Hukamnama 05.09.2019: Ber Sahib, Baoli Sahib, Damdama Sahib, Baba Darbara Singh, State Gurdwara Sahib

143
Today’s Hukamnama from Gurdwara Sri Ber Sahib Sultanpur Lodhi

ਬਿਲਾਵਲੁ ਮਹਲਾ ੫ ॥ ਦੋਵੈ ਥਾਵ ਰਖੇ ਗੁਰ ਸੂਰੇ ॥ ਹਲਤ ਪਲਤ ਪਾਰਬ੍ਰਹਮਿ ਸਵਾਰੇ ਕਾਰਜ ਹੋਏ ਸਗਲੇ ਪੂਰੇ ॥੧॥ ਰਹਾਉ ॥ ਹਰਿ ਹਰਿ ਨਾਮੁ ਜਪਤ ਸੁਖ ਸਹਜੇ ਮਜਨੁ ਹੋਵਤ ਸਾਧੂ ਧੂਰੇ ॥ ਆਵਣ ਜਾਣ ਰਹੇ ਥਿਤਿ ਪਾਈ ਜਨਮ ਮਰਣ ਕੇ ਮਿਟੇ ਬਿਸੂਰੇ ॥੧॥ ਭ੍ਰਮ ਭੈ ਤਰੇ ਛੁਟੇ ਭੈ ਜਮ ਕੇ ਘਟਿ ਘਟਿ ਏਕੁ ਰਹਿਆ ਭਰਪੂਰੇ ॥ ਨਾਨਕ ਸਰਣਿ ਪਰਿਓ ਦੁਖ ਭੰਜਨ ਅੰਤਰਿ ਬਾਹਰਿ ਪੇਖਿ ਹਜੂਰੇ ॥੨॥੨੨॥੧੦੮॥ {ਪੰਨਾ 825}

ਪਦਅਰਥ: ਦੋਵੈ ਥਾਵ = (ਇਹ ਲੋਕ ਅਤੇ ਪਰਲੋਕ) ਦੋਵੇਂ ਥਾਂ {ਲਫ਼ਜ਼ ‘ਥਾਵ’ ਲਫ਼ਜ਼ ‘ਥਾਉ’ ਤੋਂ ਬਹੁ-ਵਚਨ}। ਗੁਰ ਸੂਰੇ = ਸੂਰਮੇ ਗੁਰੂ ਨੇ। ਹਲਤ = {अत्र} ਇਹ ਲੋਕ। ਪਲਤ = {परत्र} ਪਰਲੋਕ। ਪਾਰਬ੍ਰਹਮਿ = ਪਾਰਬ੍ਰਹਮ ਨੇ। ਸਵਾਰੇ = ਸੋਹਣੇ ਬਣਾ ਦਿੱਤੇ। ਸਗਲੇ = ਸਾਰੇ। ਪੂਰੇ = ਸਫਲ।੧।ਰਹਾਉ।

ਜਪਤ = ਜਪਦਿਆਂ। ਸਹਜੇ = ਆਤਮਕ ਅਡੋਲਤਾ ਵਿਚ। ਮਜਨੁ = ਚੁੱਭੀ, ਇਸ਼ਨਾਨ। ਸਾਧੂ ਧੂਰੇ = ਗੁਰੂ ਦੇ ਚਰਨਾਂ ਦੀ ਧੂੜ ਵਿਚ। ਥਿਤਿ = {स्थिति} ਟਿਕਾਉ। ਬਿਸੂਰੇ = ਚਿੰਤਾ = ਝੋਰੇ।੧।

ਤਰੇ = ਪਾਰ ਲੰਘ ਗਏ। ਭੈ = {ਲਫ਼ਜ਼ ‘ਭਉ’ ਤੋਂ ਬਹੁ-ਵਚਨ}। ਘਟਿ ਘਟਿ = ਹਰੇਕ ਸਰੀਰ ਵਿਚ। ਏਕੁ = ਇਕ ਪਰਮਾਤਮਾ ਹੀ। ਦੁਖ ਭੰਜਨ = ਦੁੱਖਾਂ ਦਾ ਨਾਸ ਕਰਨ ਵਾਲਾ। ਪੇਖਿ = ਪੇਖੇ, ਵੇਖਦਾ ਹੈ। ਹਜੂਰੇ = ਅੰਗ = ਸੰਗ।੨।

