Hukamnama 10.08.2019: Ber Sahib, Baoli Sahib, Damdama Sahib, Baba Darbara Singh, State Gurdwara Sahib

94

ਸੋਰਠਿ ਮਹਲਾ ੯ ॥ ਮਨ ਰੇ ਕਉਨੁ ਕੁਮਤਿ ਤੈ ਲੀਨੀ ॥ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥ ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥ ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥ ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥ ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥ ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥ ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥ {ਪੰਨਾ 631-632}

ਪਦਅਰਥ: ਕੁਮਤਿ = ਭੈੜੀ ਮਤਿ। ਦਾਰਾ = ਇਸਤ੍ਰੀ। ਰਾਸਿ = ਰਸ ਵਿਚ। ਰਚਿਓ = ਮਸਤ ਹੈਂ।ਰਹਾਉ।

ਮੁਕਤਿ ਪੰਥੁ = (ਇਹਨਾਂ) ਵਿਕਾਰਾਂ ਤੋਂ ਖ਼ਲਾਸੀ ਦਾ ਰਾਹ। ਨਾਹਨਿ = ਨਹੀਂ। ਧਾਇਆ = ਦੌੜਿਆ ਫਿਰਦਾ ਹੈਂ। ਸੰਗ = ਸਾਥ। ਕਾਹੂ = ਕਿਸੇ ਨੇ ਭੀ। ਬਿਰਥਾ = ਵਿਅਰਥ ਹੀ। ਆਪੁ = ਆਪਣੇ ਆਪ ਨੂੰ।੧।

ਗਿਆਨਾ = ਆਤਮਕ ਜੀਵਨ ਦੀ ਸੂਝ। ਘਟ = ਹਿਰਦਾ। ਤੇਰੈ ਘਟ ਹੀ ਮਾਹਿ = ਤੇਰੇ ਹਿਰਦੇ ਵਿਚ ਹੀ। ਉਦਿਆਨਾ = ਜੰਗਲ।੨।

ਤੈ ਹਾਰਿਓ = ਤੂੰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਲਈ ਹੈ। ਅਸਥਿਰ = ਅਡੋਲਤਾ ਵਿਚ ਰੱਖਣ ਵਾਲੀ। ਮਾਨਸ ਦੇਹ ਪਦ = ਮਨੁੱਖਾ ਸਰੀਰ ਦਾ ਦਰਜਾ। ਪਾਇ = ਹਾਸਲ ਕਰ ਕੇ। ਨਾਨਕ = ਹੇ ਨਾਨਕ!।੩।

ਅਰਥ: ਹੇ ਮਨ! ਤੂੰ ਕੇਹੜੀ ਭੈੜੀ ਸਿੱਖਿਆ ਲੈ ਲਈ ਹੈ? ਤੂੰ ਪਰਾਈ ਇਸਤ੍ਰੀ, ਪਰਾਈ ਨਿੰਦਿਆ ਦੇ ਰਸ ਵਿਚ ਮਸਤ ਰਹਿੰਦਾ ਹੈਂ। ਪਰਮਾਤਮਾ ਦੀ ਭਗਤੀ ਤੂੰ (ਕਦੇ) ਨਹੀਂ ਕੀਤੀ।੧।ਰਹਾਉ।

ਹੇ ਭਾਈ! ਤੂੰ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਰਸਤਾ (ਅਜੇ ਤਕ) ਨਹੀਂ ਸਮਝਿਆ, ਧਨ ਇਕੱਠਾ ਕਰਨ ਲਈ ਤੂੰ ਸਦਾ ਦੌੜ-ਭਜ ਕਰ ਰਿਹਾ ਹੈਂ। (ਦੁਨੀਆ ਦੇ ਪਦਾਰਥਾਂ ਵਿਚੋਂ) ਕਿਸੇ ਨੇ ਭੀ ਆਖ਼ਰ ਕਿਸੇ ਦਾ ਸਾਥ ਨਹੀਂ ਦਿੱਤਾ। ਤੂੰ ਵਿਅਰਥ ਹੀ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ) ਜਕੜ ਰੱਖਿਆ ਹੈ।੧।

