Hukamnama 04.09.2019: Ber Sahib, Baoli Sahib, Damdama Sahib, Baba Darbara Singh, State Gurdwara Sahib

130
Today’s Hukamnama from Gurdwara Sri Ber Sahib Sultanpur Lodhi

ਬਿਲਾਵਲੁ ਮਹਲਾ ੫ ॥ ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ ॥ ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥੧॥ ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ ॥ ਮਾਇਆਧਾਰੀ ਛਤ੍ਰਪਤਿ ਤਿਨ੍ਹ੍ਹ ਛੋਡਉ ਤਿਆਗਿ ॥੧॥ ਰਹਾਉ ॥ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ॥ ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ ॥੨॥ ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ ॥ ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ॥੩॥ ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ ॥ ਹਰਿ ਜਨ ਕੀ ਸੇਵਾ ਜੋ ਕਰੇ ਇਤ ਊਤਹਿ ਛੂਟੈ ॥੪॥ ਸਭ ਕਿਛੁ ਤੁਮ੍ਹ੍ਹ ਹੀ ਤੇ ਹੋਆ ਆਪਿ ਬਣਤ ਬਣਾਈ ॥ ਦਰਸਨੁ ਭੇਟਤ ਸਾਧ ਕਾ ਨਾਨਕ ਗੁਣ ਗਾਈ ॥੫॥੧੪॥੪੪॥ {ਪੰਨਾ 811}

ਪਦਅਰਥ: ਪੀਸੁ = ਪੀਸਣਾ, ਪੀਹਣਾ। ਦਾਸ ਕੈ = ਪ੍ਰਭੂ ਦੇ ਸੇਵਕ ਦੇ ਘਰ ਵਿਚ। ਨਿਹਾਲੁ = ਆਨੰਦ = ਭਰਪੂਰ। ਮਿਲਖ = ਭੂਇਂ (ਦੀ ਮਾਲਕੀ) । ਜਾਲੁ = ਸਾੜ ਦੇ।੧।

ਛੋਹਰਾ = ਮੁੰਡਾ, ਨੌਕਰ। ਛਤ੍ਰਪਤਿ = ਰਾਜੇ, ਛਤ੍ਰ ਦੇ ਮਾਲਕ।੧।ਰਹਾਉ।

ਦਾਨਾ = ਅੰਨ। ਸਰਬ = ਸਾਰੇ। ਨਿਧਾਨ = ਖ਼ਜ਼ਾਨੇ। ਗ੍ਰਿਹਿ = ਘਰ ਵਿਚ। ਸਾਕਤ = ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ। ਗ੍ਰਿਹਿ ਸਾਕਤ = ਸਾਕਤ ਦੇ ਘਰ ਵਿਚ। ਛਤੀਹ ਪ੍ਰਕਾਰ = ਛੱਤੀ ਕਿਸਮਾਂ ਦੇ (ਭੋਜਨ) । ਬਿਖੁ = ਜ਼ਹਿਰ। ਸਮਾਨ = ਬਰਾਬਰ, ਵਰਗੇ।੨।

ਲੂਗਰਾ = ਪਾਟੀ ਹੋਈ ਲੋਈ। ਓਢਿ = ਪਹਿਨ ਕੇ। ਸਿਰਪਾਉ = ਸਿਰੋਪਾ। ਪਤਿ = ਇੱਜ਼ਤ। ਖੋਈ = ਗਵਾ ਲਈ।੩।

ਸਿਉ = ਨਾਲ। ਮੁਖਿ ਜੋਰਿਐ = ਜੇ ਮੂੰਹ ਜੋੜਿਆ ਜਾਏ, ਜੇ ਮੇਲ = ਜੋਲ ਰੱਖਿਆ ਜਾਏ। ਇਤ ਊਤਹਿ = ਇਤੁ ਹੀ ਉਤੁ ਹੀ, ਇਥੇ ਭੀ ਅਤੇ ਪਰਲੋਕ ਵਿਚ ਭੀ।੪।

ਤੇ = ਤੋਂ। ਬਣਤ = ਰਚਨਾ। ਦਰਸਨੁ ਭੇਟਤ = ਦਰਸ਼ਨ ਕਰਦਿਆਂ। ਭੇਟਤ = ਪਰਸਿਆਂ। ਸਾਧੂ = ਗੁਰੂ। ਗਾਈ = ਗਾਈਂ, ਮੈਂ ਗਾਵਾਂ।੫।

