Hukamnama 03.09.2019: Ber Sahib, Baoli Sahib, Damdama Sahib, Baba Darbara Singh, State Gurdwara Sahib

125
Today’s Hukamnama from Gurdwara Sri Ber Sahib Sultanpur Lodhi

ਦੇਵਗੰਧਾਰੀ ॥ ਅਬ ਹਮ ਚਲੀ ਠਾਕੁਰ ਪਹਿ ਹਾਰਿ ॥ ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥ ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥ ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥ ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥ {ਪੰਨਾ 527-528}

ਪਦਅਰਥ: ਅਬ = ਹੁਣ। ਪਹਿ = ਪਾਸ, ਕੋਲ। ਹਾਰਿ = ਹਾਰ ਕੇ, ਥੱਕ ਕੇ, ਹੋਰ ਸਾਰੇ ਆਸਰੇ ਛੱਡ ਕੇ। ਜਬ = ਹੁਣ ਜਦੋਂ। ਪ੍ਰ੍ਰਭੂ ਕੀ ਸਰਣਿ = ਹੇ ਪ੍ਰਭੂ! ਤੇਰੀ ਸਰਨ। ਰਾਖੁ = ਬਚਾ ਲੈ।੧।ਰਹਾਉ।

ਲੋਕਨ ਕੀ = ਲੋਕਾਂ ਵਾਲੀ। ਉਪਮਾ = ਵਡਿਆਈ। ਤੇ = ਉਹ ਸਾਰੀਆਂ। ਬੈਸੰਤਰਿ = ਅੱਗ ਵਿਚ। ਜਾਰਿ = ਜਾਰਿ ਦੀਈ, ਸਾੜ ਦਿੱਤੀ ਹੈ। ਕਹਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ। ਨੋਟ: ਇਹ ਧਿਆਨ ਰੱਖਣਾ ਕਿ ਇਹ ਲਫ਼ਜ਼ ਇਥੇ ‘ਵਰਤਮਾਨ ਕਾਲ, ਉੱਤਮ ਪੁਰਖ, ਇਕ-ਵਚਨ’ ਨਹੀਂ ਹੈ} ਬੇਸ਼ੱਕ ਆਖੇ। ਢਾਰਿ ਦੀਓ = ਢਾਲ ਦਿੱਤਾ ਹੈ, ਭੇਟਾ ਕਰ ਦਿੱਤਾ ਹੈ, ਦੇਹ = ਅੱਧਿਆਸ ਦੂਰ ਕਰ ਦਿੱਤਾ ਹੈ, ਸਰੀਰਕ ਮੋਹ ਛੱਡ ਦਿੱਤਾ ਹੈ।੧।

ਠਾਕੁਰ ਪ੍ਰਭ = ਹੇ ਠਾਕੁਰ! ਹੇ ਪ੍ਰਭੂ! ਰਾਖਹੁ = ਤੂੰ ਰੱਖਦਾ ਹੈਂ। ਧਾਰਿ = ਧਾਰ ਕੇ। ਮੁਰਾਰਿ = ਹੇ ਮੁਰਾਰੀ!।੨।

ਅਰਥ: ਹੁਣ ਮੈਂ ਹੋਰ ਸਾਰੇ ਆਸਰੇ ਛੱਡ ਕੇ ਮਾਲਕ-ਪ੍ਰਭੂ ਦੀ ਸਰਨ ਆ ਗਈ ਹਾਂ। ਜਦੋਂ ਹੁਣ, ਹੇ ਪ੍ਰਭੂ! ਮੈਂ ਤੇਰੀ ਸਰਨ ਆ ਗਈ ਹਾਂ, ਚਾਹੇ ਮੈਨੂੰ ਰੱਖ ਚਾਹੇ ਮਾਰ (ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਸੇ ਹਾਲ ਰੱਖ) ।੧।ਰਹਾਉ।

