Hukamnama 07.07.19: Ber Sahib, Baoli Sahib, Damdama Sahib, Baba Darbara Singh, State Gurdwara Sahib

179

ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ    ੴ ਸਤਿਗੁਰ ਪ੍ਰਸਾਦਿ ॥ ਸਨਕ ਸਨੰਦ ਮਹੇਸ ਸਮਾਨਾਂ ॥ ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥ ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਉ ॥ ਹਨੂਮਾਨ ਸਰਿ ਗਰੁੜ ਸਮਾਨਾਂ ॥ ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥ ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥ ਕਮਲਾਪਤਿ ਕਵਲਾ ਨਹੀ ਜਾਨਾਂ ॥੩॥ ਕਹਿ ਕਬੀਰ ਸੋ ਭਰਮੈ ਨਾਹੀ ॥ ਪਗ ਲਗਿ ਰਾਮ ਰਹੈ ਸਰਨਾਂਹੀ ॥੪॥੧॥ {ਪੰਨਾ 691}

ਪਦਅਰਥ: ਸਨਕ ਸਨੰਦ = ਬ੍ਰਹਮਾ ਦੇ ਪੁੱਤਰ (ਸਨਕ, ਸਨੰਦ, ਸਨਾਤਨ, ਸਨਤ ਕੁਮਾਰ) । ਮਹੇਸ = ਸ਼ਿਵ। ਸਮਾਨਾਂ = ਵਰਗਿਆਂ ਨੇ। ਸੇਖ ਨਾਗਿ = ਸ਼ੇਸ਼ ਨਾਗ ਨੇ (ਸ਼ੇਸ਼ ਨਾਗ = ਸੱਪਾਂ ਦਾ ਰਾਜਾ, ਇਸ ਦੇ ਇੱਕ ਹਜ਼ਾਰ ਫਣ ਮਿੱਥੇ ਗਏ ਹਨ; ਇਹਨਾਂ ਨਾਲ ਇਹ ਆਪਣੇ ਇਸ਼ਟ ਵਿਸ਼ਨੂ ਭਗਵਾਨ ਉੱਤੇ ਛਾਂ ਕਰਦਾ ਹੈ, ਹਰੇਕ ਜੀਭ ਨਾਲ ਨਿੱਤ ਨਵਾਂ ਨਾਮ ਭਗਵਾਨ ਦਾ ਉਚਾਰਦਾ ਹੈ) । ਮਰਮੁ = ਭੇਤ।੧।ਰਿਦੈ = ਹਿਰਦੇ ਵਿਚ। ਬਸਾਈ = ਬਸਾਈਂ, ਮੈਂ ਵਸਾਉਂਦਾ ਹਾਂ।੧।ਰਹਾਉ।ਸਰਿ = ਵਰਗੇ ਨੇ। ਗਰੁੜ = ਵਿਸ਼ਨੂ ਭਗਵਾਨ ਦੀ ਸਵਾਰੀ, ਸਾਰੇ ਪੰਛੀਆਂ ਦਾ ਰਾਜਾ। ਸੁਰ ਪਤਿ = ਦੇਵਤਿਆਂ ਦਾ ਰਾਜਾ, ਇੰਦਰ। ਨਰਪਤਿ = ਮਨੁੱਖਾਂ ਦਾ ਰਾਜਾ।੨।ਕਮਲਾਪਤਿ = ਲੱਛਮੀ ਦਾ ਪਤੀ, ਵਿਸ਼ਨੂ। ਕਵਲਾ = ਲੱਛਮੀ।੩।ਕਹਿ = ਕਹੇ, ਆਖਦਾ ਹੈ। ਭਰਮੈ ਨਾਹੀ = ਭਟਕਦਾ ਨਹੀਂ। ਪਗ ਲਗਿ = ਚਰਨੀਂ ਲੱਗ ਕੇ। ਸਰਨਾਂਹੀ = ਸ਼ਰਨ ਵਿਚ।੪।

ਅਰਥ: ਮੈਂ ਸੰਤਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹਾਂ।੧।ਰਹਾਉ।ਹੇ ਪ੍ਰਭੂ! ਬ੍ਰਹਮਾ ਦੇ ਪੁੱਤਰਾਂ) ਸਨਕ, ਸਨੰਦ ਅਤੇ ਸ਼ਿਵ ਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ; (ਵਿਸ਼ਨੂ ਦੇ ਭਗਤ) ਸ਼ੇਸ਼ਨਾਗ ਨੇ ਤੇਰੇ (ਦਿਲ ਦਾ) ਰਾਜ਼ ਨਹੀਂ ਸਮਝਿਆ।੧।(ਸ੍ਰੀ ਰਾਮ ਚੰਦਰ ਜੀ ਦੇ ਸੇਵਕ) ਹਨੂਮਾਨ ਵਰਗੇ ਨੇ, (ਵਿਸ਼ਨੂ ਦੇ ਸੇਵਕ ਤੇ ਪੰਛੀਆਂ ਦੇ ਰਾਜੇ) ਗਰੁੜ ਵਰਗਿਆਂ ਨੇ, ਦੇਵਤਿਆਂ ਦੇ ਰਾਜੇ ਇੰਦਰ ਨੇ, ਵੱਡੇ ਵੱਡੇ ਰਾਜਿਆਂ ਨੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ।੨।ਚਾਰ ਵੇਦ, (ਅਠਾਰਾਂ) ਸਿਮ੍ਰਿਤੀਆਂ, (ਅਠਾਰਾਂ) ਪੁਰਾਣ-(ਇਹਨਾਂ ਦੇ ਕਰਤਾ ਬ੍ਰਹਮਾ, ਮਨੂ ਤੇ ਹੋਰ ਰਿਸ਼ੀਆਂ) ਨੇ ਤੈਨੂੰ ਨਹੀਂ ਸਮਝਿਆ; ਵਿਸ਼ਨੂ ਤੇ ਲੱਛਮੀ ਨੇ ਭੀ ਤੇਰਾ ਅੰਤ ਨਹੀਂ ਪਾਇਆ।੩।ਕਬੀਰ ਆਖਦਾ ਹੈ-(ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ) ਇੱਕ ਉਹ ਮਨੁੱਖ ਭਟਕਦਾ ਨਹੀਂ, ਜੋ (ਸੰਤਾਂ ਦੀ) ਚਰਨੀਂ ਲੱਗ ਕੇ ਪਰਮਾਤਮਾ ਦੀ ਸ਼ਰਨ ਵਿਚ ਟਿਕਿਆ ਰਹਿੰਦਾ ਹੈ।੪।੧।ਸ਼ਬਦ ਦਾ ਭਾਵ: ਅੱਨ ਪੂਜਾ ਛੱਡ ਕੇ ਇਕ ਪਰਮਾਤਮਾ ਦਾ ਹੀ ਭਜਨ ਕਰੋ। ਬ੍ਰਹਮਾ, ਸ਼ਿਵ, ਵਿਸ਼ਨੂ, ਇੰਦਰ ਆਦਿਕ ਅਤੇ ਉਹਨਾਂ ਦੇ ਸੇਵਕ ਪਰਮਾਤਮਾ ਦਾ ਅੰਤ ਨਾਹ ਪਾ ਸਕੇ।੧।