ਅਰਥ: ਹੇ ਭਾਈ! ਜੋ ਗੁਰਮੁਖ ਮਨੁੱਖਾਂ ਦਾ ਨੌਕਰ (ਹੋਵੇ,) ਉਸ ਦੇ ਚਰਨੀਂ ਲੱਗਿਆ ਕਰ। (ਹੇ ਭਾਈ!) ਮੈਂ ਤਾਂ (ਜੇਹੜੇ) ਵੱਡੇ ਵੱਡੇ ਧਨਾਢ ਰਾਜੇ (ਹੋਣ) ਉਹਨਾਂ ਦਾ ਸਾਥ ਛੱਡਣ ਨੂੰ ਤਿਆਰ ਹੋਵਾਂਗਾ (ਪਰ ਸੰਤ ਜਨਾਂ ਦੇ ਸੇਵਕ ਦੇ ਚਰਨਾਂ ਵਿਚ ਰਹਿਣਾ ਪਸੰਦ ਕਰਾਂਗਾ) ।੧।ਰਹਾਉ।

ਹੇ ਭਾਈ! ਪ੍ਰਭੂ ਦੇ ਭਗਤ ਦੇ ਘਰ ਵਿਚ ਪਾਣੀ (ਢੋਇਆ ਕਰ) , ਪੱਖਾ (ਝੱਲਿਆ ਕਰ) , (ਆਟਾ) ਪੀਹਾ ਕਰ, ਤਦੋਂ ਹੀ ਤੂੰ ਆਨੰਦ ਮਾਣੇਂਗਾ। ਦੁਨੀਆ ਦੀਆਂ ਹਕੂਮਤਾਂ, ਜ਼ਿਮੀਂ ਦੀ ਮਾਲਕੀ, ਸਰਦਾਰੀਆਂ-ਇਹਨਾਂ ਨੂੰ ਅੱਗ ਵਿਚ ਸਾੜ ਦੇ (ਇਹਨਾਂ ਦਾ ਲਾਲਚ ਛੱਡ ਦੇ) ।੧।

ਹੇ ਭਾਈ! ਗੁਰਮੁਖਾਂ ਦੇ ਘਰ ਦੀ ਰੁੱਖੀ ਰੋਟੀ (ਜੇ ਮਿਲੇ ਤਾਂ ਉਸ ਨੂੰ ਦੁਨੀਆ ਦੇ) ਸਾਰੇ ਖ਼ਜ਼ਾਨੇ (ਸਮਝ) । ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਘਰ ਵਿਚ (ਜੇ) ਕਈ ਕਿਸਮਾਂ ਦੇ ਭੋਜਨ (ਮਿਲਣ, ਤਾਂ) ਉਹ ਜ਼ਹਿਰ ਵਰਗੇ (ਜਾਣ) ।੨।

ਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਮਨੁੱਖਾਂ ਪਾਸੋਂ ਜੇ ਪਾਟਾ ਹੋਇਆ ਭੂਰਾ ਭੀ ਮਿਲ ਜਾਏ, ਤਾਂ ਉਸ ਨੂੰ ਪਹਿਨ ਕੇ ਨੰਗਾ ਹੋਣ ਦਾ ਡਰ ਨਹੀਂ ਰਹਿੰਦਾ। ਪ੍ਰਭੂ ਨਾਲੋਂ ਟੁੱਟੇ ਹੋਏ ਮਨੁੱਖ ਪਾਸੋਂ ਜੇ ਰੇਸ਼ਮੀ ਸਿਰੋਪਾ ਭੀ ਮਿਲੇ, ਉਹ ਪਹਿਨਿਆਂ ਇੱਜ਼ਤ ਗਵਾ ਲਈਦੀ ਹੈ।੩।

ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਨਾਲ ਮੇਲ-ਜੋਲ ਰੱਖਿਆਂ ਉਹ ਮੇਲ-ਜੋਲ (ਤੋੜ ਨਹੀਂ ਨਿਭਦਾ) ਅੱਧ ਵਿਚੋਂ ਹੀ ਟੁੱਟ ਜਾਂਦਾ ਹੈ। ਜੇਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੀ ਸੇਵਾ ਕਰਦਾ ਹੈ ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ (ਝਗੜਿਆਂ ਬਖੇੜਿਆਂ ਤੋਂ) ਬਚਿਆ ਰਹਿੰਦਾ ਹੈ।੪।