ਹੇ ਭਾਈ! ਅਜੇ ਤਕ) ਨਾਹ ਤੂੰ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾਹ ਗੁਰੂ ਦੀ ਸ਼ਰਨ ਪਿਆ ਹੈਂ, ਨਾਹ ਹੀ ਤੇਰੇ ਅੰਦਰ ਆਤਮਕ ਜੀਵਨ ਦੀ ਸੋਝੀ ਪਈ ਹੈ। ਮਾਇਆ ਤੋਂ ਨਿਰਲੇਪ ਪ੍ਰਭੂ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਪਰ ਤੂੰ (ਬਾਹਰ) ਜੰਗਲਾਂ ਵਿਚ ਉਸ ਨੂੰ ਭਾਲ ਰਿਹਾ ਹੈਂ।੨।

ਹੇ ਭਾਈ! ਅਨੇਕਾਂ ਜਨਮਾਂ ਵਿਚ ਭਟਕ ਭਟਕ ਕੇ ਤੂੰ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਲਈ ਹੈ, ਤੂੰ ਅਜੇਹੀ ਅਕਲ ਨਹੀਂ ਸਿੱਖੀ ਜਿਸ ਦੀ ਬਰਕਤਿ ਨਾਲ (ਜਨਮਾਂ ਦੇ ਗੇੜ ਵਿਚੋਂ) ਤੈਨੂੰ ਅਡੋਲਤਾ ਹਾਸਲ ਹੋ ਸਕੇ। ਹੇ ਨਾਨਕ! ਆਖ-ਹੇ ਭਾਈ! ਗੁਰੂ ਨੇ ਤਾਂ ਇਹ) ਗੱਲ ਸਮਝਾਈ ਹੈ ਕਿ ਮਨੁੱਖਾ ਜਨਮ ਦਾ (ਉੱਚਾ) ਦਰਜਾ ਹਾਸਲ ਕਰ ਕੇ ਪਰਮਾਤਮਾ ਦਾ ਭਜਨ ਕਰ।੩।੩।


ਧਨਾਸਰੀ ਮਹਲਾ ੪ ॥ ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥ ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥੧॥ ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥ ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥ ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲ੍ਹ੍ਹੀ ॥੨॥ ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥ ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥ ਹਰਿ ਹਰਿ ਜਪਨੁ ਜਪਿ ਲੋਚ ਲਚਾਨੀ ਹਰਿ ਕਿਰਪਾ ਕਰਿ ਬਨਵਾਲੀ ॥ ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥੪॥੪॥ {ਪੰਨਾ 667}

ਪਦਅਰਥ: ਅੰਧੁਲੇ ਅੰਧ = ਬਹੁਤ ਹੀ ਅੰਨ੍ਹੇ। ਬਿਖੈ ਬਿਖੁ = ਮਾਇਕ ਪਦਾਰਥਾਂ ਦਾ ਜ਼ਹਰ। ਰਾਤੇ = ਮਗਨ। ਕਿਉ ਚਾਲਹ = ਅਸੀ ਕਿਵੇਂ ਚੱਲ ਸਕਦੇ ਹਾਂ? ਲਾਵੈ = ਲਾ ਲਏ। ਪਾਲੀ = ਪੱਲੇ, ਲੜ।੧।

ਮੀਤ = ਹੇ ਮਿੱਤਰੋ! ਭਲ = ਭਲਾ। ਨਿਰਾਲੀ = ਅਨੋਖੀ, ਅਚਰਜ।੧।ਰਹਾਉ।

ਗੁਰੁ ਸੇਵਿਹੁ = ਗੁਰੂ ਦੀ ਸਰਨ ਪੈ ਜਾਓ। ਬੇਗਿ = ਛੇਤੀ। ਬੇਗਿ ਬੇਗਾਲੀ = ਬਹੁਤ ਛੇਤੀ। ਖਰਚੁ ਹਰਿ = ਪ੍ਰਭੂ ਦਾ ਨਾਮ (ਜੀਵਨ = ਸਫ਼ਰ ਵਾਸਤੇ) ਖ਼ਰਚ। ਬਾਧਹੁ = (ਪੱਲੇ) ਬੰਨ੍ਹ ਲਵੋ। ਕਾਲ੍ਹ੍ਹੀ = ਕੱਲ੍ਹ, ਭਲਕੇ।੨।

ਜਪਣਾ = ਜਾਪ। ਚਲੈ ਹਰਿ ਨਾਲੀ = ਹਰੀ ਦੀ ਰਜ਼ਾ ਵਿਚ ਤੁਰਦਾ ਹੈ। ਕੇਲ = ਚੋਜ, ਤਮਾਸ਼ੇ। ਕੇਲਾਲੀ = ਚੋਜੀ।੩।