ਸਲੋਕ ਮਃ ੩ ॥ ਸੇਖਾ ਅੰਦਰਹੁ ਜੋਰੁ ਛਡਿ ਤੂ ਭਉ ਕਰਿ ਝਲੁ ਗਵਾਇ ॥ ਗੁਰ ਕੈ ਭੈ ਕੇਤੇ ਨਿਸਤਰੇ ਭੈ ਵਿਚਿ ਨਿਰਭਉ ਪਾਇ ॥ ਮਨੁ ਕਠੋਰੁ ਸਬਦਿ ਭੇਦਿ ਤੂੰ ਸਾਂਤਿ ਵਸੈ ਮਨਿ ਆਇ ॥ ਸਾਂਤੀ ਵਿਚਿ ਕਾਰ ਕਮਾਵਣੀ ਸਾ ਖਸਮੁ ਪਾਏ ਥਾਇ ॥ ਨਾਨਕ ਕਾਮਿ ਕ੍ਰੋਧਿ ਕਿਨੈ ਨ ਪਾਇਓ ਪੁਛਹੁ ਗਿਆਨੀ ਜਾਇ ॥੧॥ {ਪੰਨਾ 551}

ਪਦਅਰਥ: ਭੇਦਿ = ਵਿੰਨ੍ਹ। ਥਾਇ ਪਾਏ = ਪ੍ਰਵਾਨ ਕਰਦਾ ਹੈ। ਕਾਮਿ = ਕਾਮ ਵਿਚ (ਫਸੇ ਰਿਹਾਂ) ।

ਅਰਥ: ਹੇ ਸ਼ੇਖ਼! ਹਿਰਦੇ ਵਿਚੋਂ ਹਠ ਛੱਡ ਦੇਹ, ਇਹ ਝੱਲ-ਪੁਣਾ ਦੂਰ ਕਰ ਤੇ ਸਤਿਗੁਰੂ ਦਾ ਡਰ ਹਿਰਦੇ ਵਿਚ ਵਸਾ (ਭਾਵ, ਅਦਬ ਵਿਚ ਆ) ਸਤਿਗੁਰੂ ਦੇ ਅਦਬ ਵਿਚ ਰਹਿ ਕੇ ਨਿਰਭਉ ਪ੍ਰਭੂ ਨੂੰ ਲੱਭ ਕੇ ਕਈ ਏਸ ਡਰ ਦੀ ਰਾਹੀਂ ਤਰ ਗਏ ਹਨ।(ਹੇ ਸ਼ੇਖ!) ਆਪਣੇ ਕਰੜੇ ਮਨ ਨੂੰ (ਭਾਵ, ਮਨ ਨੂੰ ਜੋ ਹਠ ਦੇ ਕਾਰਨ ਕਠੋਰ ਹੈ) ਸਤਿਗੁਰੂ ਦੇ ਸ਼ਬਦ ਨਾਲ ਵਿੰਨ੍ਹ ਤਾਂ ਕਿ ਤੇਰੇ ਮਨ ਵਿਚ ਸ਼ਾਂਤੀ ਤੇ ਠੰਡ ਆ ਕੇ ਵੱਸੇ, ਫੇਰ ਇਸ ਵਿਚ (ਭਜਨ ਬੰਦਗੀ ਵਾਲੀ) ਜੋ ਕਾਰ ਕਰੇਂਗਾ, ਮਾਲਕ ਉਸ ਨੂੰ ਕਬੂਲ ਕਰੇਗਾ, ਹੇ ਨਾਨਕ! ਕਿਸੇ ਗਿਆਨ ਵਾਲੇ ਨੂੰ ਜਾ ਕੇ ਪੁੱਛ ਲੈ, ਕਾਮ ਤੇ ਕ੍ਰੋਧ (ਆਦਿਕ ਵਿਕਾਰਾਂ) ਦੇ ਅਧੀਨ ਹੋਇਆਂ ਕਿਸੇ ਨੂੰ ਭੀ ਰੱਬ ਨਹੀਂ ਲੱਭਾ।੧।

ਮਃ ੩ ॥ ਮਨਮੁਖ ਮਾਇਆ ਮੋਹੁ ਹੈ ਨਾਮਿ ਨ ਲਗੋ ਪਿਆਰੁ ॥ ਕੂੜੁ ਕਮਾਵੈ ਕੂੜੁ ਸੰਗ੍ਰਹੈ ਕੂੜੁ ਕਰੇ ਆਹਾਰੁ ॥ ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤੇ ਹੋਇ ਸਭੁ ਛਾਰੁ ॥ ਕਰਮ ਧਰਮ ਸੁਚ ਸੰਜਮ ਕਰਹਿ ਅੰਤਰਿ ਲੋਭੁ ਵਿਕਾਰੁ ॥ ਨਾਨਕ ਜਿ ਮਨਮੁਖੁ ਕਮਾਵੈ ਸੁ ਥਾਇ ਨਾ ਪਵੈ ਦਰਗਹਿ ਹੋਇ ਖੁਆਰੁ ॥੨॥ {ਪੰਨਾ 552}

ਪਦਅਰਥ: ਮਨਮੁਖ = ਮਨ ਦਾ ਮੁਰੀਦ। ਸੰਗ੍ਰਹੈ– ਇਕੱਠਾ ਕਰਦਾ ਹੈ। ਆਹਾਰੁ = ਖ਼ੁਰਾਕ। ਬਿਖੁ = ਜ਼ਹਿਰ। ਸੰਚਿ = ਇਕੱਠੀ ਕਰ ਕੇ। ਛਾਰੁ = ਸੁਆਹ। ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਸਾਧਨ।

ਅਰਥ: ਮਨਮੁਖ ਦਾ ਮਾਇਆ ਵਿਚ ਮੋਹ ਹੈ (ਇਸ ਕਰ ਕੇ) ਨਾਮ ਵਿਚ ਉਸਦਾ ਪਿਆਰ ਨਹੀਂ ਬਣਦਾ, ਉਹ (ਮਾਇਆ ਰੂਪ) ਕੂੜ ਕਮਾਉਂਦਾ, ਕੂੜ ਇਕੱਠਾ ਕਰਦਾ ਹੈ ਤੇ ਕੂੜ ਨੂੰ ਹੀ ਆਪਣੀ ਖ਼ੁਰਾਕ ਬਣਾਉਂਦਾ ਹੈ (ਭਾਵ, ਜ਼ਿੰਦਗੀ ਦਾ ਆਸਰਾ ਸਮਝਦਾ ਹੈ) । (ਮਨ ਦੇ ਅਧੀਨ ਹੋਏ ਮਨੁੱਖ) ਵਿਹੁ ਰੂਪ ਮਾਇਆ-ਧਨ ਨੂੰ ਇਕੱਠਾ ਕਰ ਕਰ ਕੇ ਖਪਦੇ ਮਰਦੇ ਹਨ ਤੇ ਉਹ ਸਾਰਾ ਧਨ ਅਖ਼ੀਰ ਵੇਲੇ ਸੁਆਹ ਹੋ ਜਾਂਦਾ ਹੈ (ਭਾਵ, ਸੁਆਹ ਵਾਂਗ ਵਿਅਰਥ ਹੋ ਜਾਂਦਾ ਹੈ) ਉਹ ਆਪਣੇ ਵਲੋਂ ਆਤਮਕ ਕੰਮ ਭੀ ਕਰਦੇ ਹਨ) ਕਰਮ ਧਰਮ ਪਵਿਤ੍ਰਤਾ ਦੇ ਸਾਧਨ ਤੇ ਹੋਰ ਸੰਜਮ (ਭੀ) ਕਰਦੇ ਹਨ (ਪਰ) ਉਹਨਾਂ ਦੇ ਹਿਰਦੇ ਵਿਚ ਲੋਭ ਤੇ ਵਿਕਾਰ (ਹੀ) ਰਹਿੰਦਾ ਹੈ।ਹੇ ਨਾਨਕ! ਮਨ ਦੇ ਅਧੀਨ ਹੋਇਆ ਹੋਇਆ ਮਨੁੱਖ ਜੋ ਕੁਝ (ਭੀ) ਕਰਦਾ ਹੈ ਉਹ ਕਬੂਲ ਨਹੀਂ ਹੁੰਦਾ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਉਹ ਖ਼ੁਆਰ ਹੁੰਦਾ ਹੈ।੨।