ਅਰਥ: (ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ) ਸੂਰਮਾ ਗੁਰੂ (ਉਸ ਦਾ ਇਹ ਲੋਕ ਅਤੇ ਪਰਲੋਕ) ਦੋਵੇਂ ਹੀ (ਵਿਗੜਨ ਤੋਂ) ਬਚਾ ਲੈਂਦਾ ਹੈ। ਪਰਮਾਤਮਾ ਨੇ (ਸਦਾ ਹੀ ਅਜੇਹੇ ਮਨੁੱਖ ਦੇ) ਇਹ ਲੋਕ ਅਤੇ ਪਰਲੋਕ ਸੋਹਣੇ ਬਣਾ ਦਿੱਤੇ, ਉਸ ਮਨੁੱਖ ਦੇ ਸਾਰੇ ਹੀ ਕੰਮ ਸਫਲ ਹੋ ਜਾਂਦੇ ਹਨ।੧।ਰਹਾਉ।

(ਹੇ ਭਾਈ! ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਦਿਆਂ ਆਨੰਦ ਪ੍ਰਾਪਤ ਹੁੰਦਾ ਹੈ, ਆਤਮਕ ਅਡੋਲਤਾ ਵਿਚ ਟਿਕੇ ਰਹੀਦਾ ਹੈ, ਗੁਰੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਪ੍ਰਾਪਤ ਹੁੰਦਾ ਹੈ, ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, (ਪ੍ਰਭੂ-ਚਰਨਾਂ ਵਿਚ) ਟਿਕਾਉ ਪ੍ਰਾਪਤ ਹੁੰਦਾ ਹੈ, ਜਨਮ ਤੋਂ ਮਰਨ ਤਕ ਦੇ ਸਾਰੇ ਚਿੰਤਾ-ਝੋਰੇ ਮਿਟ ਜਾਂਦੇ ਹਨ।੧।

ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਦਾ ਹੈ, ਉਹ ਸੰਸਾਰ-ਸਮੁੰਦਰ ਦੇ ਸਾਰੇ) ਡਰਾਂ ਭਰਮਾਂ ਤੋਂ ਪਾਰ ਲੰਘ ਜਾਂਦਾ ਹੈ, ਜਮਦੂਤਾਂ ਬਾਰੇ ਭੀ ਉਸ ਦੇ ਸਾਰੇ ਡਰ ਮੁੱਕ ਜਾਂਦੇ ਹਨ, ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਦਿੱਸਦਾ ਹੈ, ਉਹ ਮਨੁੱਖ ਸਾਰੇ ਦੁਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ।੨।੨੨।੧੦੮।


Today’s Hukamnama from Gurdwara Baoli Sahib Goindwal Sahib

ਸਲੋਕੁ ਮਃ ੩ ॥ ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥ ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥ ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥ {ਪੰਨਾ 646}

ਪਦਅਰਥ: ਜਗਿ = ਜਗਤ ਵਿਚ। ਤੋਟਾ = ਘਾਟਾ। ਸੰਸਾਰਿ = ਸੰਸਾਰ ਵਿਚ। ਸਭਿ = ਸਾਰੇ ਜੀਵ।

ਅਰਥ: ਨਾਮ ਤੋਂ ਬਿਨਾ ਸਾਰੇ ਲੋਕ ਭਟਕਦੇ ਫਿਰਦੇ ਹਨ; ਉਹਨਾਂ ਨੂੰ ਸੰਸਾਰ ਵਿਚ ਸਦਾ ਘਾਟਾ ਹੀ ਘਾਟਾ ਹੈ; ਹੇ ਨਾਨਕ! ਮਨਮੁਖ ਤਾਂ ਹਉਮੈ ਦੇ ਆਸਰੇ ਉਹ ਕਰਮ ਕਮਾਂਦੇ ਹਨ ਜੋ ਘੁੱਪ ਹਨੇਰਾ ਪੈਦਾ ਕਰਦੇ ਹਨ। ਪਰ ਸਤਿਗੁਰੂ ਦੇ ਸਨਮੁਖ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ।੧।

ਮਃ ੩ ॥ ਸਹਜੇ ਜਾਗੈ ਸਹਜੇ ਸੋਵੈ ॥ ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥ {ਪੰਨਾ 646}

ਅਰਥ: ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਤਮਕ ਅਡੋਲਤਾ ਵਿਚ ਹੀ ਜਾਗਦਾ ਹੈ ਤੇ ਆਤਮਕ ਅਡੋਲਤਾ ਵਿਚ ਹੀ ਸੌਂਦਾ ਹੈ (ਭਾਵ, ਜਾਗਦਿਆਂ ਹਰੀ ਵਿਚ ਲੀਨ ਤੇ ਸੁੱਤਿਆਂ ਹਰੀ ਵਿਚ ਲੀਨ ਰਹਿੰਦਾ ਹੈ) ਉਸ ਨੂੰ ਹਰ ਰੋਜ਼ (ਭਾਵ, ਹਰ ਵੇਲੇ) ਹਰੀ ਦੀ ਉਸਤਤਿ (ਦਾ ਹੀ ਆਹਰ ਹੁੰਦਾ) ਹੈ।