(ਪਰ, ਹੇ ਪ੍ਰਭੂ! ਜੀਵਾਂ ਦੇ ਕੀਹ ਵੱਸ? ਜੀਵਾਂ ਦਾ) ਹਰੇਕ ਕੰਮ ਤੇਰੀ ਪ੍ਰੇਰਨਾ ਨਾਲ ਹੀ ਹੁੰਦਾ ਹੈ। ਤੂੰ ਆਪ ਹੀ ਇਹ ਸਾਰੀ ਖੇਡ ਰਚੀ ਹੋਈ ਹੈ। ਹੇ ਨਾਨਕ! ਅਰਦਾਸ ਕਰ, ਤੇ ਆਖ-ਹੇ ਪ੍ਰਭੂ! ਮੇਹਰ ਕਰ) ਮੈਂ ਗੁਰੂ ਦਾ ਦਰਸ਼ਨ ਕਰ ਕੇ (ਗੁਰੂ ਦੀ ਸੰਗਤਿ ਵਿਚ ਰਹਿ ਕੇ ਸਦਾ) ਤੇਰੇ ਗੁਣ ਗਾਂਦਾ ਰਹਾਂ।੫।੧੪।੪੪।


Today’s Hukamnama from Gurdwara Baoli Sahib Goindwal Sahib

ਸਲੋਕੁ ਮਃ ੩ ॥ ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ ॥ ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ ਦੂਜਾ ਨਾਹੀ ਥਾਉ ॥ ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੈ ਭਾਉ ॥ ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥੧॥ {ਪੰਨਾ 785}

ਪਦਅਰਥ: ਸੂਹਬ = ਹੇ ਸੂਹੇ ਵੇਸ ਵਾਲੀਏ! ਅਗਲਾ = ਬਹੁਤਾ। ਅਹਿ = ਦਿਨ। ਨਿਸਿ = ਰਾਤ। ਭਾਉ = ਪ੍ਰੇਮ। ਚਿਹਨੁ = ਲੱਛਣ।

ਅਰਥ: ਹੇ ਸੂਹੇ ਵੇਸ ਵਾਲੀਏ! ਜੇ ਤੂੰ ਸਦਾ-ਥਿਰ (ਪ੍ਰਭੂ ਦਾ) ਨਾਮ ਮੰਨ ਲਏਂ ਤਾਂ ਤੂੰ ਸੁਹਾਗ ਭਾਗ ਵਾਲੀ ਹੋ ਜਾਏਂ। ਆਪਣੇ ਗੁਰੂ ਨੂੰ ਪ੍ਰਸੰਨ ਕਰ ਲੈ, ਬੜੀ (ਨਾਮ-) ਰੰਗਣ ਚੜ੍ਹ ਆਵੇਗੀ (ਪਰ ਇਸ ਰੰਗਣ ਲਈ ਗੁਰੂ ਤੋਂ ਬਿਨਾ) ਕੋਈ ਹੋਰ ਥਾਂ ਨਹੀਂ ਹੈ। (ਸੋ ਗੁਰੂ ਦੀ ਸਰਨ ਪੈ ਕੇ) ਅਜੇਹਾ (ਸੋਹਣਾ ਸਿੰਗਾਰ ਬਣਾ ਜੋ ਕਦੇ ਮੈਲਾ ਨਾਹ ਹੋਵੇ ਤੇ ਦਿਨ ਰਾਤ ਤੇਰਾ ਪਿਆਰ (ਪ੍ਰਭੂ ਨਾਲ) ਬਣਿਆ ਰਹੇ। ਹੇ ਨਾਨਕ! (ਇਸ ਤੋਂ ਬਿਨਾ) ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਦਾ ਹੋਰ ਕੀਹ ਲੱਛਣ ਹੋ ਸਕਦਾ ਹੈ? ਉਸ ਦੇ ਅੰਦਰ ਸੱਚਾ ਨਾਮ ਹੋਵੇ, ਮੂੰਹ (ਉਤੇ ਨਾਮ ਦੀ) ਲਾਲੀ ਹੋਵੇ ਤੇ ਉਹ ਖਸਮ-ਪ੍ਰਭੂ ਵਿਚ ਜੁੜੀ ਰਹੇ।੧।

ਮਃ ੩ ॥ ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥ ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥ ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥ ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ ॥੨॥ {ਪੰਨਾ 785}

