Hukamnama 12.09.2019: Ber Sahib, Baoli Sahib, Damdama Sahib, Baba Darbara Singh, State Gurdwara Sahib

137
Today’s Hukamnama from Gurdwara Sri Ber Sahib Sultanpur Lodhi

ਟੋਡੀ ਮਹਲਾ ੫ ਘਰੁ ੫ ਦੁਪਦੇ    ੴ ਸਤਿਗੁਰ ਪ੍ਰਸਾਦਿ ॥ ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥ ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ ॥ ਰਹਾਉ ॥ ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥ ਰੂਪੁ ਅਨਰੂਪੁ ਮੋਰੋ ਕਛੁ ਨ ਬੀਚਾਰਿਓ ਪ੍ਰੇਮ ਗਹਿਓ ਮੋਹਿ ਹਰਿ ਰੰਗ ਭੀਨ ॥੧॥ ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥ ਤਿਸ ਹੀ ਕੋ ਗ੍ਰਿਹੁ ਸੋਈ ਪ੍ਰਭੁ ਨਾਨਕ ਸੋ ਠਾਕੁਰੁ ਤਿਸ ਹੀ ਕੋ ਧੀਨ ॥੨॥੧॥੨੦॥ {ਪੰਨਾ 716}

ਪਦਅਰਥ: ਗੁਨੁ = ਉਪਕਾਰ। ਪੰਚ ਦੋਖ = (ਕਾਮਾਦਿਕ) ਪੰਜੇ ਵਿਕਾਰ। ਅਰੁ = ਅਤੇ। ਅਹੰ ਰੋਗ = ਹਉਮੈ ਦਾ ਰੋਗ। ਤੇ = ਤੋਂ। ਸਗਲ = ਸਾਰੇ।ਰਹਾਉ।

ਬੰਧਨ = ਫਾਹੀਆਂ। ਤੋਰਿ = ਤੋੜ ਕੇ। ਛੋਰਿ = ਛੁਡਾ ਕੇ। ਬਿਖਿਆ ਤੇ = ਮਾਇਆ (ਦੇ ਮੋਹ) ਤੋਂ। ਕੋ = ਦਾ। ਮੇਰੈ ਹੀਅਰੈ = ਮੇਰੇ ਹਿਰਦੇ ਵਿਚ। ਰੂਪੁ = ਸੁਹਜ। ਅਨਰੂਪੁ = ਕੁਹਜ। ਗਹਿਓ = ਫੜ ਲਿਆ, ਬੰਨ੍ਹ ਦਿੱਤਾ। ਮੋਹਿ = ਮੈਨੂੰ। ਰੰਗਿ = ਪ੍ਰੇਮ = ਰੰਗ ਵਿਚ। ਭੀਨ = ਭਿਉਂ ਦਿੱਤਾ।੧।

ਲਾਲਨੁ = ਸੋਹਣਾ ਲਾਲ। ਪਾਟ ਬੀਚ = ਵਿਚਲੇ ਪਰਦੇ। ਖੋਏ = ਖੋਇ, ਦੂਰ ਕਰਕੇ। ਹਰਖੇ = ਖ਼ੁਸ਼ੀ ਵਿਚ। ਪਤੀਨ = ਪਤੀਜ ਗਿਆ। ਤਿਸ ਹੀ = {ਲਫ਼ਜ਼ ‘ਤਿਸੁ’ ਦਾ ੁ ਕ੍ਰਿਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਿਆ ਹੈ}। ਗ੍ਰਿਹੁ = ਸਰੀਰ = ਘਰ। ਠਾਕੁਰੁ = ਮਾਲਕ। ਕੋ ਧੀਨ = ਕਾ ਅਧੀਨ, ਦਾ ਸੇਵਕ।੨।

ਅਰਥ: ਹੇ ਭਾਈ! ਮੇਰੇ ਪ੍ਰਭੂ ਜੀ ਨੇ (ਮੇਰੇ ਉੱਤੇ) ਇਹੋ ਜਿਹਾ ਉਪਕਾਰ ਕਰ ਦਿੱਤਾ ਹੈ, (ਕਿ) ਕਾਮਾਦਿਕ ਪੰਜੇ ਵਿਕਾਰ ਅਤੇ ਹਉਮੈ ਦਾ ਰੋਗ-ਇਹ ਸਾਰੇ ਉਸ ਨੇ ਮੇਰੇ ਸਰੀਰ ਵਿਚੋਂ ਕੱਢ ਦਿੱਤੇ ਹਨ।ਰਹਾਉ।

(ਹੇ ਭਾਈ! ਮੇਰੇ ਪ੍ਰਭੂ ਜੀ ਨੇ ਮੇਰੀਆਂ ਮਾਇਆ ਦੀਆਂ) ਫਾਹੀਆਂ ਤੋੜ ਕੇ (ਮੈਨੂੰ) ਮਾਇਆ (ਦੇ ਮੋਹ) ਤੋਂ ਛੁਡਾ ਕੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ। ਮੇਰਾ ਕੋਈ ਸੁਹਜ ਕੋਈ ਕੁਹਜ ਉਸ ਨੇ ਕੋਈ ਭੀ ਆਪਣੇ ਮਨ ਵਿਚ ਨਹੀਂ ਲਿਆਂਦਾ। ਮੈਨੂੰ ਉਸ ਨੇ ਆਪਣੇ ਪ੍ਰੇਮ ਨਾਲ ਬੰਨ੍ਹ ਦਿੱਤਾ ਹੈ। ਮੈਨੂੰ ਆਪਣੇ ਪਿਆਰ-ਰੰਗ ਵਿਚ ਭਿਉਂ ਦਿੱਤਾ ਹੈ।੧।

ਹੇ ਨਾਨਕ! ਆਖ-ਹੇ ਭਾਈ!) ਹੁਣ ਜਦੋਂ ਵਿਚਕਾਰਲੇ ਪਰਦੇ ਦੂਰ ਕਰ ਕੇ ਮੈਂ ਉਸ ਸੋਹਣੇ ਲਾਲ ਨੂੰ ਵੇਖਿਆ ਹੈ, ਤਾਂ ਮੇਰੇ ਚਿਤ ਵਿਚ ਆਨੰਦ ਪੈਦਾ ਹੋ ਗਿਆ ਹੈ, ਮੇਰਾ ਮਨ ਖ਼ੁਸ਼ੀ ਵਿਚ ਗਦ-ਗਦ ਹੋ ਉੱਠਿਆ ਹੈ। (ਹੁਣ ਮੇਰਾ ਇਹ ਸਰੀਰ) ਉਸੇ ਦਾ ਹੀ ਘਰ (ਬਣ ਗਿਆ ਹੈ) ਉਹੀ (ਇਸ ਘਰ ਦਾ) ਮਾਲਕ (ਬਣ ਗਿਆ ਹੈ) , ਉਸੇ ਦਾ ਹੀ ਮੈਂ ਸੇਵਕ ਬਣ ਗਿਆ ਹਾਂ।੨।੧।੨੦।