ਦੁਨੀਆ ਵਾਲੀ ਸਿਆਣਪ, ਤੇ, ਦੁਨੀਆ ਵਾਲੀ ਵਡਿਆਈ-ਇਹਨਾਂ ਨੂੰ ਮੈਂ ਅੱਗ ਵਿਚ ਸਾੜ ਦਿੱਤਾ ਹੈ। ਚਾਹੇ ਕੋਈ ਮੈਨੂੰ ਚੰਗਾ ਆਖੇ ਚਾਹੇ ਕੋਈ ਮੰਦਾ ਆਖੇ, ਮੈਂ ਤਾਂ ਆਪਣਾ ਸਰੀਰ (ਠਾਕੁਰ ਦੇ ਚਰਨਾਂ ਵਿਚ) ਭੇਟ ਕਰ ਦਿੱਤਾ ਹੈ।੧।

ਹੇ ਮਾਲਕ! ਹੇ ਪ੍ਰਭੂ! ਜੇਹੜਾ ਭੀ ਕੋਈ (ਵਡ-ਭਾਗੀ) ਤੇਰੀ ਸਰਨ ਆ ਪੈਂਦਾ ਹੈ, ਤੂੰ ਮੇਹਰ ਕਰ ਕੇ ਉਸ ਦੀ ਰੱਖਿਆ ਕਰਦਾ ਹੈਂ। ਹੇ ਦਾਸ ਨਾਨਕ! ਆਖ-) ਹੇ ਹਰੀ ਜੀ! ਹੇ ਮੁਰਾਰੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਇੱਜ਼ਤ ਰੱਖ।੨।੪।


Today’s Hukamnama from Gurdwara Baoli Sahib Goindwal Sahib

ਸੋਰਠਿ ਮਹਲਾ ੯ ॥ ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥ ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥ {ਪੰਨਾ 633}

ਪਦਅਰਥ: ਦੁਖ ਮੈ = ਦੁੱਖਾਂ ਵਿਚ (ਘਿਰਿਆ ਹੋਇਆ ਭੀ) । ਨਹੀ ਮਾਨੈ = ਨਹੀਂ ਪ੍ਰਤੀਤ ਕਰਦਾ, ਨਹੀਂ ਘਬਰਾਂਦਾ। ਸੁਖ ਸਨੇਹੁ = ਸੁਖਾਂ ਦਾ ਮੋਹ। ਭੈ = {ਲਫ਼ਜ਼ ‘ਭਉ’ ਤੋਂ ਬਹੁ-ਵਚਨ}। ਜਾ ਕੈ = ਜਿਸ ਦੇ ਮਨ ਵਿਚ। ਕੰਚਨ = ਸੋਨਾ।੧।ਰਹਾਉ।

ਨਿੰਦਿਆ = ਚੁਗ਼ਲੀ = ਬੁਰਾਈ। ਉਸਤਤਿ = ਖ਼ੁਸ਼ਾਮਦ। ਹਰਖ ਸੋਗ ਤੇ = ਖ਼ੁਸ਼ੀ ਗ਼ਮੀ ਤੋਂ। ਮਾਨ = ਆਦਰ। ਅਪਮਾਨਾ = ਨਿਰਾਦਰੀ।੧।

ਮਨਸਾ = {मनीषा} ਮਨੋਕਾਮਨਾ। ਤੇ = ਤੋਂ। ਪਰਸੈ = ਛੁੰਹਦਾ। ਤਿਹ ਘਟਿ = ਉਸ ਦੇ ਹਿਰਦੇ ਵਿਚ। ਬ੍ਰਹਮੁ ਨਿਵਾਸਾ = ਪਰਮਾਤਮਾ ਦਾ ਨਿਵਾਸ।੨।

ਗੁਰ = ਗੁਰੂ ਨੇ। ਜਿਹ ਨਰ ਕਉ = ਜਿਸ ਮਨੁੱਖ ਉਤੇ। ਤਿਹ = ਉਸ ਨੇ। ਸਿਉ = ਨਾਲ, ਵਿਚ। ਸੰਗਿ = ਨਾਲ।੩।

