Hukamnama 09.07.19: Ber Sahib, Baoli Sahib, Damdama Sahib, Baba Darbara Singh, State Gurdwara Sahib

82

ਸੋਰਠਿ ਮਹਲਾ ੪ ਪੰਚਪਦਾ ॥ ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ ॥ ਪ੍ਰੇਮ ਕੇ ਸਰ ਲਾਗੇ ਤਨ ਭੀਤਰਿ ਤਾ ਭ੍ਰਮੁ ਕਾਟਿਆ ਜਾਈ ॥੧॥ ਮੇਰੇ ਗੋਬਿਦ ਅਪੁਨੇ ਜਨ ਕਉ ਦੇਹਿ ਵਡਿਆਈ ॥ ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾਈ ॥ ਰਹਾਉ ॥ ਇਹੁ ਸੰਸਾਰੁ ਸਭੁ ਆਵਣ ਜਾਣਾ ਮਨ ਮੂਰਖ ਚੇਤਿ ਅਜਾਣਾ ॥ ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਤਾ ਹਰਿ ਨਾਮਿ ਸਮਾਣਾ ॥੨॥ ਜਿਸ ਕੀ ਵਥੁ ਸੋਈ ਪ੍ਰਭੁ ਜਾਣੈ ਜਿਸ ਨੋ ਦੇਇ ਸੁ ਪਾਏ ॥ ਵਸਤੁ ਅਨੂਪ ਅਤਿ ਅਗਮ ਅਗੋਚਰ ਗੁਰੁ ਪੂਰਾ ਅਲਖੁ ਲਖਾਏ ॥੩॥ ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ॥ ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ॥੪॥ ਸਭੁ ਕਿਛੁ ਤੇਰਾ ਤੂ ਅੰਤਰਜਾਮੀ ਤੂ ਸਭਨਾ ਕਾ ਪ੍ਰਭੁ ਸੋਈ ॥ ਜਿਸ ਨੋ ਦਾਤਿ ਕਰਹਿ ਸੋ ਪਾਏ ਜਨ ਨਾਨਕ ਅਵਰੁ ਨ ਕੋਈ ॥੫॥੯॥ {ਪੰਨਾ 607}

ਨੋਟ: ਪੰਚ ਪਦ-ਪੰਜ ‘ਬੰਦਾਂ’ ਵਾਲਾ ਸ਼ਬਦ।ਪਦਅਰਥ: ਅਚਰੁ = {ਅ = ਚਰੁ} ਨਾਹ ਜਿੱਤਿਆ ਜਾ ਸਕਣ (ਮਨ) ਵਾਲਾ। ਚਰੈ = ਜਿੱਤ ਲੈਂਦਾ ਹੈ। ਸਿਧਿ = (ਜੀਵਨ = ਸੰਗ੍ਰਾਮ ਵਿਚ) ਕਾਮਯਾਬੀ। ਤੇ = ਤੋਂ। ਬੁਧਿ = ਅਕਲ। ਸਰ = ਤੀਰ। ਤਨ = ਸਰੀਰ, ਹਿਰਦਾ। ਭ੍ਰਮੁ = ਮਨ ਦੀ ਭਟਕਣਾ।੧।ਗੋਬਿਦ = ਹੇ ਗੋਬਿੰਦ! ਕਉ = ਨੂੰ। ਪਰਗਾਸਹੁ = ਪਰਗਟ ਕਰੋ, ਉਜਾਗਰ ਕਰ ਦਿਉ। ਰਹਹੁ = ਰੱਖੋ।ਰਹਾਉ।ਸੰਸਾਰੁ = ਜਗਤ (ਦਾ ਮੋਹ) । ਆਵਣ ਜਾਣਾ = ਜਨਮ ਮਰਨ (ਦਾ ਮੂਲ) । ਮਨ = ਹੇ ਮਨ! ਨਾਮਿ = ਨਾਮ ਵਿਚ।੨।ਜਿਸ ਕੀ = {ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਕੀ’ ਦੇ ਕਾਰਨ ਉੱਡ ਗਿਆ ਹ ੈ}। ਵਥੁ = ਵਸਤੁ, ਨਾਮ = ਵਸਤੁ। ਸੋਈ = ਉਹੀ (ਪ੍ਰਭੂ) । ਜਿਸ ਨੋ = (ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ) । ਸੁ = ਉਹ ਮਨੁੱਖ। ਅਨੂਪ = ਸੁੰਦਰ, ਬੇ = ਮਿਸਾਲ (ਅਨ = ਊਪ = ਉਪਮਾ ਰਹਿਤ) । ਅਗਮ = ਅਪਹੁੰਚ। ਅਗੋਚਰ = {ਅ = ਗੋ = ਚਰ} ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਲਖੁ = ਅਦ੍ਰਿਸ਼ਟ ਪ੍ਰਭੂ। ਲਖਾਏ = ਵਿਖਾ ਦੇਂਦਾ ਹੈ।੩।ਜਿਨਿ = ਜਿਸ (ਮਨੁੱਖ) ਨੇ। ਇਹ = ਇਹ ਵਸਤੁ {ਇਸਤ੍ਰੀ ਲਿੰਗ}। ਕੋ = ਕੋਈ ਮਨੁੱਖ।੪।ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਸੋਈ = ਸਾਰ ਰੱਖਣ ਵਾਲਾ।੫।