ਲਚਾਨੀ = {ਅਸਲ ਲਫ਼ਜ਼ ‘ਲੋਚਾਨੀ’ ਹੈ, ਇਥੇ ‘ਲੁਚਾਨੀ’ ਪੜ੍ਹਨਾ ਹੈ}। ਹਰਿ = ਹੇ ਹਰੀ! ਬਨਵਾਲੀ = ਹੇ ਬਨਵਾਲੀ, ਹੇ ਪਰਮਾਤਮਾ! ਪਗ = ਪੈਰ। ਰਾਲੀ = ਖ਼ਾਕ, ਧੂੜ।੪।

ਅਰਥ: ਹੇ ਗੁਰਸਿੱਖ ਮਿੱਤਰੋ! ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਤੇ ਤੁਰੋ। (ਗੁਰੂ ਆਖਦਾ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਇਹ) ਜੋ ਕੁਝ ਗੁਰੂ ਆਖਦਾ ਹੈ, ਇਸ ਨੂੰ (ਆਪਣੇ ਵਾਸਤੇ) ਭਲਾ ਸਮਝੋ, (ਕਿਉਂਕਿ) ਪ੍ਰਭੂ ਦੀ ਸਿਫ਼ਤਿ-ਸਾਲਾਹ ਅਨੋਖੀ (ਤਬਦੀਲੀ ਜੀਵਨ ਵਿਚ ਪੈਦਾ ਕਰ ਦੇਂਦੀ ਹੈ) ।੧।ਰਹਾਉ।

ਹੇ ਭਾਈ! ਅਸੀ ਜੀਵ ਮਾਇਆ ਦੇ ਮੋਹ ਵਿਚ ਬਹੁਤ ਅੰਨ੍ਹੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਰ ਵਿਚ ਮਗਨ ਰਹਿੰਦੇ ਹਾਂ। ਅਸੀ ਕਿਵੇਂ ਗੁਰੂ ਦੇ ਦੱਸੇ ਜੀਵਨ-ਰਾਹ ਉਤੇ ਤੁਰ ਸਕਦੇ ਹਾਂ? ਸੁਖਾਂ ਦਾ ਦੇਣ ਵਾਲਾ ਗੁਰੂ (ਆਪ ਹੀ) ਮੇਹਰ ਕਰੇ, ਤੇ, ਸਾਨੂੰ ਆਪਣੇ ਲੜ ਲਾ ਲਏ।੧।

ਹੇ ਹਰੀ ਦੇ ਸੰਤ ਜਨੋ! ਹੇ ਭਰਾਵੋ! ਸੁਣੋ, ਛੇਤੀ ਹੀ ਗੁਰੂ ਦੀ ਸਰਨ ਪੈ ਜਾਓ। ਗੁਰੂ ਦੀ ਸਰਨ ਪੈ ਕੇ (ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦੇ ਨਾਮ ਦੀ ਖਰਚੀ (ਪੱਲੇ) ਬੰਨ੍ਹੋ। ਮਤਾਂ ਇਹ ਸਮਝਿਓ ਕਿ ਅੱਜ (ਇਹ ਕੰਮ ਕਰ ਲਵਾਂਗੇ) ਭਲਕੇ (ਇਹ ਕੰਮ ਕਰ ਲਵਾਂਗੇ। ਟਾਲ ਮਟੋਲੇ ਨਾਹ ਕਰਨੇ) ।੨।

ਹੇ ਹਰੀ ਦੇ ਸੰਤ ਜਨੋ! ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ। (ਇਸ ਜਾਪ ਦੀ ਬਰਕਤਿ ਨਾਲ) ਹਰੀ ਦਾ ਸੰਤ ਹਰੀ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ। ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ। ਚੋਜ-ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ।੩।

ਹੇ ਦਾਸ ਨਾਨਕ! ਆਖ-) ਹੇ ਬਨਵਾਰੀ ਪ੍ਰਭੂ! ਮੈਨੂੰ ਤੇਰਾ ਨਾਮ ਜਪਣ ਦੀ ਤਾਂਘ ਲੱਗੀ ਹੋਈ ਹੈ। ਮੇਹਰ ਕਰ ਮੈਨੂੰ ਸਾਧ ਸੰਗਤਿ ਵਿਚ ਮਿਲਾਈ ਰੱਖ, ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੇ।੪।੪।