Today’s Hukamnama from Gurdwara Baoli Sahib Goindwal Sahib

ਜੈਤਸਰੀ ਮਹਲਾ ੪ ॥ ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥ ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥ ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥ ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ ॥ ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥ ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥ ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥੪॥੫॥ {ਪੰਨਾ 697}

ਪਦਅਰਥ: ਜਿਨ ਹਿਰਦੇ = ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ। ਤਿਨ ਮਾਤ = ਉਹਨਾਂ ਦੀ ਮਾਂ। ਬਾਂਝਾ = ਸੰਢ, ਜਿਸ ਦੇ ਘਰ ਸੰਤਾਨ ਪੈਦਾ ਨਾਹ ਹੋ ਸਕੇ। ਸੁੰਞੀ = ਸੱਖਣੀ। ਦੇਹ = ਕਾਂਇਆਂ, ਸਰੀਰ। ਓਇ = ਉਹ {ਲਫ਼ਜ਼ ‘ਓਹ’ ਤੋਂ ਬਹੁ-ਵਚਨ}। ਮੁਏ = ਆਤਮਕ ਮੌਤ ਮਰ ਗਏ। ਕਰਾਂਝਾ = ਕ੍ਰੁਝ ਕ੍ਰੁਝ ਕੇ।੧।

ਮਾਝਾ = ਅੰਦਰ, ਜੋ ਅੰਦਰ ਹੀ ਵੱਸ ਰਿਹਾ ਹੈ। ਕ੍ਰਿਪਾਲਿ = ਕ੍ਰਿਪਾਲ ਨੇ। ਪ੍ਰਭਿ = ਪ੍ਰਭੂ ਨੇ। ਗੁਰਿ = ਗੁਰੂ ਨੇ।ਰਹਾਉ।

ਕੀਰਤਿ = ਸਿਫ਼ਤਿ-ਸਾਲਾਹ। ਕਲਜੁਗਿ = ਜਗਤ ਵਿਚ। ਪਦੁ = ਆਤਮਕ ਦਰਜਾ। ਪਾਈਐ = ਮਿਲਦਾ ਹੈ। ਮਾਝਾ = ਦੀ ਰਾਹੀਂ। ਹਉ = ਮੈਂ। ਜਿਨਿ = ਜਿਸ (ਗੁਰੂ) ਨੇ {ਲਫ਼ਜ਼ ‘ਜਿਨ’ ਅਤੇ ‘ਜਿਨਿ’ ਦਾ ਫ਼ਰਕ ਚੇਤੇ ਰੱਖੋ}। ਗੁਪਤੁ = ਅੰਦਰ ਲੁਕਿਆ ਹੋਇਆ।੨।

ਸਾਧ = ਗੁਰੂ। ਸਭਿ = ਸਾਰੇ। ਕਿਲਬਿਖ = ਪਾਪ। ਦਾਣਾ = ਦਾਨਾ, ਸਿਆਣਾ। ਸਾਝਾ = ਸਾਂਝੀਵਾਲ।੩।

ਜਗ ਜੀਵਨਿ = ਜਗਤ ਦੇ ਜੀਵਨ (ਪ੍ਰਭੂ) ਨੇ। ਉਰਿ = ਹਿਰਦੇ ਵਿਚ। ਮਾਝਾ = ਵਿਚ। ਦਰਿ = ਦਰ ਤੇ। ਕਾਗਦ = ਕੀਤੇ ਕਰਮਾਂ ਦੇ ਲੇਖੇ ਦੇ ਕਾਗ਼ਜ਼। ਫਾਰੇ = ਪਾੜ ਦਿੱਤੇ ਗਏ।੪।

ਅਰਥ: ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ। ਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ।ਰਹਾਉ।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ) ਉਹਨਾਂ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ।੧।

ਹੇ ਭਾਈ! ਜਗਤ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਸਭ ਤੋਂ ਉੱਚਾ ਦਰਜਾ ਹੈ, (ਪਰ) ਪਰਮਾਤਮਾ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ। ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਗੁੱਝੇ ਵੱਸਦੇ ਪਰਮਾਤਮਾ ਦਾ ਨਾਮ ਪਰਗਟ ਕਰ ਦਿੱਤਾ।੨।

ਹੇ ਭਾਈ! ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ, ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਜਿਸ ਨੂੰ ਵੱਡਾ ਸਿਆਣਾ ਤੇ ਸ਼ਾਹ ਗੁਰੂ ਮਿਲ ਪਿਆ, ਗੁਰੂ ਨੇ ਪਰਮਾਤਮਾ ਦੇ ਬਹੁਤੇ ਗੁਣਾਂ ਨਾਲ ਉਸ ਨੂੰ ਸਾਂਝੀਵਾਲ ਬਣਾ ਦਿੱਤਾ।੩।

ਹੇ ਭਾਈ! ਜਗਤ ਦੇ ਜੀਵਨ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕੀਤੀ, ਉਹਨਾਂ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਲਿਆ। ਹੇ ਨਾਨਕ! ਆਖ-ਹੇ ਭਾਈ) ਧਰਮਰਾਜ ਦੇ ਦਰ ਤੇ ਉਹਨਾਂ ਮਨੁੱਖਾਂ ਦੇ (ਕੀਤੇ ਕਰਮਾਂ ਦੇ ਲੇਖੇ ਦੇ ਸਾਰੇ) ਕਾਗ਼ਜ਼ ਪਾੜ ਦਿੱਤੇ ਗਏ, ਉਹਨਾਂ ਦਾਸਾਂ ਦਾ ਲੇਖਾ ਨਿੱਬੜ ਗਿਆ।੪।੫।


Today’s Hukamnama from Gurdwara Damdama Sahib Thatta (Kapurthala)