ਪਉੜੀ ॥ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਭੰਡ ਕਰੇ ॥ ਆਪਿ ਸਮੁੰਦੁ ਆਪਿ ਹੈ ਸਾਗਰੁ ਆਪੇ ਹੀ ਵਿਚਿ ਰਤਨ ਧਰੇ ॥ ਆਪਿ ਲਹਾਏ ਕਰੇ ਜਿਸੁ ਕਿਰਪਾ ਜਿਸ ਨੋ ਗੁਰਮੁਖਿ ਕਰੇ ਹਰੇ ॥ ਆਪੇ ਭਉਜਲੁ ਆਪਿ ਹੈ ਬੋਹਿਥਾ ਆਪੇ ਖੇਵਟੁ ਆਪਿ ਤਰੇ ॥ ਆਪੇ ਕਰੇ ਕਰਾਏ ਕਰਤਾ ਅਵਰੁ ਨ ਦੂਜਾ ਤੁਝੈ ਸਰੇ ॥੯॥ ਸਲੋਕ ਮਃ ੩ ॥ {ਪੰਨਾ 552}

ਪਦਅਰਥ: ਖਾਣੀ = ਜਗਤ ਦੀ ਉਤਪੱਤੀ ਦੇ ਵਸੀਲੇ (ਅੰਡਜ, ਜੇਰਜ, ਸੇਤਜ, ਉਤਭੁਜ) । ਬਾਣੀ = ਬੋਲੀਆਂ। ਖੰਡ = ਜਗਤ ਦੇ ਹਿੱਸੇ। ਬ੍ਰਹਮੰਡ = ਜਗਤ। ਬੋਹਿਥ = ਜਹਾਜ਼। ਖੇਵਟੁ = ਮਲਾਹ। ਸਰੇ = ਬਰਾਬਰ।

ਅਰਥ: ਪ੍ਰਭੂ ਆਪ ਹੀ ਖਾਣੀਆਂ, ਬੋਲੀਆਂ, ਖੰਡ ਤੇ ਬ੍ਰਹਮੰਡ ਬਣਾਉਂਦਾ ਹੈ; ਆਪ ਹੀ ਸਮੁੰਦਰ ਸਾਗਰ ਹੈ ਤੇ ਉਸ ਨੇ ਆਪ ਹੀ ਇਸ ਵਿਚ (ਸਿਫ਼ਤਿ-ਸਾਲਾਹ ਰੂਪ) ਰਤਨ ਲੁਕਾ ਰੱਖੇ ਹਨ; ਜਿਸ ਤੇ ਕਿਰਪਾ ਕਰਦਾ ਹੈ, ਤੇ ਜਿਸ ਨੂੰ ਸਤਿਗੁਰੂ ਦੇ ਸਨਮੁਖ ਕਰਦਾ ਹੈ ਉਸ ਨੂੰ ਆਪ ਹੀ ਉਹ ਰਤਨ ਲਭਾ ਦੇਂਦਾ ਹੈ; ਪ੍ਰਭੂ ਆਪ ਹੀ (ਸੰਸਾਰ) ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਆਪ ਹੀ ਮੱਲਾਹ ਹੈ ਤੇ ਆਪ ਹੀ ਤਰਦਾ ਹੈ, ਆਪ ਹੀ ਸਭ ਕੁਝ ਕਰਦਾ ਕਰਾਉਂਦਾ ਹੈ। ਹੇ ਪ੍ਰਭੂ! ਤੇਰੇ ਜਿਹਾ ਦੂਜਾ ਕੋਈ ਨਹੀਂ।੯।

ਸੋਰਠਿ ਮਹਲਾ ੫ ॥ ਸੂਖ ਸਹਜ ਆਨੰਦਾ ॥ ਪ੍ਰਭੁ ਮਿਲਿਓ ਮਨਿ ਭਾਵੰਦਾ ॥ ਪੂਰੈ ਗੁਰਿ ਕਿਰਪਾ ਧਾਰੀ ॥ ਤਾ ਗਤਿ ਭਈ ਹਮਾਰੀ ॥੧॥ ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ ॥ ਨਿਤ ਬਾਜੇ ਅਨਹਤ ਬੀਨਾ ॥ ਰਹਾਉ ॥ ਹਰਿ ਚਰਣ ਕੀ ਓਟ ਸਤਾਣੀ ॥ ਸਭ ਚੂਕੀ ਕਾਣਿ ਲੋਕਾਣੀ ॥ ਜਗਜੀਵਨੁ ਦਾਤਾ ਪਾਇਆ ॥ ਹਰਿ ਰਸਕਿ ਰਸਕਿ ਗੁਣ ਗਾਇਆ ॥੨॥ ਪ੍ਰਭ ਕਾਟਿਆ ਜਮ ਕਾ ਫਾਸਾ ॥ ਮਨ ਪੂਰਨ ਹੋਈ ਆਸਾ ॥ ਜਹ ਪੇਖਾ ਤਹ ਸੋਈ ॥ ਹਰਿ ਪ੍ਰਭ ਬਿਨੁ ਅਵਰੁ ਨ ਕੋਈ ॥੩॥ ਕਰਿ ਕਿਰਪਾ ਪ੍ਰਭਿ ਰਾਖੇ ॥ ਸਭਿ ਜਨਮ ਜਨਮ ਦੁਖ ਲਾਥੇ ॥ ਨਿਰਭਉ ਨਾਮੁ ਧਿਆਇਆ ॥ ਅਟਲ ਸੁਖੁ ਨਾਨਕ ਪਾਇਆ ॥੪॥੫॥੫੫॥ {ਪੰਨਾ 622}

ਪਦਅਰਥ: ਸਹਜ = ਆਤਮਕ ਅਡੋਲਤਾ। ਮਨਿ = ਮਨ ਵਿਚ। ਭਾਵੰਦਾ = ਪਿਆਰਾ ਲੱਗਣ ਵਾਲਾ। ਗੁਰਿ = ਗੁਰੂ ਨੇ। ਗਤਿ = ਉੱਚੀ ਆਤਮਕ ਅਵਸਥਾ।੧।ਪ੍ਰੇਮ ਭਗਤਿ = ਪਿਆਰ = ਭਰੀ ਭਗਤੀ। ਬਾਜੇ = ਵੱਜਦੀ ਹੈ। ਅਨਹਦ = ਇਕ-ਰਸ, ਲਗਾਤਾਰ।ਰਹਾਉ।ਓਟ = ਆਸਰਾ। ਸਤਾਣੀ = ਸ = ਤਾਣੀ, ਤਾਣ ਵਾਲੀ, ਤਕੜੀ। ਕਾਣਿ = ਮੁਥਾਜੀ। ਲੋਕਾਣੀ = ਲੋਕਾਂ ਦੀ। ਜਗਜੀਵਨੁ = ਜਗਤ ਦਾ ਜੀਵਨ, ਜਗਤ ਦਾ ਜੀਵਨ = ਦਾਤਾ। ਰਸਕਿ = ਪ੍ਰੇਮ ਨਾਲ, ਰਸ ਲੈ ਲੈ ਕੇ।੨।ਫਾਹਾ = ਫਾਹੀ। ਜਹ = ਜਿੱਥੇ। ਪੇਖਾ = ਪੇਖਾਂ, ਮੈਂ ਵੇਖਦਾ ਹਾਂ। ਤਹ = ਉੱਥੇ।੩।ਪ੍ਰਭਿ = ਪ੍ਰਭੂ ਨੇ। ਸਭਿ = ਸਾਰੇ। ਅਟਲ = ਕਦੇ ਨਾਹ ਮੁੱਕਣ ਵਾਲਾ।੪।