ਅਰਥ: ਹੇ ਮੇਰੇ ਗੋਬਿੰਦ! ਮੈਨੂੰ) ਆਪਣੇ ਦਾਸ ਨੂੰ (ਇਹ) ਇੱਜ਼ਤ ਬਖ਼ਸ਼ (ਕਿ) ਗੁਰੂ ਦੀ ਮਤਿ ਦੀ ਰਾਹੀਂ (ਮੇਰੇ ਅੰਦਰ) ਆਪਣਾ ਨਾਮ ਪਰਗਟ ਕਰ ਦੇਹ, (ਮੈਨੂੰ) ਸਦਾ ਆਪਣੀ ਸ਼ਰਨ ਵਿਚ ਰੱਖ।ਰਹਾਉ।(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਦੋਂ) ਮਨੁੱਖ ਇਸ ਅਜਿੱਤ ਮਨ ਨੂੰ ਜਿੱਤ ਲੈਂਦਾ ਹੈ, ਤਦੋਂ (ਜੀਵਨ-ਸੰਗ੍ਰਾਮ ਵਿਚ ਇਸ ਨੂੰ) ਕਾਮਯਾਬੀ ਹੋ ਜਾਂਦੀ ਹੈ, (ਇਸ) ਕਾਮਯਾਬੀ ਤੋਂ (ਮਨੁੱਖ ਨੂੰ ਇਹ) ਅਕਲ ਹਾਸਲ ਹੋ ਜਾਂਦੀ ਹੈ (ਕਿ) ਪਰਮਾਤਮਾ ਦੇ ਪਿਆਰ ਦੇ ਤੀਰ (ਇਸ ਦੇ) ਹਿਰਦੇ ਵਿਚ ਵਿੱਝ ਜਾਂਦੇ ਹਨ, ਤਦੋਂ (ਇਸ ਦੇ ਮਨ ਦੀ) ਭਟਕਣਾ (ਸਦਾ ਲਈ) ਕੱਟੀ ਜਾਂਦੀ ਹੈ।੧।ਹੇ ਮੂਰਖ ਅੰਞਾਣ ਮਨ! ਇਹ ਜਗਤ (ਦਾ ਮੋਹ) ਜਨਮ ਮਰਨ (ਦਾ ਕਾਰਨ ਬਣਿਆ ਰਹਿੰਦਾ) ਹੈ (ਇਸ ਤੋਂ ਬਚਣ ਲਈ ਪਰਮਾਤਮਾ ਦਾ ਨਾਮ) ਸਿਮਰਦਾ ਰਹੁ। ਹੇ ਹਰੀ! ਮੇਰੇ ਉੱਤੇ) ਮੇਹਰ ਕਰ, ਮੈਨੂੰ ਗੁਰੂ ਮਿਲਾ, ਤਦੋਂ ਹੀ ਤੇਰੇ ਨਾਮ ਵਿਚ ਲੀਨਤਾ ਹੋ ਸਕਦੀ ਹੈ।੨।ਹੇ ਭਾਈ! ਇਹ ਨਾਮ-ਵਸਤੁ ਜਿਸ (ਪਰਮਾਤਮਾ) ਦੀ (ਮਲਕੀਅਤ) ਹੈ, ਉਹੀ ਜਾਣਦਾ ਹੈ (ਕਿ ਇਹ ਵਸਤੁ ਕਿਸ ਨੂੰ ਦੇਣੀ ਹੈ) , ਜਿਸ ਜੀਵ ਨੂੰ ਪ੍ਰਭੂ ਇਹ ਦਾਤਿ ਦੇਂਦਾ ਹੈ ਉਹੀ ਲੈ ਸਕਦਾ ਹੈ। ਇਹ ਵਸਤ ਐਸੀ ਸੁੰਦਰ ਹੈ ਕਿ ਜਗਤ ਵਿਚ ਇਸ ਵਰਗੀ ਹੋਰ ਕੋਈ ਨਹੀਂ, (ਕਿਸੇ ਚਤੁਰਾਈ-ਸਿਆਣਪ ਦੀ ਰਾਹੀਂ) ਇਸ ਤਕ ਪਹੁੰਚ ਨਹੀਂ ਹੋ ਸਕਦੀ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਭੀ ਇਸ ਤਕ ਪਹੁੰਚ ਨਹੀਂ। (ਜੇ) ਪੂਰਾ ਗੁਰੂ (ਮਿਲ ਪਏ, ਤਾਂ ਉਹੀ) ਅਦ੍ਰਿਸ਼ਟ ਪ੍ਰਭੂ ਦਾ ਦੀਦਾਰ ਕਰਾ ਸਕਦਾ ਹੈ।੩।ਹੇ ਭਾਈ! ਜਿਸ ਮਨੁੱਖ ਨੇ ਇਹ ਨਾਮ-ਵਸਤੁ ਚੱਖੀ ਹੈ (ਇਸ ਦਾ ਸੁਆਦ) ਉਹੀ ਜਾਣਦਾ ਹੈ, (ਉਹ ਬਿਆਨ ਨਹੀਂ ਕਰ ਸਕਦਾ, ਜਿਵੇਂ) ਗੁੰਗੇ ਦੀ (ਖਾਧੀ) ਮਿਠਿਆਈ (ਦਾ ਸੁਆਦ) ਗੁੰਗਾ ਦੱਸ ਨਹੀਂ ਸਕਦਾ। (ਹਾਂ ਜੇ ਕਿਸੇ ਨੂੰ ਇਹ ਨਾਮ-ਰਤਨ ਹਾਸਲ ਹੋ ਜਾਵੇ, ਤਾਂ) ਜੇ ਉਹ ਮਨੁੱਖ (ਇਸ ਰਤਨ ਨੂੰ ਆਪਣੇ ਅੰਦਰ) ਲੁਕਾ ਕੇ ਰੱਖਣਾ ਚਾਹੇ, ਤਾਂ ਲੁਕਾਇਆਂ ਇਹ ਰਤਨ ਲੁਕਦਾ ਨਹੀਂ (ਉਸ ਦੇ ਆਤਮਕ ਜੀਵਨ ਤੋਂ ਰਤਨ-ਪ੍ਰਾਪਤੀ ਦੇ ਲੱਛਣ ਦਿੱਸ ਪੈਂਦੇ ਹਨ) ।੪।ਹੇ ਪ੍ਰਭੂ! ਇਹ ਸਾਰਾ ਜਗਤ ਤੇਰਾ ਬਣਾਇਆ ਹੋਇਆ ਹੈ, ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ-ਵਾਲਾ ਹੈਂ, ਤੂੰ ਸਭ ਦੀ ਸਾਰ ਲੈਣ ਵਾਲਾ ਮਾਲਕ ਹੈਂ। ਹੇ ਨਾਨਕ! ਆਖ-ਹੇ ਪ੍ਰਭੂ!) ਉਹੀ ਮਨੁੱਖ ਤੇਰਾ ਨਾਮ ਹਾਸਲ ਕਰ ਸਕਦਾ ਹੈ ਜਿਸ ਨੂੰ ਤੂੰ ਇਹ ਦਾਤਿ ਬਖ਼ਸ਼ਦਾ ਹੈਂ। ਹੋਰ ਕੋਈ ਭੀ ਐਸਾ ਜੀਵ ਨਹੀਂ (ਜੋ ਤੇਰੀ ਬਖ਼ਸ਼ਸ਼ ਤੋਂ ਬਿਨਾ ਤੇਰਾ ਨਾਮ ਪ੍ਰਾਪਤ ਕਰ ਸਕੇ) ।੫।੯।ਜ਼ਰੂਰੀ ਨੋਟ: ਇਸ ਰਾਗ ਵਿਚ ਦੇ ਗੁਰੂ ਨਾਨਕ ਦੇਵ ਜੀ ਦੇ ਸਾਰੇ ਹੀ ਸ਼ਬਦਾਂ ਵਿਚ ‘ਰਹਾਉ’ ਦੀਆਂ ਤੁਕਾਂ ਨਾਲ ਲਫ਼ਜ਼ ਸਿਰਫ਼ “ਰਹਾਉ” ਹੈ, “੧।ਰਹਾਉ” ਨਹੀਂ। ਇਹੀ ਸਮਾਨਤਾ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸ਼ਬਦਾਂ ਵਿਚ ਮਿਲਦੀ ਹੈ। ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਇਹਨਾਂ ਪਾਸ ਮੌਜੂਦ ਸੀ।


ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ    ੴ ਸਤਿਗੁਰ ਪ੍ਰਸਾਦਿ ॥ ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥ ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥੧॥ ਰਾਮ ਰਾਇ ਹੋਹਿ ਬੈਦ ਬਨਵਾਰੀ ॥ ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥ ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥ ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥੨॥ ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥ ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥ {ਪੰਨਾ 659}

ਪਦਅਰਥ: ਨੈਨਹੁ = ਅੱਖਾਂ ਵਿਚੋਂ। ਨੀਰੁ = ਪਾਣੀ। ਖੀਨਾ = ਕਮਜ਼ੋਰ, ਲਿੱਸਾ। ਦੁਧਵਾਨੀ = ਦੁੱਧ ਦੇ ਵੰਨ ਦੇ, ਦੁੱਧ ਵਰਗੇ ਚਿੱਟੇ। ਰੂਧਾ = ਰੁਕਿਆ ਹੋਇਆ (ਕਫ ਨਾਲ) । ਕੰਠੁ = ਗਲਾ। ਪਰਾਨੀ = ਹੇ ਜੀਵ!।੧।ਹੋਹਿ = ਜੇ ਤੂੰ ਹੋਵੇਂ, ਜੇ ਤੂੰ ਬਣੇਂ। ਬਨਵਾਰੀ = {Skt. वनमालिन् adorned with a chaplet of wood flowers. ਜੰਗਲੀ ਫੁੱਲਾਂ ਦੀ ਮਾਲਾ ਪਾਣ ਵਾਲਾ। An epithet of Krishna} ਪਰਮਾਤਮਾ। ਲੇਹੁ ਉਬਾਰੀ = ਬਚਾ ਲੈਂਦੇ ਹੋ।ਰਹਾਉ।ਸਰੀਰਿ = ਸਰੀਰ ਵਿਚ। ਜਲਨਿ = ਸੜਨ। ਕਰਕ = ਦਰਦ। ਬੇਦਨ = ਰੋਗ। ਖਰੀ ਬੇਦਨ = ਵਡਾ ਰੋਗ। ਵਾ ਕਾ = ਉਸ ਦਾ। ਅਉਖਧੁ = ਦਾਰੂ, ਦਵਾਈ।੨।ਜਗਿ = ਜਗਤ ਵਿਚ। ਸਾਰਾ = ਸ੍ਰੇਸ਼ਟ। ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਪਾਵਉ = ਮੈਂ ਹਾਸਲ ਕਰਦਾ ਹਾਂ, ਮੈਂ ਪ੍ਰਾਪਤ ਕਰ ਲਿਆ ਹੈ। ਮੋਖ = ਮੁਕਤੀ, ਸਰੀਰਕ ਮੋਹ ਤੋਂ ਖ਼ਲਾਸੀ ਦੇਹ = ਅੱਧਿਆਸ ਤੋਂ ਅਜ਼ਾਦੀ।ਮੋਖ ਦੁਆਰਾ = ਮੁਕਤੀ ਦਾ ਰਸਤਾ, ਉਹ ਤਰੀਕਾ ਜਿਸ ਨਾਲ ਸਰੀਰਕ ਮੋਹ ਤੋਂ ਖ਼ਲਾਸੀ ਹੋ ਜਾਏ।੩।

ਅਰਥ: ਹੇ ਸੋਹਣੇ ਰਾਮ! ਹੇ ਪ੍ਰਭੂ! ਜੇ ਤੂੰ ਹਕੀਮ ਬਣੇਂ ਤਾਂ ਤੂੰ ਆਪਣੇ ਸੰਤਾਂ ਨੂੰ (ਦੇਹ-ਅੱਧਿਆਸ ਤੋਂ) ਬਚਾ ਲੈਂਦਾ ਹੈਂ (ਭਾਵ, ਤੂੰ ਆਪ ਹੀ ਹਕੀਮ ਬਣ ਕੇ ਸੰਤਾਂ ਨੂੰ ਦੇਹ-ਅੱਧਿਆਸ ਤੋਂ ਬਚਾ ਲੈਂਦਾ ਹੈਂ) ।੧।ਰਹਾਉ।ਹੇ ਜੀਵ! ਬਿਰਧ ਅਵਸਥਾ ਵਿਚ ਕਮਜ਼ੋਰ ਹੋਣ ਕਰਕੇ) ਤੇਰੀਆਂ ਅੱਖਾਂ ਵਿਚੋਂ ਪਾਣੀ ਵਗ ਰਿਹਾ ਹੈ, ਤੇਰਾ ਸਰੀਰ ਲਿੱਸਾ ਹੋ ਗਿਆ ਹੈ, ਤੇਰੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਹਨ, ਤੇਰਾ ਗਲਾ (ਕਫ ਨਾਲ) ਰੁਕਣ ਕਰਕੇ ਬੋਲ ਨਹੀਂ ਸਕਦਾ; ਅਜੇ (ਭੀ) ਤੂੰ ਕੀਹ ਕਰ ਰਿਹਾ ਹੈਂ? (ਭਾਵ, ਹੁਣ ਭੀ ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ? ਤੂੰ ਕਿਉਂ ਸਰੀਰ ਦੇ ਮੋਹ ਵਿਚ ਫਸਿਆ ਪਿਆ ਹੈਂ? ਤੂੰ ਕਿਉਂ ਦੇਹ-ਅੱਧਿਆਸ ਨਹੀਂ ਛੱਡਦਾ?) ।੧।ਹੇ ਪ੍ਰਾਣੀ! ਬਿਰਧ ਹੋਣ ਦੇ ਕਾਰਨ) ਤੇਰੇ ਸਿਰ ਵਿਚ ਪੀੜ ਟਿਕੀ ਰਹਿੰਦੀ ਹੈ, ਸਰੀਰ ਵਿਚ ਸੜਨ ਰਹਿੰਦੀ ਹੈ, ਕਲੇਜੇ ਵਿਚ ਦਰਦ ਉਠਦੀ ਹੈ (ਕਿਸ ਕਿਸ ਅੰਗ ਦਾ ਫ਼ਿਕਰ ਕਰੀਏ? ਸਾਰੇ ਹੀ ਜਿਸਮ ਵਿਚ ਬੁਢੇਪੇ ਦਾ) ਇੱਕ ਐਸਾ ਵੱਡਾ ਰੋਗ ਉੱਠ ਖਲੋਤਾ ਹੈ ਕਿ ਇਸ ਦਾ ਕੋਈ ਇਲਾਜ ਨਹੀਂ ਹੈ (ਫਿਰ ਭੀ ਇਸ ਸਰੀਰ ਨਾਲੋਂ ਤੇਰਾ ਮੋਹ ਨਹੀਂ ਮਿਟਦਾ) ।੨।(ਇਸ ਸਰੀਰਕ ਮੋਹ ਨੂੰ ਮਿਟਾਣ ਦਾ) ਇੱਕੋ ਹੀ ਸ੍ਰੇਸ਼ਟ ਇਲਾਜ ਜਗਤ ਵਿਚ ਹੈ, ਉਹ ਹੈ ਪ੍ਰਭੂ ਦਾ ਨਾਮ-ਰੂਪ ਅੰਮ੍ਰਿਤ, ਪਰਮਾਤਮਾ ਦਾ ਨਾਮ-ਰੂਪ ਨਿਰਮਲ ਜਲ। ਦਾਸ ਭੀਖਣ ਆਖਦਾ ਹੈ-(ਆਪਣੇ) ਗੁਰੂ ਦੀ ਕਿਰਪਾ ਨਾਲ ਮੈਂ ਇਹ ਨਾਮ ਜਪਣ ਦਾ ਰਸਤਾ ਲੱਭ ਲਿਆ ਹੈ, ਜਿਸ ਕਰਕੇ ਮੈਂ ਸਰੀਰਕ ਮੋਹ ਤੋਂ ਖ਼ਲਾਸੀ ਪਾ ਲਈ ਹੈ।੩।੧।

ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥ ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥੧॥ ਹਰਿ ਗੁਨ ਕਹਤੇ ਕਹਨੁ ਨ ਜਾਈ ॥ ਜੈਸੇ ਗੂੰਗੇ ਕੀ ਮਿਠਿਆਈ ॥੧॥ ਰਹਾਉ ॥ ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ ॥ ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥੨॥੨॥ {ਪੰਨਾ 659}

ਪਦਅਰਥ: ਨਿਰਮੋਲਕੁ = ਜਿਸ ਦਾ ਮੁੱਲ ਨਹੀਂ ਪੈ ਸਕਦਾ, ਜੋ ਕਿਸੇ ਮੁੱਲ ਨਹੀਂ ਮਿਲ ਸਕਦਾ। ਪੁੰਨਿ = ਪੁੰਨ ਨਾਲ, ਭਾਗਾਂ ਨਾਲ। ਪਾਇਆ = ਪਾਈਦਾ ਹੈ, ਮਿਲਦਾ ਹੈ।੧।ਕਹਨੁ ਨ ਜਾਈ = (ਸੁਆਦ) ਦੱਸਿਆ ਨਹੀਂ ਜਾ ਸਕਦਾ।ਰਹਾਉ।ਰਸਨਾ = ਜੀਭ। ਰਮਤ = ਜਪਦਿਆਂ। ਸ੍ਰਵਨਾ = ਕੰਨਾਂ ਨੂੰ। ਚੇਤੇ = ਯਾਦ ਕਰਦਿਆਂ। ਹੋਈ = ਹੁੰਦਾ ਹੈ। ਕਹੁ = ਆਖ। ਭੀਖਨ = ਹੇ ਭੀਖਨ! ਸੰਤੋਖੇ = ਸ਼ਾਂਤ ਹੋ ਗਏ ਹਨ, ਠੰਡ ਪੈ ਗਈ ਹੈ। ਦੇਖਾਂ = ਮੈਂ ਵੇਖਦਾ ਹਾਂ। ਤਹ = ਉਧਰ ਹੀ।੨।

