂ। ਸੰਤ ਮਨਾਈ = ਗੁਰੂ ਨੂੰ ਪ੍ਰਸੰਨ ਕਰਾਂ।੧੧।

ਦਿਵਾਨਾ = ਕਮਲਾ। ਹਰਿ = ਹੇ ਹਰੀ! ਤਉ = ਤੇਰੇ। ਕੈ ਤਾਈ = ਕੈ ਤਾਈਂ, ਦੇ ਵਾਸਤੇ।੧੨।

ਅਰਥ: ਹੇ ਪ੍ਰਭੂ! ਜੇ ਲੋੜ ਪਏ ਤਾਂ) ਮੈਂ ਆਪਣੀਆਂ ਅੱਖਾਂ ਕੱਢ ਕੇ (ਗੁਰੂ ਦੇ) ਪੈਰਾਂ ਹੇਠ ਰੱਖ ਦਿਆਂ, ਮੈਂ ਸਾਰੀ ਧਰਤੀ ਉਤੇ ਭਾਲ ਕਰਾਂ ਕਿ ਸ਼ਾਇਦ ਕਿਤੇ ਗੁਰੂ ਲੱਭ ਪਏ।੭।

ਹੇ ਪ੍ਰਭੂ! ਜੇ ਤੂੰ ਮੈਨੂੰ ਆਪਣੇ ਕੋਲ ਬਿਠਾਲ ਲਏਂ, ਤਾਂ ਤੈਨੂੰ ਆਰਾਧਦਾ ਰਹਾਂ, ਜੇ ਤੂੰ ਮੈਨੂੰ (ਧੱਕੇ) ਮਾਰ ਕੇ (ਆਪਣੇ ਦਰ ਤੋਂ) ਕੱਢ ਦੇਵੇਂ, ਤਾਂ ਭੀ ਮੈਂ ਤੇਰਾ ਹੀ ਧਿਆਨ ਧਰਦਾ ਰਹਾਂਗਾ।੮।

ਹੇ ਪ੍ਰਭੂ! ਜੇ ਜਗਤ ਮੈਨੂੰ ਚੰਗਾ ਆਖੇਗਾ, ਤਾਂ (ਅਸਲ ਵਿਚ) ਇਹ ਤੇਰੀ ਹੀ ਵਡਿਆਈ ਹੋਵੇਗੀ, ਜੇ (ਤੇਰੀ ਸਿਫ਼ਤਿ-ਸਾਲਾਹ ਕਰਨ ਤੇ) ਦੁਨੀਆ ਮੇਰੀ ਨਿੰਦਾ ਕਰੇਗੀ, ਤਾਂ ਭੀ ਮੈਂ (ਤੈਨੂੰ) ਛੱਡ ਕੇ ਨਹੀਂ ਜਾਵਾਂਗਾ।੯।

ਹੇ ਪ੍ਰਭੂ! ਜੇ ਮੇਰੀ ਪ੍ਰੀਤਿ ਤੇਰੇ ਪਾਸੇ ਬਣੀ ਰਹੇ, ਤਾਂ ਬੇਸ਼ੱਕ ਕੋਈ ਕੁਝ ਭੀ ਮੈਨੂੰ ਪਿਆ ਆਖੇ। ਪਰ, ਤੇਰੇ ਵਿਸਰਿਆਂ, ਹੇ ਪ੍ਰਭੂ! ਮੈਂ ਆਤਮਕ ਮੌਤੇ ਮਰ ਜਾਵਾਂਗਾ।੧੦।

ਹੇ ਪ੍ਰਭੂ! ਤੇਰਾ ਦਰਸਨ ਕਰਨ ਦੀ ਖ਼ਾਤਰ) ਮੈਂ ਗੁਰੂ ਉਤੋਂ ਕੁਰਬਾਨ ਕੁਰਬਾਨ ਜਾਵਾਂਗਾ, ਮੈਂ ਸੰਤ-ਗੁਰੂ ਦੀ ਚਰਨੀਂ ਪੈ ਕੇ ਉਸ ਨੂੰ ਪ੍ਰਸੰਨ ਕਰਾਂਗਾ।੧੧।

ਹੇ ਹਰੀ! ਤੇਰਾ ਦਰਸਨ ਕਰਨ ਦੀ ਖ਼ਾਤਰ (ਤੇਰਾ ਦਾਸ) ਵਿਚਾਰਾ ਨਾਨਕ ਕਮਲਾ ਹੋਇਆ ਫਿਰਦਾ ਹੈ।੧੨।

ਝਖੜੁ ਝਾਗੀ ਮੀਹੁ ਵਰਸੈ ਭੀ ਗੁਰੁ ਦੇਖਣ ਜਾਈ ॥੧੩॥ ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ ॥੧੪॥ ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥੧੫॥ ਜਿਉ ਧਰਤੀ ਸੋਭ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ ॥੧੬॥ ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ ਬਿਨਉ ਬੁਲਾਈ ॥੧੭॥ ਨਾਨਕ ਕੀ ਬੇਨੰਤੀ ਹਰਿ ਪਹਿ ਗੁਰ ਮਿਲਿ ਗੁਰ ਸੁਖੁ ਪਾਈ ॥੧੮॥ {ਪੰਨਾ 757-758}

ਪਦਅਰਥ: ਝਖੜੁ = ਤੇਜ਼ ਹਨੇਰੀ। ਝਾਗੀ = ਝਾਗੀਂ, ਮੈਂ ਝੱਲਾਂ, ਮੈਂ ਸਹਾਰਨ ਨੂੰ ਤਿਆਰ ਹਾਂ। ਜਾਈ = ਜਾਈਂ, ਮੈਂ ਜਾਵਾਂ।੧੩।

ਸਾਗਰੁ = ਸਮੁੰਦਰ। ਗੁਰਸਿਖ = ਗੁਰੂ ਦਾ ਸਿੱਖ। ਲੰਘਿ = ਲੰਘ ਕੇ। ਪਹਿ = ਪਾਸ, ਕੋਲ। ਜਾਈ = ਜਾਂਦਾ ਹੈ।੧੪।

