Hukamnama 11.09.2019: Ber Sahib, Baoli Sahib, Damdama Sahib, Baba Darbara Singh, State Gurdwara Sahib

130
Today’s Hukamnama from Gurdwara Sri Ber Sahib Sultanpur Lodhi

ਧਨਾਸਰੀ ਮਹਲਾ ੩ ॥ ਕਾਚਾ ਧਨੁ ਸੰਚਹਿ ਮੂਰਖ ਗਾਵਾਰ ॥ ਮਨਮੁਖ ਭੂਲੇ ਅੰਧ ਗਾਵਾਰ ॥ ਬਿਖਿਆ ਕੈ ਧਨਿ ਸਦਾ ਦੁਖੁ ਹੋਇ ॥ ਨਾ ਸਾਥਿ ਜਾਇ ਨ ਪਰਾਪਤਿ ਹੋਇ ॥੧॥ ਸਾਚਾ ਧਨੁ ਗੁਰਮਤੀ ਪਾਏ ॥ ਕਾਚਾ ਧਨੁ ਫੁਨਿ ਆਵੈ ਜਾਏ ॥ ਰਹਾਉ ॥ ਮਨਮੁਖਿ ਭੂਲੇ ਸਭਿ ਮਰਹਿ ਗਵਾਰ ॥ ਭਵਜਲਿ ਡੂਬੇ ਨ ਉਰਵਾਰਿ ਨ ਪਾਰਿ ॥ ਸਤਿਗੁਰੁ ਭੇਟੇ ਪੂਰੈ ਭਾਗਿ ॥ ਸਾਚਿ ਰਤੇ ਅਹਿਨਿਸਿ ਬੈਰਾਗਿ ॥੨॥ ਚਹੁ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ ॥ ਪੂਰੈ ਭਾਗਿ ਹਰਿ ਨਾਮਿ ਸਮਾਣੀ ॥ ਸਿਧ ਸਾਧਿਕ ਤਰਸਹਿ ਸਭਿ ਲੋਇ ॥ ਪੂਰੈ ਭਾਗਿ ਪਰਾਪਤਿ ਹੋਇ ॥੩॥ ਸਭੁ ਕਿਛੁ ਸਾਚਾ ਸਾਚਾ ਹੈ ਸੋਇ ॥ ਊਤਮ ਬ੍ਰਹਮੁ ਪਛਾਣੈ ਕੋਇ ॥ ਸਚੁ ਸਾਚਾ ਸਚੁ ਆਪਿ ਦ੍ਰਿੜਾਏ ॥ ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥੪॥੭॥ {ਪੰਨਾ 665}

ਪਦਅਰਥ: ਕਾਚਾ = ਕੱਚਾ, ਟੁੱਟ ਜਾਣ ਵਾਲਾ, ਨਾਸ ਹੋ ਜਾਣ ਵਾਲਾ। ਸੰਚਹਿ = ਇਕੱਠਾ ਕਰਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭੂਲੇ = ਕੁਰਾਹੇ ਪਏ ਹੋਏ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ। ਬਿਖਿਆ = ਮਾਇਆ। ਕੈ ਧਨਿ = ਦੇ ਧਨ ਨਾਲ। ਪਰਾਪਤਿ = ਰਜੇਵਾਂ, ਤਸੱਲੀ, ਸੰਤੋਖ।੧।

ਸਾਚਾ = ਸਦਾ ਕਾਇਮ ਰਹਿਣ ਵਾਲਾ। ਗੁਰਮਤੀ = ਗੁਰੂ ਦੀ ਮਤਿ ਉੱਤੇ ਤੁਰ ਕੇ। ਫੁਨਿ = ਮੁੜ ਮੁੜ। ਆਵੈ = ਮਿਲਦਾ ਹੈ, ਲੱਭਦਾ ਹੈ। ਜਾਏ = ਹੱਥੋਂ ਖੁੱਸ ਜਾਂਦਾ ਹੈ।ਰਹਾਉ।

ਸਭਿ = ਸਾਰੇ। ਮਰਹਿ = ਆਤਮਕ ਜੀਵਨ ਗਵਾ ਲੈਂਦੇ ਹਨ। ਭਵਜਲਿ = ਸੰਸਾਰ = ਸਮੁੰਦਰ ਵਿਚ। ਉਰਵਾਰਿ = ਉਰਲੇ ਬੰਨੇ। ਪਾਰਿ = ਪਾਰਲੇ ਬੰਨੇ। ਭੇਟੇ = ਮਿਲਦਾ ਹੈ। ਭਾਗਿ = ਕਿਸਮਤ ਨਾਲ। ਸਾਚਿ = ਸਦਾ-ਥਿਰ ਹਰਿ = ਨਾਮ ਵਿਚ। ਰਤੇ = ਮਸਤ। ਅਹਿ = ਦਿਨ। ਨਿਸਿ = ਰਾਤ। ਬੈਰਾਗਿ = ਵੈਰਾਗ ਵਿਚ।੨।

