Hukamnama 06.09.2019: Ber Sahib, Baoli Sahib, Damdama Sahib, Baba Darbara Singh, State Gurdwara Sahib

127
Today’s Hukamnama from Gurdwara Sri Ber Sahib Sultanpur Lodhi

ਵਡਹੰਸੁ ਮਹਲਾ ੧ ॥ ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥ ਸਚਾ ਘਰੁ ਸਚੜੈ ਸੇਵੀਐ ਸਚੁ ਖਰਾ ਸਚਿਆਰੋਵਾ ॥ ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਓ ॥ ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਞੈ ਘਰਿ ਕਾਓ ॥ ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ ॥ ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ ॥੧॥ ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ ॥ ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ ॥ ਆਸੀਸਾ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ ॥ ਇਕਿ ਭੂਲੇ ਨਾਵਹੁ ਥੇਹਹੁ ਥਾਵਹੁ ਗੁਰ ਸਬਦੀ ਸਚੁ ਖੇਲੋ ॥ ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ ॥ ਸਾਜਨ ਸੈਣ ਮਿਲਹੁ ਸੰਜੋਗੀ ਗੁਰ ਮਿਲਿ ਖੋਲੇ ਫਾਸੇ ॥੨॥ ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ ॥ ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ ॥ ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ ॥ ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ ॥ ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ ॥ ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ ॥੩॥ ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀਅੜਾ ਬੰਧਿ ਪਠਾਇਆ ਹੈ ॥ ਲਿਖਿਅੜਾ ਲੇਖੁ ਨ ਮੇਟੀਐ ਦਰਿ ਹਾਕਾਰੜਾ ਆਇਆ ਹੈ ॥ ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ ਰੋਵਣਹਾਰੇ ॥ ਪੁਤ ਭਾਈ ਭਾਤੀਜੇ ਰੋਵਹਿ ਪ੍ਰੀਤਮ ਅਤਿ ਪਿਆਰੇ ॥ ਭੈ ਰੋਵੈ ਗੁਣ ਸਾਰਿ ਸਮਾਲੇ ਕੋ ਮਰੈ ਨ ਮੁਇਆ ਨਾਲੇ ॥ ਨਾਨਕ ਜੁਗਿ ਜੁਗਿ ਜਾਣ ਸਿਜਾਣਾ ਰੋਵਹਿ ਸਚੁ ਸਮਾਲੇ ॥੪॥੫॥ ਵਡਹੰਸੁ ਮਹਲਾ ੩ ਮਹਲਾ ਤੀਜਾ    {ਪੰਨਾ 581-582}

ਪਦਅਰਥ: ਬਾਬਾ = ਹੇ ਭਾਈ! ਝੂਠੁ = ਨਾਸਵੰਤ। ਪਸਾਰੋ = ਪਸਾਰੁ, ਖਿਲਾਰਾ। ਸਚਾ = ਸਦਾ-ਥਿਰ ਰਹਿਣ ਵਾਲਾ। ਸਚੜੈ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ। ਸਚੁ = ਸਦਾ-ਥਿਰ ਪ੍ਰਭੂ। ਖਰਾ = ਖ਼ਾਲਸ, ਨਿਰੋਲ। ਸਚਿਆਰੋ = ਸਚਿਆਰੁ, {ਸਚ = ਆਲਯ} ਸਦਾ-ਥਿਰ ਪ੍ਰਭੂ ਦੇ ਪ੍ਰਕਾਸ਼ ਲਈ ਯੋਗ। ਕੂੜਿ = ਮਾਇਆ ਦੇ ਮੋਹ ਵਿਚ। ਲਬਿ = ਲੱਬ ਵਿਚ। ਥਾਇ ਨ ਪਾਸੀ = ਪਰਵਾਨ ਨਹੀਂ ਹੁੰਦਾ। ਥਾਇ = ਥਾਂ ਵਿਚ। ਠਾਓ = ਥਾਂ। ਕਾਓ = ਕਾਂ। ਵਡਾ ਵੇਛੋੜਾ = ਪਰਮਾਤਮਾ ਨਾਲੋਂ ਲੰਮਾ ਵਿਛੋੜਾ। ਬਿਨਸੈ = ਆਤਮਕ ਮੌਤੇ ਮਰਦਾ ਹੈ। ਸਬਾਏ = ਸਾਰੇ ਜੀਵ। ਰੂਆਏ = ਰੁਆਉਂਦਾ ਹੈ।੧।

ਭਾਈਹੋ = ਹੇ ਭਾਈਹੋ! ਗਲਿ ਮਿਲਹ = ਆਓ ਇਕ ਦੂਜੇ ਦੇ ਗਲ ਨਾਲ ਮਿਲੀਏ, ਆਓ ਪਿਆਰ ਨਾਲ ਰਲ ਬੈਠੀਏ। ਦੇਹ = ਆਓ ਅਸੀ ਦੇਵੀਏ। ਸਚੜਾ = ਸਦਾ ਟਿਕੇ ਰਹਿਣ ਵਾਲਾ। ਦੇਵਹੋ = ਹੇ ਭਾਈ! ਦੇਵਹੁ। ਕਰੇਵਹੋ = ਕਰੋ। ਇਕਿ = ਅਨੇਕਾਂ ਜੀਵ {ਲਫ਼ਜ਼ ‘ਇਕ’ ਤੋਂ ਬਹੁ-ਵਚਨ}। ਨਾਵਹੁ = ਨਾਮ ਤੋਂ। ਖੇਲੋ = ਖੇਲੁ, ਖੇਡ, ਜੀਵਨ = ਖੇਡ। ਮਾਰਗਿ = ਰਸਤੇ ਤੇ। ਸਬਦਿ = ਗੁਰੂ ਦੇ ਸ਼ਬਦ ਵਿਚ। ਸਾਚੈ ਵੇਸੇ = ਉਸ ਪ੍ਰਭੂ ਵਿਚ ਜਿਸ ਦਾ ਸਰੂਪ ਸਦਾ-ਥਿਰ ਰਹਿਣ ਵਾਲਾ ਹੈ। ਸਾਜਨ ਸੈਣ = ਹੇ ਸੱਜਣ ਮਿੱਤਰੋ! ਸੰਜੋਗੀ = ਸਤਸੰਗ ਵਿਚ।੨।

ਲੇਖੁ = ਕੀਤੇ ਕਰਮਾਂ ਅਨੁਸਾਰ ਪ੍ਰਭੂ ਵਲੋਂ ਉਹ ਹੁਕਮ ਜੋ ਅਗਾਂਹ ਜਗਤ ਵਿਚ ਭੋਗਣਾ ਹੈ। ਸਾਹਾ = ਉਹ ਸਮਾ ਜੋ ਜੀਵ ਦੀ ਮੌਤ ਵਾਸਤੇ ਨਿਯਤ ਹੋ ਚੁਕਾ ਹੈ। {ਨੋਟ: ਹਿੰਦੂ ਕੌਮ ਵਿਚ ਲੜਕੀ ਲੜਕੇ ਦੇ ਵਿਆਹ ਦਾ ਸਮਾ ਪੰਡਿਤ ਸ਼ਾਸਤ੍ਰਾਂ ਤੋਂ ਵਿਚਾਰ ਕੇ ਮੁਕਰਰ ਕਰਦਾ ਹੈ। ਉਹ ਮੁਕਰਰ ਕੀਤਾ ‘ਸਾਹਾ’ ਅਗਾਂਹ ਪਿਛਾਂਹ ਨਹੀਂ ਕੀਤਾ ਜਾ ਸਕਦਾ। ਜਿਵੇਂ ਵਿਆਹ ਦੀ ਰਾਹੀਂ ਲੜਕੀ ਨੂੰ ਮਾਪਿਆਂ ਦੇ ਘਰ ਤੋਂ ਸੋਧੇ ਹੋਏ ‘ਸਾਹੇ’ ਅਨੁਸਾਰ ਸਹੁਰੇ ਘਰ ਤੋਰ ਦੇਈਦਾ ਹੈ, ਤਿਵੇਂ ਜੀਵ = ਇਸਤ੍ਰੀ ਜਗਤ = ਰੂਪ ਮਾਪੇ = ਘਰ ਤੋਂ ਤੁਰ ਪੈਂਦੀ ਹੈ}। ਪੁਰਬਿ = ਪੂਰਬਲੇ ਸਮੇ ਵਿਚ। ਬਹਿ = ਬੈਠ ਕੇ, ਵਿਚਾਰ ਕੇ। ਸਾਚੈ = ਸਦਾ-ਥਿਰ ਪ੍ਰਭੂ ਨੇ। ਅੰਮ੍ਰਿਤੁ = ਨਾਮ = ਅੰਮ੍ਰਿਤ। ਬਿਖਿਆ = ਮਾਇਆ = ਜ਼ਹਿਰ। ਜਿਤੁ = ਜਿਸ ਪਾਸੇ ਵਲ। ਕਾਮਣਿਆਰੀ = ਜਾਦੂ ਟੂਣੇ ਕਰਨ ਵਾਲੀ (ਮਾਇਆ) । ਕਾਮਣ = ਟੂਣੇ, ਜਾਦੂ। ਗਲਿ = ਗਲ ਵਿਚ। ਹੋਛੀ = ਥੋੜ੍ਹ = ਵਿਤੀ। ਸਾ = ਜਿਵੇਂ। ਨਾਮਰਜਾਦੁ = {ਨਾ = ਮਰਜਾਦੁ} ਮਰਜਾਦਾ = ਰਹਿਤ, ਨੰਗਾ। ਕਲਿ = ਜਗਤ। ਬੰਧਿ = ਬੰਨ੍ਹ ਕੇ।੩।