ਜਿਉ = ਜਿਵੇਂ। ਮਰਿ ਜਾਈ = ਆਤਮਕ ਮੌਤੇ ਮਰ ਜਾਂਦਾ ਹੈ।੧੫।

ਸੋਭ ਕਰੇ = ਸੋਹਣੀ ਦਿੱਸਣ ਲੱਗ ਪੈਂਦੀ ਹੈ। ਬਰਸੈ = ਵਰ੍ਹਦਾ ਹੈ। ਬਿਗਸਾਈ = ਖਿੜ ਪੈਂਦਾ ਹੈ, ਖ਼ੁਸ਼ ਹੁੰਦਾ ਹੈ।੧੬।

ਹੋਇ = ਬਣ ਕੇ। ਵਰਤਾ = ਵਰਤਾਂ, ਮੈਂ ਕਾਰ ਕਰਾਂ। ਬਿਨਉ = {विनय} ਬੇਨਤੀ। ਬੁਲਾਈ = ਬੁਲਾਈਂ।੧੭।

ਗੁਰ ਮਿਲਿ = ਗੁਰੂ ਨੂੰ ਮਿਲ ਕੇ। ਗੁਰ ਸੁਖੁ = ਵੱਡਾ ਸੁਖ, ਮਹਾ ਆਨੰਦ। ਪਾਈ = ਪਾਈਂ, ਪ੍ਰਾਪਤ ਕਰਾਂ।੧੮।

ਅਰਥ: ਹੇ ਪ੍ਰਭੂ! ਤੇਰਾ ਮਿਲਾਪ ਪ੍ਰਾਪਤ ਕਰਨ ਦੀ ਖ਼ਾਤਰ) ਮੈਂ ਗੁਰੂ ਦਾ ਦਰਸਨ ਕਰਨ ਲਈ ਝੱਖੜ-ਹਨੇਰੀ (ਆਪਣੇ ਸਿਰ ਉਤੇ) ਝੱਲਣ ਨੂੰ ਭੀ ਤਿਆਰ ਹਾਂ, ਜੇ ਮੀਂਹ ਵਰ੍ਹਨ ਲੱਗ ਪਏ ਤਾਂ ਭੀ (ਵਰ੍ਹਦੇ ਮੀਂਹ ਵਿਚ ਹੀ) ਮੈਂ ਗੁਰੂ ਨੂੰ ਵੇਖਣ ਲਈ ਜਾਣ ਨੂੰ ਤਿਆਰ ਹਾਂ।੧੩।

ਹੇ ਭਾਈ! ਖਾਰਾ ਸਮੁੰਦਰ ਭੀ ਲੰਘਣਾ ਪਏ, ਤਾਂ ਭੀ ਉਸ ਨੂੰ ਲੰਘ ਕੇ ਗੁਰੂ ਦਾ ਸਿੱਖ ਗੁਰੂ ਦੇ ਕੋਲ ਪਹੁੰਚਦਾ ਹੈ।੧੪।

ਜਿਵੇਂ ਪ੍ਰਾਣੀ ਪਾਣੀ ਤੋਂ ਮਿਲਣ ਤੋਂ ਬਿਨਾ ਮਰਨ ਲੱਗ ਪੈਂਦਾ ਹੈ, ਤਿਵੇਂ ਸਿੱਖ ਗੁਰੂ ਨੂੰ ਮਿਲਣ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ।੧੫।

ਜਿਵੇਂ ਜਦੋਂ ਮੀਂਹ ਪੈਂਦਾ ਹੈ ਤਾਂ ਧਰਤੀ ਸੋਹਣੀ ਲੱਗਣ ਲੱਗ ਪੈਂਦੀ ਹੈ, ਤਿਵੇਂ ਸਿੱਖ ਗੁਰੂ ਨੂੰ ਮਿਲ ਕੇ ਪ੍ਰਸੰਨ ਹੁੰਦਾ ਹੈ।੧੬।

ਹੇ ਭਾਈ! ਮੈਂ ਗੁਰੂ ਦੇ ਸੇਵਕ ਦਾ ਸੇਵਕ ਬਣ ਕੇ ਉਸ ਦੀ ਕਾਰ ਕਰਨ ਨੂੰ ਤਿਆਰ ਹਾਂ ਮੈਂ ਉਸ ਨੂੰ ਬੇਨਤੀਆਂ ਕਰ ਕਰ ਕੇ (ਖ਼ੁਸ਼ੀ ਨਾਲ) ਸੱਦਾਂਗਾ।੧੭।

ਨਾਨਕ ਦੀ ਪਰਮਾਤਮਾ ਪਾਸ ਬੇਨਤੀ ਹੈ (-ਹੇ ਪ੍ਰਭੂ! ਮੈਨੂੰ ਗੁਰੂ ਮਿਲਾ) ਗੁਰੂ ਨੂੰ ਮਿਲ ਕੇ ਮੈਨੂੰ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ।੧੮।

ਤੂ ਆਪੇ ਗੁਰੁ ਚੇਲਾ ਹੈ ਆਪੇ ਗੁਰ ਵਿਚੁ ਦੇ ਤੁਝਹਿ ਧਿਆਈ ॥੧੯॥ ਜੋ ਤੁਧੁ ਸੇਵਹਿ ਸੋ ਤੂਹੈ ਹੋਵਹਿ ਤੁਧੁ ਸੇਵਕ ਪੈਜ ਰਖਾਈ ॥੨੦॥ ਭੰਡਾਰ ਭਰੇ ਭਗਤੀ ਹਰਿ ਤੇਰੇ ਜਿਸੁ ਭਾਵੈ ਤਿਸੁ ਦੇਵਾਈ ॥੨੧॥ ਜਿਸੁ ਤੂੰ ਦੇਹਿ ਸੋਈ ਜਨੁ ਪਾਏ ਹੋਰ ਨਿਹਫਲ ਸਭ ਚਤੁਰਾਈ ॥੨੨॥ ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ ਸੋਇਆ ਮਨੁ ਜਾਗਾਈ ॥੨੩॥ ਇਕੁ ਦਾਨੁ ਮੰਗੈ ਨਾਨਕੁ ਵੇਚਾਰਾ ਹਰਿ ਦਾਸਨਿ ਦਾਸੁ ਕਰਾਈ ॥੨੪॥ {ਪੰਨਾ758}

ਪਦਅਰਥ: ਆਪੇ = ਆਪ ਹੀ। ਵਿਚੁ ਦੇ = ਦੀ ਰਾਹੀਂ। ਗੁਰ ਵਿਚੁ ਦੇ = ਗੁਰੂ ਦੀ ਰਾਹੀਂ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ।੧੯।