ਪਹਿਲ ਪੁਰੀਏ ਪੁੰਡਰਕ ਵਨਾ ॥ ਤਾ ਚੇ ਹੰਸਾ ਸਗਲੇ ਜਨਾਂ ॥ ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥ ਪਹਿਲ ਪੁਰਸਾਬਿਰਾ ॥ ਅਥੋਨ ਪੁਰਸਾਦਮਰਾ ॥ ਅਸਗਾ ਅਸ ਉਸਗਾ ॥ ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥ ਨਾਚੰਤੀ ਗੋਪੀ ਜੰਨਾ ॥ ਨਈਆ ਤੇ ਬੈਰੇ ਕੰਨਾ ॥ ਤਰਕੁ ਨ ਚਾ ॥ ਭ੍ਰਮੀਆ ਚਾ ॥ ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥ ਪਿੰਧੀ ਉਭਕਲੇ ਸੰਸਾਰਾ ॥ ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥ ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥ {ਪੰਨਾ 693}

ਪਦਅਰਥ: ਪਹਿਲ ਪੁਰੀਏ = ਪਹਿਲਾਂ ਪਹਿਲ। {ਪੁਰਾ (पुरा) ਸੰਸਕ੍ਰਿਤ ਪਦ ਹੈ, ਇਸ ਦਾ ਅਰਥ ਹੈ ‘ਪਹਿਲਾਂ’}। ਪੁੰਡਰਕ ਵਨਾ = ਪੁੰਡਰਕਾਂ ਦਾ ਬਨ, ਕੌਲ ਫੁੱਲਾਂ ਦਾ ਖੇਤ। ਪੁੰਡਰਕ = {पुंडरीक} ਚਿੱਟਾ ਕੌਲ ਫੁੱਲ। ਤਾ ਚੇ = ਉਸ (ਪੁੰਡਰਕ ਵਨ) ਦੇ, ਉਸ (ਕੌਲ ਫੁੱਲਾਂ ਦੇ ਖੇਤ) ਦੇ। ਸਗਲੇ ਜਨਾਂ = ਸਾਰੇ ਜੀਅ ਜੰਤ। ਕ੍ਰਿਸ੍ਨਾ = ਮਾਇਆ। ਤੇ = ਤੋਂ। ਜਾਨਊ = ਜਾਣੋ, ਸਮਝੋ। ਹਰਿ ਕ੍ਰਿਸ੍ਨਾ = ਪ੍ਰਭੂ ਦੀ ਮਾਇਆ। ਹਰਿ ਨਾਚਨਾ = ਪ੍ਰਭੂ ਦੀ ਨਾਚ ਕਰਨ ਵਾਲੀ (ਸ੍ਰਿਸ਼ਟੀ) । ਨਾਚੰਤੀ = ਨੱਚ ਰਹੀ ਹੈ।੧।

ਪੁਰਸਾਬਿਰਾ = ਪੁਰਸ = ਆਬਿਰਾ। ਪੁਰਸ = ਪਰਮਾਤਮਾ। ਆਬਿਰਾ = ਪਰਗਟ (ਹੋਇਆ) । ਆਬਿਰ ਭੂ = {आविर भु } ਪਰਗਟ ਹੋਣਾ। ਅਥੋਨ = ਉਸ ਤੋਂ ਪਿਛੋਂ, ਫਿਰ। ਪੁਰਸਾਦਮਰਾ = ਪੁਰਸ਼ਾਤ = ਅਮਰਾ {पुरूषात् = अमरा} ਪੁਰਸ਼ ਤੋਂ ਮਾਇਆ। ਅਮਰਾ = ਮਾਇਆ, ਕੁਦਰਤ। ਅਸ ਗਾ = ਇਸ ਦਾ। ਅਸ = ਅਤੇ। ਉਸ ਗਾ = ਉਸ ਦਾ। ਬਾਗਰਾ = ਸੋਹਣਾ ਜਿਹਾ ਬਾਗ਼। ਪਿੰਧੀ = ਟਿੰਡਾਂ। ਸਾਗਰਾ = ਸਮੁੰਦਰ, ਪਾਣੀ।੧।ਰਹਾਉ।