ਅਰਥ: ਹੇ ਭਾਈ! ਜੇਹੜਾ ਮਨੁੱਖ ਦੁੱਖਾਂ ਵਿਚ ਘਬਰਾਂਦਾ ਨਹੀਂ, ਜਿਸ ਮਨੁੱਖ ਦੇ ਹਿਰਦੇ ਵਿਚ ਸੁਖਾਂ ਨਾਲ ਮੋਹ ਨਹੀਂ, ਅਤੇ (ਕਿਸੇ ਕਿਸਮ ਦੇ) ਡਰ ਨਹੀਂ, ਜੇਹੜਾ ਮਨੁੱਖ ਸੋਨੇ ਨੂੰ ਮਿੱਟੀ (ਸਮਾਨ) ਸਮਝਦਾ ਹੈ (ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ।੧।ਰਹਾਉ।

ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗ਼ਲੀ-ਬੁਰਾਈ ਨਹੀਂ, ਕਿਸੇ ਦੀ ਖ਼ੁਸ਼ਾਮਦ ਨਹੀਂ, ਜਿਸ ਦੇ ਅੰਦਰ ਨਾਹ ਲੋਭ ਹੈ, ਨਾਹ ਮੋਹ ਹੈ, ਨਾਹ ਅਹੰਕਾਰ ਹੈ; ਜੇਹੜਾ ਮਨੁੱਖ ਖ਼ੁਸ਼ੀ ਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ, ਜਿਸ ਨੂੰ ਨਾਹ ਆਦਰ ਪੋਹ ਸਕਦਾ ਹੈ ਨਾਹ ਨਿਰਾਦਰੀ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ।੧।

ਹੇ ਭਾਈ! ਜੇਹੜਾ ਮਨੁੱਖਾਂ ਆਸਾਂ ਉਮੈਦਾਂ ਸਭ ਤਿਆਗ ਦੇਂਦਾ ਹੈ, ਜਗਤ ਤੋਂ ਨਿਰਮੋਹ ਰਹਿੰਦਾ ਹੈ, ਜਿਸ ਮਨੁੱਖ ਨੂੰ ਨਾਹ ਕਾਮ-ਵਾਸਨਾ ਛੋਹ ਸਕਦੀ ਹੈ ਨਾਹ ਕ੍ਰੋਧ ਛੋਹ ਸਕਦਾ ਹੈ, ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।੨।

(ਪਰ) ਹੇ ਨਾਨਕ! ਆਖ-) ਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ ਉਸ ਨੇ (ਹੀ ਜੀਵਨ ਦੀ) ਇਹ ਜਾਚ ਸਮਝੀ ਹੈ। ਉਹ ਮਨੁੱਖ ਪਰਮਾਤਮਾ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ, ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ।੩।੧੧।


Today’s Hukamnama from Gurdwara Damdama Sahib Thatta (Kapurthala)

ਸੋਰਠਿ ਮਹਲਾ ੯ ॥ ਰੇ ਨਰ ਇਹ ਸਾਚੀ ਜੀਅ ਧਾਰਿ ॥ ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥ ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥ ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥ ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥ ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥ {ਪੰਨਾ 633}

ਪਦਅਰਥ: ਸਾਚੀ, ਅਟੱਲ, ਸਦਾ ਕਾਇਮ ਰਹਿਣ ਵਾਲੀ। ਜੀਅ = ਦਿਲ ਵਿਚ। ਧਾਰਿ = ਟਿਕਾ ਲੈ। ਸਗਲ = ਸਾਰਾ। ਬਿਨਸਤ = ਨਾਸ ਹੁੰਦਿਆਂ। ਬਾਰ = ਚਿਰ, ਦੇਰ।੧।ਰਹਾਉ।

ਬਾਰੂ = ਰੇਤ। ਭੀਤਿ = ਕੰਧ। ਰਚਿ = ਰਚ ਕੇ, ਉਸਾਰ ਕੇ। ਪਚਿ = ਪੋਚ ਕੇ। ਉਰਝਿਓ = ਮਸਤ ਹੋਇਆ। ਕਹਾ = ਕਿਉਂ? ਗਵਾਰ = ਹੇ ਮੂਰਖ!।੧।