ਮਨਮੁਖ ਭਰਮੈ ਸਹਸਾ ਹੋਵੈ ॥ ਅੰਤਰਿ ਚਿੰਤਾ ਨੀਦ ਨ ਸੋਵੈ ॥ {ਪੰਨਾ 646}

ਅਰਥ: ਮਨਮੁਖ ਭਟਕਦਾ ਹੈ, ਕਿਉਂਕਿ ਉਸ ਨੂੰ ਸਦਾ ਤੌਖ਼ਲਾ ਰਹਿੰਦਾ ਹੈ; ਮਨ ਵਿਚ ਚਿੰਤਾ ਹੋਣ ਕਰ ਕੇ ਉਹ (ਸੁਖ ਦੀ) ਨੀਂਦਰ ਨਹੀਂ ਸੌਂਦਾ।

ਗਿਆਨੀ ਜਾਗਹਿ ਸਵਹਿ ਸੁਭਾਇ ॥ ਨਾਨਕ ਨਾਮਿ ਰਤਿਆ ਬਲਿ ਜਾਉ ॥੨॥ {ਪੰਨਾ 646}

ਅਰਥ: ਪ੍ਰਭੂ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦੇ ਪ੍ਰਭੂ ਦੇ ਪਿਆਰ ਵਿਚ ਹੀ ਜਾਗਦੇ ਸੌਂਦੇ ਹਨ (ਭਾਵ, ਜਾਗਦੇ ਤੇ ਸੁੱਤੇ ਹੋਏ ਇਕ-ਰਸ ਰਹਿੰਦੇ ਹਨ) । ਹੇ ਨਾਨਕ! ਮੈਂ ਨਾਮ ਵਿਚ ਰੰਗੇ ਹੋਇਆਂ ਤੋਂ ਸਦਕੇ ਹਾਂ।੨।

ਪਉੜੀ ॥ ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥ ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥ ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥ ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥ ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥ {ਪੰਨਾ 646}

ਪਦਅਰਥ: ਸਤਿਆ = ਸਤਿ, ਸਦਾ-ਥਿਰ ਰਹਿਣ ਵਾਲਾ।

ਅਰਥ: ਜੋ ਮਨੁੱਖ ਹਰੀ ਵਿਚ ਰੱਤੇ ਹੋਏ ਹਨ, ਉਹ ਉਸ ਦਾ ਨਾਮ ਸਿਮਰਦੇ ਹਨ; ਉਸ ਇੱਕ ਹਰੀ ਨੂੰ ਧਿਆਉਂਦੇ ਹਨ; ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਇੱਕ ਆਪ ਹਰ ਥਾਂ ਵਿਆਪਕ ਹੈ ਤੇ ਜਿਸ ਇਕ ਨੇ ਹੀ (ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ। ਜੋ ਮਨੁੱਖ ਨਾਮ ਸਿਮਰਦੇ ਹਨ, ਉਹਨਾਂ ਨੇ ਸਾਰਾ ਡਰ ਦੂਰ ਕਰ ਦਿੱਤਾ ਹੈ। ਪਰ ਉਹੀ ਗੁਰਮੁਖ ਨਾਮ ਸਿਮਰਦਾ ਹੈ ਜਿਸਨੂੰ ਪ੍ਰਭੂ ਆਪ ਗੁਰੂ ਦੀ ਮਤਿ ਦੀ ਰਾਹੀਂ ਇਹ ਦਾਤਿ ਦੇਂਦਾ ਹੈ।੯।


Today’s Hukamnama from Gurdwara Damdama Sahib Thatta (Kapurthala)

ਸੋਰਠਿ ਮਹਲਾ ੫ ॥ ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥ ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥ ਮੇਰਾ ਬੈਦੁ ਗੁਰੂ ਗੋਵਿੰਦਾ ॥ ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥ ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥ ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥ {ਪੰਨਾ 618}

ਪਦਅਰਥ: ਨਿਵਾਰੈ = ਦੂਰ ਕਰ ਦੇਂਦਾ ਹੈ। ਸੂਕਾ = ਸੁੱਕਾ ਹੋਇਆ, ਪਰਮਾਤਮਾ ਦੇ ਪ੍ਰੇਮ ਦੀ ਹਰਿਆਵਲ ਤੋਂ ਸੱਖਣਾ। ਸਾਧਾਰੈ = ਸਹਾਰਾ ਦੇਂਦਾ ਹੈ। ਭੇਟਤ = ਮਿਲਦਿਆਂ, ਪ੍ਰਾਪਤ ਹੁੰਦਿਆਂ। ਨਿਹਾਲਾ = ਪ੍ਰਸੰਨ = ਚਿੱਤ। ਬੀਚਾਰੈ = ਵਿਚਾਰਦਾ, ਸੋਚ = ਮੰਡਲ ਵਿਚ ਵਸਾ ਲੈਂਦਾ ਹੈ।੧।