ਸੋਰਠਿ ਮਹਲਾ ੫ ॥ ਦੁਰਤੁ ਗਵਾਇਆ ਹਰਿ ਪ੍ਰਭਿ ਆਪੇ ਸਭੁ ਸੰਸਾਰੁ ਉਬਾਰਿਆ ॥ ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ ਅਪਣਾ ਬਿਰਦੁ ਸਮਾਰਿਆ ॥੧॥ ਹੋਈ ਰਾਜੇ ਰਾਮ ਕੀ ਰਖਵਾਲੀ ॥ ਸੂਖ ਸਹਜ ਆਨਦ ਗੁਣ ਗਾਵਹੁ ਮਨੁ ਤਨੁ ਦੇਹ ਸੁਖਾਲੀ ॥ ਰਹਾਉ ॥ ਪਤਿਤ ਉਧਾਰਣੁ ਸਤਿਗੁਰੁ ਮੇਰਾ ਮੋਹਿ ਤਿਸ ਕਾ ਭਰਵਾਸਾ ॥ ਬਖਸਿ ਲਏ ਸਭਿ ਸਚੈ ਸਾਹਿਬਿ ਸੁਣਿ ਨਾਨਕ ਕੀ ਅਰਦਾਸਾ ॥੨॥੧੭॥੪੫॥ {ਪੰਨਾ 620}

ਪਦਅਰਥ: ਦੁਰਤੁ = {दुरित} ਪਾਪ। ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ। ਸਭੁ = ਸਾਰਾ। ਉਬਾਰਿਆ = (ਪਾਪਾਂ ਤੋਂ) ਬਚਾਇਆ ਹੈ। ਪਾਰਬ੍ਰਹਮਿ = ਪਾਰਬ੍ਰਹਮ ਨੇ। ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ। ਸਮਾਰਿਆ = ਚੇਤੇ ਰੱਖਿਆ ਹੈ।੧।

ਰਾਜੇ ਰਾਮ ਕੀ = ਰਾਮ ਰਾਜੇ ਕੀ, ਪ੍ਰਭੂ = ਪਾਤਿਸ਼ਾਹ ਦੀ। ਰਖਵਾਲੀ = ਰਾਖੀ, ਸਹਾਇਤਾ। ਸਹਜ = ਆਤਮਕ ਅਡੋਲਤਾ। ਸੁਖਾਲੀ = ਸੁਖੀ।ਰਹਾਉ।

ਪਤਿਤ ਉਧਾਰਣੁ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ। ਮੋਹਿ = ਮੈਨੂੰ। ਤਿਸ ਕਾ = {ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਕਾ’ ਦੇ ਕਾਰਨ ਉੱਡ ਗਿਆ ਹੈ}। ਭਰਵਾਸਾ = ਆਸਰਾ। ਸਭਿ = ਸਾਰੇ। ਸੁਣਿ = ਸੁਣੈ, ਸੁਣਦਾ ਹੈ।੨।

ਅਰਥ: ਹੇ ਭਾਈ! ਪ੍ਰਭੂ-ਪਾਤਿਸ਼ਾਹ (ਜਿਸ ਮਨੁੱਖ ਦੀ ਪਾਪਾਂ ਵਲੋਂ) ਰਾਖੀ ਕਰਦਾ ਹੈ, ਉਸ ਦਾ ਮਨ ਸੁਖੀ ਹੋ ਜਾਂਦਾ ਹੈ, ਉਸ ਦਾ ਸਰੀਰ ਸੁਖੀ ਹੋ ਜਾਂਦਾ ਹੈ। (ਹੇ ਭਾਈ! ਤੁਸੀਂ ਭੀ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੋ, (ਤੁਹਾਨੂੰ ਭੀ) ਸੁਖ ਮਿਲਣਗੇ, ਆਤਮਕ ਅਡੋਲਤਾ ਦੇ ਆਨੰਦ ਮਿਲਣਗੇ।ਰਹਾਉ।

(ਹੇ ਭਾਈ! ਜਿਸ ਮਨੁੱਖ ਉੱਤੇ ਪਾਰਬ੍ਰਹਮ ਪ੍ਰਭੂ ਨੇ ਮੇਹਰ (ਦੀ ਨਿਗਾਹ) ਕੀਤੀ, (ਉਸ ਨੂੰ ਗੁਰੂ ਮਿਲਾ ਕੇ) ਪ੍ਰਭੂ ਨੇ ਉਸ ਦਾ ਪਿਛਲਾ ਕੀਤਾ) ਪਾਪ (ਉਸ ਦੇ ਅੰਦਰੋਂ) ਦੂਰ ਕਰ ਦਿੱਤਾ। (ਇਸ ਤਰ੍ਹਾਂ) ਪ੍ਰਭੂ ਆਪ ਹੀ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ। ਆਪਣਾ ਮੁੱਢ-ਕਦੀਮਾਂ ਦਾ (ਦਇਆ-ਪਿਆਰ ਵਾਲਾ) ਸੁਭਾਉ ਚੇਤੇ ਰੱਖਦਾ ਹੈ।੧।

ਹੇ ਭਾਈ! ਮੇਰਾ ਗੁਰੂ ਵਿਕਾਰੀਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ। ਮੈਨੂੰ ਭੀ ਉਸ ਦਾ (ਹੀ) ਸਹਾਰਾ ਹੈ। ਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਸਾਰੇ ਜੀਵ (ਗੁਰੂ ਦੀ ਸ਼ਰਨ ਪਾ ਕੇ) ਬਖ਼ਸ਼ ਲਏ ਹਨ (ਜੇਹੜਾ ਸਦਾ-ਥਿਰ ਪ੍ਰਭੂ ਵਿਕਾਰੀਆਂ ਨੂੰ ਭੀ ਗੁਰੂ ਦੀ ਸ਼ਰਨ ਪਾ ਕੇ ਬਖ਼ਸ਼ਦਾ ਆ ਰਿਹਾ ਹੈ) , ਉਹ ਪ੍ਰਭੂ ਨਾਨਕ ਦੀ ਅਰਜ਼ੋਈ ਭੀ ਸੁਣਨ ਵਾਲਾ ਹੈ।੨।੧੭।੪੫।


Today’s Hukamnama from Gurdwara Baba Darbara Singh Ji Tibba (Kapurthala)

ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ ਸਤਿਗੁਰ ਪ੍ਰਸਾਦਿ ॥ ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥੧॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥ ਰਹਾਉ ॥ ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥੨॥ ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ ॥੩॥ ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥੪॥ {ਪੰਨਾ 641-642}

ਪਦਅਰਥ: ਪੜਿਓ = ਪੜ੍ਹਿਆ (ਕਈਆਂ ਨੇ) । ਅਰੁ = ਅਤੇ। ਨਿਵਲਿ = ਖਲੋ ਕੇ, ਗੋਡਿਆਂ ਉਤੇ ਹੱਥ ਰੱਖ ਕੇ, ਸਾਹ ਬਾਹਰ ਵਲ ਖਿੱਚ ਕੇ, ਆਂਦਰਾਂ ਨੂੰ ਭਵਾਣਾ = ਇਸ ਨਾਲ ਪੇਟ ਦੀਆਂ ਆਂਦਰਾਂ ਸਾਫ਼ ਰਹਿੰਦੀਆਂ ਹਨ, ਕਬਜ਼ ਨਹੀਂ ਰਹਿੰਦੀ। ਨਿਉਲੀ ਕਰਮ ਸਵੇਰੇ ਖ਼ਾਲੀ = ਪੇਟ ਕਰੀਦਾ ਹੈ। ਭੁਅੰਗਮ = ਭੁਇਅੰਗਮ, ਭੁਯੰਗਮ। ਪਿੱਠ ਦੀ ਕੰਗਰੋੜ ਦੇ ਨਾਲ ਨਾਲ ਕੁੰਡਲਨੀ ਨਾੜੀ ਜਿਸ ਦੀ ਸ਼ਕਲ ਸਰਪਣੀ ਵਰਗੀ ਹੈ। ਇਸ ਦੇ ਰਾਹ ਸੁਆਸ ਚੜ੍ਹਾਂਦੇ ਹਨ। ਸਾਧੇ = ਸਾਧਨ ਕੀਤੇ (ਕਈਆਂ ਨੇ) । ਸਿਉ = ਨਾਲ। ਸੰਗੁ = ਸਾਥ। ਛੁਟਕਿਓ = ਮੁੱਕ ਸਕਿਆ। ਅਧਿਕ = ਬਹੁਤ ਵਧੀਕ। ਅਹੰਬੁਧਿ = ਅਹੰਕਾਰ = ਭਰੀ ਮਤਿ। ਬਾਧੇ = ਬੱਝ ਗਏ।੧।

ਪਿਆਰੇ = ਹੇ ਸੱਜਣ! ਇਨ ਬਿਧਿ = ਇਹਨਾਂ ਤਰੀਕਿਆਂ ਨਾਲ। ਮੈ = ਮੇਰੇ ਵੇਖਦਿਆਂ। ਹਾਰਿ = ਹਾਰ ਕੇ, ਇਹਨਾਂ ਕਰਮਾਂ ਦਾ ਆਸਰਾ ਛੱਡ ਕੇ। ਪਰਿਓ = ਪਿਆ ਹਾਂ। ਕੈ ਦੁਆਰੈ = ਦੇ ਦਰ ਉਤੇ। ਬਿਬੇਕਾ = ਪਰਖ।ਰਹਾਉ।

ਮੋਨਿ ਭਇਓ = ਕੋਈ ਚੁੱਪ ਸਾਧੀ ਬੈਠਾ ਹੈ। ਕਰਪਾਤੀ = {ਕਰ = ਹੱਥ। ਪਾਤ੍ਰ = ਭਾਂਡਾ} ਹੱਥਾਂ ਨੂੰ ਹੀ ਭਾਂਡਾ ਬਣਾ ਰੱਖਣ ਵਾਲਾ। ਮਾਹੀ = ਵਿਚ। ਤਟ = ਦਰੀਆ ਦਾ ਕੰਢਾ। ਸਭ = ਸਾਰੀ। ਭ੍ਰਮਿਓ = ਭਟਕਦਾ ਫਿਰਿਆ। ਦੁਬਿਧਾ = ਦੁ = ਚਿੱਤਾ = ਪਨ, ਮੇਰ = ਤੇਰ, ਡਾਵਾਂ ਡੋਲ ਮਾਨਸਕ ਦਸ਼ਾ। ਛੁਟਕੈ ਨਾਹੀ = ਮੁੱਕਦੀ ਨਹੀਂ।੨।

ਕਾਮਨਾ = ਇੱਛਾ, ਫੁਰਨਾ। ਸਿਰਿ = ਸਿਰ ਉਤੇ। ਕਰਵਤ = ਆਰਾ, ਸ਼ਿਵ ਜੀ ਵਾਲਾ ਆਰਾ ਜੋ ਬਨਾਰਸ ਦੇ ਸ਼ਿਵ = ਮੰਦਰ ਵਿਚ ਹੈ। ਸ਼ਿਵ = ਲੋਕ ਵਿਚ ਪਹੁੰਚਣ ਦੀ ਤਾਂਘ ਵਾਲੇ ਕਈ ਭੁੱਲੜ ਮਨੁੱਖ ਆਪਣੇ ਆਪ ਨੂੰ ਇਸ ਆਰੇ ਨਾਲ ਚਿਰਾ ਲੈਂਦੇ ਸਨ। ਇਹ ਬਿਧਿ = ਇਸ ਤਰੀਕੇ ਨਾਲ।੩।

ਕਨਿਕ = ਸੋਨਾ। ਕਾਮਿਨੀ = ਇਸਤ੍ਰੀ। ਹੈਵਰ = {हयवर} ਵਧੀਆ ਘੋੜੇ। ਗੈਵਰ = {गजवर} ਵਧੀਆ ਹਾਥੀ। ਦਾਤਾਰਾ = ਦੇਣ ਵਾਲਾ। ਅਰਪੇ = ਦਾਨ ਕਰਦਾ ਹੈ। ਹਰਿ ਦੁਆਰਾ = ਹਰੀ ਦੇ ਦਰ ਤੇ।੪।

ਅਰਥ: ਹੇ ਭਾਈ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰ) ਪੜ੍ਹਦਾ ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ। (ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। (ਸਗੋਂ) ਵਧੀਕ ਅਹੰਕਾਰ ਵਿਚ (ਮਨੁੱਖ) ਬੱਝ ਜਾਂਦੇ ਹਨ।੧।

ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਨਹੀਂ ਜਾ ਸਕਦਾ। ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ (ਤੇ ਅਰਜ਼ੋਈ ਕਰਦਾ ਰਹਿੰਦਾ ਹਾਂ-ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ ਦੇਹ।ਰਹਾਉ।

ਹੇ ਭਾਈ! ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ, ਕੋਈ ਕਰ-ਪਾਤੀ ਬਣ ਗਿਆ ਹੈ (ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ) , ਕੋਈ ਜੰਗਲ ਵਿਚ ਨੰਗਾ ਤੁਰਿਆ ਫਿਰਦਾ ਹੈ। ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ, ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ, (ਪਰ ਇਸ ਤਰ੍ਹਾਂ ਭੀ) ਮਨ ਦੀ ਡਾਂਵਾਂ-ਡੋਲ ਹਾਲਤ ਮੁੱਕਦੀ ਨਹੀਂ।੨।

ਹੇ ਭਾਈ! ਕੋਈ ਮਨੁੱਖ ਆਪਣੀ ਮਨੋ-ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਵੱਸਿਆ ਹੈ, (ਮੁਕਤੀ ਦਾ ਚਾਹਵਾਨ ਆਪਣੇ) ਸਿਰ ਉਤੇ (ਸ਼ਿਵ ਜੀ ਵਾਲਾ) ਆਰਾ ਰਖਾਂਦਾ ਹੈ (ਤੇ, ਆਪਣੇ ਆਪ ਨੂੰ ਚਿਰਾ ਲੈਂਦਾ ਹੈ) । ਪਰ ਜੇ ਕੋਈ ਮਨੁੱਖ (ਇਹੋ ਜਿਹੇ) ਲੱਖਾਂ ਹੀ ਜਤਨ ਕਰੇ, ਇਸ ਤਰ੍ਹਾਂ ਭੀ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ।੩।

ਹੇ ਭਾਈ! ਕੋਈ ਮਨੁੱਖ ਸੋਨਾ, ਇਸਤ੍ਰੀ, ਵਧੀਆ ਘੋੜੇ, ਵਧੀਆ ਹਾਥੀ (ਅਤੇ ਇਹੋ ਜਿਹੇ) ਕਈ ਕਿਸਮਾਂ ਦੇ ਦਾਨ ਕਰਨ ਵਾਲਾ ਹੈ। ਕੋਈ ਮਨੁੱਖ ਅੰਨ ਦਾਨ ਕਰਦਾ ਹੈ, ਕੱਪੜੇ ਦਾਨ ਕਰਦਾ ਹੈ, ਜ਼ਿਮੀਂ ਦਾਨ ਕਰਦਾ ਹੈ। (ਇਸ ਤਰ੍ਹਾਂ ਭੀ) ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ।੪।


Today’s Hukamnama from State Gurdwara Sahib Kapurthala

ਸੂਹੀ ਮਹਲਾ ੩ ॥ ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥ ਨਿਹਚਲੁ ਰਾਜੁ ਸਦਾ ਹਰਿ ਕੇਰਾ ਤਿਸੁ ਬਿਨੁ ਅਵਰੁ ਨ ਕੋਈ ਰਾਮ ॥ ਤਿਸੁ ਬਿਨੁ ਅਵਰੁ ਨ ਕੋਈ ਸਦਾ ਸਚੁ ਸੋਈ ਗੁਰਮੁਖਿ ਏਕੋ ਜਾਣਿਆ ॥ ਧਨ ਪਿਰ ਮੇਲਾਵਾ ਹੋਆ ਗੁਰਮਤੀ ਮਨੁ ਮਾਨਿਆ ॥ ਸਤਿਗੁਰੁ ਮਿਲਿਆ ਤਾ ਹਰਿ ਪਾਇਆ ਬਿਨੁ ਹਰਿ ਨਾਵੈ ਮੁਕਤਿ ਨ ਹੋਈ ॥ ਨਾਨਕ ਕਾਮਣਿ ਕੰਤੈ ਰਾਵੇ ਮਨਿ ਮਾਨਿਐ ਸੁਖੁ ਹੋਈ ॥੧॥ {ਪੰਨਾ 769-770}

ਪਦਅਰਥ: ਜੁਗ ਚਾਰੇ = ਚੌਹਾਂ ਹੀ ਜੁਗਾਂ ਵਿਚ। ਧਨ = ਜੀਵ = ਇਸਤ੍ਰੀ। ਸੋਹਾਗੁ = ਪ੍ਰਭੂ = ਪਤੀ ਦਾ ਮਿਲਾਪ। ਨਿਹਚਲੁ = ਅਟੱਲ, ਕਦੇ ਨਾਹ ਹਿੱਲਣ ਵਾਲਾ। ਕੇਰਾ = ਦਾ। ਸਚੁ = ਸਦਾ ਕਾਇਮ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ। ਏਕੋ = ਇਕ ਪਰਮਾਤਮਾ ਹੀ। ਮੇਲਾਵਾ = ਮਿਲਾਪ। ਗੁਰਮਤੀ = ਗੁਰੂ ਦੀ ਮਤਿ ਉਤੇ ਤੁਰਿਆਂ। ਕਾਮਣਿ = ਜੀਵ = ਇਸਤ੍ਰੀ। ਕੰਤੈ ਰਾਵੈ = ਖਸਮ = ਪ੍ਰਭੂ ਨੂੰ ਹਿਰਦੇ ਵਿਚ ਵਸਾਂਦੀ ਹੈ। ਰਾਵੇ = ਮਿਲਾਪ ਮਾਣਦੀ ਹੈ। ਮਨਿ ਮਾਨਿਐ = ਜੇ ਮਨ ਪਤੀਜ ਜਾਏ।੧।