ਅਰਥ: ਹੇ ਲੋਕੋ! ਮੈਂ (ਨਿਰੀ) ਸੂਹੇ ਵੇਸੁ ਵਾਲੀ (ਹੀ) ਹਾਂ, ਮੈਂ (ਨਿਰੇ) ਸੂਹੇ ਕੱਪੜੇ (ਹੀ) ਪਾਂਦੀ ਹਾਂ; ਪਰ (ਨਿਰੇ) ਵੇਸਾਂ ਨਾਲ ਖਸਮ (-ਪ੍ਰਭੂ) ਨਹੀਂ ਮਿਲਦਾ, ਮੈਂ ਵੇਸ ਕਰ ਕਰ ਕੇ ਥੱਕ ਗਈ ਹਾਂ। ਹੇ ਨਾਨਕ! ਖਸਮ ਉਹਨਾਂ ਨੂੰ (ਹੀ) ਮਿਲਦਾ ਹੈ ਜਿਨ੍ਹਾਂ ਨੇ ਸਤਿਗੁਰੂ ਦੀ ਸਿੱਖਿਆ ਸੁਣੀ ਹੈ। (ਜਦੋਂ ਜੀਵ-ਇਸਤ੍ਰੀ ਇਸ ਅਵਸਥਾ ਤੇ ਅੱਪੜ ਜਾਏ ਕਿ) ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ, ਤਾਂ ਇਸ ਤਰ੍ਹਾਂ ਉਹ ਖਸਮ-ਪ੍ਰਭੂ ਨੂੰ ਮਿਲ ਪੈਂਦੀ ਹੈ।੨।

ਪਉੜੀ ॥ ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ ॥ ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ ॥ ਇਕਨਾ ਨੋ ਤੂ ਮੇਲਿ ਲੈਹਿ ਗੁਰ ਸਬਦਿ ਬੀਚਾਰਾ ॥ ਸਚਿ ਰਤੇ ਸੇ ਨਿਰਮਲੇ ਹਉਮੈ ਤਜਿ ਵਿਕਾਰਾ ॥ ਜਿਸੁ ਤੂ ਮੇਲਹਿ ਸੋ ਤੁਧੁ ਮਿਲੈ ਸੋਈ ਸਚਿਆਰਾ ॥੨॥ {ਪੰਨਾ 786}

ਪਦਅਰਥ: ਸ੍ਰਿਸਟਿ = ਜਗਤ। ਬਹੁ ਭਿਤਿ = ਬਹੁ ਭਾਂਤ ਦੀ। ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ। ਤਜਿ = ਤਿਆਗ ਕੇ। ਸਚਿਆਰਾ = ਸੱਚ ਦਾ ਵਪਾਰੀ।

ਅਰਥ: ਉਸ ਪ੍ਰਭੂ ਨੇ ਇਹ ਸ੍ਰਿਸ਼ਟੀ ਇਹ ਸੰਸਾਰ ਆਪਣੇ ਹੁਕਮ ਅਨੁਸਾਰ ਕਈ ਕਿਸਮਾਂ ਦਾ ਬਣਾਇਆ ਹੈ। ਹੇ ਸੱਚੇ! ਹੇ ਅਲੱਖ! ਤੇ ਹੇ ਬੇਅੰਤ ਪ੍ਰਭੂ! ਇਹ ਸਮਝ ਨਹੀਂ ਪੈਂਦੀ ਕਿ ਤੇਰਾ ਹੁਕਮ ਕੇਡਾ ਕੁ (ਬਲਵਾਨ) ਹੈ। ਕਈ ਜੀਵਾਂ ਨੂੰ ਤੂੰ ਗੁਰ-ਸ਼ਬਦ ਵਿਚ ਜੋੜ ਕੇ ਆਪਣੇ ਨਾਲ ਮਿਲਾ ਲੈਂਦਾ ਹੈਂ, ਉਹ ਹਉਮੈ-ਰੂਪ ਵਿਕਾਰ ਤਿਆਗ ਕੇ ਤੇਰੇ ਨਾਮ ਵਿਚ ਰੰਗੇ ਜਾਂਦੇ ਹਨ ਤੇ ਪਵਿਤ੍ਰ ਹੋ ਜਾਂਦੇ ਹਨ। ਹੇ ਪ੍ਰਭੂ! ਜਿਸ ਨੂੰ ਤੂੰ ਮਿਲਾਂਦਾ ਹੈਂ ਉਹ ਤੈਨੂੰ ਮਿਲਦਾ ਹੈ ਤੇ ਉਹੀ ਸੱਚ ਦਾ ਵਪਾਰੀ ਹੈ।੨।


Today’s Hukamnama from Gurdwara Damdama Sahib Thatta (Kapurthala)


Today’s Hukamnama from Gurdwara Baba Darbara Singh Ji Tibba (Kapurthala)