ਰੋਵਹੁ = ਰੋ ਪਿੱਟ ਲਵੋ। ਜਾਨੀਅੜਾ = ਪਿਆਰਾ ਸੰਬੰਧੀ। ਪਠਾਇਆ ਹੈ– ਇੱਥੋਂ ਤੋਰ ਦਿੱਤਾ ਗਿਆ ਹੈ। ਦਰਿ = (ਪ੍ਰਭੂ ਦੇ) ਦਰ ਤੋਂ। ਹਾਕਾਰੜਾ = ਸੱਦਾ। ਜਾ = ਜਦੋਂ। ਤਿਸੁ = ਉਸ ਪ੍ਰਭੂ ਨੂੰ। ਰੋਵਣਹਾਰੇ = ਰੋਣ ਵਾਲੇ। ਭੈ = (ਆਪਣੀ ਕਿਸੇ ਮੁਸੀਬਤ ਦੇ) ਡਰ ਦੇ ਕਾਰਨ। ਸਾਰਿ = ਚੇਤੇ ਕਰ ਕੇ। ਕੋ = ਕੋਈ ਜੀਵ। ਜੁਗਿ ਜੁਗਿ = ਹਰੇਕ ਜੁੱਗ ਵਿਚ, ਸਦਾ ਹੀ। ਸਿ = ਸੇ, ਉਹ ਬੰਦੇ। ਜਾਣ ਜਾਣਾ = ਸਿਆਣਿਆਂ ਤੋਂ ਸਿਆਣੇ। ਰੋਵਹਿ = ਵੈਰਾਗ ਵਿਚ ਆਉਂਦੇ ਹਨ, ਪ੍ਰਭੂ ਨਾਲੋਂ ਵਿਛੋੜਾ ਅਨੁਭਵ ਕਰਦੇ ਹਨ। ਸਚੁ = ਸਦਾ-ਥਿਰ ਪ੍ਰਭੂ। ਸਮਾਲੇ = ਸਮਾਲਿ, ਚੇਤੇ ਕਰ ਕੇ।੪।

ਅਰਥ: ਹੇ ਭਾਈ! ਜਗਤ ਵਿਚ ਜੇਹੜਾ ਭੀ ਜੀਵ ਜਨਮ ਲੈ ਕੇ) ਆਇਆ ਹੈ ਉਸ ਨੇ (ਆਖ਼ਰ ਇਥੋਂ) ਕੂਚ ਕਰ ਜਾਣਾ ਹੈ (ਕਿਸੇ ਨੇ ਇਥੇ ਸਦਾ ਨਹੀਂ ਬੈਠ ਰਹਿਣਾ) ਇਹ ਜਗਤ ਹੈ ਹੀ ਨਾਸਵੰਤ ਖਿਲਾਰਾ। ਜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰੀਏ ਤਾਂ ਸਦਾ-ਥਿਰ ਰਹਿਣ ਵਾਲਾ ਟਿਕਾਣਾ ਮਿਲ ਜਾਂਦਾ ਹੈ। ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਪ੍ਰਕਾਸ਼ ਲਈ ਯੋਗ ਬਣ ਜਾਂਦਾ ਹੈ।

ਜੇਹੜਾ ਮਨੁੱਖ ਮਾਇਆ ਦੇ ਮੋਹ ਵਿਚ ਜਾਂ ਮਾਇਆ ਦੇ ਲਾਲਚ ਵਿਚ ਫਸਿਆ ਰਹਿੰਦਾ ਹੈ ਉਹ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਨਹੀਂ ਹੁੰਦਾ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਨਹੀਂ ਮਿਲਦੀ। ਜਿਵੇਂ ਸੁੰਞੇ ਘਰ ਵਿਚ ਗਏ ਕਾਂ ਨੂੰ (ਕਿਸੇ ਨੇ ਰੋਟੀ ਦੀ ਗਰਾਹੀ ਆਦਿਕ ਨਹੀਂ ਪਾਣੀ) (ਤਿਵੇਂ ਮਾਇਆ ਦੇ ਮੋਹ ਵਿਚ ਫਸੇ ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿਚ) ਕਿਸੇ ਨੇ ਇਹ ਨਹੀਂ ਆਖਣਾ-ਆਓ ਜੀ, ਅੰਦਰ ਲੰਘ ਆਵੋ ਤੇ ਬੈਠ ਜਾਵੋ। ਉਸ ਮਨੁੱਖ ਨੂੰ ਜਨਮ ਮਰਨ ਦਾ ਗੇੜ ਭੁਗਤਣਾ ਪੈ ਜਾਂਦਾ ਹੈ, ਉਸ ਨੂੰ (ਇਸ ਗੇੜ ਦੇ ਕਾਰਨ ਪ੍ਰਭੂ-ਚਰਨਾਂ ਨਾਲੋਂ) ਲੰਮਾ ਵਿਛੋੜਾ ਹੋ ਜਾਂਦਾ ਹੈ। (ਮਾਇਆ ਦੇ ਮੋਹ ਵਿਚ ਫਸ ਕੇ) ਜਗਤ ਆਤਮਕ ਮੌਤ ਸਹੇੜ ਰਿਹਾ ਹੈ (ਜੇਹੜੇ ਭੀ ਮੋਹ ਵਿਚ ਫਸਦੇ ਹਨ ਉਹ) ਸਾਰੇ (ਆਤਮਕ ਮੌਤ ਮਰਦੇ ਹਨ) । ਲਾਲਚ ਦੇ ਕਾਰਨ ਮਾਇਆ ਦੇ ਹੀ ਆਹਰ ਵਿਚ ਪਿਆ ਹੋਇਆ ਜਗਤ ਸਹੀ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ। ਇਸ ਦੇ ਸਿਰ ਉਤੇ ਖਲੋਤਾ ਕਾਲ ਇਸ ਨੂੰ ਦੁੱਖੀ ਕਰਦਾ ਰਹਿੰਦਾ ਹੈ।੧।

ਹੇ ਭਾਈ! ਹੇ ਭਰਾਵੋ! ਆਓ, ਅਸੀ ਪਿਆਰ ਨਾਲ ਰਲ ਕੇ ਬੈਠੀਏ, ਤੇ ਮਿਲ ਕੇ (ਆਪਣੇ ਵਿਛੁੜੇ ਸਾਥੀ ਨੂੰ) ਅਸੀਸਾਂ ਦੇਵੀਏ (ਉਸ ਦੇ ਵਾਸਤੇ ਪ੍ਰਭੂ-ਦਰ ਤੇ ਅਰਦਾਸਾਂ ਕਰੀਏ) ਪ੍ਰੀਤਮ-ਪ੍ਰਭੂ ਨਾਲ ਮਿਲਣ ਦੀਆਂ ਅਸੀਸਾਂ ਦੇਈਏ (ਅਰਦਾਸਾਂ ਕਰੀਏ। ਸਦਾ-ਥਿਰ ਮੇਲ ਸਿਰਫ਼ ਪਰਮਾਤਮਾ ਨਾਲ ਹੀ ਹੁੰਦਾ ਹੈ ਤੇ ਅਰਦਾਸ ਦੀ ਬਰਕਤਿ ਨਾਲ ਉਹ) ਸਦਾ-ਥਿਰ ਰਹਿਣ ਵਾਲਾ ਮਿਲਾਪ ਕਦੇ ਮੁੱਕਦਾ ਨਹੀਂ।