ਅਰਥ: ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਟਿਕਿਆ ਰਹਿੰਦਾ ਹੈ, ਉਸ ਦੇ ਅੰਦਰ ਸਦਾ ਇਕ-ਰਸ (ਆਤਮਕ ਆਨੰਦ ਦੀ, ਮਾਨੋ,) ਬੀਣਾ ਵੱਜਦੀ ਰਹਿੰਦੀ ਹੈ।ਰਹਾਉ।(ਹੇ ਭਾਈ! ਜਦੋਂ ਤੋਂ) ਪੂਰੇ ਗੁਰੂ ਨੇ (ਮੇਰੇ ਉੱਤੇ) ਮੇਹਰ ਕੀਤੀ ਹੈ ਤਦੋਂ ਦੀ ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ, (ਮੈਨੂੰ) ਮਨ ਵਿਚ ਪਿਆਰਾ ਲੱਗਣ ਵਾਲਾ ਪਰਮਾਤਮਾ ਮਿਲ ਪਿਆ ਹੈ, ਮੇਰੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ।੧।ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ-ਚਰਨਾਂ ਦਾ ਬਲਵਾਨ ਆਸਰਾ ਲੈ ਲਿਆ, ਦੁਨੀਆ ਦੇ ਲੋਕਾਂ ਵਾਲੀ ਉਸ ਦੀ ਸਾਰੀ ਮੁਥਾਜੀ ਮੁੱਕ ਗਈ। ਉਸ ਨੂੰ ਜਗਤ ਦਾ ਸਹਾਰਾ ਦਾਤਾਰ ਪ੍ਰਭੂ ਮਿਲ ਪੈਂਦਾ ਹੈ। ਉਹ ਸਦਾ ਬੜੇ ਪ੍ਰੇਮ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ।੨।ਹੇ ਭਾਈ! ਮੇਰੀ ਭੀ ਪ੍ਰਭੂ ਨੇ ਜਮ ਦੀ ਫਾਹੀ ਕੱਟ ਦਿੱਤੀ ਹੈ, ਮੇਰੇ ਮਨ ਦੀ (ਇਹ ਚਿਰਾਂ ਦੀ) ਆਸ ਪੂਰੀ ਹੋ ਗਈ ਹੈ। ਹੁਣ ਮੈਂ ਜਿਧਰ ਵੇਖਦਾ ਹਾਂ, ਮੈਨੂੰ ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਦਿਖਾਈ ਨਹੀਂ ਦੇਂਦਾ।੩।ਹੇ ਨਾਨਕ! ਪ੍ਰਭੂ ਨੇ ਕਿਰਪਾ ਕਰ ਕੇ ਜਿਨ੍ਹਾਂ ਦੀ ਰੱਖਿਆ ਕੀਤੀ, ਉਹਨਾਂ ਦੇ ਅਨੇਕਾਂ ਜਨਮਾਂ ਦੇ ਸਾਰੇ ਦੁੱਖ ਦੂਰ ਹੋ ਗਏ। ਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ, ਉਹਨਾਂ ਉਹ ਆਤਮਕ ਆਨੰਦ ਪ੍ਰਾਪਤ ਕਰ ਲਿਆ ਜੋ ਕਦੇ ਦੂਰ ਨਹੀਂ ਹੁੰਦਾ।੪।੫।੫੫।

ਧਨਾਸਰੀ ਮਹਲਾ ੩ ॥ ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ ॥ ਗੁਰ ਕੈ ਸਬਦਿ ਭਰੇ ਭੰਡਾਰਾ ॥ ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ ॥ ਮਾਇਆ ਮੋਹਿ ਜਲੈ ਅਭਿਮਾਨੁ ॥੧॥ ਗੁਰਮੁਖਿ ਹਰਿ ਰਸੁ ਚਾਖੈ ਕੋਇ ॥ ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥ ਸਬਦੁ ਦੀਪਕੁ ਵਰਤੈ ਤਿਹੁ ਲੋਇ ॥ ਜੋ ਚਾਖੈ ਸੋ ਨਿਰਮਲੁ ਹੋਇ ॥ ਨਿਰਮਲ ਨਾਮਿ ਹਉਮੈ ਮਲੁ ਧੋਇ ॥ ਸਾਚੀ ਭਗਤਿ ਸਦਾ ਸੁਖੁ ਹੋਇ ॥੨॥ ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ ॥ ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ ॥ ਆਪਿ ਮੁਕਤੁ ਅਵਰਾ ਮੁਕਤੁ ਕਰਾਵੈ ॥ ਹਰਿ ਨਾਮੁ ਜਪੈ ਹਰਿ ਤੇ ਸੁਖੁ ਪਾਵੈ ॥੩॥ ਬਿਨੁ ਸਤਿਗੁਰ ਸਭ ਮੁਈ ਬਿਲਲਾਇ ॥ ਅਨਦਿਨੁ ਦਾਝਹਿ ਸਾਤਿ ਨ ਪਾਇ ॥ ਸਤਿਗੁਰੁ ਮਿਲੈ ਸਭੁ ਤ੍ਰਿਸਨ ਬੁਝਾਏ ॥ ਨਾਨਕ ਨਾਮਿ ਸਾਂਤਿ ਸੁਖੁ ਪਾਏ ॥੪॥੨॥ {ਪੰਨਾ 664}

ਪਦਅਰਥ: ਨਿਰਮਲੁ = ਪਵਿਤ੍ਰ। ਅਪਾਰਾ = ਬੇਅੰਤ, ਕਦੇ ਨਾਹ ਮੁੱਕਣ ਵਾਲਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਭੰਡਾਰਾ = ਖ਼ਜ਼ਾਨੇ। ਬਿਖੁ = ਜ਼ਹਰ (ਜੋ ਆਤਮਕ ਮੌਤ ਲੈ ਆਉਂਦਾ ਹੈ) । ਜਾਣੁ = ਸਮਝ। ਮੋਹਿ = ਮੋਹ ਵਿਚ। ਅਭਿਮਾਨੁ = ਅਹੰਕਾਰ।੧।ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕੋਇ = ਜੇਹੜਾ ਕੋਈ। ਭਾਗਿ = ਕਿਸਮਤ ਨਾਲ।ਰਹਾਉ।ਦੀਪਕੁ = ਦੀਵਾ। ਵਰਤੈ = ਕੰਮ ਕਰਦਾ ਹੈ, ਚਾਨਣ ਦੇਂਦਾ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ। ਨਾਮਿ = ਨਾਮ ਦੀ ਰਾਹੀਂ। ਮਲੁ = ਮੈਲ। ਧੋਇ = ਧੋ ਲੈਂਦਾ ਹੈ। ਸਾਚੀ = ਸਦਾ ਕਾਇਮ ਰਹਿਣ ਵਾਲੀ।੨।ਜਿਨਿ = ਜਿਸ (ਮਨੁੱਖ) ਨੇ। ਹਰਿ ਜਨੁ = ਹਰੀ ਦਾ ਸੇਵਕ। ਹਰਖੁ = ਖ਼ੁਸ਼ੀ। ਸੋਗੁ = ਗ਼ਮ। ਮੁਕਤੁ = (ਦੁੱਖਾਂ ਵਿਕਾਰਾਂ ਤੋਂ) ਆਜ਼ਾਦ। ਅਵਰਾ = ਹੋਰਨਾਂ ਨੂੰ। ਤੇ = ਤੋਂ, ਪਾਸੋਂ।੩।ਸਭ = ਸਾਰੀ ਲੁਕਾਈ। ਮੁਈ = ਆਤਮਕ ਮੌਤੇ ਮਰ ਗਈ। ਬਿਲਲਾਇ = ਵਿਲਕ ਕੇ, ਦੁੱਖੀ ਹੋ ਕੇ। ਅਨਦਿਨੁ = ਹਰ ਰੋਜ਼, ਹਰ ਵੇਲੇ। ਦਾਝਹਿ = ਸਾੜਦੇ ਹਨ। ਸਾਤਿ = ਸ਼ਾਂਤੀ। ਨ ਪਾਇ = ਨਹੀਂ ਪ੍ਰਾਪਤ ਕਰਦਾ। ਸਭ = ਸਾਰੀ। ਨਾਮਿ = ਨਾਮ ਵਿਚ (ਜੁੜ ਕੇ) ।੪।

ਅਰਥ: ਹੇ ਭਾਈ! ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਹੈ, ਉਸ ਨੂੰ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਿਲਿਆ ਰਹਿੰਦਾ ਹੈ। (ਪਰ ਇਹ ਹਰਿ-ਨਾਮ-ਰਸ) ਪੂਰੀ ਕਿਸਮਤਿ ਨਾਲ ਹੀ ਮਿਲਦਾ ਹੈ।ਰਹਾਉ।ਹੇ ਭਾਈ! ਪਰਮਾਤਮਾ ਦਾ ਨਾਮ ਪਵਿੱਤਰ ਧਨ ਹੈ, ਕਦੇ ਨਾਹ ਮੁੱਕਣ ਵਾਲਾ ਧਨ ਹੈ। ਗੁਰੂ ਦੇ ਸ਼ਬਦ ਵਿਚ (ਜੁੜਿਆਂ ਮਨੁੱਖ ਦੇ ਅੰਦਰ ਇਸ ਧਨ ਦੇ) ਖ਼ਜ਼ਾਨੇ ਭਰ ਜਾਂਦੇ ਹਨ। ਹੇ ਭਾਈ! ਹਰਿ-ਨਾਮ-ਧਨ ਤੋਂ ਬਿਨਾ ਹੋਰ (ਦੁਨੀਆ ਵਾਲਾ ਧਨ) ਸਾਰਾ ਜ਼ਹਰ ਸਮਝ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ) । (ਦੁਨੀਆ ਵਾਲਾ ਧਨ) ਅਹੰਕਾਰ ਪੈਦਾ ਕਰਦਾ ਹੈ (ਦੁਨੀਆ ਵਾਲੇ ਧਨ ਨੂੰ ਇਕੱਠਾ ਕਰਨ ਵਾਲਾ ਮਨੁੱਖ) ਮਾਇਆ ਦੇ ਮੋਹ ਵਿਚ ਸੜਦਾ ਰਹਿੰਦਾ ਹੈ।੧।ਹੇ ਭਾਈ! ਗੁਰੂ ਦਾ ਸ਼ਬਦ (ਮਾਨੋ) ਦੀਵਾ (ਹੈ, ਜੋ) ਸਾਰੇ ਸੰਸਾਰ ਵਿਚ ਚਾਨਣ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਚੱਖਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। (ਗੁਰੂ ਦੇ ਸ਼ਬਦ ਦੀ ਰਾਹੀਂ) ਪਵਿਤ੍ਰ ਹਰਿ-ਨਾਮ ਵਿਚ (ਜੁੜ ਕੇ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਧੋ ਲੈਂਦਾ ਹੈ। ਸਦਾ-ਥਿਰ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰ) ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।੨।ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ, ਉਹ ਪਰਮਾਤਮਾ ਦਾ ਦਾਸ ਬਣ ਗਿਆ। ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ, ਉਸ ਨੂੰ ਕੋਈ ਗ਼ਮ ਨਹੀਂ ਵਿਆਪਦਾ। ਉਹ ਮਨੁੱਖ ਆਪ (ਦੁੱਖਾਂ ਵਿਕਾਰਾਂ ਤੋਂ) ਬਚਿਆ ਰਹਿੰਦਾ ਹੈ, ਹੋਰਨਾਂ ਨੂੰ ਭੀ ਬਚਾ ਲੈਂਦਾ ਹੈ। ਉਹ (ਵਡ-ਭਾਗੀ) ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਤੇ, ਪਰਮਾਤਮਾ ਪਾਸੋਂ ਸੁਖ ਹਾਸਲ ਕਰਦਾ ਹੈ।੩।ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੋਕਾਈ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲੈਂਦੀ ਹੈ। (ਗੁਰੂ ਤੋਂ ਵਿਛੁੜ ਕੇ ਮਨੁੱਖ) ਹਰ ਵੇਲੇ (ਮਾਇਆ ਦੇ ਮੋਹ ਵਿਚ) ਸੜਦੇ ਰਹਿੰਦੇ ਹਨ। (ਗੁਰੂ ਦੀ ਸਰਨ ਤੋਂ ਬਿਨਾ ਮਨੁੱਖ) ਸ਼ਾਂਤੀ ਹਾਸਲ ਨਹੀਂ ਕਰ ਸਕਦਾ। ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਦੀ ਸਾਰੀ (ਮਾਇਆ ਦੀ) ਤ੍ਰੇਹ ਮਿਟਾ ਦੇਂਦਾ ਹੈ। ਹੇ ਨਾਨਕ! ਉਹ ਮਨੁੱਖ ਹਰਿ-ਨਾਮ ਵਿਚ ਟਿਕ ਕੇ ਸ਼ਾਂਤੀ ਤੇ ਆਨੰਦ ਹਾਸਲ ਕਰ ਲੈਂਦਾ ਹੈ।੪।੨।

ੴ ਸਤਿਗੁਰ ਪ੍ਰਸਾਦਿ ॥ ਰਾਗੁ ਸੂਹੀ ਛੰਤ ਮਹਲਾ ੧ ਘਰੁ ੪ ॥ ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥ ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ ॥ ਚੰਦੋ ਦੀਪਾਇਆ ਦਾਨਿ ਹਰਿ ਕੈ ਦੁਖੁ ਅੰਧੇਰਾ ਉਠਿ ਗਇਆ ॥ ਗੁਣ ਜੰਞ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ ॥ ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ ॥ ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥੧॥ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥ ਇਹੁ ਤਨੁ ਜਿਨ ਸਿਉ ਗਾਡਿਆ ਮਨੁ ਲੀਅੜਾ ਦੀਤਾ ॥ ਲੀਆ ਤ ਦੀਆ ਮਾਨੁ ਜਿਨ੍ਹ੍ਹ ਸਿਉ ਸੇ ਸਜਨ ਕਿਉ ਵੀਸਰਹਿ ॥ ਜਿਨ੍ਹ੍ਹ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ ॥ ਸਗਲ ਗੁਣ ਅਵਗਣੁ ਨ ਕੋਈ ਹੋਹਿ ਨੀਤਾ ਨੀਤਾ ॥ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥੨॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇ ਗੁਣ ਹੋਵਨ੍ਹ੍ਹਿ ਸਾਜਨਾ ਮਿਲਿ ਸਾਝ ਕਰੀਜੈ ॥ ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥ ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥ ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥ ਆਖਣ ਤਾ ਕਉ ਜਾਈਐ ਜੇ ਭੂਲੜਾ ਹੋਈ ॥ ਜੇ ਹੋਇ ਭੂਲਾ ਜਾਇ ਕਹੀਐ ਆਪਿ ਕਰਤਾ ਕਿਉ ਭੁਲੈ ॥ ਸੁਣੇ ਦੇਖੇ ਬਾਝੁ ਕਹਿਐ ਦਾਨੁ ਅਣਮੰਗਿਆ ਦਿਵੈ ॥ ਦਾਨੁ ਦੇਇ ਦਾਤਾ ਜਗਿ ਬਿਧਾਤਾ ਨਾਨਕਾ ਸਚੁ ਸੋਈ ॥ ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥੪॥੧॥੪॥ {ਪੰਨਾ 765-766}