ਤੁਧੁ = ਤੈਨੂੰ। ਤੂ ਹੈ– ਤੂੰ ਹੀ, ਤੇਰਾ ਹੀ ਰੂਪ। ਹੋਵਹਿ = ਹੋ ਜਾਂਦੇ ਹਨ। ਪੈਜ = ਇੱਜ਼ਤ।੨੦।

ਭੰਡਾਰ = ਖ਼ਜ਼ਾਨੇ। ਹਰਿ = ਹੇ ਹਰੀ! ਭਾਵੈ = ਤੇਰੀ ਰਜ਼ਾ ਹੁੰਦੀ ਹੈ।੨੧।

ਨਿਹਫਲ = ਵਿਅਰਥ। ਚਤੁਰਾਈ = ਸਿਆਣਪ।੨੨।

ਸਿਮਰਿ = ਸਿਮਰ ਕੇ। ਸੋਇਆ = (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆ। ਜਾਗਾਈ = ਜਾਗਾਈਂ, ਮੈਂ ਜਾਗਾਂਦਾ ਹਾਂ।੨੩।

ਮੰਗੈ ਨਾਨਕੁ = ਨਾਨਕ ਮੰਗਦਾ ਹੈ। ਦਾਸਨਿ ਦਾਸੁ = ਦਾਸਾਂ ਦਾ ਦਾਸ। ਕਰਾਈ = ਕਰਾਇ, ਬਣਾ ਦੇ।੨੪।

ਅਰਥ: ਹੇ ਪ੍ਰਭੂ! ਤੂੰ ਆਪ ਹੀ ਗੁਰੂ ਹੈਂ, ਤੂੰ ਆਪ ਹੀ ਸਿੱਖ ਹੈਂ। ਮੈਂ ਗੁਰੂ ਦੀ ਰਾਹੀਂ ਤੈਨੂੰ ਹੀ ਧਿਆਉਂਦਾ ਹਾਂ।੧੯।

ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰਾ ਹੀ ਰੂਪ ਬਣ ਜਾਂਦੇ ਹਨ। ਤੂੰ ਆਪਣੇ ਸੇਵਕਾਂ ਦੀ ਇੱਜ਼ਤ (ਸਦਾ) ਰੱਖਦਾ ਆਇਆ ਹੈਂ।੨੦।

ਹੇ ਹਰੀ! ਤੇਰੇ ਪਾਸ ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ। ਜਿਸ ਨੂੰ ਤੇਰੀ ਰਜ਼ਾ ਹੁੰਦੀ ਹੈ ਉਸ ਨੂੰ ਤੂੰ (ਗੁਰੂ ਦੀ ਰਾਹੀਂ ਇਹ ਖ਼ਜ਼ਾਨਾ) ਦਿਵਾਂਦਾ ਹੈਂ।੨੧।

ਹੇ ਪ੍ਰਭੂ! ਤੇਰੀ ਭਗਤੀ ਦਾ ਖ਼ਜ਼ਾਨਾ ਪ੍ਰਾਪਤ ਕਰਨ ਲਈ) ਹਰੇਕ ਸਿਆਣਪ-ਚਤੁਰਾਈ ਵਿਅਰਥ ਹੈ। ਉਹੀ ਮਨੁੱਖ (ਇਹ ਖ਼ਜ਼ਾਨੇ) ਹਾਸਲ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈ।੨੨।

ਹੇ ਪ੍ਰਭੂ! ਤੇਰੀ ਮੇਹਰ ਨਾਲ) ਮੈਂ ਆਪਣੇ ਗੁਰੂ ਨੂੰ ਮੁੜ ਮੁੜ ਯਾਦ ਕਰ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਆਪਣੇ ਮਨ ਨੂੰ ਜਗਾਂਦਾ ਰਹਿੰਦਾ ਹਾਂ।੨੩।

ਹੇ ਪ੍ਰਭੂ! ਤੇਰੇ ਦਰ ਤੋਂ ਤੇਰਾ) ਗਰੀਬ (ਦਾਸ) ਨਾਨਕ ਇਕ ਦਾਨ ਮੰਗਦਾ ਹੈ-(ਮੇਹਰ ਕਰ) ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ।੨੪।

ਜੇ ਗੁਰੁ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤ ਗੁਰ ਵਡਿਆਈ ॥੨੫॥ ਗੁਰਮੁਖਿ ਬੋਲਹਿ ਸੋ ਥਾਇ ਪਾਏ ਮਨਮੁਖਿ ਕਿਛੁ ਥਾਇ ਨ ਪਾਈ ॥੨੬॥ ਪਾਲਾ ਕਕਰੁ ਵਰਫ ਵਰਸੈ ਗੁਰਸਿਖੁ ਗੁਰ ਦੇਖਣ ਜਾਈ ॥੨੭॥ ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ ਵਿਚਿ ਅਖੀ ਗੁਰ ਪੈਰ ਧਰਾਈ ॥੨੮॥ ਅਨੇਕ ਉਪਾਵ ਕਰੀ ਗੁਰ ਕਾਰਣਿ ਗੁਰ ਭਾਵੈ ਸੋ ਥਾਇ ਪਾਈ ॥੨੯॥ ਰੈਣਿ ਦਿਨਸੁ ਗੁਰ ਚਰਣ ਅਰਾਧੀ ਦਇਆ ਕਰਹੁ ਮੇਰੇ ਸਾਈ ॥੩੦॥ ਨਾਨਕ ਕਾ ਜੀਉ ਪਿੰਡੁ ਗੁਰੂ ਹੈ ਗੁਰ ਮਿਲਿ ਤ੍ਰਿਪਤਿ ਅਘਾਈ ॥੩੧॥ ਨਾਨਕ ਕਾ ਪ੍ਰਭੁ ਪੂਰਿ ਰਹਿਓ ਹੈ ਜਤ ਕਤ ਤਤ ਗੋਸਾਈ ॥੩੨॥੧॥ {ਪੰਨਾ 758}

ਪਦਅਰਥ: ਵਡਿਆਈ = ਉਪਕਾਰ।੨੫।

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਥਾਇ ਪਾਏ = ਪਰਵਾਨ ਕਰਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।੨੬।

ਜਾਈ = ਜਾਂਦਾ ਹੈ।੨੭।

ਰੈਣਿ = ਰਾਤ। ਦੇਖਉ = ਮੈਂ ਵੇਖਾਂ, ਦੇਖਉਂ। ਵਿਚਿ ਅਖੀ = ਅੱਖਾਂ ਵਿਚ। ਧਰਾਈ = ਧਰਾਈਂ, ਵਸਾਈ ਰੱਖਾਂ।੨੮।