ਬੈਦੁ = ਹਕੀਮ। ਅਉਖਧੁ = ਦਵਾਈ। ਮੁਖਿ = ਮੂੰਹ ਵਿਚ। ਫੰਧਾ = ਫਾਹੀ।੧।ਰਹਾਉ।

ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਪੁਰਖ = ਹੇ ਸਰਬ = ਵਿਆਪਕ! ਪੂਰਨ = ਹੇ ਭਰਪੂਰ! ਬਿਧਾਤੇ = ਹੇ ਸਿਰਜਣਹਾਰ! ਆਪੇ = (ਤੂੰ) ਆਪ ਹੀ। ਕਰਣੈਹਾਰਾ = (ਗੁਰੂ ਨੂੰ) ਬਣਾਨ ਵਾਲਾ। ਉਬਾਰਿਆ = (ਜਮ ਦੀ ਫਾਹੀ ਤੋਂ) ਬਚਾ ਲਿਆ। ਅਧਾਰਾ = ਆਸਰਾ।੨।

ਅਰਥ: ਹੇ ਭਾਈ! ਗੋਬਿੰਦ ਦਾ ਰੂਪ ਮੇਰਾ ਗੁਰੂ (ਪੂਰਾ) ਹਕੀਮ ਹੈ। (ਇਹ ਹਕੀਮ ਜਿਸ ਮਨੁੱਖ ਦੇ) ਮੂੰਹ ਵਿਚ ਹਰਿ-ਨਾਮ ਦਵਾਈ ਪਾਂਦਾ ਹੈ, (ਉਸ ਦੀ) ਜਮ ਦੀ ਫਾਹੀ ਕੱਟ ਦੇਂਦਾ ਹੈ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੀ ਫਾਹੀ ਉਸ ਦੇ ਅੰਦਰੋਂ ਕੱਟ ਦੇਂਦਾ ਹੈ) ।੧।ਰਹਾਉ।

ਹੇ ਭਾਈ! ਵੈਦ-ਗੁਰੂ (ਸਰਣ-ਪਏ ਮਨੁੱਖ ਦੇ) ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ, ਆਤਮਕ ਜੀਵਨ ਦੀ ਹਰਿਆਵਲ ਤੋਂ ਸੱਖਣੇ ਉਸ ਦੇ ਮਨ ਨੂੰ (ਨਾਮ-ਦਾਰੂ ਦਾ ਸਹਾਰਾ ਦੇਂਦਾ ਹੈ। ਗੁਰੂ ਦਾ ਦਰਸਨ ਕਰਦਿਆਂ ਹੀ (ਮਨੁੱਖ) ਖਿੜ ਆਉਂਦਾ ਹੈ, ਤੇ, ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਵਸਾ ਲੈਂਦਾ ਹੈ।੧।

ਹੇ ਨਾਨਕ! ਆਖ-) ਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਭਰਪੂਰ! ਹੇ ਸਭ ਜੀਵਾਂ ਦੇ ਪੈਦਾ ਕਰਨ ਵਾਲੇ! ਤੂੰ ਆਪ ਹੀ (ਗੁਰੂ ਨੂੰ ਪੂਰਾ ਵੈਦ) ਬਣਾਣ ਵਾਲਾ ਹੈਂ। ਆਪਣੇ ਸੇਵਕ ਨੂੰ (ਵੈਦ-ਗੁਰੂ ਪਾਸੋਂ) ਨਾਮ ਦਾ ਆਸਰਾ ਦਿਵਾ ਕੇ ਤੂੰ ਆਪ ਹੀ (ਜਮ ਦੀ ਫਾਹੀ ਤੋਂ) ਬਚਾ ਲੈਂਦਾ ਹੈਂ।੨।੬।੩੪।


Today’s Hukamnama from Gurdwara Baba Darbara Singh Ji Tibba (Kapurthala)

ਸੋਰਠਿ ਮਹਲਾ ੫ ॥ ਪਰਮੇਸਰਿ ਦਿਤਾ ਬੰਨਾ ॥ ਦੁਖ ਰੋਗ ਕਾ ਡੇਰਾ ਭੰਨਾ ॥ ਅਨਦ ਕਰਹਿ ਨਰ ਨਾਰੀ ॥ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ ਸੰਤਹੁ ਸੁਖੁ ਹੋਆ ਸਭ ਥਾਈ ॥ ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥ ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ ਦਇਆਲ ਪੁਰਖ ਮਿਹਰਵਾਨਾ ॥ ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥ {ਪੰਨਾ 628}