ਪਦਅਰਥ: ਜਿਨਿ = ਜਿਸ ਨੇ, (ਹੇ ਪ੍ਰਭੂ!) ਜਿਸ ਤੈਂ ਨੇ। ਕੀਆ = ਪੈਦਾ ਕੀਤਾ ਹੈ। ਤਿਨਿ = ਉਸ ਨੇ (ਹੇ ਪ੍ਰਭੂ!) ਉਸ ਤੈਂ ਨੇ ਹੀ। ਦੇਖਿਆ = ਸੰਭਾਲ ਕੀਤੀ ਹੋਈ ਹੈ। ਧੰਧੜੈ = ਮਾਇਆ ਦੀ ਦੌੜ = ਭੱਜ ਵਿਚ। ਦਾਨਿ ਤੇਰੈ = ਤੇਰੀ ਬਖ਼ਸ਼ਸ਼ ਨਾਲ। ਘਟਿ = ਜੀਵ ਦੇ ਹਿਰਦੇ ਵਿਚ। ਤਨਿ = ਸਰੀਰ ਵਿਚ। ਚੰਦੁ ਦੀਪਾਇਆ = ਚੰਦ ਚਮਕ ਰਿਹਾ ਹੈ, ਸੀਤਲਤਾ ਹੁਲਾਰੇ ਦੇ ਰਹੀ ਹੈ। ਦਾਨਿ ਹਰਿ ਕੈ = ਪਰਮਾਤਮਾ ਦੀ ਬਖ਼ਸ਼ਸ਼ ਨਾਲ। ਸੋਹੈ– ਸੋਭਦੀ ਹੈ। ਪਰਖਿ = ਪਰਖ ਕੇ। ਮੋਹਣੀ = ਮਨ ਨੂੰ ਮੋਹ ਲੈਣ ਵਾਲੀ, ਸੁੰਦਰ ਇਸਤ੍ਰੀ, ਉਹ ਜੀਵ = ਇਸਤ੍ਰੀ ਜਿਸ ਨੇ ਆਪਣਾ ਜੀਵਨ ਸੁੰਦਰ ਬਣਾ ਲਿਆ ਹੈ। ਮੋਹਣੀਐ = ਸੁੰਦਰ ਜੀਵ = ਇਸਤ੍ਰੀ ਨੇ। ਸੇਤੀ = ਨਾਲ। ਸੋਭ = ਸੋਭਾ। ਵੀਵਾਹੁ = ਜੀਵ = ਇਸਤ੍ਰੀ ਦਾ ਪ੍ਰਭੂ ਨਾਲ ਮਿਲਾਪ। ਪੰਚ ਸਬਦ = ਪੰਜ ਕਿਸਮਾਂ ਦੇ ਸਾਜਾਂ ਦੇ ਵੱਜਣ ਦੀਆਂ ਆਵਾਜ਼ਾਂ। ਪੰਚ ਸਬਦ ਧੁਨਿ = ਪੰਚ ਕਿਸਮਾਂ ਦੇ ਸਾਜਾਂ ਦੇ ਵੱਜਣ ਤੋਂ ਪੈਦਾ ਹੋਈ ਮਿਲਵੀਂ ਸੁਰ, ਇਕ-ਰਸ ਆਨੰਦ। ਪੰਚ ਸਬਦੀ = ਇਕ-ਰਸ ਆਨੰਦ ਦਾ ਦੇਣ ਵਾਲਾ ਪ੍ਰਭੂ। ਆਇਆ = ਹਿਰਦੇ ਵਿਚ ਪਰਗਟ ਹੋਇਆ।੧।ਹਉ = ਮੈਂ। ਅਵਰੀਤਾ = {अवृत} ਜਿਨ੍ਹਾਂ ਉਤੇ ਮਾਇਆ ਦਾ ਪਰਦਾ ਨਹੀਂ ਪਿਆ। ਜਿਨ ਸਿਉ ਗਾਡਿਆ = ਜਿਨ੍ਹਾਂ ਨਾਲ ਮਿਲਾਇਆ ਹੈ। ਤਨੁ = ਸਰੀਰ। ਮਨੁ ਲੀਅੜਾ ਦੀਤਾ = ਜਿਨ੍ਹਾਂ ਦਾ ਮਨ ਲਿਆ ਹੈ ਤੇ ਜਿਨ੍ਹਾਂ ਨੂੰ ਆਪਣਾ ਮਨ ਦਿੱਤਾ ਹੈ, ਜਿਨ੍ਹਾਂ ਨਾਲ ਦਿਲ ਦੀ ਸਾਂਝ ਪਾਈ ਹੈ। ਮਾਨੁ = ਮਨ। ਵੀਸਰਹਿ = ਭੁੱਲ ਜਾਣ। ਦਿਸਿ ਆਇਆ = ਦੀਦਾਰ ਕੀਤਿਆਂ। ਹੋਹਿ ਰਲੀਆ = ਆਤਮਕ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ। ਜੀਅ ਸੇਤੀ = ਜਿੰਦ ਨਾਲ। ਗਹਿ ਰਹਹਿ = ਫੜ ਰੱਖਦੇ ਹਨ, ਲਾ ਰੱਖਦੇ ਹਨ। ਸਗਲ = ਸਾਰੇ। ਨੀਤਾ ਨੀਤਾ = ਨਿੱਤ ਹੀ ਨਿੱਤ, ਸਦਾ ਹੀ।੨।ਵਾਸ = {वासु = to make fragrant ਸੁਗੰਧਿਤ ਕਰਨਾ} ਸੁਗੰਧੀ, ਖ਼ੁਸ਼ਬੂ। ਵਾਸੁਲਾ = ਸੁਗੰਧੀ ਦੇਣ ਵਾਲੀਆਂ ਚੀਜ਼ਾਂ ਦਾ ਡੱਬਾ। ਕਢਿ = ਕੱਢ ਕੇ। ਲਈਜੈ = ਲੈਣੀ ਚਾਹੀਦੀ ਹੈ। ਸਾਜਨਾ ਮਿਲਿ = ਗੁਰਮੁਖਾਂ ਨਾਲ ਮਿਲ ਕੇ। ਸਾਝ = ਗੁਣਾਂ ਦੀ ਸਾਂਝ। ਕਰੀਜੈ = ਕਰਨੀ ਚਾਹੀਦੀ ਹੈ। ਗੁਣਹ ਕੇਰੀ = ਗੁਣਾਂ ਦੀ। ਕੇਰੀ = ਦੀ। ਛੋਡਿ = ਤਿਆਗ ਕੇ। ਚਲੀਐ = ਜੀਵਨ = ਸਫ਼ਰ ਵਿਚ ਤੁਰਨਾ ਚਾਹੀਦਾ ਹੈ। ਪਹਿਰੇ = ਪਹਿਰਿ, ਪਹਿਨ ਕੇ। ਪਟੰਬਰ = {ਪਟ = ਅੰਬਰ} ਰੇਸ਼ਮ ਦੇ ਕੱਪੜੇ, ਕੋਮਲਤਾ ਤੇ ਪ੍ਰੇਮ ਦਾ ਵਰਤਾਵ। ਅਡੰਬਰ = ਹਾਰ = ਸਿੰਗਾਰ, ਸੋਹਣੇ ਉੱਦਮ। ਮਲੀਐ = ਮੱਲ ਲੈਣਾ ਚਾਹੀਦਾ ਹੈ, ਮੱਲਿਆ ਜਾ ਸਕਦਾ ਹੈ। ਆਪਣਾ ਪਿੜੁ ਮਲੀਐ = ਦੁਨੀਆ ਦੇ ਵਿਕਾਰਾਂ ਦੇ ਟਾਕਰੇ ਤੇ ਪਿੜ ਮੱਲਿਆ ਜਾ ਸਕਦਾ ਹੈ, ਵਿਕਾਰਾਂ ਦੇ ਟਾਕਰੇ ਤੇ ਕੁਸ਼ਤੀ ਜਿੱਤੀ ਜਾ ਸਕਦੀ ਹੈ {ਨੋਟ: ਜਗਤ ਵਿਚ ਜੀਵ, ਮਾਨੋ, ਪਹਿਲਵਾਨ ਹੈ। ਕਾਮਾਦਿਕ ਵਿਕਾਰਾਂ ਨਾਲ ਇਸ ਦੀ ਕੁਸ਼ਤੀ ਹੋ ਰਹੀ ਹੈ। ਜੇਹੜਾ ਹਾਰ ਜਾਂਦਾ ਹੈ ਉਹ ਪਿੜ ਵਿਚੋਂ ਭੱਜ ਜਾਂਦਾ ਹੈ}। ਪਿੜ = ਉਹ ਥਾਂ ਜਿੱਥੇ ਕੁਸ਼ਤੀਆਂ ਹੁੰਦੀਆਂ ਹਨ, ਘੋਲ ਹੁੰਦੇ ਹਨ। ਕਹੀਐ = ਕਹਿਣਾ ਚਾਹੀਦਾ ਹੈ। ਝੋਲਿ = ਹਿਲਾ ਕੇ, ਨਿਤਾਰ ਕੇ, ਵਿਕਾਰਾਂ ਦੇ ਬੂਰ ਆਦਿਕ ਨੂੰ ਪਰੇ ਹਟਾ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਪੀਜੈ = ਪੀਣਾ ਚਾਹੀਦਾ ਹੈ।੩।ਕਿਸੁ ਆਖੀਐ = ਹੋਰ ਕਿਸੇ ਅੱਗੇ ਗਿਲਾ ਨਹੀਂ ਕੀਤਾ ਜਾ ਸਕਦਾ। ਤਾ ਕਉ = ਉਸ (ਪਰਮਾਤਮਾ) ਨੂੰ। ਜਾਇ = ਜਾ ਕੇ। ਕਿਉ ਭੁਲੈ = ਨਹੀਂ ਭੁੱਲ ਸਕਦਾ। ਬਾਝੁ ਕਹਿਐ = (ਜੀਵਾਂ ਦੇ) ਆਖਣ ਤੋਂ ਬਿਨਾ ਹੀ। ਦਿਵੈ = ਦੇਂਦਾ ਹੈ, ਦੇਵੈ। ਦੇਇ = ਦੇਂਦਾ ਹੈ। ਜਗਿ = ਜਗਤ ਵਿਚ (ਸਭ ਜੀਵਾਂ ਨੂੰ) । ਬਿਧਾਤਾ = ਸਿਰਜਣਹਾਰ। ਸਚੁ = ਸਦਾ-ਥਿਰ ਰਹਿਣ ਵਾਲਾ।੪।