ਗੋਪੀ ਜੰਨਾ = ਇਸਤ੍ਰੀਆਂ ਅਤੇ ਮਰਦ। ਨਈਆ = ਨਾਇਕ, ਪਰਮਾਤਮਾ। ਤੇ = ਤੋਂ। ਬੈਰੇ = ਵੱਖਰੇ। ਕੰਨਾ = ਕੋਈ ਨਹੀਂ। ਕੇਸਵਾ ਬਚਉਨੀ = ਕੇਸ਼ਵ ਦੇ ਬਚਨ ਹੀ। ਅਈਏ ਮਈਏ = ਇਸਤ੍ਰੀ ਮਰਦ ਵਿਚ। ਅਈਆ = {अर्या} ਇਸਤ੍ਰੀ। ਮਈਆ {मर्य} ਮਨੁੱਖ। ਏਕ ਆਨ = {एकायन = ਇਕ ਅਯਨ। ਅਯਨ = ਰਸਤਾ} ਇੱਕੋ ਰਾਹੇ, ਇੱਕ = ਰਸ।੨।

ਉਭਕਲੇ = ਡੁਬਕੀਆਂ। ਸੰਸਾਰਾ = ਸੰਸਾਰ (ਸਮੁੰਦਰ) ਵਿਚ। ਭ੍ਰਮਿ ਭ੍ਰਮਿ = ਭਟਕ ਭਟਕ ਕੇ। ਤੁਮ ਚੇ = ਤੇਰੇ। ਚੇ = ਦੇ। ਰੇ = ਹੇ ਭਾਈ! ਕੁਨੁ = ਕੌਣ? ਜੀ = ਹੇ (ਪ੍ਰਭੂ) ਜੀ! ਆਲਾ = ਆਲਯ, ਘਰ, ਜਗਤ ਦਾ ਜੰਜਾਲ। ਤੇ = ਤੋਂ। ਨਿਵਾਰਣਾ = ਬਚਾ ਲੈ। ਜਮ ਕਾਰਣਾ = ਜਮਾਂ (ਦੇ ਡਰ) ਦਾ ਕਾਰਨ।

ਨੋਟ: ਲਫ਼ਜ਼ ‘ਆਲਾ’ ਦਾ ਅਰਥ ਕਈ ਸੱਜਣ ‘ਆਇਆ’ ਕਰਦੇ ਹਨ। ਇਸ ਲਫ਼ਜ਼ ‘ਆਲਾ’ ਨੂੰ ਉਹ ਧਾਤੂ ‘ਆ’ ਦਾ ‘ਭੂਤਕਾਲ’ ਮੰਨਦੇ ਹਨ। ਮਰਾਠੀ ਬੋਲੀ ਵਿਚ ਕਿਸੇ ਧਾਤੂ ਤੋਂ ‘ਭੂਤਕਾਲ’ ਬਣਾਣ ਲਈ ਪਿਛੇਤਰ ‘ਲਾ’ ਵਰਤੀਦਾ ਹੈ। ਪਰ ਧਾਤੂ ‘ਆ’ ਤੋਂ ਮਰਾਠੀ ਵਿਚ ‘ਆਲਾ’ ਭੂਤਕਾਲ ਨਹੀਂ ਬਣਦਾ, ‘ਆ’ ਅਤੇ ‘ਲਾ’ ਦੇ ਵਿਚਕਾਰ ‘ਇ’ ਭੀ ਵਰਤੀ ਜਾਂਦੀ ਹੈ। ‘ਆ’ ਤੋਂ ਭੂਤਕਾਲ ‘ਆਇਲਾ’ ਹੈ; ਜਿਵੇਂ:

“ਗਰੁੜ ਚੜੇ ਗੋਬਿੰਦੁ ਆਇਲਾ” {ਨਾਮਦੇਵ ਜੀ}

ਲਫ਼ਜ਼ ‘ਤੇ’ ਦਾ ਉਹ ਸੱਜਣ ‘ਅਤੇ’ ਅਰਥ ਕਰਦੇ ਹਨ। ਇਹ ਭੀ ਗ਼ਲਤ ਹੈ। ‘ਤੇ’ ਦਾ ਅਰਥ ਹੈ ‘ਤੋਂ’। ‘ਅਤੇ’ ਵਾਸਤੇ ਪੁਰਾਣੀ ਪੰਜਾਬੀ ਵਿਚ ਲਫ਼ਜ਼ ‘ਤੈ’ ਹੈ।੩।