ਅਰਥ: ਪਰਮਾਤਮਾ ਦਾ ਨਾਮ ਇਕ ਐਸਾ ਅਮੋਲਕ ਪਦਾਰਥ ਹੈ ਜੋ ਭਾਗਾਂ ਨਾਲ ਮਿਲਦਾ ਹੈ। ਇਸ ਰਤਨ ਨੂੰ ਜੇ ਅਨੇਕਾਂ ਜਤਨ ਕਰ ਕੇ ਭੀ ਹਿਰਦੇ ਵਿਚ (ਗੁਪਤ) ਰੱਖਏ, ਤਾਂ ਭੀ ਲੁਕਾਇਆਂ ਇਹ ਲੁਕਦਾ ਨਹੀਂ।੧।(ਉਂਞ ਉਹ ਸੁਆਦ) ਦੱਸਿਆ ਨਹੀਂ ਜਾ ਸਕਦਾ (ਜੋ) ਪਰਮਾਤਮਾ ਦੇ ਗੁਣ ਗਾਉਂਦਿਆਂ (ਆਉਂਦਾ ਹੈ) , ਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਠਿਆਈ (ਦਾ ਸੁਆਦ ਕਿਸੇ ਹੋਰ ਨੂੰ ਪਤਾ ਨਹੀਂ ਲੱਗ ਸਕਦਾ, ਗੁੰਗਾ ਦੱਸ ਨਹੀਂ ਸਕਦਾ) ।੧।ਰਹਾਉ।(ਇਹ ਰਤਨ-ਨਾਮ) ਜਪਦਿਆਂ ਜੀਭ ਨੂੰ ਸੁਖ ਮਿਲਦਾ ਹੈ, ਸੁਣਦਿਆਂ ਕੰਨਾਂ ਨੂੰ ਸੁਖ ਮਿਲਦਾ ਹੈ ਤੇ ਚੇਤਦਿਆਂ ਚਿੱਤ ਨੂੰ ਸੁਖ ਪ੍ਰਾਪਤ ਹੁੰਦਾ ਹੈ। ਹੇ ਭੀਖਨ! ਤੂੰ ਭੀ) ਆਖ-(ਇਹ ਨਾਮ ਸਿਮਰਦਿਆਂ) ਮੇਰੀਆਂ ਦੋਹਾਂ ਅੱਖਾਂ ਵਿਚ (ਐਸੀ) ਠੰਢ ਪਈ ਹੈ ਕਿ ਮੈਂ ਜਿੱਧਰ ਤੱਕਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ।੨।੨।ਨੋਟ: ਭਗਤ-ਬਾਣੀ ਦੇ ਵਿਰੋਧੀ ਸੱਜਣ ਭਗਤ ਭੀਖਨ ਜੀ ਬਾਰੇ ਇਉਂ ਲਿਖਦੇ ਹਨ “ਦਸਿਆ ਹੈ ਕਿ ਭਗਤ ਭੀਖਨ ਜੀ ਇਬਰਾਹੀਮ ਦੇ ਸ਼ਿਸ਼ ਸਨ, ਪਰ ਇਹ ਖੋਜ ਸੱਚੀ ਸਿਧ ਨਹੀਂ ਹੁੰਦੀ। ਆਮ ਤੌਰ ਪਰ ਇਹਨਾਂ ਦੇ ਦੇਹਾਂਤ ਸੰਮਤ ੧੬੨੫ ਦੇ ਗਿਰਦੇ ਮੰਨੀਦਾ ਹੈ। ਵਾਸਤਵ ਵਿਚ ਭੀਖਨ ਜੀ ਕੋਈ ਬੇ-ਮਲੂਮ ਜਿਹੇ ਭਗਤ ਜਾਪਦੇ ਹਨ। ਭਗਤ-ਮੰਡਲੀ ਵਿਚ ਇਹਨਾਂ ਦੀ ਕੋਈ ਖ਼ਾਸ ਪ੍ਰਸਿੱਧੀ ਸਿਧ ਨਹੀਂ ਹੁੰਦੀ। ਇਸ ਨਾਲੋਂ ਜੱਲਣ, ਕਾਹਨਾ, ਛੱਜੂ ਆਦਿ ਭੀ ਵਧ ਪ੍ਰਸਿੱਧ ਹਨ। ਆਪ ਅਸਲੋਂ ਸੂਫ਼ੀ ਮੁਸਲਮਾਨ ਫ਼ਕੀਰਾਂ ਵਿਚੋਂ ਸਨ। ਆਪ ਜੀ ਨੂੰ ਸੇਖ਼ ਫ਼ਰੀਦ ਜੀ ਨਾਲ ਮਿਲਾ ਦੇਂਦੇ ਹਨ, ਪਰ ਇਹ ਪੁਸ਼ਟੀ ਇਹਨਾਂ ਦੀ ਬਾਣੀ ਤੋਂ ਨਹੀਂ ਹੁੰਦੀ। ਵੈਸੇ ਇਹਨਾਂ ਦੀ ਰਚਨਾ ਹਿੰਦੂ ਬੈਰਾਗੀ ਸਾਧੂਆਂ ਨਾਲ ਮਿਲਦੀ ਹੈ, ਇਸਲਾਮੀ ਸ਼ਰਹ ਦਾ ਇਕ ਲਫ਼ਜ਼ ਭੀ ਨਹੀਂ ਮਿਲਦਾ ਜਾਪਦਾ। ਇਸਲਾਮ ਮਤ ਛੱਡ ਕੇ ਜੀਵ-ਅਹਿੰਸਕ ਸਾਧਾਂ ਨਾਲ ਵਿਚਰਦੇ ਰਹੇ। ਆਪ ਜੀ ਦੇ ਦੋ ਸ਼ਬਦ ਭਗਤ ਬਾਣੀ ਸੰਗ੍ਰਹਿ ਵਿਖੇ ਆਏ ਹਨ, ਜਿਹਾ ਕਿ-“ਨੈਨਹੁ…………ਮੋਹ ਦੁਆਰਾ।”-ਸੋਰਠਿ।”ਇਸ ਸ਼ਬਦ ਤੋਂ ਸਿੱਧ ਹੁੰਦਾ ਹੈ ਕਿ ਭਗਤ ਜੀ ਬੁਢੇਪੇ ਅਥਵਾ ਮੌਤ ਦੇ ਨੇੜ ਨੂੰ ਵੇਖ ਕੇ ਕਾਫ਼ੀ ਘਾਬਰ ਗਏ ਹਨ। ਉਸ ਵੇਲੇ ਬਨਵਾਰੀ (ਕ੍ਰਿਸ਼ਨ) ਜੀ ਨੂੰ ਯਾਦ ਕਰਦੇ ਹੋਏ ਵਾਸਤੇ ਕੱਢਦੇ ਹਨ। ਪਰ ਗੁਰਮਤਿ ਅੰਦਰ ਮੌਤ ਨੂੰ ਇਕ ਖੇਡ ਸਮਝਿਆ ਗਿਆ ਹੈ ਅਤੇ ਜੰਮਨ ਮਰਨ ਨੂੰ ਸੰਸਾਰੀ ਖੇਡ ਸਮਝ ਕੇ ਕੋਈ ਵੁਕਅਤ ਨਹੀਂ ਦਿੱਤੀ ਜਾਂਦੀ।……ਖਾਲਸੇ ਦੇ ਸਾਹਮਣੇ ਮੌਤ ਖੇਡ ਅਤੇ ਇਕ ਬਾਜ਼ੀ ਹੈ।”


ਵਾਹਿਗੁਰੂ ਜੀ


ਧਨਾਸਰੀ ਛੰਤ ਮਹਲਾ ੪ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥ ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ॥ ਗੁਣ ਗਾਇ ਵਿਗਸੈ ਸਦਾ ਅਨਦਿਨੁ ਜਾ ਆਪਿ ਸਾਚੇ ਭਾਵਏ ॥ ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ ॥ ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ॥ ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥੧॥ {ਪੰਨਾ 690}

ਪਦਅਰਥ: ਧਿਆਈਐ = ਸਿਮਰਿਆ ਜਾ ਸਕਦਾ ਹੈ। ਸੁਭਾਇ = ਪ੍ਰੇਮ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਗਾਈਐ = ਗਾ ਸਕੀਦਾ ਹੈ। ਵਿਗਸੈ = ਖਿੜਿਆ ਰਹਿੰਦਾ ਹੈ। ਗਾਇ = ਗਾ ਕੇ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिन}। ਸਾਚੇ ਭਾਵਏ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਚੰਗਾ ਲੱਗੇ। ਭਾਵਏ = ਭਾਵੈ, ਚੰਗਾ ਲੱਗੇ। ਨਾਮਿ = ਨਾਮ ਵਿਚ। ਸਮਾਵਏ = ਸਮਾਵੈ, ਸਮਾ ਜਾਂਦਾ ਹੈ। ਦੇਇ = ਦੇਂਦਾ ਹੈ। ਤ = ਤਾਂ, ਤਦੋਂ।੧।