ਸੋਰਠਿ ਮਹਲਾ ੪ ਪੰਚਪਦਾ ॥ ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ ॥ ਪ੍ਰੇਮ ਕੇ ਸਰ ਲਾਗੇ ਤਨ ਭੀਤਰਿ ਤਾ ਭ੍ਰਮੁ ਕਾਟਿਆ ਜਾਈ ॥੧॥ ਮੇਰੇ ਗੋਬਿਦ ਅਪੁਨੇ ਜਨ ਕਉ ਦੇਹਿ ਵਡਿਆਈ ॥ ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾਈ ॥ ਰਹਾਉ ॥ ਇਹੁ ਸੰਸਾਰੁ ਸਭੁ ਆਵਣ ਜਾਣਾ ਮਨ ਮੂਰਖ ਚੇਤਿ ਅਜਾਣਾ ॥ ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਤਾ ਹਰਿ ਨਾਮਿ ਸਮਾਣਾ ॥੨॥ ਜਿਸ ਕੀ ਵਥੁ ਸੋਈ ਪ੍ਰਭੁ ਜਾਣੈ ਜਿਸ ਨੋ ਦੇਇ ਸੁ ਪਾਏ ॥ ਵਸਤੁ ਅਨੂਪ ਅਤਿ ਅਗਮ ਅਗੋਚਰ ਗੁਰੁ ਪੂਰਾ ਅਲਖੁ ਲਖਾਏ ॥੩॥ ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ॥ ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ॥੪॥ ਸਭੁ ਕਿਛੁ ਤੇਰਾ ਤੂ ਅੰਤਰਜਾਮੀ ਤੂ ਸਭਨਾ ਕਾ ਪ੍ਰਭੁ ਸੋਈ ॥ ਜਿਸ ਨੋ ਦਾਤਿ ਕਰਹਿ ਸੋ ਪਾਏ ਜਨ ਨਾਨਕ ਅਵਰੁ ਨ ਕੋਈ ॥੫॥੯॥ {ਪੰਨਾ 607}

ਨੋਟ: ਪੰਚ ਪਦ-ਪੰਜ ‘ਬੰਦਾਂ’ ਵਾਲਾ ਸ਼ਬਦ।

ਪਦਅਰਥ: ਅਚਰੁ = {ਅ = ਚਰੁ} ਨਾਹ ਜਿੱਤਿਆ ਜਾ ਸਕਣ (ਮਨ) ਵਾਲਾ। ਚਰੈ = ਜਿੱਤ ਲੈਂਦਾ ਹੈ। ਸਿਧਿ = (ਜੀਵਨ = ਸੰਗ੍ਰਾਮ ਵਿਚ) ਕਾਮਯਾਬੀ। ਤੇ = ਤੋਂ। ਬੁਧਿ = ਅਕਲ। ਸਰ = ਤੀਰ। ਤਨ = ਸਰੀਰ, ਹਿਰਦਾ। ਭ੍ਰਮੁ = ਮਨ ਦੀ ਭਟਕਣਾ।੧।

ਗੋਬਿਦ = ਹੇ ਗੋਬਿੰਦ! ਕਉ = ਨੂੰ। ਪਰਗਾਸਹੁ = ਪਰਗਟ ਕਰੋ, ਉਜਾਗਰ ਕਰ ਦਿਉ। ਰਹਹੁ = ਰੱਖੋ।ਰਹਾਉ।

ਸੰਸਾਰੁ = ਜਗਤ (ਦਾ ਮੋਹ) । ਆਵਣ ਜਾਣਾ = ਜਨਮ ਮਰਨ (ਦਾ ਮੂਲ) । ਮਨ = ਹੇ ਮਨ! ਨਾਮਿ = ਨਾਮ ਵਿਚ।੨।

ਜਿਸ ਕੀ = {ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਕੀ’ ਦੇ ਕਾਰਨ ਉੱਡ ਗਿਆ ਹ ੈ}। ਵਥੁ = ਵਸਤੁ, ਨਾਮ = ਵਸਤੁ। ਸੋਈ = ਉਹੀ (ਪ੍ਰਭੂ) । ਜਿਸ ਨੋ = (ਲਫ਼ਜ਼ ‘ਜਿਸੁ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ) । ਸੁ = ਉਹ ਮਨੁੱਖ। ਅਨੂਪ = ਸੁੰਦਰ, ਬੇ = ਮਿਸਾਲ (ਅਨ = ਊਪ = ਉਪਮਾ ਰਹਿਤ) । ਅਗਮ = ਅਪਹੁੰਚ। ਅਗੋਚਰ = {ਅ = ਗੋ = ਚਰ} ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਲਖੁ = ਅਦ੍ਰਿਸ਼ਟ ਪ੍ਰਭੂ। ਲਖਾਏ = ਵਿਖਾ ਦੇਂਦਾ ਹੈ।੩।