ਅਰਥ: ਪਹਿਲਾਂ ਪੁਰਸ਼ (ਅਕਾਲ ਪੁਰਖ) ਪਰਗਟ ਹੋਇਆ {“ਆਪੀਨ੍ਹ੍ਹੈ ਆਪੁ ਸਾਜਿਓ, ਆਪੀਨ੍ਹ੍ਹੈ ਰਚਿਓ ਨਾਉ”}। ਫਿਰ ਅਕਾਲ ਪੁਰਖ ਤੋਂ ਮਾਇਆ (ਬਣੀ) (“ਦੁਯੀ ਕੁਦਰਤਿ ਸਾਜੀਐ”) । ਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ (ਮੇਲ ਹੋਇਆ) (“ਕਰਿ ਆਸਣੁ ਡਿਠੋ ਚਾਉ”) । (ਇਸ ਤਰ੍ਹਾਂ ਇਹ ਸੰਸਾਰ) ਪਰਮਾਤਮਾ ਦਾ ਇਕ ਸੋਹਣਾ ਜਿਹਾ ਬਾਗ਼ (ਬਣ ਗਿਆ ਹੈ, ਜੋ) ਇਉਂ ਨੱਚ ਰਿਹਾ ਹੈ ਜਿਵੇਂ (ਖੂਹ ਦੀਆਂ) ਟਿੰਡਾਂ ਵਿਚ ਪਾਣੀ ਨੱਚਦਾ ਹੈ (ਭਾਵ, ਸੰਸਾਰ ਦੇ ਜੀਵ ਮਾਇਆ ਵਿਚ ਮੋਹਿਤ ਹੋ ਕੇ ਦੌੜ-ਭੱਜ ਕਰ ਰਹੇ ਹਨ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ) ।੧।ਰਹਾਉ।

ਪਹਿਲਾਂ ਪਹਿਲ (ਜੋ ਜਗਤ ਬਣਿਆ ਹੈ ਉਹ, ਮਾਨੋ) ਕੌਲ ਫੁੱਲਾਂ ਦਾ ਖੇਤ ਹੈ, ਸਾਰੇ ਜੀਅ ਜੰਤ ਉਸ (ਕੌਲ ਫੁੱਲਾਂ ਦੇ ਖੇਤ) ਦੇ ਹੰਸ ਹਨ। ਪਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ। ਇਹ ਪ੍ਰਭੂ ਦੀ ਮਾਇਆ (ਦੀ ਪ੍ਰੇਰਨਾ) ਤੋਂ ਸਮਝੋ।੧।

ਇਸਤ੍ਰੀਆਂ ਮਰਦ ਸਭ ਨੱਚ ਰਹੇ ਹਨ, (ਪਰ ਇਹਨਾਂ ਸਭਨਾਂ ਵਿਚ) ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਹੈ। (ਹੇ ਭਾਈ! ਇਸ ਵਿਚ) ਸ਼ੱਕ ਨਾ ਕਰ, (ਇਸ ਸੰਬੰਧੀ) ਭਰਮ ਦੂਰ ਕਰ ਦੇਹ। ਹਰੇਕ ਇਸਤ੍ਰੀ-ਮਰਦ ਵਿਚ ਪਰਮਾਤਮਾ ਦੇ ਬਚਨ ਹੀ ਇੱਕ-ਰਸ ਹੋ ਰਹੇ ਹਨ (ਭਾਵ, ਹਰੇਕ ਜੀਵ ਵਿਚ ਪਰਮਾਤਮਾ ਆਪ ਹੀ ਬੋਲ ਰਿਹਾ ਹੈ) ।੨।

(ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ। ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ। ਹੇ (ਪ੍ਰਭੂ) ਜੀ! ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ? (ਤਾਂ) ਹੇ ਜੀ! ਮੈਂ ਨਾਮਾ ਹਾਂ। ਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ।੩, ੪।