ਉਪਾਵ = {ਲਫ਼ਜ਼ ‘ਉਪਾਉ’ ਤੋਂ ਬਹੁ-ਵਚਨ}। ਕਰੀ = ਕਰੀਂ, ਮੈਂ ਕਰਾਂ। ਗੁਰ ਭਾਵੈ = ਗੁਰੂ ਨੂੰ ਚੰਗਾ ਲੱਗੇ।੨੯।

ਆਰਾਧੀ = ਆਰਾਧੀਂ, ਮੈਂ ਆਰਾਧਾਂ। ਸਾਈ = ਹੇ ਸਾਈਂ!।੩੦।

ਜੀਉ = ਜਿੰਦ। ਪਿੰਡੁ = ਸਰੀਰ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਤ੍ਰਿਪਤਿ = ਤ੍ਰਿਪਤੀ ਹੋ ਜਾਂਦੀ ਹੈ। ਅਘਾਈ = ਅਘਾਈਂ, ਮੈਂ ਰੱਜ ਜਾਂਦਾ ਹਾਂ।੩੧।

ਪੂਰਿ ਰਹਿਓ ਹੈ– ਵਿਆਪਕ ਹੈ। ਜਤ = ਜਿੱਥੇ। ਕਤ = ਕਿੱਥੇ। ਤਤ = ਉੱਥੇ। ਜਤ ਕਤ ਤਤ = ਹਰ ਥਾਂ।੩੨।

ਅਰਥ: ਜੇ ਗੁਰੂ (ਮੈਨੂੰ ਮੇਰੀ ਕਿਸੇ ਭੁੱਲ ਦੇ ਕਾਰਨ) ਝਿੜਕ ਦੇਵੇ, ਤਾਂ ਉਸ ਦੀ ਉਹ ਝਿੜਕ ਮੈਨੂੰ ਪਿਆਰੀ ਲੱਗਦੀ ਹੈ। ਜੇ ਗੁਰੂ ਮੇਰੇ ਉਤੇ ਮੇਹਰ ਦੀ ਨਿਗਾਹ ਕਰਦਾ ਹੈ, ਤਾਂ ਇਹ ਗੁਰੂ ਦਾ ਉਪਕਾਰ ਹੈ (ਮੇਰੇ ਵਿਚ ਕੋਈ ਗੁਣ ਨਹੀਂ) ।੨੫।

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜੇਹੜੇ ਬਚਨ ਬੋਲਦੇ ਹਨ, ਗੁਰੂ ਉਹਨਾਂ ਨੂੰ ਪਰਵਾਨ ਕਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਦਾ ਬੋਲਿਆ ਪਰਵਾਨ ਨਹੀਂ ਹੁੰਦਾ।੨੬।

ਪਾਲਾ ਹੋਵੇ, ਕੱਕਰ ਪਏ, ਬਰਫ਼ ਪਏ, ਫਿਰ ਭੀ ਗੁਰੂ ਦਾ ਸਿੱਖ ਗੁਰੂ ਦਾ ਦਰਸਨ ਕਰਨ ਜਾਂਦਾ ਹੈ।੨੭।

ਮੈਂ ਭੀ ਦਿਨ ਰਾਤ ਹਰ ਵੇਲੇ ਆਪਣੇ ਗੁਰੂ ਦਾ ਦਰਸਨ ਕਰਦਾ ਰਹਿੰਦਾ ਹਾਂ। ਗੁਰੂ ਦੇ ਚਰਨਾਂ ਨੂੰ ਆਪਣੀਆਂ ਅੱਖਾਂ ਵਿਚ ਵਸਾਈ ਰੱਖਦਾ ਹਾਂ।੨੮।

ਜੇ ਮੈਂ ਗੁਰੂ (ਨੂੰ ਪ੍ਰਸੰਨ ਕਰਨ) ਵਾਸਤੇ ਅਨੇਕਾਂ ਹੀ ਜਤਨ ਕਰਦਾ ਰਹਾਂ ਉਹੀ ਜਤਨ ਕਬੂਲ ਹੁੰਦਾ ਹੈ, ਜੇਹੜਾ ਗੁਰੂ ਨੂੰ ਪਸੰਦ ਆਉਂਦਾ ਹੈ।੨੯।

ਹੇ ਮੇਰੇ ਖਸਮ-ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਦਿਨ ਰਾਤ ਹਰ ਵੇਲੇ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਰਹਾਂ।੩੦।

ਨਾਨਕ ਦੀ ਜਿੰਦ ਗੁਰੂ ਦੇ ਹਵਾਲੇ ਹੈ, ਨਾਨਕ ਦਾ ਸਰੀਰ ਗੁਰੂ ਦੇ ਚਰਨਾਂ ਵਿਚ ਹੈ। ਗੁਰੂ ਨੂੰ ਮਿਲ ਕੇ ਮੈਂ ਤ੍ਰਿਪਤ ਹੋ ਜਾਂਦਾ ਹਾਂ, ਰੱਜ ਜਾਂਦਾ ਹਾਂ (ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ) ।੩੧।

(ਗੁਰੂ ਦੀ ਕਿਰਪਾ ਨਾਲ ਇਹ ਸਮਝ ਆਉਂਦੀ ਹੈ ਕਿ) ਨਾਨਕ ਦਾ ਪ੍ਰਭੂ ਸ੍ਰਿਸ਼ਟੀ ਦਾ ਖਸਮ ਹਰ ਥਾਂ ਵਿਆਪਕ ਹੋ ਰਿਹਾ ਹੈ।੩੨।੧।