ਜਿਨਿ = ਜਿਸ (ਮਨੁੱਖ) ਨੇ। ਇਹ = ਇਹ ਵਸਤੁ {ਇਸਤ੍ਰੀ ਲਿੰਗ}। ਕੋ = ਕੋਈ ਮਨੁੱਖ।੪।

ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਸੋਈ = ਸਾਰ ਰੱਖਣ ਵਾਲਾ।੫।

ਅਰਥ: ਹੇ ਮੇਰੇ ਗੋਬਿੰਦ! ਮੈਨੂੰ) ਆਪਣੇ ਦਾਸ ਨੂੰ (ਇਹ) ਇੱਜ਼ਤ ਬਖ਼ਸ਼ (ਕਿ) ਗੁਰੂ ਦੀ ਮਤਿ ਦੀ ਰਾਹੀਂ (ਮੇਰੇ ਅੰਦਰ) ਆਪਣਾ ਨਾਮ ਪਰਗਟ ਕਰ ਦੇਹ, (ਮੈਨੂੰ) ਸਦਾ ਆਪਣੀ ਸ਼ਰਨ ਵਿਚ ਰੱਖ।ਰਹਾਉ।

(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਦੋਂ) ਮਨੁੱਖ ਇਸ ਅਜਿੱਤ ਮਨ ਨੂੰ ਜਿੱਤ ਲੈਂਦਾ ਹੈ, ਤਦੋਂ (ਜੀਵਨ-ਸੰਗ੍ਰਾਮ ਵਿਚ ਇਸ ਨੂੰ) ਕਾਮਯਾਬੀ ਹੋ ਜਾਂਦੀ ਹੈ, (ਇਸ) ਕਾਮਯਾਬੀ ਤੋਂ (ਮਨੁੱਖ ਨੂੰ ਇਹ) ਅਕਲ ਹਾਸਲ ਹੋ ਜਾਂਦੀ ਹੈ (ਕਿ) ਪਰਮਾਤਮਾ ਦੇ ਪਿਆਰ ਦੇ ਤੀਰ (ਇਸ ਦੇ) ਹਿਰਦੇ ਵਿਚ ਵਿੱਝ ਜਾਂਦੇ ਹਨ, ਤਦੋਂ (ਇਸ ਦੇ ਮਨ ਦੀ) ਭਟਕਣਾ (ਸਦਾ ਲਈ) ਕੱਟੀ ਜਾਂਦੀ ਹੈ।੧।

ਹੇ ਮੂਰਖ ਅੰਞਾਣ ਮਨ! ਇਹ ਜਗਤ (ਦਾ ਮੋਹ) ਜਨਮ ਮਰਨ (ਦਾ ਕਾਰਨ ਬਣਿਆ ਰਹਿੰਦਾ) ਹੈ (ਇਸ ਤੋਂ ਬਚਣ ਲਈ ਪਰਮਾਤਮਾ ਦਾ ਨਾਮ) ਸਿਮਰਦਾ ਰਹੁ। ਹੇ ਹਰੀ! ਮੇਰੇ ਉੱਤੇ) ਮੇਹਰ ਕਰ, ਮੈਨੂੰ ਗੁਰੂ ਮਿਲਾ, ਤਦੋਂ ਹੀ ਤੇਰੇ ਨਾਮ ਵਿਚ ਲੀਨਤਾ ਹੋ ਸਕਦੀ ਹੈ।੨।

ਹੇ ਭਾਈ! ਇਹ ਨਾਮ-ਵਸਤੁ ਜਿਸ (ਪਰਮਾਤਮਾ) ਦੀ (ਮਲਕੀਅਤ) ਹੈ, ਉਹੀ ਜਾਣਦਾ ਹੈ (ਕਿ ਇਹ ਵਸਤੁ ਕਿਸ ਨੂੰ ਦੇਣੀ ਹੈ) , ਜਿਸ ਜੀਵ ਨੂੰ ਪ੍ਰਭੂ ਇਹ ਦਾਤਿ ਦੇਂਦਾ ਹੈ ਉਹੀ ਲੈ ਸਕਦਾ ਹੈ। ਇਹ ਵਸਤ ਐਸੀ ਸੁੰਦਰ ਹੈ ਕਿ ਜਗਤ ਵਿਚ ਇਸ ਵਰਗੀ ਹੋਰ ਕੋਈ ਨਹੀਂ, (ਕਿਸੇ ਚਤੁਰਾਈ-ਸਿਆਣਪ ਦੀ ਰਾਹੀਂ) ਇਸ ਤਕ ਪਹੁੰਚ ਨਹੀਂ ਹੋ ਸਕਦੀ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਭੀ ਇਸ ਤਕ ਪਹੁੰਚ ਨਹੀਂ। (ਜੇ) ਪੂਰਾ ਗੁਰੂ (ਮਿਲ ਪਏ, ਤਾਂ ਉਹੀ) ਅਦ੍ਰਿਸ਼ਟ ਪ੍ਰਭੂ ਦਾ ਦੀਦਾਰ ਕਰਾ ਸਕਦਾ ਹੈ।੩।