ਸ਼ਬਦ ਦਾ ਭਾਵ: ਮਾਇਆ ਦਾ ਪ੍ਰਭਾਵ ਅਤੇ ਇਸ ਦਾ ਇਲਾਜ।

ਇਹ ਸਾਰੀ ਮਾਇਕ ਰਚਨਾ ਪ੍ਰਭੂ ਤੋਂ ਹੀ ਹੋਈ ਹੈ, ਪ੍ਰਭੂ ਸਭ ਵਿਚ ਵਿਆਪਕ ਹੈ। ਪਰ ਜੀਵ ਪ੍ਰਭੂ ਨੂੰ ਵਿਸਾਰ ਕੇ ਮਾਇਆ ਦੇ ਹੱਥ ਉੱਤੇ ਨੱਚ ਰਹੇ ਹਨ। ਪ੍ਰਭੂ ਦੀ ਸ਼ਰਨ ਪਿਆਂ ਹੀ ਇਸ ਤੋਂ ਬਚੀਦਾ ਹੈ।


ਸੋਰਠਿ ਮਹਲਾ ੫ ॥ ਗੁਰਿ ਪੂਰੈ ਚਰਨੀ ਲਾਇਆ ॥ ਹਰਿ ਸੰਗਿ ਸਹਾਈ ਪਾਇਆ ॥ ਜਹ ਜਾਈਐ ਤਹਾ ਸੁਹੇਲੇ ॥ ਕਰਿ ਕਿਰਪਾ ਪ੍ਰਭਿ ਮੇਲੇ ॥੧॥ ਹਰਿ ਗੁਣ ਗਾਵਹੁ ਸਦਾ ਸੁਭਾਈ ॥ ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥ ਨਾਰਾਇਣ ਪ੍ਰਾਣ ਅਧਾਰਾ ॥ ਹਮ ਸੰਤ ਜਨਾਂ ਰੇਨਾਰਾ ॥ ਪਤਿਤ ਪੁਨੀਤ ਕਰਿ ਲੀਨੇ ॥ ਕਰਿ ਕਿਰਪਾ ਹਰਿ ਜਸੁ ਦੀਨੇ ॥੨॥ ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥ ਸਦ ਜੀਅ ਸੰਗਿ ਰਖਵਾਲਾ ॥ ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥ ਬਹੁੜਿ ਨ ਜੋਨੀ ਪਾਈਐ ॥੩॥ ਜਿਸੁ ਦੇਵੈ ਪੁਰਖੁ ਬਿਧਾਤਾ ॥ ਹਰਿ ਰਸੁ ਤਿਨ ਹੀ ਜਾਤਾ ॥ ਜਮਕੰਕਰੁ ਨੇੜਿ ਨ ਆਇਆ ॥ ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥ {ਪੰਨਾ 623}

ਪਦਅਰਥ: ਗੁਰਿ ਪੂਰੈ = ਪੂਰੇ ਗੁਰੂ ਨੇ। ਸੰਗਿ = (ਆਪਣੇ) ਨਾਲ। ਸਹਾਈ = ਮਦਦਗਾਰ, ਸਾਥੀ। ਜਹ = ਜਿੱਥੇ। ਸੁਹੇਲੇ = ਸੁਖੀ। ਪ੍ਰਭਿ = ਪ੍ਰਭੂ ਨੇ।੧।

ਸੁਭਾਈ = ਸੁਭਾਇ, ਪਿਆਰ ਨਾਲ। ਮਨਚਿੰਦੇ = ਮਨ = ਇੱਛਤ, ਮਨ = ਮੰਗੇ। ਸਗਲੇ = ਸਾਰੇ। ਜੀਅ ਕੈ ਸੰਗਿ =  ਜਿੰਦ ਦੇ ਨਾਲ।੧।ਰਹਾਉ।

ਹਮ = ਅਸੀ, ਮੈਂ। ਰੇਨਾਰਾ = ਰੇਣ, ਚਰਨ = ਧੂੜ। ਅਧਾਰਾ = ਆਸਰਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿਤ੍ਰ। ਜਸੁ = ਸਿਫ਼ਤਿ-ਸਾਲਾਹ।੨।

ਸਦ = ਸਦਾ। ਰੈਨਿ = ਰਾਤ। ਬਹੁੜਿ = ਮੁੜ।੩।

ਬਿਧਾਤਾ = ਕਰਤਾਰ, ਰਚਨਹਾਰ। ਰਸੁ = ਸੁਆਦ। ਤਿਨ ਹੀ = ਤਿਨਿ ਹੀ, ਉਸ ਮਨੁੱਖ ਨੇ ਹੀ {ਲਫ਼ਜ਼ ‘ਤਿਨਿ’ ਦੀ ‘ਿ’ ਕ੍ਰਿਆ ਵਿਸ਼ਸ਼ੇਣ ‘ਹੀ’ ਦੇ ਕਾਰਨ ਉੱਡ ਗਈ ਹੈ}। ਜਮ ਕੰਕਰੁ = {ਕਿੰਕਰੁ = किंकर} ਜਮ ਦਾ ਸੇਵਕ, ਜਮ = ਦੂਤ।੪।