ਚਹੁ ਜੁਗ ਮਹਿ = ਚੌਹਾਂ ਜੁਗਾਂ ਵਿਚ, ਸਦਾ ਹੀ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ। ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ। ਨਾਮਿ = ਨਾਮ ਵਿਚ। ਸਿਧ = ਕਰਾਮਾਤੀ ਜੋਗੀ। ਸਾਧਿਕ = ਸਾਧਨਾਂ ਕਰਨ ਵਾਲੇ। ਸਭਿ = ਸਾਰੇ। ਲੋਇ = ਲੋਕ ਵਿਚ, ਜਗਤ ਵਿਚ।੩।

ਸਭੁ ਕਿਛੁ = ਹਰੇਕ ਚੀਜ਼। ਸਾਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸੋਇ = ਉਹ (ਪ੍ਰਭੂ) ਹੀ। ਕੋਇ = ਕੋਈ ਵਿਰਲਾ ਮਨੁੱਖ। ਪਛਾਣੈ = ਸਾਂਝ ਪਾਂਦਾ ਹੈ। ਸਚੁ ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਚੁ = ਸਦਾ-ਥਿਰ ਹਰਿ = ਨਾਮ। ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰਦਾ ਹੈ। ਆਪੇ = ਆਪ ਹੀ। ਵੇਖੈ = ਸੰਭਾਲ ਕਰਦਾ ਹੈ। ਸਚਿ = ਸਦਾ-ਥਿਰ ਨਾਮ ਵਿਚ।੪।

ਅਰਥ: ਜੇਹੜਾ ਮਨੁੱਖ ਗੁਰੂ ਦੀ ਮਤਿ ਉਤੇ ਤੁਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਧਨ ਹਾਸਲ ਕਰ ਲੈਂਦਾ ਹੈ। (ਪਰ ਦੁਨੀਆ ਵਾਲਾ) ਨਾਸਵੰਤ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਕਦੇ ਹੱਥੋਂ ਨਿਕਲ ਜਾਂਦਾ ਹੈ।ਰਹਾਉ।

ਹੇ ਭਾਈ! ਮੂਰਖ ਅੰਞਾਣ ਲੋਕ (ਸਿਰਫ਼ ਦੁਨੀਆ ਵਾਲਾ) ਨਾਸਵੰਤ ਧਨ (ਹੀ) ਜੋੜਦੇ ਰਹਿੰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਮਨੁੱਖ ਕੁਰਾਹੇ ਪਏ ਰਹਿੰਦੇ ਹਨ। ਹੇ ਭਾਈ! ਮਾਇਆ ਦੇ ਧਨ ਨਾਲ ਸਦਾ ਦੁੱਖ (ਹੀ) ਮਿਲਦਾ ਹੈ। ਇਹ ਧਨ ਨਾਹ ਹੀ ਮਨੁੱਖ ਦੇ ਨਾਲ ਜਾਂਦਾ ਹੈ, ਅਤੇ, ਨਾਹ ਹੀ (ਇਸ ਨੂੰ ਜੋੜ ਜੋੜ ਕੇ) ਸੰਤੋਖ ਪ੍ਰਾਪਤ ਹੁੰਦਾ ਹੈ।੧।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਸਭ ਆਤਮਕ ਮੌਤ ਸਹੇੜ ਲੈਂਦੇ ਹਨ, ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ, ਨਾਹ ਉਰਲੇ ਬੰਨੇ ਰਹਿੰਦੇ ਹਨ, ਨਾਹ ਪਾਰਲੇ ਬੰਨੇ (ਨਾਹ ਇਹ ਮਾਇਆ ਸਾਥ ਤੋੜ ਨਿਬਾਹੁੰਦੀ ਹੈ, ਨਾਹ ਨਾਮ-ਧਨ ਜੋੜਿਆ ਹੁੰਦਾ ਹੈ) । ਜਿਨ੍ਹਾਂ ਮਨੁੱਖਾਂ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਉਹ ਦਿਨ ਰਾਤ (ਹਰ ਵੇਲੇ) ਸਦਾ-ਥਿਰ ਹਰਿ-ਨਾਮ ਵਿਚ ਮਗਨ ਰਹਿੰਦੇ ਹਨ (ਨਾਮ ਦੀ ਬਰਕਤਿ ਨਾਲ ਮਾਇਆ ਵਲੋਂ) ਉਪਰਾਮਤਾ ਵਿਚ ਟਿਕੇ ਰਹਿੰਦੇ ਹਨ।੨।

ਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਗੁਰਬਾਣੀ ਸਦਾ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਵੰਡਦੀ ਹੈ) , ਪੂਰੀ ਕਿਸਮਤ ਨਾਲ (ਮਨੁੱਖ ਇਸ ਬਾਣੀ ਦੀ ਬਰਕਤਿ ਨਾਲ) ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ। ਹੇ ਭਾਈ! ਕਰਾਮਾਤੀ ਜੋਗੀ ਤੇ ਸਾਧਨਾਂ ਕਰਨ ਵਾਲੇ ਜੋਗੀ ਸਾਰੇ ਹੀ ਜਗਤ ਵਿਚ (ਇਸ ਬਾਣੀ ਦੀ ਖ਼ਾਤਰ) ਤਰਲੇ ਲੈਂਦੇ ਹਨ, ਪਰ ਪੂਰੀ ਕਿਸਮਤ ਨਾਲ ਹੀ ਮਿਲਦੀ ਹੈ।੩।

ਹੇ ਭਾਈ! ਜੇਹੜਾ ਕੋਈ ਵਿਰਲਾ ਮਨੁੱਖ ਪਵਿੱਤ੍ਰ-ਸਰੂਪ ਪਰਮਾਤਮਾ ਨਾਲ ਸਾਂਝ ਪਾਂਦਾ ਹੈ ਉਸ ਨੂੰ ਹਰੇਕ ਸ਼ੈ ਉਸ ਸਦਾ-ਥਿਰ ਪ੍ਰਭੂ ਦਾ ਰੂਪ ਦਿੱਸਦੀ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਵੱਸਦਾ ਦਿੱਸਦਾ ਹੈ। ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪਣਾ ਸਦਾ-ਥਿਰ ਨਾਮ ਆਪ ਹੀ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਦਾ ਹੈ। ਉਹ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਤੇ, ਆਪ ਹੀ (ਜੀਵਾਂ ਨੂੰ) ਆਪਣੇ ਸਦਾ-ਥਿਰ ਨਾਮ ਵਿਚ ਜੋੜਦਾ ਹੈ।੪।੭।


Today’s Hukamnama from Gurdwara Baoli Sahib Goindwal Sahib

ਬਿਲਾਵਲੁ ਮਹਲਾ ੫ ॥ ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ ॥ ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥੧॥ ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ ॥ ਮਾਇਆਧਾਰੀ ਛਤ੍ਰਪਤਿ ਤਿਨ੍ਹ੍ਹ ਛੋਡਉ ਤਿਆਗਿ ॥੧॥ ਰਹਾਉ ॥ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ॥ ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ ॥੨॥ ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ ॥ ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ॥੩॥ ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ ॥ ਹਰਿ ਜਨ ਕੀ ਸੇਵਾ ਜੋ ਕਰੇ ਇਤ ਊਤਹਿ ਛੂਟੈ ॥੪॥ ਸਭ ਕਿਛੁ ਤੁਮ੍ਹ੍ਹ ਹੀ ਤੇ ਹੋਆ ਆਪਿ ਬਣਤ ਬਣਾਈ ॥ ਦਰਸਨੁ ਭੇਟਤ ਸਾਧ ਕਾ ਨਾਨਕ ਗੁਣ ਗਾਈ ॥੫॥੧੪॥੪੪॥ {ਪੰਨਾ 811}

ਪਦਅਰਥ: ਪੀਸੁ = ਪੀਸਣਾ, ਪੀਹਣਾ। ਦਾਸ ਕੈ = ਪ੍ਰਭੂ ਦੇ ਸੇਵਕ ਦੇ ਘਰ ਵਿਚ। ਨਿਹਾਲੁ = ਆਨੰਦ = ਭਰਪੂਰ। ਮਿਲਖ = ਭੂਇਂ (ਦੀ ਮਾਲਕੀ) । ਜਾਲੁ = ਸਾੜ ਦੇ।੧।

ਛੋਹਰਾ = ਮੁੰਡਾ, ਨੌਕਰ। ਛਤ੍ਰਪਤਿ = ਰਾਜੇ, ਛਤ੍ਰ ਦੇ ਮਾਲਕ।੧।ਰਹਾਉ।

ਦਾਨਾ = ਅੰਨ। ਸਰਬ = ਸਾਰੇ। ਨਿਧਾਨ = ਖ਼ਜ਼ਾਨੇ। ਗ੍ਰਿਹਿ = ਘਰ ਵਿਚ। ਸਾਕਤ = ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ। ਗ੍ਰਿਹਿ ਸਾਕਤ = ਸਾਕਤ ਦੇ ਘਰ ਵਿਚ। ਛਤੀਹ ਪ੍ਰਕਾਰ = ਛੱਤੀ ਕਿਸਮਾਂ ਦੇ (ਭੋਜਨ) । ਬਿਖੁ = ਜ਼ਹਿਰ। ਸਮਾਨ = ਬਰਾਬਰ, ਵਰਗੇ।੨।