ਪਦਅਰਥ: ਪਰਮੇਸਰਿ = ਪਰਮੇਸਰ ਨੇ। ਬੰਨਾ = ਡੱਕਾ, ਰੁਕਾਵਟ, ਬੰਨ੍ਹ। ਭੰਨਾ = ਭੰਨ ਦਿੱਤਾ, ਤੋੜ ਦਿੱਤਾ। ਕਰਹਿ = ਕਰਦੇ ਹਨ। ਨਰ ਨਾਰੀ = (ਉਹ ਸਾਰੇ) ਨਰ ਨਾਰ, ਉਹ ਸਾਰੇ ਜੀਵ। ਪ੍ਰਭਿ = ਪ੍ਰਭੂ ਨੇ।੧।

ਰਵਿ ਰਹਿਆ = ਮੌਜੂਦ ਹੈ। ਸਭਨੀ ਜਾਈ = ਸਭ ਥਾਵਾਂ ਵਿਚ।ਰਹਾਉ।

ਧੁਰ ਕੀ ਬਾਣੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਆਈ = ਆ ਵੱਸੀ। ਤਿਨਿ = ਉਸ (ਮਨੁੱਖ) ਨੇ। ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ। ਵਖਾਨਾ = ਉਚਾਰਿਆ।੨।

ਅਰਥ: ਹੇ ਸੰਤ ਜਨੋ! ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ) ਪਾਰਬ੍ਰਹਮ ਪੂਰਨ ਪਰਮੇਸਰ ਸਭ ਥਾਵਾਂ ਵਿਚ ਮੌਜੂਦ ਹੈ (ਉਸ ਮਨੁੱਖ ਨੂੰ) ਸਭ ਥਾਵਾਂ ਵਿਚ ਸੁਖ ਹੀ ਪ੍ਰਤੀਤ ਹੁੰਦਾ ਹੈ।ਰਹਾਉ।

ਹੇ ਸੰਤ ਜਨੋ! ਜਿਸ ਮਨੁੱਖ ਦੇ ਆਤਮਕ ਜੀਵਨ ਵਾਸਤੇ) ਪਰਮੇਸਰ ਨੇ (ਵਿਕਾਰਾਂ ਦੇ ਰਾਹ ਵਿਚ) ਡੱਕਾ ਮਾਰ ਦਿੱਤਾ, (ਉਸ ਮਨੁੱਖ ਦੇ ਅੰਦਰੋਂ) ਪਰਮੇਸਰ ਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ। ਜਿਨ੍ਹਾਂ ਜੀਵਾਂ ਉਤੇ ਪ੍ਰਭੂ ਨੇ (ਇਹ) ਕਿਰਪਾ ਕਰ ਦਿੱਤੀ ਉਹ ਸਾਰੇ ਜੀਵ ਆਤਮਕ ਆਨੰਦ ਮਾਣਦੇ ਹਨ।੧।

ਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵੱਸੀ, ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ। ਹੇ ਨਾਨਕ! ਦਇਆ ਦਾ ਸੋਮਾ ਪ੍ਰਭੂ ਉਸ ਮਨੁੱਖ ਉੱਤੇ ਮੇਹਰਵਾਨ ਹੋਇਆ ਰਹਿੰਦਾ ਹੈ, ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ (ਸਦਾ) ਉਚਾਰਦਾ ਹੈ।੨।੧੩।੭੭।


Today’s Hukamnama from State Gurdwara Sahib Kapurthala

ਵਡਹੰਸੁ ਮਹਲਾ ੧ ਛੰਤ    ੴ ਸਤਿਗੁਰ ਪ੍ਰਸਾਦਿ ॥ ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥ ਨਾਤਾ ਸੋ ਪਰਵਾਣੁ ਸਚੁ ਕਮਾਈਐ ॥ ਜਬ ਸਾਚ ਅੰਦਰਿ ਹੋਇ ਸਾਚਾ ਤਾਮਿ ਸਾਚਾ ਪਾਈਐ ॥ ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ ॥ ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ ॥ ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥੧॥ ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥ ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ ॥ ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ ॥ ਸੂਖੁ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ ॥ ਨਦਰਿ ਤੁਧੁ ਅਰਦਾਸਿ ਮੇਰੀ ਜਿੰਨਿ ਆਪੁ ਉਪਾਇਆ ॥ ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥੨॥ ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥ ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥ ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਞਾਵਣਾ ॥ ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ ॥ ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ ॥ ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥੩॥ ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥ ਕਉੜਾ ਕੋਇ ਨ ਮਾਗੈ ਮੀਠਾ ਸਭ ਮਾਗੈ ॥ ਸਭੁ ਕੋਇ ਮੀਠਾ ਮੰਗਿ ਦੇਖੈ ਖਸਮ ਭਾਵੈ ਸੋ ਕਰੇ ॥ ਕਿਛੁ ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ ॥ ਨਾਨਕਾ ਜਿਨ ਨਾਮੁ ਮਿਲਿਆ ਕਰਮੁ ਹੋਆ ਧੁਰਿ ਕਦੇ ॥ ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥੪॥੧॥ {ਪੰਨਾ 565-566}