ਸੂਹੀ ॥ ਜੋ ਦਿਨ ਆਵਹਿ ਸੋ ਦਿਨ ਜਾਹੀ ॥ ਕਰਨਾ ਕੂਚੁ ਰਹਨੁ ਥਿਰੁ ਨਾਹੀ ॥ ਸੰਗੁ ਚਲਤ ਹੈ ਹਮ ਭੀ ਚਲਨਾ ॥ ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥ ਕਿਆ ਤੂ ਸੋਇਆ ਜਾਗੁ ਇਆਨਾ ॥ ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥ ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥ ਸਭ ਘਟ ਭੀਤਰਿ ਹਾਟੁ ਚਲਾਵੈ ॥ ਕਰਿ ਬੰਦਿਗੀ ਛਾਡਿ ਮੈ ਮੇਰਾ ॥ ਹਿਰਦੈ ਨਾਮੁ ਸਮ੍ਹ੍ਹਾਰਿ ਸਵੇਰਾ ॥੨॥ ਜਨਮੁ ਸਿਰਾਨੋ ਪੰਥੁ ਨ ਸਵਾਰਾ ॥ ਸਾਂਝ ਪਰੀ ਦਹ ਦਿਸ ਅੰਧਿਆਰਾ ॥ ਕਹਿ ਰਵਿਦਾਸ ਨਿਦਾਨਿ ਦਿਵਾਨੇ ॥ ਚੇਤਸਿ ਨਾਹੀ ਦੁਨੀਆ ਫਨ ਖਾਨੇ ॥੩॥੨॥ {ਪੰਨਾ 793-794}

ਪਦਅਰਥ: ਜੋ ਦਿਨ = ਜੇਹੜੇ ਦਿਨ। ਜਾਹੀ = ਲੰਘ ਜਾਂਦੇ ਹਨ, ਗੁਜ਼ਰ ਜਾਂਦੇ ਹਨ। ਰਹਨੁ = ਟਿਕਾਣਾ, ਟਿਕਣਾ। ਥਿਰੁ = ਸਦਾ ਦਾ। ਸੰਗੁ = ਸਾਥ। ਗਵਨੁ = ਪੈਂਡਾ, ਮੁਸਾਫ਼ਰੀ। ਦੂਰਿ ਗਵਨੁ = ਦੂਰ ਦਾ ਪੈਂਡਾ। ਮਰਨਾ = ਮੌਤ।੧।

ਕਿਆ = ਕਿਉਂ? ਇਆਨਾ = ਹੇ ਅੰਞਾਣ! ਤੈ = ਤੂੰ। ਜਗਿ = ਜਗਤ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ।੧।ਰਹਾਉ।

ਜਿਨਿ = ਜਿਸ (ਪ੍ਰਭੂ) ਨੇ। ਜੀਉ = ਜਿੰਦ। ਅੰਬਰਾਵੈ = ਅਪੜਾਉਂਦਾ ਹੈ। ਭੀਤਰਿ = ਅੰਦਰ। ਹਾਟੁ = ਹੱਟੀ। ਹਾਟੁ ਚਲਾਵੈ = ਰਿਜ਼ਕ ਦਾ ਪ੍ਰਬੰਧ ਕਰਦਾ ਹੈ। ਸਵੇਰਾ = ਸੁਵਖਤੇ ਹੀ, ਵੇਲੇ ਸਿਰ।੨।

ਸਿਰਾਨੋ = ਗੁਜ਼ਰ ਰਿਹਾ ਹੈ। ਪੰਥੁ = ਜ਼ਿੰਦਗੀ ਦਾ ਰਸਤਾ। ਸਵਾਰਾ = ਸੋਹਣਾ ਬਣਾਇਆ। ਸਾਂਝ = ਸ਼ਾਮ। ਦਹਦਿਸ = ਦਸੀਂ ਪਾਸੀਂ। ਕਹਿ = ਕਹੇ, ਆਖਦਾ ਹੈ। ਨਿਦਾਨਿ = ਓੜਕ ਨੂੰ, ਅੰਤ ਨੂੰ। ਦਿਵਾਨੇ = ਹੇ ਦੀਵਾਨੇ! ਹੇ ਕਮਲੇ! ਫਨਖਾਨੇ = ਫ਼ਨਾਹ ਦਾ ਘਰ, ਨਾਸਵੰਤ।੩।

ਅਰਥ: (ਮਨੁੱਖ ਦੀ ਜ਼ਿੰਦਗੀ ਵਿਚ) ਜੇਹੜੇ ਜੇਹੜੇ ਦਿਨ ਆਉਂਦੇ ਹਨ, ਉਹ ਦਿਨ (ਅਸਲ ਵਿਚ ਨਾਲੋ ਨਾਲ) ਲੰਘਦੇ ਜਾਂਦੇ ਹਨ (ਭਾਵ, ਉਮਰ ਵਿਚੋਂ ਘਟਦੇ ਜਾਂਦੇ ਹਨ) , (ਇਥੋਂ ਹਰੇਕ ਨੇ) ਕੂਚ ਕਰ ਜਾਣਾ ਹੈ (ਕਿਸੇ ਦੀ ਭੀ ਇਥੇ) ਸਦਾ ਦੀ ਰਿਹੈਸ਼ ਨਹੀਂ ਹੈ। ਅਸਾਡਾ ਸਾਥ ਤੁਰਿਆ ਜਾ ਰਿਹਾ ਹੈ, ਅਸਾਂ ਭੀ (ਇਥੋਂ) ਤੁਰ ਜਾਣਾ ਹੈ; ਇਹ ਦੂਰ ਦੀ ਮੁਸਾਫ਼ਰੀ ਹੈ ਤੇ ਮੌਤ ਸਿਰ ਉਤੇ ਖਲੋਤੀ ਹੈ (ਪਤਾ ਨਹੀਂ ਕੇਹੜੇ ਵੇਲੇ ਆ ਜਾਏ) ।੧।

ਹੇ ਅੰਞਾਣ! ਹੋਸ਼ ਕਰ। ਤੂੰ ਕਿਉਂ ਸੌਂ ਰਿਹਾ ਹੈਂ? ਤੂੰ ਜਗਤ ਵਿਚ ਇਸ ਜੀਊਣ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ।੧।ਰਹਾਉ।

(ਤੂੰ ਹਰ ਵੇਲੇ ਰਿਜ਼ਕ ਦੇ ਹੀ ਫ਼ਿਕਰ ਵਿਚ ਰਹਿੰਦਾ ਹੈਂ, ਵੇਖ) ਜਿਸ ਪ੍ਰਭੂ ਨੇ ਜਿੰਦ ਦਿੱਤੀ ਹੈ, ਉਹ ਰਿਜ਼ਕ ਭੀ ਅਪੜਾਉਂਦਾ ਹੈ, ਸਾਰੇ ਸਰੀਰਾਂ ਵਿਚ ਬੈਠਾ ਹੋਇਆ ਉਹ ਆਪ ਰਿਜ਼ਕ ਦਾ ਆਹਰ ਪੈਦਾ ਕਰ ਰਿਹਾ ਹੈ। ਮੈਂ (ਇਤਨਾ ਵੱਡਾ ਹਾਂ) ਮੇਰੀ (ਇਤਨੀ ਮਲਕੀਅਤ ਹੈ) -ਛੱਡ ਇਹ ਗੱਲਾਂ, ਪ੍ਰਭੂ ਦੀ ਬੰਦਗੀ ਕਰ, ਹੁਣ ਵੇਲੇ-ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ।੨।