ਹੇ ਭਾਈ! ਜਿਸ ਮਨੁੱਖ ਨੇ ਇਹ ਨਾਮ-ਵਸਤੁ ਚੱਖੀ ਹੈ (ਇਸ ਦਾ ਸੁਆਦ) ਉਹੀ ਜਾਣਦਾ ਹੈ, (ਉਹ ਬਿਆਨ ਨਹੀਂ ਕਰ ਸਕਦਾ, ਜਿਵੇਂ) ਗੁੰਗੇ ਦੀ (ਖਾਧੀ) ਮਿਠਿਆਈ (ਦਾ ਸੁਆਦ) ਗੁੰਗਾ ਦੱਸ ਨਹੀਂ ਸਕਦਾ। (ਹਾਂ ਜੇ ਕਿਸੇ ਨੂੰ ਇਹ ਨਾਮ-ਰਤਨ ਹਾਸਲ ਹੋ ਜਾਵੇ, ਤਾਂ) ਜੇ ਉਹ ਮਨੁੱਖ (ਇਸ ਰਤਨ ਨੂੰ ਆਪਣੇ ਅੰਦਰ) ਲੁਕਾ ਕੇ ਰੱਖਣਾ ਚਾਹੇ, ਤਾਂ ਲੁਕਾਇਆਂ ਇਹ ਰਤਨ ਲੁਕਦਾ ਨਹੀਂ (ਉਸ ਦੇ ਆਤਮਕ ਜੀਵਨ ਤੋਂ ਰਤਨ-ਪ੍ਰਾਪਤੀ ਦੇ ਲੱਛਣ ਦਿੱਸ ਪੈਂਦੇ ਹਨ) ।੪।

ਹੇ ਪ੍ਰਭੂ! ਇਹ ਸਾਰਾ ਜਗਤ ਤੇਰਾ ਬਣਾਇਆ ਹੋਇਆ ਹੈ, ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ-ਵਾਲਾ ਹੈਂ, ਤੂੰ ਸਭ ਦੀ ਸਾਰ ਲੈਣ ਵਾਲਾ ਮਾਲਕ ਹੈਂ। ਹੇ ਨਾਨਕ! ਆਖ-ਹੇ ਪ੍ਰਭੂ!) ਉਹੀ ਮਨੁੱਖ ਤੇਰਾ ਨਾਮ ਹਾਸਲ ਕਰ ਸਕਦਾ ਹੈ ਜਿਸ ਨੂੰ ਤੂੰ ਇਹ ਦਾਤਿ ਬਖ਼ਸ਼ਦਾ ਹੈਂ। ਹੋਰ ਕੋਈ ਭੀ ਐਸਾ ਜੀਵ ਨਹੀਂ (ਜੋ ਤੇਰੀ ਬਖ਼ਸ਼ਸ਼ ਤੋਂ ਬਿਨਾ ਤੇਰਾ ਨਾਮ ਪ੍ਰਾਪਤ ਕਰ ਸਕੇ) ।੫।੯।

ਜ਼ਰੂਰੀ ਨੋਟ: ਇਸ ਰਾਗ ਵਿਚ ਦੇ ਗੁਰੂ ਨਾਨਕ ਦੇਵ ਜੀ ਦੇ ਸਾਰੇ ਹੀ ਸ਼ਬਦਾਂ ਵਿਚ ‘ਰਹਾਉ’ ਦੀਆਂ ਤੁਕਾਂ ਨਾਲ ਲਫ਼ਜ਼ ਸਿਰਫ਼ “ਰਹਾਉ” ਹੈ, “੧।ਰਹਾਉ” ਨਹੀਂ। ਇਹੀ ਸਮਾਨਤਾ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸ਼ਬਦਾਂ ਵਿਚ ਮਿਲਦੀ ਹੈ। ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਇਹਨਾਂ ਪਾਸ ਮੌਜੂਦ ਸੀ।


Today’s Hukamnama from State Gurdwara Sahib Kapurthala

ਵਡਹੰਸੁ ਮਃ ੫ ॥ ਤੂ ਜਾਣਾਇਹਿ ਤਾ ਕੋਈ ਜਾਣੈ ॥ ਤੇਰਾ ਦੀਆ ਨਾਮੁ ਵਖਾਣੈ ॥੧॥ ਤੂ ਅਚਰਜੁ ਕੁਦਰਤਿ ਤੇਰੀ ਬਿਸਮਾ ॥੧॥ ਰਹਾਉ ॥ ਤੁਧੁ ਆਪੇ ਕਾਰਣੁ ਆਪੇ ਕਰਣਾ ॥ ਹੁਕਮੇ ਜੰਮਣੁ ਹੁਕਮੇ ਮਰਣਾ ॥੨॥ ਨਾਮੁ ਤੇਰਾ ਮਨ ਤਨ ਆਧਾਰੀ ॥ ਨਾਨਕ ਦਾਸੁ ਬਖਸੀਸ ਤੁਮਾਰੀ ॥੩॥੮॥ {ਪੰਨਾ 563-564}

