Home / ਹੈਡਲਾਈਨਜ਼ ਪੰਜਾਬ / 15 ਅਗਸਤ ਵਿਸ਼ੇਸ਼: ਇਸ ਮੁਸਲਿਮ ਵੀਰ ਨੇ ਦੱਸਿਆ, ‘ਮੈਂ ਸ਼ਹੀਦ ਭਗਤ ਸਿੰਘ ਦੀ ਭੈਣ ਕੋਲੋਂ ਗੁਰਮੁਖੀ ਪੜ੍ਹਦਾ ਸੀ….’

15 ਅਗਸਤ ਵਿਸ਼ੇਸ਼: ਇਸ ਮੁਸਲਿਮ ਵੀਰ ਨੇ ਦੱਸਿਆ, ‘ਮੈਂ ਸ਼ਹੀਦ ਭਗਤ ਸਿੰਘ ਦੀ ਭੈਣ ਕੋਲੋਂ ਗੁਰਮੁਖੀ ਪੜ੍ਹਦਾ ਸੀ….’

ਪਾਕਿਸਤਾਨੀ ਪੰਜਾਬ ਦੇ ਬਾਬੇ 71 ਵਰ੍ਹੇ ਗੁਜ਼ਰ ਜਾਣ ਦੇ ਬਾਵਜੂਦ ਨਾ ਤਾਂ ਵੰਡ ਵੇਲੇ ਹੋਣ ਵਾਲੇ ਜ਼ੁਲਮਾਂ ਦਾ ਦੁੱਖ ਭੁੱਲ ਸਕੇ ਹਨ ਤੇ ਨਾ ਹੀ ਵੰਡ ਤੋਂ ਪਹਿਲਾਂ ਦੀਆਂ ਮੁਹੱਬਤਾਂ ਨੂੰ ਭੁਲਾ ਸਕੇ ਹਨ। ਵੰਡ ਵੇਲੇ ਜਿਹੜੇ ਲੋਕ ਜਵਾਨ ਸਨ ਉਨ੍ਹਾਂ ਵਿਚੋਂ ਤਾਂ ਸ਼ਾਇਦ ਹੀ ਕੋਈ ਇਸ ਦੁਨੀਆਂ ਵਿਚ ਹੋਵੇਗਾ ਪਰ ਕੁਝ ਲੋਕ ਜਿਨ੍ਹਾਂ ਦੀਆਂ ਉਮਰਾਂ ਵੰਡ ਵੇਲੇ ਦਸ ਤੋਂ ਪੰਦਰਾ ਵਰ੍ਹਿਆਂ ਦੀ ਸੀ, ਉਨ੍ਹਾਂ ਨੂੰ ਉਹ ਸਾਰਾ ਵੇਲਾ ਯਾਦ ਵੀ ਹੈ ਤੇ ਉਹ ਇਸ ਵੇਲੇ ਨੂੰ ਯਾਦ ਕਰ ਕੇ ਰੋਂਦੇ ਵੀ ਹਨ। ਪੰਜਾਬੀ ਲਹਿਰ ਨਾਮੀ ਇਕ ਤਨਜ਼ੀਮ ਨੇ ਆਜ਼ਾਦੀ ਦੇ ਦਿਹਾੜੇ ਮੌਕੇ ਇਨ੍ਹਾਂ ਬਾਬਿਆਂ ਨੂੰ ਫ਼ੈਸਲਾਬਾਦ ਇਕੱਠਾ ਕੀਤਾ। ਇਸ ਮੌਕੇ ਦਾ ਫ਼ਾਇਦਾ ਚੁੱਕਦੇ ਹੋਏ ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ਼ ਗੱਲਬਾਤ ਕੀਤੀ। ਮੁਹੰਮਦ ਜਮੀਲ ਖ਼ਾਨ ਕੋਈ ਦਸ ਵਰ੍ਹਿਆਂ ਦੇ ਸਨ ਜਦੋਂ ਵੰਡ ਹੋਈ। ਉਹ ਦੱਸਦੇ ਹਨ ਕਿ ਇਹੀ ਕੋਈ ਸਾਉਣ-ਭਾਦੋਂ ਦਾ ਮੌਸਮ ਸੀ ਤੇ ਕੋਈ ਰਾਤ ਦੇ 9-10 ਵਜੇ ਸਨ। ਉਨ੍ਹਾਂ ਦੇ ਪਿੰਡ ‘ਤੇ ਹਮਲਾ ਹੋਇਆ। ਪਹਿਲਾਂ ਤਾਂ ਉਨ੍ਹਾਂ ਨੇ ਔਰਤਾਂ ਨੂੰ ਕਿਹਾ ਕਿ ਉਹ ਅਪਣਾ ਸਾਮਾਨ ਤੇ ਗਹਿਣੇ ਉਨ੍ਹਾਂ ਦੇ ਹਵਾਲੇ ਕਰ ਦੇਣ। ਫ਼ਿਰ ਉਨ੍ਹਾਂ ਨੇ ਔਰਤਾਂ ਦੀਆਂ ਇੱਜ਼ਤਾਂ ‘ਤੇ ਹਮਲਾ ਕਰ ਦਿੱਤਾ। ਔਰਤਾਂ ਆਪਣੀ ਇੱਜ਼ਤ ਬਚਾਉਣ ਲਈ ਭੱਜ ਗਈਆਂ ਤੇ ਕਈ ਔਰਤਾਂ ਨੂੰ ਮਾਰਿਆ ਗਿਆ। ਜਮੀਲ ਖ਼ਾਨ ਨੇ ਨਮ ਅੱਖਾਂ ਨਾਲ ਅਤੇ ਰੋਂਦੀ ਹੋਈ ਆਵਾਜ਼ ਵਿੱਚ ਦੱਸਿਆ ਕਿ ਜਦੋਂ ਕਤਲੋਗ਼ਾਰਤ ਸ਼ੁਰੂ ਹੋਈ ਤੇ ਮਰਨ ਵਾਲਿਆਂ ਵਿੱਚ ਉਨ੍ਹਾਂ ਦੇ ਮਾਪੇ ਵੀ ਸ਼ਾਮਿਲ ਸਨ ਅਤੇ ਉਨ੍ਹਾਂ ਨੂੰ ਵੀ ਬਰਛੀ ਲੱਗੀ ਸੀ ਜਿਸਦਾ ਨਿਸ਼ਾਨ ਅੱਜ ਵੀ ਮੌਜੂਦ ਹੈ। ਜਮੀਲ ਖ਼ਾਨ ਦੱਸਦੇ ਹਨ ਕਿ ਇੱਕ ਬਜ਼ੁਰਗ ਨੇ ਉਨ੍ਹਾਂ ਦੇ ਜ਼ਖ਼ਮਾਂ ‘ਤੇ ਪੱਟੀ ਕੀਤੀ ਤੇ ਦੋ ਤਿੰਨ ਦਿਨ ਬਾਅਦ ਜਦੋਂ ਉਹ ਤੁਰਨ ਦੇ ਕਾਬਲ ਹੋਏ ਤੇ ਉਹ ਰਿਆਸਤ ਮਾਲੇਰਕੋਟਲਾ ਵਿੱਚ ਅਪਣੇ ਵੱਡੇ ਭਰਾ ਕੋਲ ਚਲੇ ਗਏ ਜਿੱਥੇ ਉਹ ਵਿਆਹਿਆ ਹੋਇਆ ਸੀ। ਇੱਕ ਸਾਲ ਉਥੇ ਰਹਿ ਕੇ ਉਹ ਪਾਕਿਸਤਾਨ ਆ ਗਏ। ‘ਕੌਮਾਂ ਵਿਚਾਲੇ ਪਿਆਰ ਸੀ’ ਜਮੀਲ ਖ਼ਾਨ ਵੰਡ ਤੋਂ ਪਹਿਲਾਂ ਦਾ ਵੇਲਾ ਯਾਦ ਕਰਦੇ ਹੋਏ ਦੱਸਦੇ ਨੇ ਕਿ ਉਹ ਬੜਾ ਸੋਹਣਾ ਵੇਲਾ ਸੀ। ਕੋਈ ਪ੍ਰੇਸ਼ਾਨੀ ਨਹੀਂ ਸੀ ਉਨ੍ਹਾਂ ਦਾ ਸਾਰਾ ਪਿੰਡ ਮੁਸਲਮਾਨਾਂ ਦਾ ਸੀ ਤੇ ਨਾਲ ਦੇ ਪਿੰਡਾਂ ਵਿਚ ਸਿੱਖ ਤੇ ਹਿੰਦੂ ਵਸਦੇ ਸਨ। ਬੱਚੇ ਸਾਰੇ ਇਕੋ ਸਕੂਲ ਵਿੱਚ ਪੜ੍ਹਦੇ ਸਨ ਤੇ ਉਨ੍ਹਾਂ ਦੇ ਸਿੱਖ ਮੁਸਲਮਾਨ ਹਿੰਦੂ ਸਾਰੇ ਦੋਸਤ ਸਨ। ਜਦੋਂ ਮੁਸਲਮਾਨਾਂ ਦੇ ਪਿੰਡ ਵਿਚ ਕੋਈ ਵਿਆਹ, ਸ਼ਾਦੀ, ਖ਼ੁਸ਼ੀ ਗ਼ਮੀ ਜਾਂ ਤਿਉਹਾਰ ਹੁੰਦਾ ਸੀ ਤਾਂ ਨਾਲ ਦੇ ਪਿੰਡਾਂ ਦੇ ਸਿੱਖ ਤੇ ਹਿੰਦੂ ਸ਼ਰੀਕ ਹੁੰਦੇ ਸਨ। ਸਾਡੀਆਂ ਔਰਤਾਂ ਵੀ ਆਪਸ ਵਿਚ ਮਿਲਦੀਆਂ ਸਨ ਤੇ ਵਿਆਹ ਸ਼ਾਦੀ ‘ਤੇ ਆਉਂਦੀਆਂ ਜਾਂਦੀਆਂ ਸਨ।