(ਹੇ ਸਤਸੰਗੀ ਭਰਾਵੋ! ਰਲ ਕੇ ਵਿਛੁੜੇ ਸਾਥੀ ਲਈ) ਅਰਦਾਸਾਂ ਕਰੋ (ਅਤੇ ਆਪ ਭੀ) ਪਰਮਾਤਮਾ ਦੀ ਭਗਤੀ ਕਰੋ (ਭਗਤੀ ਦੀ ਬਰਕਤਿ ਨਾਲ ਪਰਮਾਤਮਾ ਦੇ ਚਰਨਾਂ ਵਿਚ ਮਿਲਾਪ ਹੋ ਜਾਂਦਾ ਹੈ) ਜੇਹੜੇ ਇਕ ਵਾਰੀ ਪ੍ਰਭੂ-ਚਰਨਾਂ ਨਾਲ ਮਿਲ ਜਾਂਦੇ ਹਨ ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਹੁੰਦਾ।

ਪਰ ਕਈ ਐਸੇ ਹਨ ਜੋ ਪਰਮਾਤਮਾ ਦੇ ਨਾਮ ਤੋਂ ਖੁੰਝੇ ਫਿਰਦੇ ਹਨ ਜੋ ਸਦਾ ਕਾਇਮ ਰਹਿਣ ਵਾਲੇ ਟਿਕਾਣੇ ਤੋਂ ਉਖੜੇ ਫਿਰਦੇ ਹਨ। ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ ਸਹੀ ਜੀਵਨ-ਖੇਡ ਹੈ ਜੋ ਗੁਰੂ ਦੇ ਸ਼ਬਦ ਵਿਚ ਜੁੜ ਕੇ ਖੇਡੀ ਜਾ ਸਕਦੀ ਹੈ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ ਉਹ ਜਮ ਦੇ ਰਸਤੇ ਤੇ ਨਹੀਂ ਜਾਂਦੇ, ਉਹ ਸਦਾ ਲਈ ਹੀ ਉਸ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ ਜਿਸ ਦਾ ਸਰੂਪ (ਵੇਸ) ਸਦਾ ਲਈ ਅਟੱਲ ਹੈ।

ਹੇ ਸੱਜਣ ਮਿੱਤ੍ਰ ਸਤਸੰਗੀਓ! ਸਤਸੰਗ ਵਿਚ ਰਲ ਬੈਠੋ। ਜੇਹੜੇ ਬੰਦੇ ਸਤਸੰਗ ਵਿਚ ਆਏ ਹਨ ਉਹਨਾਂ ਨੇ ਗੁਰੂ ਨੂੰ ਮਿਲ ਕੇ ਮਾਇਆ ਦੇ ਮੋਹ ਦੇ ਫਾਹੇ ਵੱਢ ਲਏ ਹਨ।੨।

ਹੇ ਭਾਈ! ਜੀਵ ਆਪਣੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਨਵੇਂ ਜੀਵਨ ਵਿਚ ਭੋਗਣ ਵਾਸਤੇ) ਦੁੱਖ ਅਤੇ ਸੁਖ-ਰੂਪ ਲੇਖ (ਪਰਮਾਤਮਾ ਦੀ ਦਰਗਾਹ ਵਿਚੋਂ ਆਪਣੇ ਮੱਥੇ ਤੇ) ਲਿਖਾ ਕੇ ਜਗਤ ਵਿਚ ਨੰਗਾ ਹੀ ਆਉਂਦਾ ਹੈ (ਜਨਮ ਸਮੇ ਹੀ ਉਹ ਸਮਾ ਭੀ ਨਿਯਤ ਕੀਤਾ ਜਾਂਦਾ ਹੈ ਜਦੋਂ ਜੀਵ ਨੇ ਜਗਤ ਤੋਂ ਵਾਪਸ ਤੁਰ ਪੈਣਾ ਹੁੰਦਾ ਹੈ) ਉਹ ਮੁਕਰਰ ਕੀਤਾ ਹੋਇਆ ਸਮਾ ਅਗਾਂਹ ਪਿਛਾਂਹ ਨਹੀਂ ਹੋ ਸਕਦਾ, (ਨਾਹ ਹੀ ਉਹ ਦੁਖ ਸੁਖ ਵਾਪਰਨੋਂ ਹਟ ਸਕਦਾ ਹੈ) ਜੋ ਪੂਰਬਲੇ ਜਨਮ ਵਿਚ ਕਰਮ ਕਰ ਕੇ (ਕਮਾਈ ਵਜੋਂ) ਖੱਟਿਆ ਹੈ। (ਜੀਵ ਦੇ ਕੀਤੇ ਕਰਮਾਂ ਅਨੁਸਾਰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਸੋਚ-ਵਿਚਾਰ ਕੇ ਲਿਖ ਦਿੱਤਾ ਹੁੰਦਾ ਹੈ ਕਿ ਜੀਵ ਨੇ ਨਵੇਂ ਜੀਵਨ-ਸਫ਼ਰ ਵਿਚ ਨਾਮ-ਅੰਮ੍ਰਿਤ ਵਿਹਾਝਣਾ ਹੈ ਜਾਂ ਮਾਇਆ-ਜ਼ਹਿਰ ਖੱਟਣਾ ਹੈ। (ਪਿਛਲੇ ਕੀਤੇ ਅਨੁਸਾਰ ਹੀ ਪ੍ਰਭੂ ਦੀ ਰਜ਼ਾ ਵਿਚ) ਜਿਧਰ ਜੀਵ ਨੂੰ ਲਾਇਆ ਜਾਂਦਾ ਹੈ ਉਧਰ ਇਹ ਲੱਗ ਪੈਂਦਾ ਹੈ। (ਉਸੇ ਲਿਖੇ ਅਨੁਸਾਰ ਹੀ) ਜਾਦੂ ਟੂਣੇ ਕਰਨ ਵਾਲੀ ਮਾਇਆ ਜੀਵ ਉਤੇ ਜਾਦੂ ਪਾ ਦੇਂਦੀ ਹੈ, ਇਸ ਦੇ ਗਲ ਵਿਚ ਕਈ ਰੰਗਾਂ ਵਾਲਾ ਧਾਗਾ ਪਾ ਦੇਂਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਇਸ ਨੂੰ ਮੋਹ ਲੈਂਦੀ ਹੈ) । (ਇਸ ਮੋਹਣੀ ਮਾਇਆ ਦੇ ਪ੍ਰਭਾਵ ਹੇਠ ਹੀ) ਜੀਵ ਦੀ ਮਤਿ ਥੋੜ੍ਹ-ਵਿਤੀ ਹੋ ਜਾਂਦੀ ਹੈ, ਜੀਵ ਦਾ ਮਨ ਥੋੜ੍ਹ-ਵਿਤਾ ਹੋ ਜਾਂਦਾ ਹੈ (ਭਾਵ, ਇਸ ਵਿਚ ਵਿਤਕਰਾ ਤੇ ਮੇਰ-ਤੇਰ ਆ ਜਾਂਦੇ ਹਨ, ਆਪਣੇ ਨਿੱਕੇ ਜਿਹੇ ਸੁਅਰਥ ਤੋਂ ਬਾਹਰ ਵੇਖ ਸੋਚ ਨਹੀਂ ਸਕਦਾ) , ਜਿਵੇਂ ਮੱਖੀ ਗੁੜ ਖਾਂਦੀ ਹੈ (ਤੇ ਗੁੜ ਨਾਲ ਚੰਬੜ ਕੇ ਹੀ ਮਰ ਜਾਂਦੀ ਹੈ, ਤਿਵੇਂ ਜੀਵ ਮਾਇਆ ਨਾਲ ਚੰਬੜ ਕੇ ਆਤਮਕ ਮੌਤੇ ਮਰ ਜਾਂਦਾ ਹੈ) । ਜੀਵ ਜਗਤ ਵਿਚ ਨੰਗਾ ਹੀ ਆਉਂਦਾ ਹੈ ਤੇ ਨੰਗਾ ਹੀ ਬੰਨ੍ਹ ਕੇ ਅੱਗੇ ਲਾ ਲਿਆ ਜਾਂਦਾ ਹੈ।੩।