ਅਰਥ: ਹੇ ਭਾਈ! ਜੁਗ ਚਾਹੇ ਕੋਈ ਭੀ ਹੋਵੇ) ਗੁਰੂ (ਦੀ ਸਰਨ ਪੈਣ) ਤੋਂ ਬਿਨਾ ਖਸਮ-ਪ੍ਰਭੂ ਦਾ ਮਿਲਾਪ ਨਹੀਂ ਹੁੰਦਾ, ਜੀਵ-ਇਸਤ੍ਰੀ ਭਾਵੇਂ ਚੌਹਾਂ ਜੁਗਾਂ ਵਿਚ ਭਟਕਦੀ ਫਿਰੇ। ਉਸ ਪ੍ਰਭੂ-ਪਤੀ ਦਾ ਹੁਕਮ ਅਟੱਲ ਹੈ (ਕਿ ਗੁਰੂ ਦੀ ਰਾਹੀਂ ਹੀ ਉਸ ਦਾ ਮਿਲਾਪ ਪ੍ਰਾਪਤ ਹੁੰਦਾ ਹੈ) । ਉਸ ਤੋਂ ਬਿਨਾ ਕੋਈ ਹੋਰ ਉਸ ਦੀ ਬਰਾਬਰੀ ਦਾ ਨਹੀਂ (ਜੋ ਇਸ ਹੁਕਮ ਨੂੰ ਬਦਲਾਅ ਸਕੇ) । ਹੇ ਭਾਈ! ਉਸ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ। ਉਹ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਉਸ ਇੱਕ ਨਾਲ ਹੀ ਡੂੰਘੀ ਸਾਂਝ ਬਣਾਂਦੀ ਹੈ। ਜਦੋਂ ਗੁਰੂ ਦੀ ਮਤਿ ਉਤੇ ਤੁਰ ਕੇ ਜੀਵ-ਇਸਤ੍ਰੀ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਤਦੋਂ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ।

ਹੇ ਭਾਈ! ਜਦੋਂ ਗੁਰੂ ਮਿਲਦਾ ਹੈ ਤਦੋਂ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ (ਗੁਰੂ ਹੀ ਪ੍ਰਭੂ ਦਾ ਨਾਮ ਜੀਵ-ਇਸਤ੍ਰੀ ਦੇ ਹਿਰਦੇ ਵਿਚ ਵਸਾਂਦਾ ਹੈ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ। ਹੇ ਨਾਨਕ! ਜੇ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਏ, ਤਾਂ ਜੀਵ-ਇਸਤ੍ਰੀ ਪ੍ਰਭੂ ਦਾ ਮਿਲਾਪ ਮਾਣਦੀ ਹੈ, ਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੋਇਆ ਰਹਿੰਦਾ ਹੈ।੧।

ਸਤਿਗੁਰੁ ਸੇਵਿ ਧਨ ਬਾਲੜੀਏ ਹਰਿ ਵਰੁ ਪਾਵਹਿ ਸੋਈ ਰਾਮ ॥ ਸਦਾ ਹੋਵਹਿ ਸੋਹਾਗਣੀ ਫਿਰਿ ਮੈਲਾ ਵੇਸੁ ਨ ਹੋਈ ਰਾਮ ॥ ਫਿਰਿ ਮੈਲਾ ਵੇਸੁ ਨ ਹੋਈ ਗੁਰਮੁਖਿ ਬੂਝੈ ਕੋਈ ਹਉਮੈ ਮਾਰਿ ਪਛਾਣਿਆ ॥ ਕਰਣੀ ਕਾਰ ਕਮਾਵੈ ਸਬਦਿ ਸਮਾਵੈ ਅੰਤਰਿ ਏਕੋ ਜਾਣਿਆ ॥ ਗੁਰਮੁਖਿ ਪ੍ਰਭੁ ਰਾਵੇ ਦਿਨੁ ਰਾਤੀ ਆਪਣਾ ਸਾਚੀ ਸੋਭਾ ਹੋਈ ॥ ਨਾਨਕ ਕਾਮਣਿ ਪਿਰੁ ਰਾਵੇ ਆਪਣਾ ਰਵਿ ਰਹਿਆ ਪ੍ਰਭੁ ਸੋਈ ॥੨॥ {ਪੰਨਾ 770}

ਪਦਅਰਥ: ਸੇਵਿ = ਸੇਵਾ ਕਰ, ਸਰਨ ਪਉ। ਧਨ ਬਾਲੜੀਏ = ਹੇ ਅੰਞਾਣ ਜਿੰਦੇ। ਵਰੁ = ਖਸਮ। ਪਾਵਹਿ = ਤੂੰ ਲੱਭ ਲਏਂਗੀ। ਹੋਵਹਿ = ਤੂੰ ਰਹੇਂਗੀ। ਸੋਹਾਗਣੀ = ਖਸਮ ਵਾਲੀ। ਮੈਲਾ ਵੇਸੁ = {ਨੋਟ:ਵਿਧਵਾ ਇਸਤ੍ਰੀ ਨੂੰ ਮੈਲੇ ਕੱਪੜੇ ਪਾਣੇ ਪੈਂਦੇ ਹਨ} ਰੰਡੇਪਾ, ਪ੍ਰਭੂ = ਪਤੀ ਤੋਂ ਵਿਛੋੜਾ। ਗੁਰਮੁਖਿ = ਗੁਰੂ ਦੀ ਸਰਣ ਰਹਿਣ ਵਾਲੀ ਜੀਵ = ਇਸਤ੍ਰੀ। ਕੋਈ = ਕੋਈ ਵਿਰਲੀ। ਕਰਣੀ ਕਾਰ = ਉਹ ਕਾਰ ਜੇਹੜੀ ਕਰਨੀ ਚਾਹੀਦੀ ਹੈ, ਕਰਨ = ਜੋਗ ਕਾਰ। ਸਬਦਿ = ਸ਼ਬਦ ਵਿਚ। ਏਕੋ ਜਾਣਿਆ = ਇਕ ਪ੍ਰਭੂ ਨਾਲ ਹੀ ਸਾਂਝ ਪਾਈ ਹੈ। ਰਾਵੇ = ਸਿਮਰਦੀ ਹੈ। ਸਾਚੀ = ਸਦਾ ਕਾਇਮ ਰਹਿਣ ਵਾਲੀ। ਕਾਮਣਿ = ਜੀਵ = ਇਸਤ੍ਰੀ। ਰਵਿ ਰਹਿਆ = ਜੋ ਸਭ ਥਾਂ ਮੌਜੂਦ ਹੈ।੨।