ਅਰਥ: ਹੇ ਭਾਈ! ਜੇ ਪਰਮਾਤਮਾ ਆਪ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ। ਜੇ ਗੁਰੂ ਮਿਲ ਪਏ, ਤਾਂ (ਪ੍ਰਭੂ ਦੇ) ਪ੍ਰੇਮ ਵਿਚ (ਲੀਨ ਹੋ ਕੇ) ਆਤਮਕ ਅਡੋਲਤਾ ਵਿਚ (ਟਿਕ ਕੇ) ਪਰਮਾਤਮਾ ਦੇ ਗੁਣਾਂ ਨੂੰ ਗਾ ਸਕੀਦਾ ਹੈ। (ਪਰਮਾਤਮਾ ਦੇ) ਗੁਣ ਗਾ ਕੇ (ਮਨੁੱਖ) ਸਦਾ ਹਰ ਵੇਲੇ ਖਿੜਿਆ ਰਹਿੰਦਾ ਹੈ, (ਪਰ ਇਹ ਤਦੋਂ ਹੀ ਹੋ ਸਕਦਾ ਹੈ) ਜਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪ (ਇਹ ਮੇਹਰ ਕਰਨੀ) ਪਸੰਦ ਆਵੇ। (ਗੁਣ ਗਾਣ ਦੀ ਬਰਕਤਿ ਨਾਲ ਮਨੁੱਖ) ਅਹੰਕਾਰ, ਹਉਮੈ, ਮਾਇਆ (ਦਾ ਮੋਹ) ਤਿਆਗ ਦੇਂਦਾ ਹੈ, ਅਤੇ, ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ। (ਨਾਮ ਸਿਮਰਨ ਦੀ ਦਾਤਿ) ਉਹ ਪਰਮਾਤਮਾ ਆਪ ਹੀ ਕਰਦਾ ਹੈ, ਜਦੋਂ ਉਹ (ਇਹ ਦਾਤਿ) ਦੇਂਦਾ ਹੈ ਤਦੋਂ ਮਿਲਦੀ ਹੈ। ਹੇ ਭਾਈ! ਪਰਮਾਤਮਾ ਕਿਰਪਾ ਕਰੇ, ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ।੧।

ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ॥ ਹਉ ਤਿਸੁ ਸੇਵੀ ਦਿਨੁ ਰਾਤਿ ਮੈ ਕਦੇ ਨ ਵੀਸਰੈ ਜੀਉ ॥ ਕਦੇ ਨ ਵਿਸਾਰੀ ਅਨਦਿਨੁ ਸਮ੍ਹ੍ਹਾਰੀ ਜਾ ਨਾਮੁ ਲਈ ਤਾ ਜੀਵਾ ॥ ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ ॥ ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥ ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ॥੨॥ {ਪੰਨਾ 690}

ਪਦਅਰਥ: ਸਾਚਾ = ਸਦਾ-ਥਿਰ ਰਹਿਣ ਵਾਲਾ। ਨੇਹੁ = ਪ੍ਰੇਮ। ਪੂਰੇ ਸਤਿਗੁਰੈ = ਪੂਰੇ ਗੁਰੂ ਦੀ ਰਾਹੀਂ। ਹਉ = ਮੈਂ। ਤਿਸੁ = ਉਸ (ਪ੍ਰਭੂ) ਨੂੰ। ਸੇਵੀ = ਸੇਵੀਂ, ਮੈਂ ਸੇਂਵਦਾ ਹਾਂ। ਵੀਸਰੈ = ਭੁੱਲਦਾ। ਮੈ = ਮੈਨੂੰ। ਵਿਸਾਰੀ = ਵਿਸਾਰੀਂ, ਮੈਂ ਭੁਲਾਂਦਾ। ਸਮ੍ਹ੍ਹਾਰੀ = ਸਮ੍ਹ੍ਹਾਰੀਂ, ਮੈਂ ਸੰਭਾਲਦਾ। ਲਈ = ਲਈਂ। ਜੀਵਾ = ਜੀਵਾਂ। ਸ੍ਰਵਣੀ = ਕੰਨਾਂ ਨਾਲ। ਸੁਣੀ = ਸੁਣੀਂ। ਤ੍ਰਿਪਤੈ = ਰੱਜ ਜਾਂਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਪੀਵਾ = ਪੀਵਾਂ। ਬਿਬੇਕ = (ਚੰਗੇ ਮੰਦੇ ਦੀ) ਪਰਖ। ਬਿਚਰੈ = ਵਿਚਰਦੀ ਹੈ, ਵਰਤਦੀ ਹੈ।੨।

ਅਰਥ: ਹੇ ਭਾਈ! ਪੂਰੇ ਗੁਰੂ ਦੀ ਰਾਹੀਂ (ਮੇਰੇ) ਮਨ ਵਿਚ (ਪਰਮਾਤਮਾ ਨਾਲ) ਸਦਾ-ਥਿਰ ਰਹਿਣ ਵਾਲਾ ਪਿਆਰ ਬਣ ਗਿਆ ਹੈ। (ਗੁਰੂ ਦੀ ਕਿਰਪਾ ਨਾਲ) ਮੈਂ ਉਸ (ਪ੍ਰਭੂ) ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਮੈਨੂੰ ਉਹ ਕਦੇ ਭੀ ਨਹੀਂ ਭੁੱਲਦਾ। ਮੈਂ ਉਸ ਨੂੰ ਕਦੇ ਭੁਲਾਂਦਾ ਨਹੀਂ, ਮੈਂ ਹਰ ਵੇਲੇ (ਉਸ ਪ੍ਰਭੂ ਨੂੰ) ਹਿਰਦੇ ਵਿਚ ਵਸਾਈ ਰੱਖਦਾ ਹਾਂ। ਜਦੋਂ ਮੈਂ ਉਸ ਦਾ ਨਾਮ ਜਪਦਾ ਹਾਂ, ਤਦੋਂ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ। ਜਦੋਂ ਮੈਂ ਆਪਣੇ ਕੰਨਾਂ ਨਾਲ (ਹਰਿ-ਨਾਮ) ਸੁਣਦਾ ਹਾਂ ਤਦੋਂ (ਮੇਰਾ) ਇਹ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ। ਹੇ ਭਾਈ! ਮੈਂ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਿੰਦਾ ਹਾਂ (ਜਦੋਂ ਪ੍ਰਭੂ ਮਨੁੱਖ ਉਤੇ ਮੇਹਰ ਦੀ) ਨਿਗਾਹ ਕਰਦਾ ਹੈ, ਤਦੋਂ (ਉਸ ਨੂੰ) ਗੁਰੂ ਮਿਲਾਂਦਾ ਹੈ (ਤਦੋਂ ਹਰ ਵੇਲੇ ਉਸ ਮਨੁੱਖ ਦੇ ਅੰਦਰ) ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਕੰਮ ਕਰਦੀ ਹੈ। ਹੇ ਭਾਈ! ਪੂਰੇ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ (ਪ੍ਰਭੂ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਗਿਆ ਹੈ।੨।

ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥ ਅਨਦਿਨੁ ਰਹੈ ਲਿਵ ਲਾਇ ਤ ਸਹਜਿ ਸਮਾਵਏ ਜੀਉ ॥ ਸਹਜਿ ਸਮਾਵੈ ਤਾ ਹਰਿ ਮਨਿ ਭਾਵੈ ਸਦਾ ਅਤੀਤੁ ਬੈਰਾਗੀ ॥ ਹਲਤਿ ਪਲਤਿ ਸੋਭਾ ਜਗ ਅੰਤਰਿ ਰਾਮ ਨਾਮਿ ਲਿਵ ਲਾਗੀ ॥ ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭੁ ਕਰੇ ਸੁ ਭਾਵਏ ॥ ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥੩॥ {ਪੰਨਾ 690}

ਪਦਅਰਥ: ਭਾਗਿ = ਭਾਗ ਨਾਲ, ਕਿਸਮਤ ਨਾਲ। ਰਸੁ = ਸੁਆਦ। ਆਵਏ = ਆਉਂਦਾ ਹੈ, ਆਵੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਲਿਵ = ਲਗਨ। ਸਮਾਵਏ = ਸਮਾਵੈ। ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ। ਅਤੀਤੁ = ਵਿਰਕਤ, ਮਾਇਆ ਦੇ ਮੋਹ ਤੋਂ ਪਾਰ ਲੰਘਿਆ ਹੋਇਆ। ਬੈਰਾਗੀ = ਨਿਰਮੋਹ। ਹਲਤਿ = ਇਸ ਲੋਕ ਵਿਚ {अत्र}। ਪਲਤਿ = {परत्र} ਪਰਲੋਕ ਵਿਚ। ਅੰਤਰਿ = ਵਿਚ। ਨਾਮਿ = ਨਾਮ ਵਿਚ। ਹਰਖ = ਖ਼ੁਸ਼ੀ। ਸੋਗ = ਗ਼ਮ। ਤੇ = ਤੋਂ। ਮੁਕਤਾ = ਸੁਤੰਤਰ। ਭਾਵਏ = ਭਾਵੈ।੩।

ਅਰਥ: (ਜਿਸ ਮਨੁੱਖ ਨੂੰ) ਵੱਡੀ ਕਿਸਮਤ ਨਾਲ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ, ਤਾਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆਉਣ ਲੱਗ ਪੈਂਦਾ ਹੈ, ਉਹ ਹਰ ਵੇਲੇ (ਪ੍ਰਭੂ ਦੀ ਯਾਦ ਵਿਚ) ਸੁਰਤਿ ਜੋੜੀ ਰੱਖਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਜਦੋਂ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦਾ ਹੈ, ਤਦੋਂ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ ਮਾਇਆ ਦੇ ਮੋਹ ਤੋਂ ਪਰੇ ਲੰਘ ਜਾਂਦਾ ਹੈ, ਨਿਰਲੇਪ ਹੋ ਜਾਂਦਾ ਹੈ। ਇਸ ਲੋਕ ਵਿਚ, ਪਰਲੋਕ ਵਿਚ, ਸਾਰੇ ਸੰਸਾਰ ਵਿਚ ਉਸ ਦੀ ਸੋਭਾ ਹੋਣ ਲੱਗ ਪੈਂਦੀ ਹੈ, ਪਰਮਾਤਮਾ ਦੇ ਨਾਮ ਵਿਚ ਉਸ ਦੀ ਲਗਨ ਲੱਗੀ ਰਹਿੰਦੀ ਹੈ। ਉਹ ਮਨੁੱਖ ਖ਼ੁਸ਼ੀ ਗ਼ਮੀ ਦੋਹਾਂ ਤੋਂ ਸੁਤੰਤਰ ਹੋ ਜਾਂਦਾ ਹੈ, ਜੋ ਕੁਝ ਪਰਮਾਤਮਾ ਕਰਦਾ ਹੈ ਉਹ ਉਸ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ। ਹੇ ਭਾਈ! ਜਦੋਂ ਵੱਡੀ ਕਿਸਮਤ ਨਾਲ ਕਿਸੇ ਮਨੁੱਖ ਨੂੰ ਸਾਧ ਸੰਗਤਿ ਪ੍ਰਾਪਤ ਹੁੰਦੀ ਹੈ ਤਦੋਂ ਉਸ ਨੂੰ ਪਰਮਾਤਮਾ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ ਹੈ।੩।

ਦੂਜੈ ਭਾਇ ਦੁਖੁ ਹੋਇ ਮਨਮੁਖ ਜਮਿ ਜੋਹਿਆ ਜੀਉ ॥ ਹਾਇ ਹਾਇ ਕਰੇ ਦਿਨੁ ਰਾਤਿ ਮਾਇਆ ਦੁਖਿ ਮੋਹਿਆ ਜੀਉ ॥ ਮਾਇਆ ਦੁਖਿ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵਏ ॥ ਜੋ ਪ੍ਰਭੁ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ ਪਛੁਤਾਵਏ ॥ ਬਿਨੁ ਨਾਵੈ ਕੋ ਸਾਥਿ ਨ ਚਾਲੈ ਪੁਤ੍ਰ ਕਲਤ੍ਰ ਮਾਇਆ ਧੋਹਿਆ ॥ ਦੂਜੈ ਭਾਇ ਦੁਖੁ ਹੋਇ ਮਨਮੁਖਿ ਜਮਿ ਜੋਹਿਆ ਜੀਉ ॥੪॥ {ਪੰਨਾ 690}

ਪਦਅਰਥ: ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਪਿਆਰ ਵਿਚ। ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲਾ। ਜਮਿ = ਜਮ ਨੇ, ਮੌਤ ਨੇ, ਆਤਮਕ ਮੌਤ ਨੇ। ਜੋਹਿਆ = ਤੱਕ ਵਿਚ ਰੱਖਿਆ। ਦੁਖਿ = ਦੁੱਖ ਵਿਚ। ਮੋਹਿਆ = ਫਸਿਆ ਹੋਇਆ। ਰੋਹਿਆ = ਰੋਹ ਵਿਚ ਰਹਿੰਦਾ ਹੈ, ਕ੍ਰੋਧਵਾਨ। ਕਰਤ = ਕਰਦਿਆਂ। ਵਿਹਾਵਏ = ਵਿਹਾਵੈ, ਬੀਤ ਜਾਂਦੀ ਹੈ। ਦੇਇ = ਦੇਂਦਾ ਹੈ। ਤਿਸੁ = ਉਸ (ਪ੍ਰਭੂ) ਨੂੰ। ਕਲਤ੍ਰ = ਇਸਤ੍ਰੀ। ਧੋਹਿਆ = ਛਲ, ਧ੍ਰੋਹ, ਠੱਗੀ।੪।