ਹੇ ਭਾਈ! ਜਿਸ ਜੀਵ ਦੇ ਇਥੋਂ ਚਲਾਣੇ ਦਾ ਸੱਦਾ ਆ ਜਾਂਦਾ ਹੈ, ਰੋ ਰੋ ਕੇ ਉਸ ਸੱਦੇ ਨੂੰ ਟਾਲ ਨਹੀਂ ਸਕੀਦਾ, ਇਹ ਅਟੱਲ ਨਿਯਮ ਹੈ, ਪਰ ਫਿਰ ਭੀ) ਜੇ ਕਿਸੇ ਨੇ (ਇਸ ਸੱਦੇ ਨੂੰ ਟਾਲਣ ਲਈ) ਰੋਣਾ ਹੀ ਹੈ ਤਾਂ ਰੋ ਕੇ ਵੇਖ ਲਵੋ। ਪਿਆਰਾ ਸੰਬੰਧੀ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ। (ਉਸ ਦੇ ਇਥੋਂ ਕੂਚ ਵਾਸਤੇ ਪਰਮਾਤਮਾ ਦੀ ਦਰਗਾਹ ਦਾ) ਲਿਖਿਆ ਹੁਕਮ ਮਿਟਾ ਨਹੀਂ ਸਕੀਦਾ, ਪ੍ਰਭੂ ਦੇ ਦਰ ਤੋਂ ਸੱਦਾ ਆ ਜਾਂਦਾ ਹੈ (ਉਹ ਸੱਦਾ ਅਮਿੱਟ ਹੈ) ।

ਜਦੋਂ ਪਰਮਾਤਮਾ ਨੂੰ (ਆਪਣੀ ਰਜ਼ਾ ਵਿਚ) ਚੰਗਾ ਲੱਗਦਾ ਹੈ, ਤਾਂ (ਜੀਵ ਵਾਸਤੇ ਕੂਚ ਦਾ) ਸੱਦਾ ਆ ਜਾਂਦਾ ਹੈ, ਰੋਣ ਵਾਲੇ ਸੰਬੰਧੀ ਰੋਂਦੇ ਹਨ। ਪੁੱਤਰ, ਭਰਾ, ਭਤੀਜੇ, ਬੜੇ ਪਿਆਰੇ ਸੰਬੰਧੀ (ਸਭੇ ਹੀ) ਰੋਂਦੇ ਹਨ।

ਜੀਵ (ਕੂਚ ਕਰ ਜਾਣ ਵਾਲੇ ਆਪਣੇ ਸੰਬੰਧੀ ਦੇ ਪਿੱਛੇ ਦੁਨੀਆ ਵਿਚ ਵਾਪਰਨ ਵਾਲੇ ਦੁੱਖਾਂ ਦੇ) ਸਹਮ ਵਿਚ ਰੋਂਦਾ ਹੈ, ਤੇ ਉਸ ਦੇ ਗੁਣਾਂ (ਸੁਖਾਂ) ਨੂੰ ਮੁੜ ਮੁੜ ਚੇਤੇ ਕਰਦਾ ਹੈ, ਪਰ ਕਦੇ ਭੀ ਕੋਈ ਜੀਵ ਮੁਏ ਪ੍ਰਾਣੀਆਂ ਦੇ ਨਾਲ ਮਰਦਾ ਨਹੀਂ ਹੈ (ਜੀਊਣਾ ਹਰੇਕ ਨੂੰ ਪਿਆਰਾ ਲੱਗਦਾ ਹੈ, ਆਈ ਤੋਂ ਬਿਨਾ ਕੋਈ ਮਰ ਭੀ ਨਹੀਂ ਸਕਦਾ) ।

ਹੇ ਨਾਨਕ! ਇਹ ਮਰਨ ਤੇ ਜੰਮਣ ਦਾ ਸਿਲਸਿਲਾ ਤਾਂ ਜਾਰੀ ਹੀ ਰਹਿਣਾ ਹੈ) ਉਹ ਬੰਦੇ ਸਦਾ ਹੀ ਮਹਾ ਸਿਆਣੇ ਹਨ ਜੋ ਸਦਾ-ਥਿਰ-ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾ ਕੇ ਮਾਇਆ ਦੇ ਮੋਹ ਵਲੋਂ ਉਪਰਾਮ ਹੁੰਦੇ ਹਨ।੪।੫।


Today’s Hukamnama from Gurdwara Baoli Sahib Goindwal Sahib

ਟੋਡੀ ਮਹਲਾ ੫ ॥ ਹਰਿ ਬਿਸਰਤ ਸਦਾ ਖੁਆਰੀ ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥ ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥ ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ॥ ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥੨॥੨॥ {ਪੰਨਾ 711-712}

ਪਦਅਰਥ: ਖੁਆਰੀ = ਬੇ = ਇੱਜ਼ਤੀ। ਕਉ = ਨੂੰ। ਕਹਾ ਬਿਆਪੈ = ਨਹੀਂ ਵਿਆਪ ਸਕਦਾ। ਓਟ = ਆਸਰਾ।ਰਹਾਉ।

ਬਲਨਾ = ਬਿਲਾਨਾ, ਗੁਜ਼ਾਰਨਾ। ਅਰਜਾਰੀ = ਉਮਰ। ਨਵ ਖੰਡਨ ਕੋ ਰਾਜੁ = ਸਾਰੀ ਧਰਤੀ ਦਾ ਰਾਜ। ਅੰਤਿ = ਆਖ਼ਰ ਨੂੰ। ਹਾਰੀ = ਹਾਰਿ, (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ।੧।

ਗੁਣ ਨਿਧਾਨ ਗੁਣ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ। ਤਿਨ ਹੀ = ਉਸ ਨੇ ਹੀ {ਲਫ਼ਜ਼ ‘ਤਿਨਿ’ ਦੀ ‘ਿ’ ਕ੍ਰਿਆ = ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ} ਤਿਨਿ ਹੀ। ਜਾ ਕਉ = ਜਿਸ ਉਤੇ। ਧਾਰੀ = ਕੀਤੀ। ਧੰਨੁ = ਮੁਬਾਰਿਕ। ਤਿਸੁ = ਬਲਿਹਾਰੀ = ਉਸ ਤੋਂ ਕੁਰਬਾਨ।੨।

ਅਰਥ: ਹੇ ਭਾਈ! ਪਰਮਾਤਮਾ (ਦੇ ਨਾਮ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ ਹੈ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ (ਮਾਇਆ ਦੇ ਕਿਸੇ ਭੀ ਵਿਕਾਰ ਵੱਲੋਂ) ਧੋਖਾ ਨਹੀਂ ਲੱਗ ਸਕਦਾ।ਰਹਾਉ।

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਤਨੀ ਭੀ ਜ਼ਿੰਦਗੀ ਗੁਜ਼ਾਰਨੀ ਹੈ (ਉਹ ਇਉਂ ਹੀ ਹੁੰਦੀ ਹੈ) ਜਿਵੇਂ ਸੱਪ (ਆਪਣੀ) ਉਮਰ ਗੁਜ਼ਾਰਦਾ ਹੈ (ਉਮਰ ਭਾਵੇਂ ਲੰਮੀ ਹੁੰਦੀ ਹੈ, ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਪੈਦਾ ਕਰਦਾ ਰਹਿੰਦਾ ਹੈ) । (ਸਿਮਰਨ ਤੋਂ ਵਾਂਜਿਆ ਹੋਇਆ ਮਨੁੱਖ ਜੇ) ਸਾਰੀ ਧਰਤੀ ਦਾ ਰਾਜ ਭੀ ਕਰਦਾ ਰਹੇ, ਤਾਂ ਭੀ ਆਖ਼ਰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਹੀ ਜਾਂਦਾ ਹੈ।੧।