ਪਦਅਰਥ: ਕਾਇਆ = ਸਰੀਰ। ਕੂੜਿ = ਮਾਇਆ ਦੇ ਮੋਹ ਵਿਚ। ਵਿਗਾੜਿ = ਮੈਲਾ ਕਰ ਕੇ। ਕਾਹੇ ਨਾਈਐ = (ਤੀਰਥ-) ਇਸ਼ਨਾਨ ਦਾ ਕੋਈ ਲਾਭ ਨਹੀਂ। ਸਚੁ = ਸਦਾ-ਥਿਰ ਨਾਮ ਦਾ ਸਿਮਰਨ। ਸਾਚ ਅੰਦਰਿ = ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਟਿਕ ਕੇ। ਸਾਚਾ = ਸਦਾ-ਥਿਰ ਪ੍ਰਭੂ (ਦਾ ਰੂਪ) । ਤਾਮਿ = ਤਦੋਂ। ਲਿਖੇ ਬਾਝਹੁ = ਪ੍ਰਭੂ ਦੇ ਲਿਖੇ ਹੁਕਮ ਤੋਂ ਬਿਨਾ। ਸੁਰਤਿ = ਉੱਚੀ ਸੁਰਤਿ।੧।

ਤਾ = ਤਦੋਂ ਹੀ। ਕਹਣੁ ਕਹਿਆ = ਸਿਫ਼ਤਿ-ਸਾਲਾਹ ਕੀਤੀ। ਜਾ = ਜਦੋਂ। ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਾ। ਮਨਹਿ = ਮਨ ਵਿਚ। ਦੂਖਿ = ਦੁੱਖ ਨੇ। ਜਾਮਿ = ਜਦੋਂ। ਜਿੰਨਿ = ਜਿਸ (ਤੈਂ) ਨੇ। ਆਪੁ = ਆਪਣੇ ਆਪ ਨੂੰ।੨।

ਵਾਰੀ = ਮਨੁੱਖਾ ਜਨਮ ਦੀ ਵਾਰੀ। ਕਢਾਏ = ਦੇਂਦਾ ਹੈ। ਕਿਰਤੁ ਕਮਾਵਣਾ = ਕਮਾਈ ਹੋਈ ਕਿਰਤ ਅਨੁਸਾਰ। ਸੁਆਮਿ ਸੇਤੀ = ਸੁਆਮੀ ਨਾਲ। ਵਞਾਵਣਾ = ਖ਼ੁਆਰ ਕਰਨਾ। ਰੂਆਵਣਾ = ਸ਼ਿਕੈਤ ਕਰਨੀ। ਦੇਇ = ਦੇਂਦਾ ਹੈ। ਮਨਹਿ = ਵਰਜਿਤ। ਵਾਵਣਾ = ਗਿਲਾ = ਗੁਜ਼ਾਰੀ ਕਰਨੀ।੩।

ਉਪਾਈਅਨੁ = ਉਸ ਨੇ ਪੈਦਾ ਕੀਤੀ ਹੈ। ਸਭੁ ਕੋਇ = ਹਰੇਕ ਜੀਵ। ਤੁਲਿ = ਬਰਾਬਰ। ਸਮਸਰੇ = ਬਰਾਬਰ। ਕਰਮੁ = ਬਖ਼ਸ਼ਸ਼। ਧੁਰਿ = ਧੁਰੋਂ। ਕਦੇ = ਕਦੇ ਦੀ।੪।