ਅਜਹੂ = ਅੱਜ ਹੀ, ਹੁਣ ਹੀ। ਨਾਹਿਨਿ = ਨਹੀਂ। ਮੁਰਾਰਿ = {ਮੁਰ = ਅਰਿ} ਪਰਮਾਤਮਾ। ਕਹੁ = ਆਖ। ਨਿਜ = ਆਪਣਾ। ਮਤੁ = ਖ਼ਿਆਲ। ਕੋ = ਦਾ। ਤੋਹਿ = ਤੈਨੂੰ। ਪੁਕਾਰਿ = ਪੁਕਾਰ ਕੇ।੨।

ਅਰਥ: ਹੇ ਮਨੁੱਖ! ਆਪਣੇ ਦਿਲ ਵਿਚ ਇਹ ਪੱਕੀ ਗੱਲ ਟਿਕਾ ਲੈ, (ਕਿ) ਸਾਰਾ ਸੰਸਾਰ ਸੁਪਨੇ ਵਰਗਾ ਹੈ, (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।੧।ਰਹਾਉ।

ਹੇ ਭਾਈ! ਜਿਵੇਂ ਕਿਸੇ ਨੇ) ਰੇਤ ਦੀ ਕੰਧ ਉਸਾਰ ਕੇ ਪੋਚ ਕੇ ਤਿਆਰ ਕੀਤੀ ਹੋਵੇ; ਪਰ ਉਹ ਕੰਧ ਚਾਰ ਦਿਨ ਭੀ (ਟਿਕੀ) ਨਹੀਂ ਰਹਿੰਦੀ। ਇਸ ਮਾਇਆ ਦੇ ਸੁਖ ਭੀ ਉਸ (ਰੇਤ ਦੀ ਕੰਧ) ਵਰਗੇ ਹੀ ਹਨ। ਹੇ ਮੂਰਖ! ਤੂੰ ਇਹਨਾਂ ਸੁਖਾਂ ਵਿਚ ਕਿਉਂ ਮਸਤ ਹੋ ਰਿਹਾ ਹੈਂ?।੧।

ਹੇ ਭਾਈ! ਅਜੇ ਭੀ ਸਮਝ ਜਾ (ਅਜੇ) ਕੁਝ ਵਿਗੜਿਆ ਨਹੀਂ; ਤੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਹੇ ਨਾਨਕ! ਆਖ-(ਹੇ ਭਾਈ!) ਮੈਂ ਤੈਨੂੰ ਗੁਰਮੁਖਾਂ ਦਾ ਇਹ ਨਿਜੀ ਖ਼ਿਆਲ ਪੁਕਾਰ ਕੇ ਸੁਣਾ ਰਿਹਾ ਹਾਂ।੨।੮।


Today’s Hukamnama from Gurdwara Baba Darbara Singh Ji Tibba (Kapurthala)

ਸੋਰਠਿ ਮਹਲਾ ੫ ॥ ਜਿਤੁ ਪਾਰਬ੍ਰਹਮੁ ਚਿਤਿ ਆਇਆ ॥ ਸੋ ਘਰੁ ਦਯਿ ਵਸਾਇਆ ॥ ਸੁਖ ਸਾਗਰੁ ਗੁਰੁ ਪਾਇਆ ॥ ਤਾ ਸਹਸਾ ਸਗਲ ਮਿਟਾਇਆ ॥੧॥ ਹਰਿ ਕੇ ਨਾਮ ਕੀ ਵਡਿਆਈ ॥ ਆਠ ਪਹਰ ਗੁਣ ਗਾਈ ॥ ਗੁਰ ਪੂਰੇ ਤੇ ਪਾਈ ॥ ਰਹਾਉ ॥ ਪ੍ਰਭ ਕੀ ਅਕਥ ਕਹਾਣੀ ॥ ਜਨ ਬੋਲਹਿ ਅੰਮ੍ਰਿਤ ਬਾਣੀ ॥ ਨਾਨਕ ਦਾਸ ਵਖਾਣੀ ॥ ਗੁਰ ਪੂਰੇ ਤੇ ਜਾਣੀ ॥੨॥੨॥੬੬॥ {ਪੰਨਾ 626}