ਹੇ ਨਾਨਕ! ਆਖ-ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਹਨ ਜਿਸ ਉਤੇ ਹਰੀ ਨੇ ਮੇਹਰ ਕੀਤੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਿਤੀਤ ਕਰਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੁੰਦੀ ਹੈ। ਅਜੇਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ।੨।੨।


Today’s Hukamnama from Gurdwara Damdama Sahib Thatta (Kapurthala)

ਸੂਹੀ ਮਹਲਾ ੫ ॥ ਜੋ ਕਿਛੁ ਕਰੈ ਸੋਈ ਪ੍ਰਭ ਮਾਨਹਿ ਓਇ ਰਾਮ ਨਾਮ ਰੰਗਿ ਰਾਤੇ ॥ ਤਿਨ੍ਹ੍ਹ ਕੀ ਸੋਭਾ ਸਭਨੀ ਥਾਈ ਜਿਨ੍ਹ੍ਹ ਪ੍ਰਭ ਕੇ ਚਰਣ ਪਰਾਤੇ ॥੧॥ ਮੇਰੇ ਰਾਮ ਹਰਿ ਸੰਤਾ ਜੇਵਡੁ ਨ ਕੋਈ ॥ ਭਗਤਾ ਬਣਿ ਆਈ ਪ੍ਰਭ ਅਪਨੇ ਸਿਉ ਜਲਿ ਥਲਿ ਮਹੀਅਲਿ ਸੋਈ ॥੧॥ ਰਹਾਉ ॥ ਕੋਟਿ ਅਪ੍ਰਾਧੀ ਸੰਤਸੰਗਿ ਉਧਰੈ ਜਮੁ ਤਾ ਕੈ ਨੇੜਿ ਨ ਆਵੈ ॥ ਜਨਮ ਜਨਮ ਕਾ ਬਿਛੁੜਿਆ ਹੋਵੈ ਤਿਨ੍ਹ੍ਹ ਹਰਿ ਸਿਉ ਆਣਿ ਮਿਲਾਵੈ ॥੨॥ ਮਾਇਆ ਮੋਹ ਭਰਮੁ ਭਉ ਕਾਟੈ ਸੰਤ ਸਰਣਿ ਜੋ ਆਵੈ ॥ ਜੇਹਾ ਮਨੋਰਥੁ ਕਰਿ ਆਰਾਧੇ ਸੋ ਸੰਤਨ ਤੇ ਪਾਵੈ ॥੩॥ ਜਨ ਕੀ ਮਹਿਮਾ ਕੇਤਕ ਬਰਨਉ ਜੋ ਪ੍ਰਭ ਅਪਨੇ ਭਾਣੇ ॥ ਕਹੁ ਨਾਨਕ ਜਿਨ ਸਤਿਗੁਰੁ ਭੇਟਿਆ ਸੇ ਸਭ ਤੇ ਭਏ ਨਿਕਾਣੇ ॥੪॥੪॥੫੧॥ {ਪੰਨਾ 748}

ਪਦਅਰਥ: ਕਰੈ = (ਪਰਮਾਤਮਾ) ਕਰਦਾ ਹੈ। ਪ੍ਰਭ ਮਾਨਹਿ = ਪ੍ਰਭੂ ਦਾ ਕੀਤਾ ਮੰਨਦੇ ਹਨ। ਓਇ = ਉਹ ਸੰਤ ਜਨ {ਲਫ਼ਜ਼ ‘ਓਹੁ’ ਤੋਂ ਬਹੁ-ਵਚਨ}। ਰੰਗਿ = ਰੰਗ ਵਿਚ। ਰਾਤੇ = ਰੰਗੇ ਹੋਏ। ਥਾਈ = ਥਾਈਂ, ਥਾਵਾਂ ਵਿਚ। ਪਰਾਤੇ = ਪਛਾਣੇ, ਸਾਂਝ ਪਾ ਲਈ।੧।

ਜੇਵਡੁ = ਜੇਡਾ, ਬਰਾਬਰ ਦਾ। ਸਿਉ = ਨਾਲ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ।੧।ਰਹਾਉ।

ਕੋਟਿ ਅਪ੍ਰਾਧੀ = ਕ੍ਰੋੜਾਂ ਪਾਪ ਕਰਨ ਵਾਲਾ। ਸੰਗਿ = ਸੰਗਤਿ ਵਿਚ। ਉਭਰੈ = ਵਿਕਾਰਾਂ ਤੋਂ ਬਚ ਜਾਂਦਾ ਹੈ। ਕੈ ਨੇੜਿ = ਦੇ ਨੇੜੇ। ਸਿਉ = ਨਾਲ। ਆਣਿ = ਲਿਆ ਕੇ।੨।

ਭਰਮੁ = ਭਟਕਣਾ। ਕਰਿ = ਕਰ ਕੇ, ਧਾਰ ਕੇ। ਤੇ = ਤੋਂ, ਪਾਸੋਂ।੩।

ਮਹਿਮਾ = ਵਡਿਆਈ। ਕੇਤਕ = ਕਿਤਨੀ ਕੁ। ਬਰਨਉ = ਬਰਨਉਂ, ਮੈਂ ਬਿਆਨ ਕਰਾਂ। ਭਾਣੇ = ਚੰਗੇ ਲੱਗੇ। ਸਭ ਤੇ = ਸਾਰੀ ਲੁਕਾਈ ਤੋਂ। ਨਿਕਾਣੇ = ਬੇ = ਮੁਥਾਜ।੪।

ਅਰਥ: ਹੇ ਮੇਰੇ ਪ੍ਰਭੂ! ਤੇਰੇ ਸੰਤਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਹੇ ਭਾਈ! ਸੰਤ ਜਨਾਂ ਦੀ ਪਰਮਾਤਮਾ ਨਾਲ ਡੂੰਘੀ ਪ੍ਰੀਤਿ ਬਣੀ ਰਹਿੰਦੀ ਹੈ, ਉਹਨਾਂ ਨੂੰ ਪਰਮਾਤਮਾ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਵੱਸਦਾ ਦਿੱਸਦਾ ਹੈ।੧।ਰਹਾਉ।

ਹੇ ਭਾਈ! ਉਹ ਸੰਤ ਜਨ ਪਰਮਾਤਮਾ ਦੇ ਨਾਮ ਦੇ ਰੰਗ ਵਿਚ ਰੰਗੇ ਰਹਿੰਦੇ ਹਨ। ਜੋ ਕੁਝ ਪਰਮਾਤਮਾ ਕਰਦਾ ਹੈ, ਉਸ ਨੂੰ ਉਹ ਪਰਮਾਤਮਾ ਦਾ ਕੀਤਾ ਹੀ ਮੰਨਦੇ ਹਨ। ਹੇ ਭਾਈ! ਜਿਨ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾ ਲਈ, ਉਹਨਾਂ ਦੀ ਵਡਿਆਈ ਸਭ ਥਾਵਾਂ ਵਿਚ (ਖਿੱਲਰ ਜਾਂਦੀ ਹੈ) ।੧।

ਹੇ ਭਾਈ! ਕ੍ਰੋੜਾਂ ਅਪਰਾਧ ਕਰਨ ਵਾਲਾ ਮਨੁੱਖ ਭੀ ਸੰਤ ਦੀ ਸੰਗਤਿ ਵਿਚ (ਟਿਕ ਕੇ) ਵਿਕਾਰਾਂ ਤੋਂ ਬਚ ਜਾਂਦਾ ਹੈ, (ਫਿਰ) ਜਮ ਉਸ ਦੇ ਨੇੜੇ ਨਹੀਂ ਆਉਂਦਾ। ਜੇ ਕੋਈ ਮਨੁੱਖ ਅਨੇਕਾਂ ਜਨਮਾਂ ਤੋਂ ਪਰਮਾਤਮਾ ਨਾਲੋਂ ਵਿਛੁੜਿਆ ਹੋਵੇ-ਸੰਤ ਅਜੇਹੇ ਅਨੇਕਾਂ ਮਨੁੱਖਾਂ ਨੂੰ ਲਿਆ ਕੇ ਪਰਮਾਤਮਾ ਨਾਲ ਮਿਲਾ ਦੇਂਦਾ ਹੈ।੨।