ਅਰਥ: ਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਕਾਰ ਕਰਿਆ ਕਰ, (ਇਸ ਤਰ੍ਹਾਂ ਤੂੰ ਪ੍ਰਭੂ-ਪਤੀ ਨੂੰ ਪ੍ਰਾਪਤ ਕਰ ਲਏਂਗੀ। ਤੂੰ ਸਦਾ ਵਾਸਤੇ ਖਸਮ-ਵਾਲੀ ਹੋ ਜਾਏਂਗੀ, ਫਿਰ ਕਦੇ ਪ੍ਰਭੂ-ਪਤੀ ਨਾਲੋਂ ਵਿਛੋੜਾ ਨਹੀਂ ਹੋਏਗਾ! ਕੋਈ ਵਿਰਲੀ ਜੀਵ-ਇਸਤ੍ਰੀ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਇਹ ਗੱਲ ਸਮਝਦੀ ਹੈ (ਕਿ ਗੁਰੂ ਦੀ ਰਾਹੀਂ ਪ੍ਰਭੂ ਨਾਲ ਮਿਲਾਪ ਹੋਇਆਂ) ਫਿਰ ਉਸ ਤੋਂ ਕਦੇ ਵਿਛੋੜਾ ਨਹੀਂ ਹੁੰਦਾ। ਉਹ ਜੀਵ-ਇਸਤ੍ਰੀ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪ੍ਰਭੂ ਨਾਲ ਸਾਂਝ ਕਾਇਮ ਰੱਖਦੀ ਹੈ। ਉਹ ਜੀਵ-ਇਸਤ੍ਰੀ (ਪ੍ਰਭੂ-ਸਿਮਰਨ ਦੀ) ਕਰਨ-ਜੋਗ ਕਾਰ ਕਰਦੀ ਰਹਿੰਦੀ ਹੈ, ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੀ ਹੈ, ਆਪਣੇ ਹਿਰਦੇ ਵਿਚ ਇਕ ਪ੍ਰਭੂ ਨਾਲ ਜੀਵ-ਇਸਤ੍ਰੀ ਪਛਾਣ ਪਾਈ ਰੱਖਦੀ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ-ਇਸਤ੍ਰੀ ਦਿਨ ਰਾਤ ਆਪਣੇ ਪ੍ਰਭੂ ਦਾ ਨਾਮ ਸਿਮਰਦੀ ਰਹਿੰਦੀ ਹੈ, (ਲੋਕ ਪਰਲੋਕ ਵਿਚ) ਉਸ ਨੂੰ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲਦੀ ਹੈ। ਉਹ ਜੀਵ-ਇਸਤ੍ਰੀ ਆਪਣੇ ਉਸ ਪ੍ਰਭੂ-ਪਤੀ ਨੂੰ ਹਰ ਵੇਲੇ ਯਾਦ ਕਰਦੀ ਹੈ ਜੋ ਹਰ ਥਾਂ ਵਿਆਪਕ ਹੈ।੨।

ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰਿ ਵਰੁ ਦੇਇ ਮਿਲਾਏ ਰਾਮ ॥ ਹਰਿ ਕੈ ਰੰਗਿ ਰਤੀ ਹੈ ਕਾਮਣਿ ਮਿਲਿ ਪ੍ਰੀਤਮ ਸੁਖੁ ਪਾਏ ਰਾਮ ॥ ਮਿਲਿ ਪ੍ਰੀਤਮ ਸੁਖੁ ਪਾਏ ਸਚਿ ਸਮਾਏ ਸਚੁ ਵਰਤੈ ਸਭ ਥਾਈ ॥ ਸਚਾ ਸੀਗਾਰੁ ਕਰੇ ਦਿਨੁ ਰਾਤੀ ਕਾਮਣਿ ਸਚਿ ਸਮਾਈ ॥ ਹਰਿ ਸੁਖਦਾਤਾ ਸਬਦਿ ਪਛਾਤਾ ਕਾਮਣਿ ਲਇਆ ਕੰਠਿ ਲਾਏ ॥ ਨਾਨਕ ਮਹਲੀ ਮਹਲੁ ਪਛਾਣੈ ਗੁਰਮਤੀ ਹਰਿ ਪਾਏ ॥੩॥ {ਪੰਨਾ 770}

ਪਦਅਰਥ: ਕਰੇ = ਕਰਿ, ਕਰ। ਧਨ ਬਾਲੜੀਏ = ਹੇ ਅੰਞਾਣ ਜਿੰਦੇ! ਦੇਇ ਮਿਲਾਏ = ਦੇਇ ਮਿਲਾਇ, ਮਿਲਾ ਦੇਂਦਾ ਹੈ। ਕੈ ਰੰਗਿ = ਦੇ ਪ੍ਰੇਮ = ਰੰਗ ਵਿਚ। ਰਤੀ = ਰੰਗੀ ਹੋਈ। ਕਾਮਣਿ = ਜੀਵ = ਇਸਤ੍ਰੀ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਚੁ = ਸਦਾ-ਥਿਰ ਪ੍ਰਭੂ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਪਛਾਤਾ = ਸਾਂਝ ਪਾ ਲਈ। ਕੰਠਿ = ਗਲ ਨਾਲ। ਮਹਲੀ ਮਹਲੁ = ਮਹਲ ਦੇ ਮਾਲਕ ਪ੍ਰਭੂ ਦਾ ਮਹਲ।੩।

ਅਰਥ: ਹੇ ਅੰਞਾਣ ਜਿੰਦੇ! ਗੁਰੂ ਦੀ ਦੱਸੀ ਹੋਈ ਕਾਰ ਕਰਿਆ ਕਰ। ਗੁਰੂ ਪ੍ਰਭੂ-ਪਤੀ ਨਾਲ ਮਿਲਾ ਦੇਂਦਾ ਹੈ। ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਉਹ ਪਿਆਰੇ ਪ੍ਰਭੂ ਨੂੰ ਮਿਲ ਕੇ ਆਤਮਕ ਆਨੰਦ ਮਾਣਦੀ ਹੈ। ਪ੍ਰਭੂ-ਪ੍ਰੀਤਮ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੀ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਉਸ ਨੂੰ ਸਭ ਥਾਵਾਂ ਵਿਚ ਵੱਸਦਾ ਦਿੱਸਦਾ ਹੈ। ਉਹ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦੀ ਹੈ, ਇਹੀ ਸਦਾ ਕਾਇਮ ਰਹਿਣ ਵਾਲਾ (ਆਤਮਕ) ਸਿੰਗਾਰ ਉਹ ਦਿਨ ਰਾਤ ਕਰੀ ਰੱਖਦੀ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਜੀਵ-ਇਸਤ੍ਰੀ ਸਾਰੇ ਸੁਖ ਦੇਣ ਵਾਲੇ ਪ੍ਰਭੂ ਨਾਲ ਸਾਂਝ ਪਾਂਦੀ ਹੈ, ਉਸ ਨੂੰ ਆਪਣੇ ਗਲ ਨਾਲ ਲਾਈ ਰੱਖਦੀ ਹੈ (ਗਲੇ ਵਿਚ ਪ੍ਰੋ ਲੈਂਦੀ ਹੈ, ਹਰ ਵੇਲੇ ਉਸ ਦਾ ਜਾਪ ਕਰਦੀ ਹੈ। ਹੇ ਨਾਨਕ! ਉਹ ਜੀਵ-ਇਸਤ੍ਰੀ ਮਾਲਕ-ਪ੍ਰਭੂ ਦਾ ਮਹਲ ਲੱਭ ਲੈਂਦੀ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ।੩।