ਉਮਰ ਮੁੱਕਣ ਤੇ ਆ ਰਹੀ ਹੈ, ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆ; ਸ਼ਾਮ ਪੈ ਰਹੀ ਹੈ, ਦਸੀਂ ਪਾਸੀਂ ਹਨੇਰਾ ਹੀ ਹਨੇਰਾ ਹੋਣ ਵਾਲਾ ਹੈ। ਰਵਿਦਾਸ ਆਖਦਾ ਹੈ-ਹੇ ਕਮਲੇ ਮਨੁੱਖ! ਤੂੰ ਪ੍ਰਭੂ ਨੂੰ ਯਾਦ ਨਹੀਂ ਕਰਦਾ, ਦੁਨੀਆ (ਜਿਸ ਦੇ ਨਾਲ ਤੂੰ ਮਨ ਜੋੜੀ ਬੈਠਾ ਹੈਂ) ਅੰਤ ਨੂੰ ਨਾਸ ਹੋ ਜਾਣ ਵਾਲੀ ਹੈ।੩।੨।

ਨੋਟ: ਆਮ ਤੌਰ ਤੇ ਲਫ਼ਜ਼ “ਨਿਦਾਨਿ” ਨੂੰ ਫ਼ਾਰਸੀ ਦਾ ਲਫ਼ਜ਼ ‘ਨਾਦਾਨ’ ਸਮਝ ਕੇ ਇਸ ਦਾ ਅਰਥ “ਮੂਰਖ’ ਕੀਤਾ ਜਾ ਰਿਹਾ ਹੈ; ਇਸ ਦੇ ਨਾਲ-ਲਗਵਾਂ ਲਫ਼ਜ਼ ‘ਦਿਵਾਨੇ’ ਭੀ ਕੁਝ ਏਸੇ ਹੀ ਅਰਥ ਵਲ ਮਨ ਦਾ ਝੁਕਾਉ ਪੈਦਾ ਕਰਦਾ ਹੈ। ਪਰ ਇਹ ਗ਼ਲਤ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ ਜਿਥੇ ਕਿਤੇ ਇਹ ਲਫ਼ਜ਼ ਆਉਂਦਾ ਹੈ ਇਸ ਦਾ ਅਰਥ “ਅੰਤ ਨੂੰ, ਆਖ਼ਰ ਨੂੰ” ਕੀਤਾ ਜਾਂਦਾ ਹੈ। ਇਹ ਸੰਸਕ੍ਰਿਤ ਦਾ ਲਫ਼ਜ਼ ‘ਨਿਦਾਨ’ {निदान} ਹੈ ਜਿਸ ਦਾ ਅਰਥ ਹੈ ‘ਅਖ਼ੀਰ, ਅੰਤ’ (end, termination) । ਵੇਖੋ:

“ਬਿਨੁ ਨਾਵੈ ਪਾਜੁ ਲਹਗੁ ਨਿਦਾਨਿ ॥” {ਬਿਲਾਵਲੁ ਮ: ੩

“ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ ॥” {ਸਲੋਕ ਮ: ੧, ਬਿਲਾਵਲ ਕੀ ਵਾਰ

“ਕਹਿ ਕਬੀਰ ਤੇ ਅੰਤਿ ਬਿਗੂਤੇ ਆਇਆ ਕਾਲੁ ਨਿਦਾਨਾ ॥” {ਬਿਲਾਵਲੁ

ਬਾਕੀ ਰਿਹਾ ਇਹ ਇਤਰਾਜ਼ ਕਿ ਇਹ ਅਰਥ ਕਰਨ ਲੱਗਿਆਂ ਲਫ਼ਜ਼ “ਨਿਦਾਨਿ” ਨੂੰ ਚੁੱਕ ਕੇ ਅਖ਼ੀਰ ਤੇ ਲਫ਼ਜ਼ “ਫ਼ਨਖਾਨੈ” ਨਾਲ ਰਲਾਉਣਾ ਪੈਂਦਾ ਹੈ, ਇਸ ‘ਅਨਵੈ’ ਵਿਚ ਖਿੱਚ ਜਾਪਦੀ ਹੈ। ਇਸ ਦਾ ਉੱਤਰ ਇਹ ਹੈ ਕਿ ਹਰੇਕ ਕਵੀ ਦੀ ਕਵਿਤਾ ਦਾ ਆਪੋ ਆਪਣਾ ਢੰਗ ਹੈ; ਭਗਤ ਰਵਿਦਾਸ ਜੀ ਇਕ ਹੋਰ ਥਾਂ ਭੀ ਇਹੀ ਤਰੀਕਾ ਵਰਤਦੇ ਹਨ-

“ਨਿੰਦਕੁ ਸੋਧਿ ਸਾਧਿ ਬੀਚਾਰਿਆ ॥

ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥” {ਗੌਂਡ

ਇਸ ਪਰਮਾਣ ਵਿਚ ਦਾ ਲਫ਼ਜ਼ “ਨਿੰਦਕੁ” ਤੁਕ ਦਾ ਅਰਥ ਕਰਨ ਵੇਲੇ ਅਖ਼ੀਰ ਤੇ ਲਫ਼ਜ਼ “ਪਾਪੀ” ਦੇ ਨਾਲ ਵਰਤਣਾ ਪੈਂਦਾ ਹੈ।

ਸ਼ਬਦ ਦਾ ਭਾਵ: ਜਗਤ ਵਿਚ ਸਦਾ ਨਹੀਂ ਬੈਠ ਰਹਿਣਾ। ਇਸ ਦੇ ਮੋਹ ਵਿਚ ਮਸਤ ਹੋ ਕੇ ਪ੍ਰਭੂ-ਭਗਤੀ ਵਲੋਂ ਗ਼ਾਫ਼ਲ ਨਾਹ ਹੋਵੋ।