ਹੇ ਭਾਈ! ਜੇਹੜਾ ਭੀ ਮਨੁੱਖ ਸੰਤ ਦੀ ਸਰਨ ਆ ਪੈਂਦਾ ਹੈ, ਸੰਤ ਉਸ ਦੇ ਅੰਦਰੋਂ ਮਾਇਆ ਦਾ ਮੋਹ, ਭਟਕਣਾ, ਡਰ ਦੂਰ ਕਰ ਦੇਂਦਾ ਹੈ। ਮਨੁੱਖ ਜਿਹੋ ਜਿਹੀ ਵਾਸਨਾ ਧਾਰ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਉਹੀ ਫ਼ਲ ਸੰਤ ਜਨਾਂ ਤੋਂ ਪ੍ਰਾਪਤ ਕਰ ਲੈਂਦਾ ਹੈ।੩।

ਹੇ ਭਾਈ! ਜੇਹੜੇ ਸੇਵਕ ਆਪਣੇ ਪ੍ਰਭੂ ਨੂੰ ਪਿਆਰੇ ਲੱਗ ਚੁਕੇ ਹਨ, ਮੈਂ ਉਹਨਾਂ ਦੀ ਕਿਤਨੀ ਕੁ ਵਡਿਆਈ ਬਿਆਨ ਕਰਾਂ? ਹੇ ਨਾਨਕ! ਆਖ-ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ, ਉਹ ਸਾਰੀ ਲੁਕਾਈ ਤੋਂ ਬੇ-ਮੁਥਾਜ ਹੋ ਗਏ।੪।੪।੫੧।


Today’s Hukamnama from Gurdwara Baba Darbara Singh Ji Tibba (Kapurthala)

ਪਹਿਲ ਪੁਰੀਏ ਪੁੰਡਰਕ ਵਨਾ ॥ ਤਾ ਚੇ ਹੰਸਾ ਸਗਲੇ ਜਨਾਂ ॥ ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥ ਪਹਿਲ ਪੁਰਸਾਬਿਰਾ ॥ ਅਥੋਨ ਪੁਰਸਾਦਮਰਾ ॥ ਅਸਗਾ ਅਸ ਉਸਗਾ ॥ ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥ ਨਾਚੰਤੀ ਗੋਪੀ ਜੰਨਾ ॥ ਨਈਆ ਤੇ ਬੈਰੇ ਕੰਨਾ ॥ ਤਰਕੁ ਨ ਚਾ ॥ ਭ੍ਰਮੀਆ ਚਾ ॥ ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥ ਪਿੰਧੀ ਉਭਕਲੇ ਸੰਸਾਰਾ ॥ ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥ ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥ {ਪੰਨਾ 693}

ਪਦਅਰਥ: ਪਹਿਲ ਪੁਰੀਏ = ਪਹਿਲਾਂ ਪਹਿਲ। {ਪੁਰਾ (पुरा) ਸੰਸਕ੍ਰਿਤ ਪਦ ਹੈ, ਇਸ ਦਾ ਅਰਥ ਹੈ ‘ਪਹਿਲਾਂ’}। ਪੁੰਡਰਕ ਵਨਾ = ਪੁੰਡਰਕਾਂ ਦਾ ਬਨ, ਕੌਲ ਫੁੱਲਾਂ ਦਾ ਖੇਤ। ਪੁੰਡਰਕ = {पुंडरीक} ਚਿੱਟਾ ਕੌਲ ਫੁੱਲ। ਤਾ ਚੇ = ਉਸ (ਪੁੰਡਰਕ ਵਨ) ਦੇ, ਉਸ (ਕੌਲ ਫੁੱਲਾਂ ਦੇ ਖੇਤ) ਦੇ। ਸਗਲੇ ਜਨਾਂ = ਸਾਰੇ ਜੀਅ ਜੰਤ। ਕ੍ਰਿਸ੍ਨਾ = ਮਾਇਆ। ਤੇ = ਤੋਂ। ਜਾਨਊ = ਜਾਣੋ, ਸਮਝੋ। ਹਰਿ ਕ੍ਰਿਸ੍ਨਾ = ਪ੍ਰਭੂ ਦੀ ਮਾਇਆ। ਹਰਿ ਨਾਚਨਾ = ਪ੍ਰਭੂ ਦੀ ਨਾਚ ਕਰਨ ਵਾਲੀ (ਸ੍ਰਿਸ਼ਟੀ) । ਨਾਚੰਤੀ = ਨੱਚ ਰਹੀ ਹੈ।੧।

ਪੁਰਸਾਬਿਰਾ = ਪੁਰਸ = ਆਬਿਰਾ। ਪੁਰਸ = ਪਰਮਾਤਮਾ। ਆਬਿਰਾ = ਪਰਗਟ (ਹੋਇਆ) । ਆਬਿਰ ਭੂ = {आविर भु } ਪਰਗਟ ਹੋਣਾ। ਅਥੋਨ = ਉਸ ਤੋਂ ਪਿਛੋਂ, ਫਿਰ। ਪੁਰਸਾਦਮਰਾ = ਪੁਰਸ਼ਾਤ = ਅਮਰਾ {पुरूषात् = अमरा} ਪੁਰਸ਼ ਤੋਂ ਮਾਇਆ। ਅਮਰਾ = ਮਾਇਆ, ਕੁਦਰਤ। ਅਸ ਗਾ = ਇਸ ਦਾ। ਅਸ = ਅਤੇ। ਉਸ ਗਾ = ਉਸ ਦਾ। ਬਾਗਰਾ = ਸੋਹਣਾ ਜਿਹਾ ਬਾਗ਼। ਪਿੰਧੀ = ਟਿੰਡਾਂ। ਸਾਗਰਾ = ਸਮੁੰਦਰ, ਪਾਣੀ।੧।ਰਹਾਉ।

ਗੋਪੀ ਜੰਨਾ = ਇਸਤ੍ਰੀਆਂ ਅਤੇ ਮਰਦ। ਨਈਆ = ਨਾਇਕ, ਪਰਮਾਤਮਾ। ਤੇ = ਤੋਂ। ਬੈਰੇ = ਵੱਖਰੇ। ਕੰਨਾ = ਕੋਈ ਨਹੀਂ। ਕੇਸਵਾ ਬਚਉਨੀ = ਕੇਸ਼ਵ ਦੇ ਬਚਨ ਹੀ। ਅਈਏ ਮਈਏ = ਇਸਤ੍ਰੀ ਮਰਦ ਵਿਚ। ਅਈਆ = {अर्या} ਇਸਤ੍ਰੀ। ਮਈਆ {मर्य} ਮਨੁੱਖ। ਏਕ ਆਨ = {एकायन = ਇਕ ਅਯਨ। ਅਯਨ = ਰਸਤਾ} ਇੱਕੋ ਰਾਹੇ, ਇੱਕ = ਰਸ।੨।

ਉਭਕਲੇ = ਡੁਬਕੀਆਂ। ਸੰਸਾਰਾ = ਸੰਸਾਰ (ਸਮੁੰਦਰ) ਵਿਚ। ਭ੍ਰਮਿ ਭ੍ਰਮਿ = ਭਟਕ ਭਟਕ ਕੇ। ਤੁਮ ਚੇ = ਤੇਰੇ। ਚੇ = ਦੇ। ਰੇ = ਹੇ ਭਾਈ! ਕੁਨੁ = ਕੌਣ? ਜੀ = ਹੇ (ਪ੍ਰਭੂ) ਜੀ! ਆਲਾ = ਆਲਯ, ਘਰ, ਜਗਤ ਦਾ ਜੰਜਾਲ। ਤੇ = ਤੋਂ। ਨਿਵਾਰਣਾ = ਬਚਾ ਲੈ। ਜਮ ਕਾਰਣਾ = ਜਮਾਂ (ਦੇ ਡਰ) ਦਾ ਕਾਰਨ।