ਲੂਗਰਾ = ਪਾਟੀ ਹੋਈ ਲੋਈ। ਓਢਿ = ਪਹਿਨ ਕੇ। ਸਿਰਪਾਉ = ਸਿਰੋਪਾ। ਪਤਿ = ਇੱਜ਼ਤ। ਖੋਈ = ਗਵਾ ਲਈ।੩।

ਸਿਉ = ਨਾਲ। ਮੁਖਿ ਜੋਰਿਐ = ਜੇ ਮੂੰਹ ਜੋੜਿਆ ਜਾਏ, ਜੇ ਮੇਲ = ਜੋਲ ਰੱਖਿਆ ਜਾਏ। ਇਤ ਊਤਹਿ = ਇਤੁ ਹੀ ਉਤੁ ਹੀ, ਇਥੇ ਭੀ ਅਤੇ ਪਰਲੋਕ ਵਿਚ ਭੀ।੪।

ਤੇ = ਤੋਂ। ਬਣਤ = ਰਚਨਾ। ਦਰਸਨੁ ਭੇਟਤ = ਦਰਸ਼ਨ ਕਰਦਿਆਂ। ਭੇਟਤ = ਪਰਸਿਆਂ। ਸਾਧੂ = ਗੁਰੂ। ਗਾਈ = ਗਾਈਂ, ਮੈਂ ਗਾਵਾਂ।੫।

ਅਰਥ: ਹੇ ਭਾਈ! ਜੋ ਗੁਰਮੁਖ ਮਨੁੱਖਾਂ ਦਾ ਨੌਕਰ (ਹੋਵੇ,) ਉਸ ਦੇ ਚਰਨੀਂ ਲੱਗਿਆ ਕਰ। (ਹੇ ਭਾਈ!) ਮੈਂ ਤਾਂ (ਜੇਹੜੇ) ਵੱਡੇ ਵੱਡੇ ਧਨਾਢ ਰਾਜੇ (ਹੋਣ) ਉਹਨਾਂ ਦਾ ਸਾਥ ਛੱਡਣ ਨੂੰ ਤਿਆਰ ਹੋਵਾਂਗਾ (ਪਰ ਸੰਤ ਜਨਾਂ ਦੇ ਸੇਵਕ ਦੇ ਚਰਨਾਂ ਵਿਚ ਰਹਿਣਾ ਪਸੰਦ ਕਰਾਂਗਾ) ।੧।ਰਹਾਉ।

ਹੇ ਭਾਈ! ਪ੍ਰਭੂ ਦੇ ਭਗਤ ਦੇ ਘਰ ਵਿਚ ਪਾਣੀ (ਢੋਇਆ ਕਰ) , ਪੱਖਾ (ਝੱਲਿਆ ਕਰ) , (ਆਟਾ) ਪੀਹਾ ਕਰ, ਤਦੋਂ ਹੀ ਤੂੰ ਆਨੰਦ ਮਾਣੇਂਗਾ। ਦੁਨੀਆ ਦੀਆਂ ਹਕੂਮਤਾਂ, ਜ਼ਿਮੀਂ ਦੀ ਮਾਲਕੀ, ਸਰਦਾਰੀਆਂ-ਇਹਨਾਂ ਨੂੰ ਅੱਗ ਵਿਚ ਸਾੜ ਦੇ (ਇਹਨਾਂ ਦਾ ਲਾਲਚ ਛੱਡ ਦੇ) ।੧।

ਹੇ ਭਾਈ! ਗੁਰਮੁਖਾਂ ਦੇ ਘਰ ਦੀ ਰੁੱਖੀ ਰੋਟੀ (ਜੇ ਮਿਲੇ ਤਾਂ ਉਸ ਨੂੰ ਦੁਨੀਆ ਦੇ) ਸਾਰੇ ਖ਼ਜ਼ਾਨੇ (ਸਮਝ) । ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਘਰ ਵਿਚ (ਜੇ) ਕਈ ਕਿਸਮਾਂ ਦੇ ਭੋਜਨ (ਮਿਲਣ, ਤਾਂ) ਉਹ ਜ਼ਹਿਰ ਵਰਗੇ (ਜਾਣ) ।੨।

ਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਮਨੁੱਖਾਂ ਪਾਸੋਂ ਜੇ ਪਾਟਾ ਹੋਇਆ ਭੂਰਾ ਭੀ ਮਿਲ ਜਾਏ, ਤਾਂ ਉਸ ਨੂੰ ਪਹਿਨ ਕੇ ਨੰਗਾ ਹੋਣ ਦਾ ਡਰ ਨਹੀਂ ਰਹਿੰਦਾ। ਪ੍ਰਭੂ ਨਾਲੋਂ ਟੁੱਟੇ ਹੋਏ ਮਨੁੱਖ ਪਾਸੋਂ ਜੇ ਰੇਸ਼ਮੀ ਸਿਰੋਪਾ ਭੀ ਮਿਲੇ, ਉਹ ਪਹਿਨਿਆਂ ਇੱਜ਼ਤ ਗਵਾ ਲਈਦੀ ਹੈ।੩।

ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਨਾਲ ਮੇਲ-ਜੋਲ ਰੱਖਿਆਂ ਉਹ ਮੇਲ-ਜੋਲ (ਤੋੜ ਨਹੀਂ ਨਿਭਦਾ) ਅੱਧ ਵਿਚੋਂ ਹੀ ਟੁੱਟ ਜਾਂਦਾ ਹੈ। ਜੇਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੀ ਸੇਵਾ ਕਰਦਾ ਹੈ ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ (ਝਗੜਿਆਂ ਬਖੇੜਿਆਂ ਤੋਂ) ਬਚਿਆ ਰਹਿੰਦਾ ਹੈ।੪।

(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ? ਜੀਵਾਂ ਦਾ) ਹਰੇਕ ਕੰਮ ਤੇਰੀ ਪ੍ਰੇਰਨਾ ਨਾਲ ਹੀ ਹੁੰਦਾ ਹੈ। ਤੂੰ ਆਪ ਹੀ ਇਹ ਸਾਰੀ ਖੇਡ ਰਚੀ ਹੋਈ ਹੈ। ਹੇ ਨਾਨਕ! ਅਰਦਾਸ ਕਰ, ਤੇ ਆਖ-ਹੇ ਪ੍ਰਭੂ! ਮੇਹਰ ਕਰ) ਮੈਂ ਗੁਰੂ ਦਾ ਦਰਸ਼ਨ ਕਰ ਕੇ (ਗੁਰੂ ਦੀ ਸੰਗਤਿ ਵਿਚ ਰਹਿ ਕੇ ਸਦਾ) ਤੇਰੇ ਗੁਣ ਗਾਂਦਾ ਰਹਾਂ।੫।੧੪।੪੪।


Today’s Hukamnama from Gurdwara Damdama Sahib Thatta (Kapurthala)

ਸੂਹੀ ਮਹਲਾ ੫ ॥ ਦਰਸਨੁ ਦੇਖਿ ਜੀਵਾ ਗੁਰ ਤੇਰਾ ॥ ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥ ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥ ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥ ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥ ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥ ਚਰਣ ਕਮਲ ਵਸਹਿ ਮੇਰੈ ਚੀਤਾ ॥੩॥ ਨਾਨਕੁ ਏਕ ਕਰੈ ਅਰਦਾਸਿ ॥ ਵਿਸਰੁ ਨਾਹੀ ਪੂਰਨ ਗੁਣਤਾਸਿ ॥੪॥੧੮॥੨੪॥ {ਪੰਨਾ 742}

ਪਦਅਰਥ: ਦੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਜੀਉ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਗੁਰ = ਹੇ ਗੁਰੂ! ਕਰਮੁ = ਬਖ਼ਸ਼ਸ਼। ਪ੍ਰਭ ਮੇਰਾ = ਹੇ ਮੇਰੇ ਪ੍ਰਭੂ!।੧।

ਪ੍ਰਭ = ਹੇ ਪ੍ਰਭੂ! ਕਰਿ = ਬਣਾ ਕੇ। ਚੇਰੇ = ਸੇਵਕ।੧।ਰਹਾਉ।

ਦਾਤੇ = ਹੇ ਸਭ ਦਾਤਾਂ ਦੇਣ ਵਾਲੇ! ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕਿਨੈ ਵਿਰਲੈ = ਕਿਸੇ ਮਨੁੱਖ ਨੇ। ਜਾਤੇ = ਡੂੰਘੀ ਸਾਂਝ ਪਾਈ ਹੈ।੨।

ਬਿਨਉ = {विनय} ਬੇਨਤੀ। ਮੀਤਾ = ਹੇ ਮਿੱਤਰ! ਵਸਹਿ = ਵੱਸ ਪੈਣਾ। ਮੇਰੈ ਚੀਤਾ = ਮੇਰੇ ਚਿੱਤ ਵਿਚ।੩।

ਨਾਨਕੁ ਕਰੈ = ਨਾਨਕ ਕਰਦਾ ਹੈ। ਅਰਦਾਸਿ = ਬੇਨਤੀ। ਗੁਣ ਤਾਸਿ = ਹੇ ਗੁਣਾਂ ਦੇ ਖ਼ਜ਼ਾਨੇ!।੪।

ਅਰਥ: ਹੇ ਮੇਰੇ ਪ੍ਰਭੂ (ਮੇਰੀ) ਇਹ ਅਰਜ਼ੋਈ ਸੁਣ, (ਗੁਰੂ ਦੀ ਰਾਹੀਂ) ਮੈਨੂੰ ਆਪਣਾ ਸੇਵਕ ਬਣਾ ਕੇ (ਆਪਣਾ) ਨਾਮ ਬਖ਼ਸ਼।੧।ਰਹਾਉ।