ਸਾ ਧਨ ਬਾਲੀ ਧੁਰਿ ਮੇਲੀ ਮੇਰੈ ਪ੍ਰਭਿ ਆਪਿ ਮਿਲਾਈ ਰਾਮ ॥ ਗੁਰਮਤੀ ਘਟਿ ਚਾਨਣੁ ਹੋਆ ਪ੍ਰਭੁ ਰਵਿ ਰਹਿਆ ਸਭ ਥਾਈ ਰਾਮ ॥ ਪ੍ਰਭੁ ਰਵਿ ਰਹਿਆ ਸਭ ਥਾਈ ਮੰਨਿ ਵਸਾਈ ਪੂਰਬਿ ਲਿਖਿਆ ਪਾਇਆ ॥ ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸਚੁ ਸੀਗਾਰੁ ਬਣਾਇਆ ॥ ਕਾਮਣਿ ਨਿਰਮਲ ਹਉਮੈ ਮਲੁ ਖੋਈ ਗੁਰਮਤਿ ਸਚਿ ਸਮਾਈ ॥ ਨਾਨਕ ਆਪਿ ਮਿਲਾਈ ਕਰਤੈ ਨਾਮੁ ਨਵੈ ਨਿਧਿ ਪਾਈ ॥੪॥੩॥੪॥ {ਪੰਨਾ 770}

ਪਦਅਰਥ: ਸਾਧਨ ਬਾਲੀ = ਅੰਞਾਣ ਜੀਵ = ਇਸਤ੍ਰੀ। ਧੁਰਿ = ਧੁਰ ਦਰਗਾਹ ਤੋਂ। ਪ੍ਰਭਿ = ਪ੍ਰਭੂ ਨੇ। ਗੁਰਮਤੀ = ਗੁਰੂ ਦੀ ਮਤਿ ਉਤੇ ਤੁਰ ਕੇ। ਘਟਿ = ਹਿਰਦੇ ਵਿਚ। ਮੰਨਿ = ਮਨਿ, ਮਨ ਵਿਚ। ਪੂਰਬਿ = ਪੂਰਬਲੇ ਜਨਮ ਵਿਚ। ਸੇਜ = ਹਿਰਦਾ = ਸੇਜ। ਸੁਖਾਲੀ = ਸੁਖੀ। ਪ੍ਰਭ ਭਾਣੀ = ਪ੍ਰਭੂ ਨੂੰ ਚੰਗੀ ਲੱਗੀ। ਸਚੁ ਸੀਗਾਰੁ = ਸਦਾ-ਥਿਰ ਹਰੀ ਦਾ ਨਾਮ ਜਪਣ ਦਾ ਆਤਮਕ ਸੁਹਜ। ਕਾਮਣਿ = ਜੀਵ = ਇਸਤ੍ਰੀ। ਖੋਈ = ਦੂਰ ਕਰ ਲਈ। ਸਚਿ = ਸਦਾ-ਥਿਰ ਪ੍ਰਭੂ ਵਿਚ। ਕਰਤੈ = ਕਰਤਾਰ ਨੇ। ਨਵੈ ਨਿਧਿ = ਨੌ ਹੀ ਖ਼ਜ਼ਾਨੇ।੪।

ਅਰਥ: ਹੇ ਭਾਈ! ਜਿਸ ਅੰਞਾਣ ਜੀਵ-ਇਸਤ੍ਰੀ ਨੂੰ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਪ੍ਰਾਪਤ ਹੋਇਆ, ਉਸ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ। ਉਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਇਹ ਚਾਨਣ ਹੋ ਗਿਆ ਕਿ ਪਰਮਾਤਮਾ ਸਭ ਥਾਈਂ ਮੌਜੂਦ ਹੈ। ਸਭ ਥਾਈਂ ਵਿਆਪਕ ਹੋ ਰਹੇ ਪ੍ਰਭੂ ਨੂੰ ਉਸ ਜੀਵ-ਇਸਤ੍ਰੀ ਨੇ ਆਪਣੇ ਮਨ ਵਿਚ ਵਸਾ ਲਿਆ, ਪਿਛਲੇ ਜਨਮ ਵਿਚ ਲਿਖਿਆ ਲੇਖ (ਉਸ ਦੇ ਮੱਥੇ ਉਤੇ) ਉੱਘੜ ਪਿਆ। ਉਹ ਜੀਵ-ਇਸਤ੍ਰੀ ਪਿਆਰੇ ਪ੍ਰਭੂ ਨੂੰ ਚੰਗੀ ਲੱਗਣ ਲੱਗ ਪਈ, ਉਸ ਦਾ ਹਿਰਦਾ-ਸੇਜ ਆਨੰਦ-ਭਰਪੂਰ ਹੋ ਗਿਆ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਨੂੰ ਉਸ ਨੇ (ਆਪਣੇ ਜੀਵਨ ਦਾ) ਸੁਹਜ ਬਣਾ ਲਿਆ।

ਜੇਹੜੀ ਜੀਵ ਇਸਤ੍ਰੀ ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਲੈਂਦੀ ਹੈ, ਉਹ ਪਵਿਤ੍ਰ ਜੀਵਨ ਵਾਲੀ ਬਣ ਜਾਂਦੀ ਹੈ। ਹੇ ਨਾਨਕ! ਆਖ-) ਕਰਤਾਰ ਨੇ ਆਪ ਉਸ ਨੂੰ ਨਾਲ ਮਿਲਾ ਲਿਆ, ਉਸ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਜੋ ਉਸ ਦੇ ਵਾਸਤੇ ਸ੍ਰਿਸ਼ਟੀ ਦੇ ਨੌ ਹੀ ਖ਼ਜ਼ਾਨੇ ਹੈ।੪।੩।੪।