ਪਦਅਰਥ: ਜਿਤੁ = ਜਿਸ ਵਿਚ। ਚਿਤਿ = ਚਿੱਤ ਵਿਚ, ਹਿਰਦੇ ਵਿਚ। ਜਿਤੁ ਚਿਤਿ = ਜਿਸ ਹਿਰਦੇ = ਘਰ ਵਿਚ। ਸੋ ਘਰੁ = ਉਹ ਹਿਰਦਾ = ਘਰ। ਦਯਿ = ਪਿਆਰ ਕਰਨ ਵਾਲੇ ਪ੍ਰਭੂ ਨੇ। ਸੁਖ ਸਾਗਰੁ = ਸੁਖਾਂ ਦਾ ਸਮੁੰਦਰ। ਤਾ = ਤਦੋਂ। ਸਹਸਾ = ਸਹਿਮ।੧।

ਵਡਿਆਈ = ਸੋਭਾ, ਸਿਫ਼ਤਿ-ਸਾਲਾਹ। ਆਠ ਪਹਿਰ = ਹਰ ਵੇਲੇ। ਤੇ = ਤੋਂ। ਪਾਈ = ਪ੍ਰਾਪਤ ਕੀਤੀ।ਰਹਾਉ।

ਅਕਥ: ਬਿਆਨ ਨਾਹ ਹੋ ਸਕਣ ਵਾਲੀ। ਕਹਾਣੀ = ਸਰੂਪ ਦਾ ਵਰਣਨ। ਬੋਲਹਿ = ਬੋਲਦੇ ਹਨ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਵਖਾਣੀ = ਉਚਾਰੀ। ਤੇ = ਤੋਂ।੨।

ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਦੀ ਸਿਫ਼ਤਿ-ਸਾਲਾਹ ਕਰਨੀ, ਅੱਠੇ ਪਹਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ-(ਇਹ ਦਾਤਿ) ਪੂਰੇ ਗੁਰੂ ਤੋਂ ਹੀ ਮਿਲਦੀ ਹੈ।ਰਹਾਉ।

ਹੇ ਭਾਈ! ਜਿਸ ਦੇ ਹਿਰਦੇ-ਘਰ ਵਿਚ ਪਰਮਾਤਮਾ ਆ ਵੱਸਿਆ ਹੈ, ਪ੍ਰੀਤਮ-ਪ੍ਰਭੂ ਨੇ ਉਹ ਹਿਰਦਾ-ਘਰ (ਆਤਮਕ ਗੁਣਾਂ ਨਾਲ) ਭਰਪੂਰ ਕਰ ਦਿੱਤਾ। ਹੇ ਭਾਈ! ਜਦੋਂ ਕਿਸੇ ਵਡ-ਭਾਗੀ ਨੂੰ) ਸੁਖਾਂ ਦਾ ਸਮੁੰਦਰ ਗੁਰੂ ਮਿਲ ਪਿਆ, ਤਦੋਂ ਉਸ ਨੇ ਆਪਣਾ ਸਾਰਾ ਸਹਿਮ ਦੂਰ ਕਰ ਲਿਆ।੧।

ਹੇ ਭਾਈ! ਪਰਮਾਤਮਾ ਦੇ ਸਰੂਪ ਦੀ ਗੱਲ-ਬਾਤ ਦੱਸੀ ਨਹੀਂ ਜਾ ਸਕਦੀ। ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਰਹਿੰਦੇ ਹਨ। ਹੇ ਨਾਨਕ! ਉਹੀ ਸੇਵਕ ਇਹ ਬਾਣੀ ਉਚਾਰਦੇ ਹਨ, ਜਿਨ੍ਹਾਂ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕੀਤੀ ਹੈ।੨।੨।੬੬।


Today’s Hukamnama from State Gurdwara Sahib Kapurthala

ਸੂਹੀ ਮਹਲਾ ੫ ॥ ਦਰਸਨੁ ਦੇਖਿ ਜੀਵਾ ਗੁਰ ਤੇਰਾ ॥ ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥ ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥ ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥ ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥ ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥ ਚਰਣ ਕਮਲ ਵਸਹਿ ਮੇਰੈ ਚੀਤਾ ॥੩॥ ਨਾਨਕੁ ਏਕ ਕਰੈ ਅਰਦਾਸਿ ॥ ਵਿਸਰੁ ਨਾਹੀ ਪੂਰਨ ਗੁਣਤਾਸਿ ॥੪॥੧੮॥੨੪॥ {ਪੰਨਾ 742}