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਨੇ ਸਦਾ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ, ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ। ਉਹ ਦਿਨ ਰਾਤ ‘ਹਾਇ ਹਾਇ’ਕਰਦਾ ਰਹਿੰਦਾ ਹੈ, ਮਾਇਆ ਦੇ ਦੁੱਖ ਵਿਚ ਫਸਿਆ ਰਹਿੰਦਾ ਹੈ। ਉਹ ਸਦਾ ਮਾਇਆ ਦੇ ਦੁੱਖ ਵਿਚ ਗ੍ਰਸਿਆ ਹੋਇਆ ਹਉਮੈ ਦੇ ਕਾਰਨ ਕ੍ਰੋਧਾਤੁਰ ਭੀ ਰਹਿੰਦਾ ਹੈ। ਉਸ ਦੀ ਸਾਰੀ ਉਮਰ ‘ਮੇਰੀ ਮਾਇਆ, ਮੇਰੀ ਮਾਇਆ’ ਕਰਦਿਆਂ ਲੰਘ ਜਾਂਦੀ ਹੈ। ਜੇਹੜਾ ਪਰਮਾਤਮਾ (ਉਸ ਨੂੰ ਸਭ ਕੁਝ) ਦੇ ਰਿਹਾ ਹੈ ਉਸ ਪਰਮਾਤਮਾ ਨੂੰ ਉਹ ਕਦੇ ਚੇਤੇ ਨਹੀਂ ਕਰਦਾ, ਆਖ਼ਰ ਜਦੋਂ ਇਥੋਂ ਤੁਰਦਾ ਹੈ ਤਾਂ ਪਛੁਤਾਂਦਾ ਹੈ। ਪੁੱਤਰ ਇਸਤ੍ਰੀ (ਆਦਿਕ) ਹਰਿ-ਨਾਮ ਤੋਂ ਬਿਨਾ ਕੋਈ ਭੀ (ਮਨੁੱਖ ਦੇ) ਨਾਲ ਨਹੀਂ ਜਾਂਦਾ, ਦੁਨੀਆ ਦੀ ਮਾਇਆ ਉਸ ਨੂੰ ਛਲ ਲੈਂਦੀ ਹੈ। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਕ ਮੌਤ ਗ੍ਰਸੀ ਰੱਖਦੀ ਹੈ, ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ।੪।

ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਇਆ ਜੀਉ ॥ ਸਦਾ ਰਹੈ ਕਰ ਜੋੜਿ ਪ੍ਰਭੁ ਮਨਿ ਭਾਇਆ ਜੀਉ ॥ ਪ੍ਰਭੁ ਮਨਿ ਭਾਵੈ ਤਾ ਹੁਕਮਿ ਸਮਾਵੈ ਹੁਕਮੁ ਮੰਨਿ ਸੁਖੁ ਪਾਇਆ ॥ ਅਨਦਿਨੁ ਜਪਤ ਰਹੈ ਦਿਨੁ ਰਾਤੀ ਸਹਜੇ ਨਾਮੁ ਧਿਆਇਆ ॥ ਨਾਮੋ ਨਾਮੁ ਮਿਲੀ ਵਡਿਆਈ ਨਾਨਕ ਨਾਮੁ ਮਨਿ ਭਾਵਏ ॥ ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਵਏ ਜੀਉ ॥੫॥੧॥ {ਪੰਨਾ 690}

ਪਦਅਰਥ: ਕਰਿ = ਕਰ ਕੇ। ਲੇਹੁ ਮਿਲਾਇ = (ਤੂੰ) ਮਿਲਾ ਲੈਂਦਾ ਹੈਂ। ਮਹਲੁ = ਹਜ਼ੂਰੀ, (ਚਰਨਾਂ ਵਿਚ) ਥਾਂ। ਹਰਿ = ਹੇ ਹਰੀ! ਕਰ = {ਬਹੁ-ਵਚਨ} ਦੋਵੇਂ ਹੱਥ। ਜੋੜਿ = ਜੋੜ ਕੇ। ਮਨਿ = (ਉਸ ਦੇ) ਮਨ ਵਿਚ। ਭਾਇਆ = ਪਿਆਰਾ ਲੱਗਾ। ਭਾਵੈ = ਪਿਆਰਾ ਲੱਗਦਾ ਹੈ। ਤਾ = ਤਦੋਂ। ਹੁਕਮਿ = ਹੁਕਮ ਵਿਚ। ਮੰਨਿ = ਮੰਨ ਕੇ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਨਾਮੋ ਨਾਮੁ = ਨਾਮ ਹੀ ਨਾਮ।੫।

ਅਰਥ: ਹੇ ਹਰੀ! ਜਿਸ ਮਨੁੱਖ ਨੂੰ ਤੂੰ (ਆਪਣੀ) ਕਿਰਪਾ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ। (ਹੇ ਭਾਈ! ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ) ਸਦਾ ਹੱਥ ਜੋੜ ਕੇ ਟਿਕਿਆ ਰਹਿੰਦਾ ਹੈ, ਉਸ ਨੂੰ (ਆਪਣੇ) ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ। ਜਦੋਂ ਮਨੁੱਖ ਨੂੰ ਆਪਣੇ ਮਨ ਵਿਚ ਪ੍ਰਭੂ ਪਿਆਰਾ ਲੱਗਦਾ ਹੈ, ਤਦੋਂ ਉਹ ਪ੍ਰਭੂ ਦੀ ਰਜ਼ਾ ਵਿਚ ਟਿਕ ਜਾਂਦਾ ਹੈ, ਤੇ, ਹੁਕਮ ਮੰਨ ਕੇ ਆਤਮਕ ਆਨੰਦ ਮਾਣਦਾ ਹੈ। ਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਹਰਿ-ਨਾਮ ਸਿਮਰਦਾ ਰਹਿੰਦਾ ਹੈ। ਹੇ ਨਾਨਕ! ਪਰਮਾਤਮਾ ਦਾ (ਹਰ ਵੇਲੇ) ਨਾਮ-ਸਿਮਰਨ (ਹੀ) ਉਸ ਨੂੰ ਵਡਿਆਈ ਮਿਲੀ ਰਹਿੰਦੀ ਹੈ, ਪ੍ਰਭੂ ਦਾ ਨਾਮ (ਉਸ ਨੂੰ ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ। ਹੇ ਹਰੀ! (ਆਪਣੀ) ਕਿਰਪਾ ਕਰ ਕੇ (ਜਿਸ ਮਨੁੱਖ ਨੂੰ ਤੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ।੫।੧।


ਵਾਹਿਗੁਰੂ ਜੀ