ਨੋਟ: ਲਫ਼ਜ਼ ‘ਆਲਾ’ ਦਾ ਅਰਥ ਕਈ ਸੱਜਣ ‘ਆਇਆ’ ਕਰਦੇ ਹਨ। ਇਸ ਲਫ਼ਜ਼ ‘ਆਲਾ’ ਨੂੰ ਉਹ ਧਾਤੂ ‘ਆ’ ਦਾ ‘ਭੂਤਕਾਲ’ ਮੰਨਦੇ ਹਨ। ਮਰਾਠੀ ਬੋਲੀ ਵਿਚ ਕਿਸੇ ਧਾਤੂ ਤੋਂ ‘ਭੂਤਕਾਲ’ ਬਣਾਣ ਲਈ ਪਿਛੇਤਰ ‘ਲਾ’ ਵਰਤੀਦਾ ਹੈ। ਪਰ ਧਾਤੂ ‘ਆ’ ਤੋਂ ਮਰਾਠੀ ਵਿਚ ‘ਆਲਾ’ ਭੂਤਕਾਲ ਨਹੀਂ ਬਣਦਾ, ‘ਆ’ ਅਤੇ ‘ਲਾ’ ਦੇ ਵਿਚਕਾਰ ‘ਇ’ ਭੀ ਵਰਤੀ ਜਾਂਦੀ ਹੈ। ‘ਆ’ ਤੋਂ ਭੂਤਕਾਲ ‘ਆਇਲਾ’ ਹੈ; ਜਿਵੇਂ:

“ਗਰੁੜ ਚੜੇ ਗੋਬਿੰਦੁ ਆਇਲਾ” {ਨਾਮਦੇਵ ਜੀ}

ਲਫ਼ਜ਼ ‘ਤੇ’ ਦਾ ਉਹ ਸੱਜਣ ‘ਅਤੇ’ ਅਰਥ ਕਰਦੇ ਹਨ। ਇਹ ਭੀ ਗ਼ਲਤ ਹੈ। ‘ਤੇ’ ਦਾ ਅਰਥ ਹੈ ‘ਤੋਂ’। ‘ਅਤੇ’ ਵਾਸਤੇ ਪੁਰਾਣੀ ਪੰਜਾਬੀ ਵਿਚ ਲਫ਼ਜ਼ ‘ਤੈ’ ਹੈ।੩।

ਅਰਥ: ਪਹਿਲਾਂ ਪੁਰਸ਼ (ਅਕਾਲ ਪੁਰਖ) ਪਰਗਟ ਹੋਇਆ {“ਆਪੀਨ੍ਹ੍ਹੈ ਆਪੁ ਸਾਜਿਓ, ਆਪੀਨ੍ਹ੍ਹੈ ਰਚਿਓ ਨਾਉ”}। ਫਿਰ ਅਕਾਲ ਪੁਰਖ ਤੋਂ ਮਾਇਆ (ਬਣੀ) (“ਦੁਯੀ ਕੁਦਰਤਿ ਸਾਜੀਐ”) । ਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ (ਮੇਲ ਹੋਇਆ) (“ਕਰਿ ਆਸਣੁ ਡਿਠੋ ਚਾਉ”) । (ਇਸ ਤਰ੍ਹਾਂ ਇਹ ਸੰਸਾਰ) ਪਰਮਾਤਮਾ ਦਾ ਇਕ ਸੋਹਣਾ ਜਿਹਾ ਬਾਗ਼ (ਬਣ ਗਿਆ ਹੈ, ਜੋ) ਇਉਂ ਨੱਚ ਰਿਹਾ ਹੈ ਜਿਵੇਂ (ਖੂਹ ਦੀਆਂ) ਟਿੰਡਾਂ ਵਿਚ ਪਾਣੀ ਨੱਚਦਾ ਹੈ (ਭਾਵ, ਸੰਸਾਰ ਦੇ ਜੀਵ ਮਾਇਆ ਵਿਚ ਮੋਹਿਤ ਹੋ ਕੇ ਦੌੜ-ਭੱਜ ਕਰ ਰਹੇ ਹਨ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ) ।੧।ਰਹਾਉ।

ਪਹਿਲਾਂ ਪਹਿਲ (ਜੋ ਜਗਤ ਬਣਿਆ ਹੈ ਉਹ, ਮਾਨੋ) ਕੌਲ ਫੁੱਲਾਂ ਦਾ ਖੇਤ ਹੈ, ਸਾਰੇ ਜੀਅ ਜੰਤ ਉਸ (ਕੌਲ ਫੁੱਲਾਂ ਦੇ ਖੇਤ) ਦੇ ਹੰਸ ਹਨ। ਪਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ। ਇਹ ਪ੍ਰਭੂ ਦੀ ਮਾਇਆ (ਦੀ ਪ੍ਰੇਰਨਾ) ਤੋਂ ਸਮਝੋ।੧।

ਇਸਤ੍ਰੀਆਂ ਮਰਦ ਸਭ ਨੱਚ ਰਹੇ ਹਨ, (ਪਰ ਇਹਨਾਂ ਸਭਨਾਂ ਵਿਚ) ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਹੈ। (ਹੇ ਭਾਈ! ਇਸ ਵਿਚ) ਸ਼ੱਕ ਨਾ ਕਰ, (ਇਸ ਸੰਬੰਧੀ) ਭਰਮ ਦੂਰ ਕਰ ਦੇਹ। ਹਰੇਕ ਇਸਤ੍ਰੀ-ਮਰਦ ਵਿਚ ਪਰਮਾਤਮਾ ਦੇ ਬਚਨ ਹੀ ਇੱਕ-ਰਸ ਹੋ ਰਹੇ ਹਨ (ਭਾਵ, ਹਰੇਕ ਜੀਵ ਵਿਚ ਪਰਮਾਤਮਾ ਆਪ ਹੀ ਬੋਲ ਰਿਹਾ ਹੈ) ।੨।

(ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ। ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ। ਹੇ (ਪ੍ਰਭੂ) ਜੀ! ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ? (ਤਾਂ) ਹੇ ਜੀ! ਮੈਂ ਨਾਮਾ ਹਾਂ। ਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ।੩, ੪।

ਸ਼ਬਦ ਦਾ ਭਾਵ: ਮਾਇਆ ਦਾ ਪ੍ਰਭਾਵ ਅਤੇ ਇਸ ਦਾ ਇਲਾਜ।

ਇਹ ਸਾਰੀ ਮਾਇਕ ਰਚਨਾ ਪ੍ਰਭੂ ਤੋਂ ਹੀ ਹੋਈ ਹੈ, ਪ੍ਰਭੂ ਸਭ ਵਿਚ ਵਿਆਪਕ ਹੈ। ਪਰ ਜੀਵ ਪ੍ਰਭੂ ਨੂੰ ਵਿਸਾਰ ਕੇ ਮਾਇਆ ਦੇ ਹੱਥ ਉੱਤੇ ਨੱਚ ਰਹੇ ਹਨ। ਪ੍ਰਭੂ ਦੀ ਸ਼ਰਨ ਪਿਆਂ ਹੀ ਇਸ ਤੋਂ ਬਚੀਦਾ ਹੈ।


Today’s Hukamnama from State Gurdwara Sahib Kapurthala

ਸੋਰਠਿ ਮਹਲਾ ੩ ॥ ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥੧॥ ਹਰਿ ਕੇ ਦਾਸ ਸੁਹੇਲੇ ਭਾਈ ॥ ਜਨਮ ਜਨਮ ਕੇ ਕਿਲਬਿਖ ਦੁਖ ਕਾਟੇ ਆਪੇ ਮੇਲਿ ਮਿਲਾਈ ॥ ਰਹਾਉ ॥ ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ ਭਰਮਿ ਭੁਲਾ ਸੈਂਸਾਰਾ ॥ ਬਿਨੁ ਗੁਰ ਬੰਧਨ ਟੂਟਹਿ ਨਾਹੀ ਗੁਰਮੁਖਿ ਮੋਖ ਦੁਆਰਾ ॥ ਕਰਮ ਕਰਹਿ ਗੁਰ ਸਬਦੁ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ ॥੨॥ ਹਉ ਮੇਰਾ ਜਗੁ ਪਲਚਿ ਰਹਿਆ ਭਾਈ ਕੋਇ ਨ ਕਿਸ ਹੀ ਕੇਰਾ ॥ ਗੁਰਮੁਖਿ ਮਹਲੁ ਪਾਇਨਿ ਗੁਣ ਗਾਵਨਿ ਨਿਜ ਘਰਿ ਹੋਇ ਬਸੇਰਾ ॥ ਐਥੈ ਬੂਝੈ ਸੁ ਆਪੁ ਪਛਾਣੈ ਹਰਿ ਪ੍ਰਭੁ ਹੈ ਤਿਸੁ ਕੇਰਾ ॥੩॥ ਸਤਿਗੁਰੂ ਸਦਾ ਦਇਆਲੁ ਹੈ ਭਾਈ ਵਿਣੁ ਭਾਗਾ ਕਿਆ ਪਾਈਐ ॥ ਏਕ ਨਦਰਿ ਕਰਿ ਵੇਖੈ ਸਭ ਊਪਰਿ ਜੇਹਾ ਭਾਉ ਤੇਹਾ ਫਲੁ ਪਾਈਐ ॥ ਨਾਨਕ ਨਾਮੁ ਵਸੈ ਮਨ ਅੰਤਰਿ ਵਿਚਹੁ ਆਪੁ ਗਵਾਈਐ ॥੪॥੬॥ {ਪੰਨਾ 601-602}