ਅਰਥ: ਸਰੀਰ ਨੂੰ (ਹਿਰਦੇ ਨੂੰ) ਮਾਇਆ ਦੇ ਮੋਹ ਵਿਚ ਗੰਦਾ ਕਰ ਕੇ (ਤੀਰਥ-) ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ ਹੈ। ਉਹੀ ਮਨੁੱਖ ਨ੍ਹਾਤਾ ਹੋਇਆ (ਪਵਿਤ੍ਰ) ਹੈ ਤੇ ਉਹੀ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੈ ਜੋ ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। ਜਦੋਂ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਜੀਵ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦਾ ਹੈ ਤਦੋਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪੈਂਦਾ ਹੈ। ਪਰ ਪ੍ਰਭੂ ਦੇ ਹੁਕਮ ਤੋਂ ਬਿਨਾ ਮਨੁੱਖ ਦੀ ਸੁਰਤਿ (ਕੂੜ ਵਿਚੋਂ ਨਿਕਲ ਕੇ) ਉੱਚੀ ਨਹੀਂ ਹੋ ਸਕਦੀ। ਨਿਰੀਆਂ ਜ਼ਬਾਨੀ (ਗਿਆਨ ਦੀਆਂ) ਗੱਲਾਂ ਕਰ ਕੇ ਸਗੋਂ ਆਪਣਾ ਆਤਮਕ ਜੀਵਨ ਹੋਰ ਖ਼ਰਾਬ ਕਰਦਾ ਹੈ। ਜਿਥੇ ਭੀ (ਭਾਵ, ਸਾਧ ਸੰਗਤਿ ਵਿਚ) ਜਾ ਕੇ ਬੈਠੀਏ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਆਪਣੀ ਸੁਰਤਿ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪ੍ਰੋਣੀ ਚਾਹੀਦੀ ਹੈ। (ਨਹੀਂ ਤਾਂ) ਹਿਰਦੇ ਨੂੰ ਮਾਇਆ ਦੇ ਮੋਹ ਵਿਚ ਮੈਲਾ ਕਰ ਕੇ (ਤੀਰਥ-) ਇਸ਼ਨਾਨ ਦਾ ਕੀਹ ਲਾਭ?।੧।

(ਪਰ ਇਹ ਸਿਫ਼ਤਿ-ਸਾਲਾਹ ਹੇ ਪ੍ਰਭੂ! ਤੇਰੀ ਆਪਣੀ ਬਖ਼ਸ਼ਸ਼ ਹੈ) ਮੈਂ ਤਦੋਂ ਹੀ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ ਜਦੋਂ ਤੂੰ ਆਪ ਪ੍ਰੇਰਨਾ ਕਰਦਾ ਹੈਂ।

(ਪ੍ਰਭੂ ਦੀ ਮੇਹਰ ਨਾਲ ਹੀ) ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਸਕਦਾ ਹੈ। ਜਦੋਂ ਪ੍ਰਭੂ ਦਾ ਨਾਮ ਮਨ ਵਿਚ ਮਿੱਠਾ ਲੱਗਦਾ ਹੈ ਤਦੋਂ ਦੁੱਖ ਨੇ (ਉਸ ਮਨ ਵਿਚੋਂ) ਆਪਣਾ ਡੇਰਾ ਚੁੱਕ ਲਿਆ (ਸਮਝੋ) ।

ਹੇ ਪ੍ਰਭੂ! ਜਦੋਂ ਤੂੰ ਹੁਕਮ ਕੀਤਾ ਤਦੋਂ ਆਤਮਕ ਆਨੰਦ ਮੇਰੇ ਮਨ ਵਿਚ ਆ ਵੱਸਦਾ ਹੈ। ਹੇ ਪ੍ਰਭੂ! ਜਿਸ ਤੈਂ ਨੇ ਆਪਣੇ ਆਪ ਨੂੰ ਆਪ ਹੀ (ਜਗਤ-ਰੂਪ ਵਿਚ) ਪਰਗਟ ਕੀਤਾ ਹੈ, ਜਦੋਂ ਤੂੰ ਮੈਨੂੰ ਪ੍ਰੇਰਨਾ ਕਰਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ। ਮੇਰੀ ਤਾਂ ਤੇਰੇ ਦਰ ਤੇ ਅਰਜ਼ੋਈ ਹੀ ਹੁੰਦੀ ਹੈ, ਮੇਹਰ ਦੀ ਨਜ਼ਰ ਤੂੰ ਆਪ ਕਰਦਾ ਹੈਂ।੨।

ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਹਰੇਕ ਜੀਵ ਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ (ਪਿਛਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਬਣਾਂਦਾ ਹੈ, ਇਸ ਵਾਸਤੇ) ਕਿਸੇ ਮਨੁੱਖ ਨੂੰ ਭੈੜਾ ਆਖ ਆਖ ਕੇ ਕੋਈ ਝਗੜਾ ਖੜਾ ਨਹੀਂ ਕਰਨਾ ਚਾਹੀਦਾ (ਭੈੜਾ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਹੀ ਭੈੜਾ ਬਣਿਆ ਹੈ। ਭੈੜੇ ਨੂੰ ਨਿੰਦਿਆਂ ਪ੍ਰਭੂ ਨਾਲ ਝਗੜਾ ਹੈ। (ਸੋ, ਹੇ ਭਾਈ!) ਮਾਲਕ-ਪ੍ਰਭੂ ਨਾਲ ਝਗੜਾ ਨਹੀਂ ਪਾਣਾ ਚਾਹੀਦਾ, ਇਸ ਤਰ੍ਹਾਂ ਤਾਂ ਆਪਣੇ ਆਪ ਨੂੰ ਆਪ ਹੀ ਤਬਾਹ ਕਰ ਲਈਦਾ ਹੈ।