ਸੋਰਠਿ ਮਹਲਾ ੫ ॥ ਨਾਲਿ ਨਰਾਇਣੁ ਮੇਰੈ ॥ ਜਮਦੂਤੁ ਨ ਆਵੈ ਨੇਰੈ ॥ ਕੰਠਿ ਲਾਇ ਪ੍ਰਭ ਰਾਖੈ ॥ ਸਤਿਗੁਰ ਕੀ ਸਚੁ ਸਾਖੈ ॥੧॥ ਗੁਰਿ ਪੂਰੈ ਪੂਰੀ ਕੀਤੀ ॥ ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ ॥੧॥ ਰਹਾਉ ॥ ਪ੍ਰਭਿ ਸਗਲੇ ਥਾਨ ਵਸਾਏ ॥ ਸੁਖਿ ਸਾਂਦਿ ਫਿਰਿ ਆਏ ॥ ਨਾਨਕ ਪ੍ਰਭ ਸਰਣਾਏ ॥ ਜਿਨਿ ਸਗਲੇ ਰੋਗ ਮਿਟਾਏ ॥੨॥੨੪॥੮੮॥ {ਪੰਨਾ 630}

ਪਦਅਰਥ: ਨਰਾਇਣੁ = {नार = अयन} ਪਰਮਾਤਮਾ। ਕੰਠਿ = ਗਲ ਨਾਲ। ਲਾਇ = ਲਾ ਕੇ। ਸਾਖੈ = ਸਾਖੀ, ਸਿੱਖਿਆ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ।੧।

ਗੁਰਿ = ਗੁਰੂ ਨੇ। ਪੂਰੀ = ਸਫਲਤਾ। ਦੁਸਮਨ = (ਕਾਮਾਦਿਕ) ਵੈਰੀ। ਮਾਰਿ = ਮਾਰ ਕੇ। ਵਿਡਾਰੇ = ਨਾਸ ਕਰ ਦਿੱਤੇ। ਕਉ = ਨੂੰ।੧।ਰਹਾਉ।

ਪ੍ਰਭਿ = ਪ੍ਰਭੂ ਨੇ। ਸਗਲੇ ਥਾਨ = ਸਾਰੇ ਥਾਂ, ਸਾਰੇ ਗਿਆਨ = ਇੰਦ੍ਰੇ। ਵਸਾਏ = ਆਤਮਕ ਗੁਣਾਂ ਨਾਲ ਵਸਾ ਦਿੱਤੇ। ਸੁਖਿ ਸਾਂਦਿ = ਆਤਮਕ ਆਨੰਦ ਵਿਚ, ਸ਼ਾਂਤ ਅਵਸਥਾ ਵਿਚ। ਆਏ = ਆ ਟਿਕੇ। ਜਿਨਿ = ਜਿਸ ਪ੍ਰਭੂ ਨੇ।੨।

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਜੀਵਨ ਵਿਚ) ਸਫਲਤਾ ਬਖ਼ਸ਼ੀ, ਪ੍ਰਭੂ ਨੇ (ਕਾਮਾਦਿਕ ਉਸ ਦੇ) ਸਾਰੇ ਹੀ ਵੈਰੀ ਮਾਰ ਮੁਕਾਏ; ਤੇ, ਉਸ ਸੇਵਕ ਨੂੰ (ਨਾਮ ਸਿਮਰਨ ਦੀ) ਸ੍ਰੇਸ਼ਟ ਅਕਲ ਦੇ ਦਿੱਤੀ।੧।ਰਹਾਉ।

ਹੇ ਭਾਈ! ਪਰਮਾਤਮਾ ਮੇਰੇ ਨਾਲ (ਮੇਰੇ ਹਿਰਦੇ ਵਿਚ ਵੱਸ ਰਿਹਾ) ਹੈ। (ਉਸ ਦੀ ਬਰਕਤਿ ਨਾਲ) ਜਮਦੂਤ ਮੇਰੇ ਨੇੜੇ ਨਹੀਂ ਢੁੱਕਦਾ (ਮੈਨੂੰ ਮੌਤ ਦਾ, ਆਤਮਕ ਮੌਤ ਦਾ ਖ਼ਤਰਾ ਨਹੀਂ ਰਿਹਾ) । ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਮਿਲ ਜਾਂਦੀ ਹੈ, ਪ੍ਰਭੂ ਉਸ ਮਨੁੱਖ ਨੂੰ ਆਪਣੇ ਗਲ ਨਾਲ ਲਾ ਰੱਖਦਾ ਹੈ।੧।

(ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਜੀਵਨ-ਸਫਲਤਾ ਬਖ਼ਸ਼ੀ) ਪ੍ਰਭੂ ਨੇ ਉਹਨਾਂ ਦੇ ਸਾਰੇ ਗਿਆਨ-ਇੰਦ੍ਰੇ ਆਤਮਕ ਗੁਣਾਂ ਨਾਲ ਭਰਪੂਰ ਕਰ ਦਿੱਤੇ, ਉਹ ਮਨੁੱਖ (ਕਾਮਾਦਿਕ ਵਲੋਂ) ਪਰਤ ਕੇ ਆਤਮਕ ਆਨੰਦ ਵਿਚ ਆ ਟਿਕੇ। ਹੇ ਨਾਨਕ! ਉਸ ਪ੍ਰਭੂ ਦੀ ਸ਼ਰਨ ਪਿਆ ਰਹੁ, ਜਿਸ ਨੇ (ਸ਼ਰਨ ਪਿਆਂ ਦੇ) ਸਾਰੇ ਰੋਗ ਦੂਰ ਕਰ ਦਿੱਤੇ।੨।੨੪।੮੮।


ਸਲੋਕੁ ਮਃ ੩ ॥ ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥ ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥ ਹਰਿ ਸੇਤੀ ਮਨੁ ਰਵਿ ਰਹਿਆ ਸਚੇ ਰਹਿਆ ਸਮਾਇ ॥ {ਪੰਨਾ 651}

ਅਰਥ: ਸਤਿਗੁਰੂ ਦੀ ਸੇਵਾ ਤੋਂ (ਮਨੁੱਖ) ਨੂੰ ਸੁਖ ਪ੍ਰਾਪਤ ਹੁੰਦਾ ਹੈ, ਫਿਰ ਕਦੇ ਕਲੇਸ਼ ਨਹੀਂ ਹੁੰਦਾ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ਤੇ ਜਮਕਾਲ ਦਾ ਕੁਝ ਵੱਸ ਨਹੀਂ ਚੱਲਦਾ; ਹਰੀ ਨਾਲ ਉਸ ਦਾ ਮਨ ਮਿਲਿਆ ਰਹਿੰਦਾ ਹੈ ਤੇ ਉਹ ਸੱਚੇ ਵਿਚ ਸਮਾਇਆ ਰਹਿੰਦਾ ਹੈ।

ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ॥੧॥ {ਪੰਨਾ 651}

ਅਰਥ: ਹੇ ਨਾਨਕ! ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਸਤਿਗੁਰੂ ਦੇ ਪਿਆਰ ਵਿਚ ਤੁਰਦੇ ਹਨ।੧।

ਮਃ ੩ ॥ ਬਿਨੁ ਸਬਦੈ ਸੁਧੁ ਨ ਹੋਵਈ ਜੇ ਅਨੇਕ ਕਰੈ ਸੀਗਾਰ ॥ ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥ ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥ {ਪੰਨਾ 651-652}

ਪਦਅਰਥ: ਸਾਰ = ਕਦਰ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ।

ਅਰਥ: ਸਤਿਗੁਰੂ ਦੇ ਸ਼ਬਦ ਤੋਂ ਬਿਨਾ (ਜੀਵ-ਇਸਤ੍ਰੀ) ਭਾਵੇਂ ਬਿਅੰਤ ਸ਼ਿੰਗਾਰ ਕਰੇ ਸੁੱਧ ਨਹੀਂ ਹੋ ਸਕਦੀ, (ਕਿਉਂਕਿ) ਉਹ ਪਤੀ ਦੀ ਕਦਰ ਨਹੀਂ ਜਾਣਦੀ ਤੇ ਉਸ ਦੀ ਮਾਇਆ ਦੇ ਵਿਚ ਸੁਰਤਿ ਹੁੰਦੀ ਹੈ। ਹੇ ਨਾਨਕ! ਇਹੋ ਜਹੀ ਇਸਤ੍ਰੀ ਮਨੋਂ ਖੋਟੀ ਤੇ ਭੈੜੇ ਲੱਛਣਾਂ ਵਾਲੀ ਹੁੰਦੀ ਹੈ ਤੇ ਨਾਰੀਆਂ ਵਿਚ ਉਹ ਭੈੜੀ ਨਾਰਿ (ਕਹਾਉਂਦੀ ਹੈ) ।੨।

ਪਉੜੀ ॥ ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥ ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥ {ਪੰਨਾ 652}

ਅਰਥ: ਹੇ ਹਰੀ! ਆਪਣੀ ਮੇਹਰ ਕਰ, ਮੈਂ ਤੇਰੀ ਬਾਣੀ (ਭਾਵ, ਤੇਰਾ ਜੱਸ) ਉਚਾਰਾਂ, ਹਰੀ-ਨਾਮ ਸਿਮਰਾਂ, ਹਰੀ-ਨਾਮ ਦਾ ਉਚਾਰਨ ਕਰਾਂ ਤੇ ਇਹੀ ਲਾਭ ਖੱਟਾਂ।

ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥ ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥ {ਪੰਨਾ 652}

ਅਰਥ: ਮੈਂ ਉਹਨਾਂ ਤੋਂ ਕੁਰਬਾਨ ਹਾਂ, ਜੋ ਦਿਨ ਰਾਤ ਹਰੀ-ਨਾਮ ਜਪਦੇ ਹਨ, ਉਹਨਾਂ ਨੂੰ ਮੈਂ ਅੱਖੀਂ ਵੇਖਾਂ ਜੋ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਹਨ।

ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥ {ਪੰਨਾ 652}

ਪਦਅਰਥ: ਸੈਣੀ = ਰਿਸ਼ਤੇਦਾਰ।

ਅਰਥ: ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਸਾਥੀ ਮਿਲਾ ਦਿੱਤਾ ਹੈ।੨੪।


ਧਨਾਸਰੀ ਮਹਲਾ ੫ ॥ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥ ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ ਗੁਨ ਕਹੀਐ ॥ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥ ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥ ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥ ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥ ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥ {ਪੰਨਾ 674}

ਪਦਅਰਥ: ਪ੍ਰਤਿਪਾਲਕ = ਪਾਲਣ ਵਾਲੇ। ਨਾਇਕ = ਆਗੂ। ਨਿਮਖ = ਅੱਖ ਝਮਕਣ ਜਿਤਨਾ ਸਮਾ। ਤੁਮਰੇ ਧਾਰੇ = ਤੇਰੇ ਆਸਰੇ।੧।

ਜਿਹਵਾ = ਜੀਭ। ਕਹੀਐ = ਬਿਆਨ ਕੀਤਾ ਜਾ ਸਕਦਾ ਹੈ। ਤੇਰੋ = ਤੇਰਾ। ਕਿਨ ਹੀ = ਕਿਨਿ ਹੀ, ਕਿਸੇ ਪਾਸੋਂ ਭੀ {ਲਫ਼ਜ਼ ‘ਕਿਨਿ’ ਦੀ ‘ਿ’ ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ}। ਲਹੀਐ = ਲੱਭਿਆ ਜਾ ਸਕਦਾ।੧।ਰਹਾਉ।

ਕੋਟਿ = ਕ੍ਰੋੜਾਂ। ਪਰਾਧ = ਅਪਰਾਧ। ਖੰਡਹੁ = ਨਾਸ ਕਰਦੇ ਹੋ। ਬਿਧਿ = ਤਰੀਕਾ। ਅਗਿਆਨ = ਗਿਆਨ = ਹੀਣ, ਆਤਮਕ ਜੀਵਨ ਦੀ ਸੂਝ ਤੋਂ ਸੱਖਣੇ। ਅਲਪ = ਥੋੜੀ, ਹੋਛੀ। ਬਿਰਦੁ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ।੨।

ਤੁਮਾਰੀ = ਤੇਰੀ ਹੀ। ਸੁਹੇਲੇ = ਸੁਖ ਦੇਣ ਵਾਲੇ। ਰਾਖਨਹਾਰ = ਰੱਖਿਆ ਕਰਨ ਦੀ ਸਮਰਥਾ ਵਾਲੇ! ਗੋਲੇ = ਗ਼ੁਲਾਮ।੩।

ਅਰਥ: ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ। (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ?।੧।ਰਹਾਉ।

ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਨੂੰ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ) , ਤੂੰ ਸਾਡਾ ਖਸਮ ਹੈਂ। ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ।੧।

ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ। ਅਸੀ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ। (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ।੨।

ਹੇ ਨਾਨਕ! ਆਖ-) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾਨੂੰ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈਂ। ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ।੩।੧੨।