ਪਦਅਰਥ: ਜਾਣਾਇਹਿ = ਤੂੰ ਜਣਾਂਦਾ ਹੈਂ, ਤੂੰ ਸੂਝ ਦੇਂਦਾ ਹੈਂ। ਤਾ = ਤਦੋਂ। ਜਾਣੈ = ਡੂੰਘੀ ਸਾਂਝ ਪਾਂਦਾ ਹੈ। ਵਖਾਣੈ = ਉਚਾਰਦਾ ਹੈ, ਸਿਮਰਦਾ ਹੈ।੧।

ਅਚਰਜੁ = ਹੈਰਾਨ ਕਰ ਦੇਣ ਵਾਲੇ ਸਰੂਪ ਵਾਲਾ। ਕੁਦਰਤਿ = ਰਚਨਾ। ਬਿਸਮਾ = ਹੈਰਾਨਗੀ ਪੈਦਾ ਕਰਨ ਵਾਲੀ।੧।ਰਹਾਉ।

ਆਪੇ = ਆਪ ਹੀ। ਕਾਰਣੁ = ਸਬੱਬ, ਰਚਨਾ ਪੈਦਾ ਕਰਨ ਦਾ ਵਸੀਲਾ। ਕਰਣਾ = ਜਗਤ। ਹੁਕਮੇ = ਹੁਕਮ ਵਿਚ ਹੀ।੨।

ਮਨ ਤਨ ਆਧਾਰੀ = ਮਨ ਦਾ ਤਨ ਦਾ ਆਸਰਾ। ਨਾਨਕ = ਹੇ ਨਾਨਕ!।੩।

ਅਰਥ: ਹੇ ਪ੍ਰਭੂ! ਤੂੰ ਹੈਰਾਨ ਕਰ ਦੇਣ ਵਾਲੀ ਹਸਤੀ ਵਾਲਾ ਹੈਂ। ਤੇਰੀ ਰਚੀ ਰਚਨਾ ਭੀ ਹੈਰਾਨਗੀ ਪੈਦਾ ਕਰਨ ਵਾਲੀ ਹੈ।੧।ਰਹਾਉ।

ਹੇ ਪ੍ਰਭੂ! ਜਦੋਂ ਕਿਸੇ ਮਨੁੱਖ ਨੂੰ ਤੂੰ ਸੂਝ ਬਖ਼ਸ਼ਦਾ ਹੈਂ, ਤਦੋਂ ਹੀ ਕੋਈ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ, ਤੇ, ਤੇਰਾ ਬਖ਼ਸ਼ਿਆ ਹੋਇਆ ਤੇਰਾ ਨਾਮ ਉਚਾਰਦਾ ਹੈ।੧।

ਹੇ ਪ੍ਰਭੂ! ਤੂੰ ਆਪ ਹੀ (ਜਗਤ-ਰਚਨਾ ਦਾ) ਵਸੀਲਾ (ਬਣਾਣ ਵਾਲਾ) ਹੈਂ, ਤੂੰ ਆਪ ਹੀ ਜਗਤ ਹੈਂ (ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ) । ਤੇਰੇ ਹੁਕਮ ਵਿਚ ਹੀ (ਜੀਵਾਂ ਦਾ) ਜਨਮ ਹੁੰਦਾ ਹੈ, ਤੇਰੇ ਹੁਕਮ ਵਿਚ ਹੀ ਮੌਤ ਆਉਂਦੀ ਹੈ।੨।

ਹੇ ਪ੍ਰਭੂ! ਤੇਰਾ ਨਾਮ ਮੇਰੇ ਮਨ ਦਾ ਮੇਰੇ ਸਰੀਰ ਦਾ ਆਸਰਾ ਹੈ। ਹੇ ਨਾਨਕ! ਆਖ-ਹੇ ਪ੍ਰਭੂ! ਆਪਣਾ ਨਾਮ ਬਖ਼ਸ਼) ਤੇਰਾ ਦਾਸ ਤੇਰੀ ਬਖ਼ਸ਼ਸ (ਦਾ ਆਸਵੰਦ ਹੈ) ।੩।੮।