ਹੇ ਗੁਰੂ! ਤੇਰਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਹੇ ਮੇਰੇ ਪ੍ਰਭੂ! ਤੇਰੀ ਪੂਰਨ ਬਖ਼ਸ਼ਸ਼ ਹੋਏ (ਤੇ, ਮੈਨੂੰ ਗੁਰੂ ਮਿਲ ਜਾਵੇ) ।੧।

ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਮੈਨੂੰ ਆਪਣੀ ਸਰਨ ਵਿਚ ਰੱਖ। ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।੨।

ਹੇ ਮੇਰੇ ਮਿੱਤਰ ਪ੍ਰਭੂ! ਮੇਰੀ ਅਰਜ਼ੋਈ ਸੁਣ (ਮੇਹਰ ਕਰ ਤੇਰੇ) ਸੋਹਣੇ ਚਰਨ ਮੇਰੇ ਚਿੱਤ ਵਿਚ ਵੱਸ ਪੈਣ।੩।

ਹੇ ਪੂਰਨ ਪ੍ਰਭੂ! ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰਾ ਸੇਵਕ) ਨਾਨਕ (ਤੇਰੇ ਦਰ ਤੇ) ਇਕ ਅਰਜ਼ ਕਰਦਾ ਹੈ (ਕਿਰਪਾ ਕਰ, ਮੈਨੂੰ ਨਾਨਕ ਨੂੰ ਕਦੇ) ਨਾਹ ਭੁੱਲ।੪।੧੮।੨੪।


Today’s Hukamnama from Gurdwara Baba Darbara Singh Ji Tibba (Kapurthala)

ਸੋਰਠਿ ਮਹਲਾ ੫ ਘਰੁ ੨ ॥ ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥ ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥੧॥ ਮਾਧੌ ਤੂ ਠਾਕੁਰੁ ਸਿਰਿ ਮੋਰਾ ॥ ਈਹਾ ਊਹਾ ਤੁਹਾਰੋ ਧੋਰਾ ॥ ਰਹਾਉ ॥ ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥ ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ ॥੨॥ ਖਿਨ ਮਹਿ ਅਵਰੁ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ ॥ ਰੂੜੋ ਗੂੜੋ ਗਹਿਰ ਗੰਭੀਰੋ ਊਚੌ ਅਗਮ ਅਪਾਰੇ ॥੩॥ ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ ॥ ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥ {ਪੰਨਾ 613}

ਪਦਅਰਥ: ਗਰਭ ਮੋਹਿ = ਪੇਟ ਵਿਚ। ਆਪਨ = ਆਪਣਾ। ਦੇ = ਦੇ ਕੇ। ਤਹ = ਉਥੇ, ਮਾਂ ਦੇ ਪੇਟ ਵਿਚ। ਰਾਖਨਹਾਰੇ = ਬਚਾਣ ਦੀ ਸਮਰਥਾ ਵਾਲੇ। ਪਾਵਕ = (ਵਿਕਾਰਾਂ ਦੀ) ਅੱਗ। ਸਾਗਰ = ਸਮੁੰਦਰ। ਅਥਾਹ = ਬਹੁਤ ਡੂੰਘਾ। ਤਾਰਨਹਾਰੇ = ਹੇ ਪਾਰ ਲੰਘਾ ਸਕਣ ਵਾਲੇ!।੧।

ਮਾਧੌ = {ਮਾ = ਧਵ = ਮਾਇਆ ਦਾ ਪਤੀ} ਹੇ ਪ੍ਰਭੂ! ਸਿਰਿ ਮੋਰਾ = ਮੇਰੇ ਸਿਰ ਉੱੱਤੇ। ਈਹਾ = ਇਸ ਲੋਕ ਵਿਚ। ਊਹਾ = ਉਸ ਲੋਕ ਵਿਚ। ਧੋਰਾ = ਆਸਰਾ।ਰਹਾਉ।

ਕੀਤੇ ਕਉ = ਬਣਾਈਆਂ ਚੀਜ਼ਾਂ ਨੂੰ। ਮੇਰੈ ਸੰਮਾਨੈ = ਮੇਰੈ ਸਮ ਮਾਨੈ, ਮੇਰੂ ਪਹਾੜ ਦੇ ਬਰਾਬਰ ਮੰਨਦਾ ਹੈ। ਤ੍ਰਿਣੁ = ਤੀਲਾ, ਤੁੱਛ। ਮਾਗਨ ਕਉ = ਮੰਗਣ ਵਾਲੀ। ਸਗਲੀ = ਸਾਰੀ ਲੁਕਾਈ। ਦੇਹਿ = ਤੂ ਦੇਂਦਾ ਹੈਂ। ਪ੍ਰਭ = ਹੇ ਪ੍ਰਭੂ! ਭਾਨੈ = ਆਪਣੀ ਰਜ਼ਾ ਵਿਚ।੨।