ਪਦਅਰਥ: ਦੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਜੀਉ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਗੁਰ = ਹੇ ਗੁਰੂ! ਕਰਮੁ = ਬਖ਼ਸ਼ਸ਼। ਪ੍ਰਭ ਮੇਰਾ = ਹੇ ਮੇਰੇ ਪ੍ਰਭੂ!।੧।

ਪ੍ਰਭ = ਹੇ ਪ੍ਰਭੂ! ਕਰਿ = ਬਣਾ ਕੇ। ਚੇਰੇ = ਸੇਵਕ।੧।ਰਹਾਉ।

ਦਾਤੇ = ਹੇ ਸਭ ਦਾਤਾਂ ਦੇਣ ਵਾਲੇ! ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕਿਨੈ ਵਿਰਲੈ = ਕਿਸੇ ਮਨੁੱਖ ਨੇ। ਜਾਤੇ = ਡੂੰਘੀ ਸਾਂਝ ਪਾਈ ਹੈ।੨।

ਬਿਨਉ = {विनय} ਬੇਨਤੀ। ਮੀਤਾ = ਹੇ ਮਿੱਤਰ! ਵਸਹਿ = ਵੱਸ ਪੈਣਾ। ਮੇਰੈ ਚੀਤਾ = ਮੇਰੇ ਚਿੱਤ ਵਿਚ।੩।

ਨਾਨਕੁ ਕਰੈ = ਨਾਨਕ ਕਰਦਾ ਹੈ। ਅਰਦਾਸਿ = ਬੇਨਤੀ। ਗੁਣ ਤਾਸਿ = ਹੇ ਗੁਣਾਂ ਦੇ ਖ਼ਜ਼ਾਨੇ!।੪।

ਅਰਥ: ਹੇ ਮੇਰੇ ਪ੍ਰਭੂ (ਮੇਰੀ) ਇਹ ਅਰਜ਼ੋਈ ਸੁਣ, (ਗੁਰੂ ਦੀ ਰਾਹੀਂ) ਮੈਨੂੰ ਆਪਣਾ ਸੇਵਕ ਬਣਾ ਕੇ (ਆਪਣਾ) ਨਾਮ ਬਖ਼ਸ਼।੧।ਰਹਾਉ।

ਹੇ ਗੁਰੂ! ਤੇਰਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਹੇ ਮੇਰੇ ਪ੍ਰਭੂ! ਤੇਰੀ ਪੂਰਨ ਬਖ਼ਸ਼ਸ਼ ਹੋਏ (ਤੇ, ਮੈਨੂੰ ਗੁਰੂ ਮਿਲ ਜਾਵੇ) ।੧।

ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਮੈਨੂੰ ਆਪਣੀ ਸਰਨ ਵਿਚ ਰੱਖ। ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।੨।

ਹੇ ਮੇਰੇ ਮਿੱਤਰ ਪ੍ਰਭੂ! ਮੇਰੀ ਅਰਜ਼ੋਈ ਸੁਣ (ਮੇਹਰ ਕਰ ਤੇਰੇ) ਸੋਹਣੇ ਚਰਨ ਮੇਰੇ ਚਿੱਤ ਵਿਚ ਵੱਸ ਪੈਣ।੩।

ਹੇ ਪੂਰਨ ਪ੍ਰਭੂ! ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰਾ ਸੇਵਕ) ਨਾਨਕ (ਤੇਰੇ ਦਰ ਤੇ) ਇਕ ਅਰਜ਼ ਕਰਦਾ ਹੈ (ਕਿਰਪਾ ਕਰ, ਮੈਨੂੰ ਨਾਨਕ ਨੂੰ ਕਦੇ) ਨਾਹ ਭੁੱਲ।੪।੧੮।੨੪।