ਪਦਅਰਥ: ਸੋ = ਉਹ ਮਨੁੱਖ। ਸਖਾ = ਮਿੱਤਰ। ਬੰਧਪੁ = ਰਿਸ਼ਤੇਦਾਰ। ਜਿ = ਜੇਹੜਾ। ਭਾਣੈ = ਮਰਜ਼ੀ ਵਿਚ, ਮਰਜ਼ੀ ਅਨੁਸਾਰ। ਵਿਛੁੜਿ = ਵਿੱਛੁੜ ਕੇ।੧।

ਸੁਹੇਲੇ = ਸੁਖੀ। ਕਿਲਵਿਖ = ਪਾਪ। ਆਪੇ = ਪ੍ਰਭੂ ਆਪ ਹੀ।ਰਹਾਉ।

ਕੁਟੰਬੁ = ਪਰਵਾਰ। ਸਭੁ = ਸਾਰਾ। ਜੀਅ ਕੇ ਬੰਧਨ = ਜਿੰਦ ਵਾਸਤੇ ਬੰਧਨ। ਭੁਲਾ = ਕੁਰਾਹੇ ਪਿਆ ਰਹਿੰਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਮੋਖ = ਖ਼ਲਾਸੀ। ਕਰਮ = ਦੁਨੀਆ ਦੇ ਕੰਮ = ਧੰਧੇ। ਵਾਰੋ ਵਾਰਾ = ਮੁੜ ਮੁੜ।੨।

ਹਉ = ਮੈਂ (ਵੱਡਾ ਹਾਂ) । ਮੇਰਾ = (ਇਹ ਧਨ ਪਦਾਰਥ) ਮੇਰਾ ਹੈ। ਪਲਚਿ ਰਹਿਆ = ਉਲਝਿਆ ਪਿਆ ਹੈ। ਕੇਰਾ = ਦਾ। ਮਹਲੁ = ਪਰਮਾਤਮਾ ਦੀ ਹਜ਼ੂਰੀ। ਪਾਇਨਿ = ਪਾ ਲੈਂਦੇ ਹਨ। ਨਿਜ ਘਰਿ = ਆਪਣੇ ਘਰ ਵਿਚ। ਐਥੈ = ਇਸ ਜੀਵਨ ਵਿਚ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।੩।

ਦਇਆਲੁ = ਦਇਆ ਦਾ ਘਰ। ਭਾਗਾ = ਚੰਗੀ ਕਿਸਮਤਿ। ਕਰਿ = ਕਰ ਕੇ, ਨਾਲ। ਭਾਉ = ਭਾਵਨਾ, ਨੀਅਤ। ਆਪੁ = ਆਪਾ = ਭਾਵ।੪।

ਅਰਥ: ਹੇ ਭਾਈ! ਪਰਮਾਤਮਾ ਦੇ ਭਗਤ ਸੁਖੀ ਜੀਵਨ ਬਿਤੀਤ ਕਰਦੇ ਹਨ। ਪਰਮਾਤਮਾ ਆਪ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਪਾਪ ਕੱਟ ਦੇਂਦਾ ਹੈ, ਤੇ, ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ।ਰਹਾਉ।

ਹੇ ਭਾਈ! ਉਹੀ ਮਨੁੱਖ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜੇਹੜਾ ਗੁਰੂ ਦੀ ਰਜ਼ਾ ਵਿਚ ਤੁਰਦਾ ਹੈ। ਪਰ, ਜੇਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ, ਉਹ ਪ੍ਰਭੂ ਤੋਂ ਵਿੱਛੁੜ ਕੇ ਦੁਖ ਸਹਾਰਦਾ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ, ਤੇ ਮੁੜ ਮੁੜ (ਦੁੱਖੀ ਹੋ ਕੇ) ਪਛੁਤਾਂਦਾ ਹੈ।੧।

ਹੇ ਭਾਈ! ਗੁਰੂ ਦੀ ਰਜ਼ਾ ਵਿਚ ਤੁਰਨ ਤੋਂ ਬਿਨਾ) ਇਹ (ਆਪਣਾ) ਪਰਵਾਰ ਭੀ ਜਿੰਦ ਵਾਸਤੇ ਨਿਰਾ ਮੋਹ ਦੇ ਬੰਧਨ ਬਣ ਜਾਂਦਾ ਹੈ, (ਤਾਂਹੀਏਂ) ਜਗਤ (ਗੁਰੂ ਤੋਂ) ਭਟਕ ਕੇ ਕੁਰਾਹੇ ਪਿਆ ਰਹਿੰਦਾ ਹੈ। ਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਬੰਧਨ ਟੁੱਟਦੇ ਨਹੀਂ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ। ਜੇਹੜੇ ਮਨੁੱਖ ਨਿਰੇ ਦੁਨੀਆ ਦੇ ਕੰਮ-ਧੰਧੇ ਹੀ ਕਰਦੇ ਹਨ, ਪਰ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ।੨।

ਹੇ ਭਾਈ! ‘ਮੈਂ ਵੱਡਾ ਹਾਂ’, ‘ਇਹ ਧਨ ਆਦਿਕ ਮੇਰਾ ਹੈ’-ਇਸ ਵਿਚ ਹੀ ਜਗਤ ਉਲਝਿਆ ਪਿਆ ਹੈ (ਉਂਞ) ਕੋਈ ਭੀ ਕਿਸੇ ਦਾ (ਸਦਾ ਦਾ ਸਾਥੀ) ਨਹੀਂ ਬਣ ਸਕਦਾ। ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਤੇ, ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰੀ ਰੱਖਦੇ ਹਨ, ਉਹਨਾਂ ਦਾ (ਆਤਮਕ) ਨਿਵਾਸ ਪ੍ਰਭੂ-ਚਰਨਾਂ ਵਿਚ ਹੋਇਆ ਰਹਿੰਦਾ ਹੈ। ਜੇਹੜਾ ਮਨੁੱਖ ਇਸ ਜੀਵਨ ਵਿਚ ਹੀ (ਇਸ ਭੇਤ ਨੂੰ) ਸਮਝਦਾ ਹੈ, ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਪਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ।੩।

ਹੇ ਭਾਈ! ਗੁਰੂ ਹਰ ਵੇਲੇ ਹੀ ਦਇਆਵਾਨ ਰਹਿੰਦਾ ਹੈ (ਮਾਇਆ-ਵੇੜ੍ਹਿਆ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ) ਕਿਸਮਤਿ ਤੋਂ ਬਿਨਾ (ਗੁਰੂ ਪਾਸੋਂ) ਕੀਹ ਮਿਲੇ? ਗੁਰੂ ਸਭਨਾਂ ਨੂੰ ਇਕ ਪਿਆਰ ਦੀ ਨਿਗਾਹ ਨਾਲ ਵੇਖਦਾ ਹੈ। (ਪਰ ਸਾਡੀ ਜੀਵਾਂ ਦੀ) ਜਿਹੋ ਜਿਹੀ ਭਾਵਨਾ ਹੁੰਦੀ ਹੈ ਉਹੋ ਜਿਹਾ ਫਲ (ਸਾਨੂੰ ਗੁਰੂ ਪਾਸੋਂ) ਮਿਲ ਜਾਂਦਾ ਹੈ। ਹੇ ਨਾਨਕ! ਜੇ ਗੁਰੂ ਦੀ ਸਰਨ ਪੈ ਕੇ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਲਈਏ, ਤਾਂ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ।੪।੬।