ਅਰਥ: ਜਿਸ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਉਸੇ ਨੇ ਇਸ ਦੀ ਸੰਭਾਲ ਕੀਤੀ ਹੋਈ ਹੈ, ਉਸੇ ਨੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।(ਪਰ ਹੇ ਪ੍ਰਭੂ!) ਤੇਰੀ ਬਖ਼ਸ਼ਸ਼ ਨਾਲ (ਕਿਸੇ ਸੁਭਾਗ) ਹਿਰਦੇ ਵਿਚ ਤੇਰੀ ਜੋਤਿ ਦਾ ਚਾਨਣ ਹੁੰਦਾ ਹੈ, (ਕਿਸੇ ਸੁਭਾਗ) ਸਰੀਰ ਵਿਚ ਚੰਦ ਚਮਕਦਾ ਹੈ (ਤੇਰੇ ਨਾਮ ਦੀ ਸੀਤਲਤਾ ਹੁਲਾਰੇ ਦੇਂਦੀ ਹੈ) ।ਪ੍ਰਭੂ ਦੀ ਬਖ਼ਸ਼ਸ਼ ਨਾਲ ਜਿਸ ਹਿਰਦੇ ਵਿਚ (ਪ੍ਰਭੂ-ਨਾਮ ਦੀ) ਸੀਤਲਤਾ ਲਿਸ਼ਕ ਮਾਰਦੀ ਹੈ ਉਸ ਹਿਰਦੇ ਵਿਚੋਂ (ਅਗਿਆਨਤਾ ਦਾ) ਹਨੇਰਾ ਤੇ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ। ਜਿਵੇਂ ਜੰਞ ਲਾੜੇ ਨਾਲ ਹੀ ਸੋਹਣੀ ਲੱਗਦੀ ਹੈ, ਤਿਵੇਂ ਜੀਵ-ਇਸਤ੍ਰੀ ਦੇ ਗੁਣ ਤਦੋਂ ਹੀ ਸੋਭਦੇ ਹਨ ਜੇ ਪ੍ਰਭੂ-ਪਤੀ ਹਿਰਦੇ ਵਿਚ ਵੱਸਦਾ ਹੋਵੇ। ਜਿਸ ਜੀਵ-ਇਸਤ੍ਰੀ ਨੇ ਆਪਣੇ ਜੀਵਨ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਸੁੰਦਰ ਬਣਾ ਲਿਆ ਹੈ, ਉਸ ਨੇ ਇਸ ਦੀ ਕਦਰ ਸਮਝ ਕੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ। ਉਸ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ, (ਲੋਕ ਪਰਲੋਕ ਵਿਚ) ਉਸ ਨੂੰ ਸੋਭਾ ਭੀ ਮਿਲਦੀ ਹੈ, ਇਕ-ਰਸ ਆਤਮਕ ਆਨੰਦ ਦਾ ਦਾਤਾ ਪ੍ਰਭੂ ਉਸ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ।ਜਿਸ ਪ੍ਰਭੂ ਨੇ ਇਹ ਜਗਤ ਪੈਦਾ ਕੀਤਾ ਹੈ ਉਹੀ ਇਸ ਦੀ ਸੰਭਾਲ ਕਰਦਾ ਹੈ, ਉਸ ਨੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।੧।ਮੈਂ ਉਹਨਾਂ ਸੱਜਣਾਂ ਮਿੱਤਰਾਂ ਤੋਂ ਸਦਕੇ ਹਾਂ ਜਿਨ੍ਹਾਂ ਉਤੇ ਮਾਇਆ ਦਾ ਪਰਦਾ ਨਹੀਂ ਪਿਆ ਜਿਨ੍ਹਾਂ ਦੀ ਸੰਗਤਿ ਕਰ ਕੇ ਮੈਂ ਉਹਨਾਂ ਨਾਲ ਦਿਲੀ ਸਾਂਝ ਪਾਈ ਹੈ। ਜਿਨ੍ਹਾਂ ਗੁਰਮੁਖਾਂ ਨਾਲ ਦਿਲੀ ਸਾਂਝ ਪੈ ਸਕੇ ਉਹ ਸੱਜਣ ਕਦੇ ਭੀ ਭੁੱਲਣੇ ਨਹੀਂ ਚਾਹੀਦੇ। ਉਹਨਾਂ ਦਾ ਦਰਸਨ ਕੀਤਿਆਂ ਆਤਮਕ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ, ਉਹ ਸੱਜਣ (ਆਪਣੇ ਸਤਸੰਗੀਆਂ ਨੂੰ ਆਪਣੀ) ਜਾਨ ਨਾਲ ਲਾ ਰੱਖਦੇ ਹਨ (ਜਿੰਦ ਤੋਂ ਪਿਆਰਾ ਸਮਝਦੇ ਹਨ) । ਉਹਨਾਂ ਵਿਚ ਸਾਰੇ ਗੁਣ ਹੀ ਗੁਣ ਹੁੰਦੇ ਹਨ, ਔਗੁਣ ਉਹਨਾਂ ਦੇ ਨੇੜੇ ਨਹੀਂ ਢੁਕਦੇ।ਮੈਂ ਸਦਕੇ ਹਾਂ ਉਹਨਾਂ ਸੱਜਣਾਂ ਮਿੱਤਰਾਂ ਤੋਂ ਜਿਨ੍ਹਾਂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪਿਆ।੨।