ਖਿਨ = ਰਤਾ ਕੁ ਹੀ ਸਮਾ। ਅਵਰੁ = ਹੋਰ। ਖਿਨੈ ਮਹਿ = ਖਿਨ ਵਿਚ ਹੀ। ਅਚਰਜ = ਹੈਰਾਨ ਕਰ ਦੇਣ ਵਾਲੇ। ਚਲਤ = ਕੌਤਕ। ਰੂੜੋ = ਸੋਹਣਾ। ਗੂੜੋ = (ਸਾਰੇ ਸੰਸਾਰ ਵਿਚ) ਲੁਕਿਆ ਹੋਇਆ। ਗੰਭੀਰੋ = ਵੱਡੇ ਜਿਗਰੇ ਵਾਲਾ। ਅਗਮ = ਹੇ ਅਪਹੁੰਚ! ਅਪਾਰੇ = ਹੇ ਅਪਾਰ! ਹੇ ਬੇਅੰਤ!।੩।

ਸਾਧ ਸੰਗਿ = ਸਾਧ ਸੰਗਤਿ ਵਿਚ। ਜਉ = ਜਦੋਂ। ਤੁਮਹਿ = ਤੂੰ ਆਪ ਹੀ। ਤਉ = ਤਦੋਂ। ਪੇਖਤ ਹੀ = ਵੇਖਦਿਆਂ ਹੀ। ਪੁਰਖ = ਸਰਬ = ਵਿਆਪਕ। ਨਿਰਬਾਣੀ = ਵਾਸ਼ਨਾ = ਰਹਿਤ।੪।

ਅਰਥ: ਹੇ ਪ੍ਰਭੂ! ਤੂੰ ਮੇਰੇ ਸਿਰ ਉੱਤੇ ਰਾਖਾ ਹੈਂ ਇਸ ਲੋਕ ਵਿਚ, ਤੇ, ਪਰਲੋਕ ਵਿਚ ਮੈਨੂੰ ਤੇਰਾ ਹੀ ਆਸਰਾ ਹੈ।ਰਹਾਉ।

ਹੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਦੀ ਸਮਰਥਾ ਰੱਖਣ ਵਾਲੇ! ਮਾਂ ਦੇ ਪੇਟ ਵਿਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈਂ। (ਵਿਕਾਰਾਂ ਦੀ) ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿਚ ਡਿੱਗੇ ਪਏ ਨੂੰ ਭੀ ਮੈਨੂੰ ਪਾਰ ਲੰਘਾ ਲੈ।੧।

ਹੇ ਪ੍ਰਭੂ! ਤੇਰੇ ਪੈਦਾ ਕੀਤੇ ਪਦਾਰਥਾਂ ਨੂੰ (ਇਹ ਜੀਵ) ਮੇਰੂ ਪਰਬਤ ਜੇਡੀਆਂ ਵੱਡੀਆਂ ਸਮਝਦਾ ਹੈ, ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ਇਕ ਤੀਲੇ ਵਰਗਾ ਜਾਣਦਾ ਹੈਂ। ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਰੀ ਲੁਕਾਈ ਤੇਰੇ ਹੀ ਦਰ ਤੋਂ ਮੰਗਣ ਵਾਲੀ ਹੈ, ਤੂੰ ਆਪਣੀ ਰਜ਼ਾ ਵਿਚ ਸਭ ਨੂੰ ਦਾਨ ਦੇਂਦਾ ਹੈਂ।੨।

ਹੇ ਪ੍ਰਭੂ! ਤੇਰੇ ਕੌਤਕ ਹੈਰਾਨ ਕਰ ਦੇਣ ਵਾਲੇ ਹਨ, ਇਕ ਛਿਨ ਵਿਚ ਤੂੰ ਕੁਝ ਦਾ ਕੁਝ ਬਣਾ ਦੇਂਦਾ ਹੈਂ। ਹੇ ਅਪਹੁੰਚ! ਹੇ ਬੇਅੰਤ। ਤੂੰ ਸਭ ਤੋਂ ਉੱਚਾ ਹੈਂ, ਤੂੰ ਸੋਹਣਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਾਰੇ ਸੰਸਾਰ ਵਿਚ ਗੁਪਤ ਵੱਸ ਰਿਹਾ ਹੈਂ।੩।

ਹੇ ਨਾਨਕ! ਆਖ-) ਹੇ ਸਰਬ-ਵਿਆਪਕ ਪ੍ਰਭੂ! ਜਦੋਂ ਤੂੰ ਆਪ ਹੀ (ਕਿਸੇ ਜੀਵ ਨੂੰ) ਸਾਧ ਸੰਗਤਿ ਵਿਚ ਮਿਲਾਂਦਾ ਹੈਂ, ਤਦੋਂ ਉਹ ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਦਾ ਹੈ। (ਹੇ ਭਾਈ!) ਵਾਸ਼ਨਾ-ਰਹਿਤ ਸਰਬ-ਵਿਆਪਕ ਪ੍ਰਭੂ ਦਾ ਪਰਤਾਪ ਵੇਖ ਕੇ ਤਦੋਂ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ।੪।੭।੧੮।