ਜਿਸ ਮਾਲਕ ਦੇ ਆਸਰੇ ਸਦਾ ਜੀਊਣਾ ਹੈ, ਉਸੇ ਨਾਲ ਹੀ ਬਰਾਬਰੀ ਕਰ ਕੇ (ਜੇ ਦੁੱਖ ਪ੍ਰਾਪਤ ਹੋਇਆ ਤਾਂ ਫਿਰ ਉਸੇ ਪਾਸ) ਜਾ ਕੇ ਪੁਕਾਰ ਕਰਨ ਦਾ ਕੋਈ ਲਾਭ ਨਹੀਂ ਹੋ ਸਕਦਾ। ਪਰਮਾਤਮਾ ਜੋ (ਸੁਖ ਦੁਖ) ਦੇਂਦਾ ਹੈ ਉਹ (ਖਿੜੇ-ਮੱਥੇ) ਸਹਾਰਨਾ ਚਾਹੀਦਾ ਹੈ, ਗਿਲਾ-ਗੁਜ਼ਾਰੀ ਨਹੀਂ ਕਰਨੀ ਚਾਹੀਦੀ, ਗਿਲਾ ਗੁਜ਼ਾਰੀ ਕਰ ਕੇ ਵਿਅਰਥ ਬੋਲ-ਬੁਲਾਰਾ ਨਹੀਂ ਕਰਨਾ ਚਾਹੀਦਾ। (ਅਸਲ ਗੱਲ ਇਹ ਹੈ ਕਿ) ਸਾਡੇ ਕੀਤੇ ਕਰਮਾਂ ਅਨੁਸਾਰ ਖਸਮ-ਪ੍ਰਭੂ ਸਾਨੂੰ ਮਨੁੱਖਾ ਜਨਮ ਦੀ ਵਾਰੀ ਦੇਂਦਾ ਹੈ।੩।

ਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਆਪ ਪੈਦਾ ਕੀਤੀ ਹੈ, ਆਪ ਹੀ ਹਰੇਕ ਜੀਵ ਉਤੇ ਮੇਹਰ ਦੀ ਨਿਗਾਹ ਕਰਦਾ ਹੈ। (ਉਸ ਦੇ ਦਰ ਤੋਂ ਸਭ ਜੀਵ ਦਾਤਾਂ ਮੰਗਦੇ ਹਨ) ਕੌੜੀ ਚੀਜ਼ ਭੀ ਨਹੀਂ ਮੰਗਦਾ, ਹਰੇਕ ਜੀਵ ਮਿੱਠੀਆਂ ਸੁਖਦਾਈ ਚੀਜ਼ਾਂ ਹੀ ਮੰਗਦਾ ਹੈ। ਹਰੇਕ ਜੀਵ ਮਿੱਠੇ ਪਦਾਰਥਾਂ ਦੀ ਮੰਗ ਹੀ ਮੰਗਦਾ ਹੈ, ਪਰ ਖਸਮ-ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਚੰਗਾ ਜਾਪਦਾ ਹੈ।

ਜੀਵ (ਦੁਨੀਆ ਦੇ ਮਿੱਠੇ ਪਦਾਰਥਾਂ ਦੀ ਖ਼ਾਤਰ) ਦਾਨ-ਪੁੰਨ ਕਰਦੇ ਹਨ, ਇਹੋ ਜਿਹੇ ਹੋਰ ਭੀ ਅਨੇਕਾਂ ਧਾਰਮਿਕ ਕੰਮ ਕਰਦੇ ਹਨ, ਪਰ ਪਰਮਾਤਮਾ ਦੇ ਨਾਮ ਦੇ ਬਰਾਬਰ ਹੋਰ ਕੋਈ ਉੱਦਮ ਨਹੀਂ ਹੈ। ਹੇ ਨਾਨਕ! ਜਿਨ੍ਹਾਂ ਬੰਦਿਆਂ ਉਤੇ ਧੁਰੋਂ ਪਰਮਾਤਮਾ ਵਲੋਂ ਕਦੇ ਬਖ਼ਸ਼ਸ਼ ਹੁੰਦੀ ਹੈ ਉਹਨਾਂ ਨੂੰ ਨਾਮ ਦੀ ਦਾਤਿ ਮਿਲਦੀ ਹੈ।

ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ ਤੇ ਆਪ ਹੀ ਸਭ ਉਤੇ ਮੇਹਰ ਦੀ ਨਜ਼ਰ ਕਰਦਾ ਹੈ।੪।੧।