(ਜੇ ਕਿਸੇ ਮਨੁੱਖ ਪਾਸ ਸੁਗੰਧੀ ਦੇਣ ਵਾਲੀਆਂ ਚੀਜ਼ਾਂ ਨਾਲ ਭਰਿਆ ਡੱਬਾ ਹੋਵੇ, ਉਸ ਡੱਬੇ ਦਾ ਲਾਭ ਉਸ ਨੂੰ ਤਦੋਂ ਹੀ ਹੈ ਜੇ ਉਹ ਡੱਬਾ ਖੋਹਲ ਕੇ ਉਹ ਸੁਗੰਧੀ ਲਏ। ਗੁਰਮੁਖਾਂ ਦੀ ਸੰਗਤਿ ਗੁਣਾਂ ਦਾ ਡੱਬਾ ਹੈ) ਜੇ ਕਿਸੇ ਨੂੰ ਗੁਣਾਂ ਦਾ ਡੱਬਾ ਲੱਭ ਪਏ, ਤਾਂ ਉਹ ਡੱਬਾ ਖੋਹਲ ਕੇ (ਡੱਬੇ ਵਿਚਲੀ) ਸੁਗੰਧੀ ਲੈਣੀ ਚਾਹੀਦੀ ਹੈ। (ਹੇ ਭਾਈ!) ਜੇ ਤੂੰ ਚਾਹੁੰਦਾ ਹੈਂ ਕਿ ਤੇਰੇ ਅੰਦਰ ਗੁਣ ਪੈਦਾ ਹੋਣ, ਤਾਂ ਗੁਰਮੁਖਾਂ ਨੂੰ ਮਿਲ ਕੇ ਉਹਨਾਂ ਨਾਲ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ। (ਗੁਰਮੁਖਾਂ ਨਾਲ) ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ, ਇਸ ਤਰ੍ਹਾਂ (ਅੰਦਰੋਂ) ਔਗੁਣ ਤਿਆਗ ਕੇ ਜੀਵਨ-ਰਾਹ ਤੇ ਤੁਰ ਸਕੀਦਾ ਹੈ, ਸਭ ਨਾਲ ਪ੍ਰੇਮ ਵਾਲਾ ਵਰਤਾਵ ਕਰ ਕੇ ਤੇ ਭਲਾਈ ਦੇ ਸੋਹਣੇ ਉੱਦਮ ਕਰ ਕੇ ਵਿਕਾਰਾਂ ਦੇ ਟਾਕਰੇ ਤੇ ਜੀਵਨ-ਘੋਲ ਜਿੱਤਿਆ ਜਾ ਸਕਦਾ ਹੈ।(ਗੁਰਮੁਖਾਂ ਦੀ ਸੰਗਤਿ ਦੀ ਬਰਕਤਿ ਨਾਲ ਫਿਰ) ਜਿੱਥੇ ਭੀ ਜਾ ਕੇ ਬੈਠੀਏ ਭਲਾਈ ਦੀ ਗੱਲ ਹੀ ਕੀਤੀ ਜਾ ਸਕਦੀ ਹੈ, ਤੇ ਮੰਦੇ ਪਾਸੇ ਵਲੋਂ ਹਟ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਜਾ ਸਕਦਾ ਹੈ।(ਹੇ ਭਾਈ!) ਜੇ ਕਿਸੇ ਨੂੰ ਗੁਣਾਂ ਦਾ ਡੱਬਾ ਲੱਭ ਪਏ ਤਾਂ ਉਹ ਡੱਬਾ ਖੋਹਲ ਕੇ (ਡੱਬੇ ਵਿਚਲੀ) ਸੁਗੰਧੀ ਲੈਣੀ ਚਾਹੀਦੀ ਹੈ।੩।(ਜਗਤ ਵਿਚ ਅਨੇਕਾਂ ਜੀਵ ਗੁਣ ਵਿਹਾਝ ਰਹੇ ਹਨ, ਅਨੇਕਾਂ ਹੀ ਔਗੁਣ ਕਮਾ ਰਹੇ ਹਨ। ਇਹ ਪਰਮਾਤਮਾ ਦੀ ਆਪਣੀ ਹੀ ਰਚੀ ਖੇਡ ਹੈ) ਪਰਮਾਤਮਾ ਆਪ ਹੀ (ਇਹ ਸਭ ਕੁਝ) ਕਰ ਰਿਹਾ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ, (ਤਾਹੀਏਂ) ਕਿਸੇ ਹੋਰ ਦੇ ਪਾਸ (ਇਸ ਦੇ ਸੰਬੰਧ ਵਿਚ) ਕੋਈ ਗਿਲਾ ਆਦਿਕ ਨਹੀਂ ਕੀਤਾ ਜਾ ਸਕਦਾ। (ਫਿਰ ਜੋ ਕੁਝ ਉਹ ਪ੍ਰਭੂ ਕਰਦਾ ਹੈ ਠੀਕ ਕਰਦਾ ਹੈ) ਉਹ ਖੁੰਝਿਆ ਹੋਇਆ ਨਹੀਂ ਹੈ, ਇਸ ਵਾਸਤੇ (ਕਿਸੇ ਖੁੰਝਾਈ ਬਾਰੇ) ਉਸ ਨੂੰ ਕੁਝ ਆਖਣ ਜਾਣ ਦੀ ਲੋੜ ਹੀ ਨਹੀਂ ਪੈਂਦੀ। ਜੇ ਉਹ ਖੁੰਝਿਆ ਹੋਇਆ ਹੋਵੇ ਤਾਂ ਜਾ ਕੇ ਕੁਝ ਆਖੀਏ ਭੀ, ਪਰ ਆਪ ਕਰਤਾਰ ਕੋਈ ਭੁੱਲ ਨਹੀਂ ਕਰ ਸਕਦਾ। ਉਹ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈ ਉਹ ਸਭ ਜੀਵਾਂ ਦੇ ਕੀਤੇ ਕੰਮ ਵੇਖਦਾ ਹੈ, ਮੰਗਣ ਤੋਂ ਬਿਨਾ ਹੀ ਸਭ ਨੂੰ ਦਾਨ ਦੇਂਦਾ ਹੈ। ਉਹ ਦਾਤਾਰ ਜਗਤ ਵਿਚ ਹਰੇਕ ਜੀਵ ਨੂੰ ਦਾਨ ਦੇਂਦਾ ਹੈ। ਹੇ ਨਾਨਕ! ਉਹ ਸਿਰਜਣਹਾਰ ਹੀ ਸਦਾ-ਥਿਰ ਰਹਿਣ ਵਾਲਾ ਹੈ। ਉਹ ਸਭ ਕੁਝ ਆਪ ਹੀ ਕਰਦਾ ਹੈ, ਕੋਈ ਹੋਰ (ਉਸ ਤੋਂ ਆਕੀ ਹੋ ਕੇ) ਕੁਝ ਨਹੀਂ ਕਰ ਸਕਦਾ। ਕਿਸੇ ਹੋਰ ਦੇ ਪਾਸ ਜਾ ਕੇ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ।੪।੧।੪।