ਅਰਥ: ਹੇ ਭਾਈ! ਸਦਾ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮਨ-ਮੰਗੇ ਫਲ (ਪ੍ਰਭੂ ਦੇ ਦਰ ਤੋਂ) ਪ੍ਰਾਪਤ ਕਰਦੇ ਰਹੋਗੇ, ਪਰਮਾਤਮਾ ਜਿੰਦ ਦੇ ਨਾਲ (ਵੱਸਦਾ) ਸਾਥੀ (ਪ੍ਰਤੀਤ ਹੁੰਦਾ ਰਹੇਗਾ) ।੧।ਰਹਾਉ।

(ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦੇ) ਚਰਨਾਂ ਵਿਚ ਜੋੜ ਦਿੱਤਾ, ਉਸ ਨੇ ਉਹ ਪਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ-ਸੰਗ ਵੱਸਦਾ ਹੈ, ਤੇ, (ਜਿੰਦ ਦਾ) ਮਦਦਗਾਰ ਹੈ। (ਜੇ ਪ੍ਰਭੂ-ਚਰਨਾਂ ਵਿਚ ਜੁੜੇ ਰਹੀਏ, ਤਾਂ) ਜਿੱਥੇ ਭੀ ਜਾਈਏ, ਉਥੇ ਹੀ ਸੁਖੀ ਰਹਿ ਸਕੀਦਾ ਹੈ (ਪਰ ਜਿਨ੍ਹਾਂ ਨੂੰ ਚਰਨਾਂ ਵਿਚ ਮਿਲਾਇਆ ਹੈ) ਪ੍ਰਭੂ ਨੇ (ਆਪ ਹੀ) ਕਿਰਪਾ ਕਰ ਕੇ ਮਿਲਾਇਆ ਹੈ।੧।

ਹੇ ਭਾਈ! ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ, (ਸੰਤ ਜਨਾਂ ਦੀ ਕਿਰਪਾ ਨਾਲ) ਪਰਮਾਤਮਾ ਜਿੰਦ ਦਾ ਆਸਰਾ (ਪ੍ਰਤੀਤ ਹੁੰਦਾ ਰਹਿੰਦਾ ਹੈ) । ਸੰਤ ਜਨ ਕਿਰਪਾ ਕਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦੇ ਹਨ, (ਅਤੇ ਇਸ ਤਰ੍ਹਾਂ) ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਭੀ) ਪਵਿਤ੍ਰ ਜੀਵਨ ਵਾਲਾ ਬਣਾ ਲੈਂਦੇ ਹਨ।੨।

ਹੇ ਭਾਈ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ, (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਈਦਾ। ਪਰਮਾਤਮਾ ਆਪ (ਸਿਫ਼ਤਿ-ਸਾਲਾਹ ਕਰਨ ਵਾਲਿਆਂ ਦੀ) ਰਾਖੀ ਕਰਦਾ ਹੈ, ਸਦਾ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ।੩।

(ਪਰ,) ਹੇ ਨਾਨਕ! ਉਸ ਮਨੁੱਖ ਨੇ ਹੀ ਪਰਮਾਤਮਾ ਦੇ ਨਾਮ ਦਾ ਸੁਆਦ ਸਮਝਿਆ ਹੈ (ਕਦਰ ਜਾਣੀ ਹੈ) , ਜਿਸ ਨੂੰ ਸਿਰਜਣਹਾਰ ਸਰਬ-ਵਿਆਪਕ ਪ੍ਰਭੂ ਆਪ (ਇਹ ਦਾਤਿ) ਦੇਂਦਾ ਹੈ। ਪਰਮਾਤਮਾ ਦੀ ਸ਼ਰਨ ਪਿਆ ਰਹਿ ਕੇ ਉਹ ਆਤਮਕ ਆਨੰਦ ਮਾਣਦਾ ਰਹਿੰਦਾ ਹੈ। ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ।੪।੯।੫੯।