Today’s Hukamnama from State Gurdwara Sahib Kapurthala

ਧਨਾਸਰੀ ਮਹਲਾ ੪ ॥ ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥ ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥ ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥ {ਪੰਨਾ 669-670}

ਪਦਅਰਥ: ਪੂਰਕੁ = ਪੂਰੀਆਂ ਕਰਨ ਵਾਲਾ। ਦਾਤਾ = ਦੇਣ ਵਾਲਾ। ਸਰਬ = ਸਾਰੇ। ਜਾ ਕੈ ਵਸਿ = ਜਿਸ ਦੇ ਇਖ਼ਤਿਆਰ ਵਿਚ। ਧੇਨ = ਗਾਂ। ਕਾਮ = ਵਾਸਨਾ। ਕਾਮਧੇਨ = ਸ੍ਵਰਗ ਦੀ ਉਹ ਗਾਂ ਜੋ ਸਾਰੀਆਂ ਵਾਸਨਾਂ ਪੂਰੀਆਂ ਕਰ ਦੇਂਦੀ ਹੈ। ਜੀਅੜੇ = ਹੇ ਸੋਹਣੀ ਜਿੰਦੇ! ਤਾ = ਤਦੋਂ। ਪਾਵਹਿ = ਪਾ ਲਏਂਗਾ।੧।

ਮਨ = ਹੇ ਮਨ! ਸਤਿ ਨਾਮੁ = ਸਦਾ-ਥਿਰ ਰਹਿਣ ਵਾਲਾ ਹਰਿ = ਨਾਮ। ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਮੁਖ ਊਜਲ = ਉੱਜਲ ਮੂੰਹ ਵਾਲੇ, ਸੁਰਖ਼ = ਰੂ। ਪੁਰਖੁ = ਸਰਬ = ਵਿਆਪਕ। ਨਿਰੰਜਨਾ = ਮਾਇਆ ਤੋਂ ਨਿਰਲੇਪ ਪ੍ਰਭੂ।ਰਹਾਉ।

ਜਹ = ਜਿਥੇ, ਜਿਸ ਹਿਰਦੇ ਵਿਚ। ਤਹ = ਉਸ ਹਿਰਦੇ ਵਿਚੋਂ। ਉਪਾਧਿ = ਝਗੜਾ = ਬਖੇੜਾ। ਗਤੁ ਕੀਨੀ = ਚਾਲੇ ਪਾ ਜਾਂਦਾ ਹੈ। ਕਉ = ਨੂੰ। ਗੁਰਿ = ਗੁਰੂ ਨੇ। ਭਵਜਲੁ = ਸੰਸਾਰ = ਸਮੁੰਦਰ।੨।

ਅਰਥ: ਹੇ ਮਨ! ਸਦਾ-ਥਿਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ। ਹੇ ਭਾਈ! ਸਰਬ-ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਲੋਕ ਪਰਲੋਕ ਵਿਚ ਇੱਜ਼ਤ ਖੱਟ ਲਈਦੀ ਹੈ।ਰਹਾਉ।

ਹੇ ਮੇਰੀ ਜਿੰਦੇ! ਜੇਹੜਾ ਹਰੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਜੇਹੜਾ ਸਾਰੇ ਸੁਖ ਦੇਣ ਵਾਲਾ ਹੈ, ਜਿਸ ਦੇ ਵੱਸ ਵਿਚ (ਸ੍ਵਰਗ ਵਿਚ ਰਹਿਣ ਵਾਲੀ ਸਮਝੀ ਗਈ) ਕਾਮਧੇਨ ਹੈ ਉਸ ਅਜੇਹੀ ਸਮਰਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਹੇ ਮੇਰੇ ਮਨ! ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਂਗਾ) ਤਦੋਂ ਸਾਰੇ ਸੁਖ ਹਾਸਲ ਕਰ ਲਏਂਗਾ।੧।

ਹੇ ਭਾਈ! ਜਿਸ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿਚੋਂ ਹਰੇਕ ਕਿਸਮ ਦਾ ਝਗੜਾ-ਬਖੇੜਾ ਚਾਲੇ ਪਾ ਜਾਂਦਾ ਹੈ। (ਫਿਰ ਭੀ) ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ। ਹੇ ਭਾਈ! ਦਾਸ ਨਾਨਕ ਨੂੰ (ਤਾਂ) ਗੁਰੂ ਨੇ ਇਹ ਸਮਝ ਬਖ਼ਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।੨।੬।੧੨।