ਜਮੀਲ ਖ਼ਾਨ ਕਹਿੰਦੇ ਹਨ, “ਅਸੀਂ ਤਾਂ ਮਿਲ-ਜੁਲ ਕੇ ਬੜਾ ਵਧੀਆ ਰਹਿ ਰਹੇ ਸੀ। ਇਹ ਹਿੰਦੂ ਮੁਸਲਮਾਨਾਂ ਦਾ ਰੌਲ਼ਾ ਤਾਂ ਵੱਡੇ ਲੋਕਾਂ ਯਾਨੀ ਸਿਆਸਤਦਾਨਾਂ ਦਾ ਸੀ।” ਉਨ੍ਹਾਂ ਨੇ ਕਿਹਾ ਕਿ ਸਾਡੇ ਪਿੰਡ ‘ਤੇ ਹਮਲਾ ਕਰਨ ਵਾਲਿਆਂ ਵਿਚ ਕੋਈ ਸਾਡੇ ਪਿੰਡ ਦਾ ਜਾਣੂ ਬੰਦਾ ਸ਼ਾਮਿਲ ਨਹੀਂ ਸੀ। ਉਹ ਕੋਈ ਬਾਹਰ ਦੇ ਬੰਦੇ ਸਨ ਜਿਹੜੇ ਜੱਥੇ ਬਣਾ ਕੇ ਲੁੱਟਮਾਰ ਤੇ ਕਤਲੋਗ਼ਾਰਤ ਕਰਦੇ ਸਨ।ਜਮੀਲ ਖ਼ਾਨ ਨੇ ਬੜੇ ਦੁੱਖ ਨਾਲ ਕਿਹਾ ਕਿ ਕੀ ਲੋੜ ਸੀ ਵੰਡ ਕਰਨ ਦੀ ਜੇ ਕਰਨੀ ਵੀ ਸੀ ਤੇ ਕਿਸੇ ਚੰਗੇ ਤਰੀਕੇ ਨਾਲ ਕਰਦੇ ਤਾਂ ਕਿ ਇਹ ਕਤਲੋਗ਼ਾਰਤ ਨਾ ਹੁੰਦੀ।ਜਮੀਲ ਖ਼ਾਨ ਕਹਿੰਦੇ ਨੇ ਕਿ ਪਾਕਿਸਤਾਨ ਆਉਣ ਤੋਂ ਬਾਅਦ ਵੀ ਉਹ ਬੜਾ ਰੁਲੇ ਤੇ ਬੜੇ ਧੱਕੇ ਖਾਧੇ ਅਤੇ ਬੜੀਆਂ ਮੁਸ਼ਕਲਾਂ ਨਾਲ ਕੋਈ ਪੰਦਰਾ ਵਰ੍ਹਿਆਂ ਵਿੱਚ ਉਨ੍ਹਾਂ ਦਾ ਉਥੇ ਵਸੇਬਾ ਹੋਇਆ ਸੀ।ਜਮੀਲ ਖ਼ਾਨ ਦਾ ਵਿਆਹ ਵੀ ਰਿਆਸਤ ਮਾਲੇਰਕੋਟਲਾ ਵਿੱਚ ਹੋਇਆ ਸੀ। ਉਹ ਵਹੁਟੀ ਲਿਆਉਣ ਵਾਸਤੇ ਭਾਰਤ ਗਏ ਸਨ।ਉਹ ਤੇ ਉਨ੍ਹਾਂ ਦੀ ਵਹੁਟੀ ਬਾਅਦ ਵਿੱਚ ਵੀ ਰਿਸ਼ਤੇਦਾਰਾਂ ਨੂੰ ਮਿਲਣ ਆਂਦੇ ਜਾਂਦੇ ਰਹੇ ਹਨ ਪਰ ਕੋਈ 20 ਵਰ੍ਹਿਆਂ ਤੋਂ ਵੀਜ਼ੇ ਦੀਆਂ ਮੁਸ਼ਕਲਾਂ ਕਾਰਨ ਆਉਣਾ-ਜਾਣਾ ਔਖਾ ਹੋ ਗਿਆ।ਜਮੀਲ ਖ਼ਾਨ ਕਹਿੰਦੇ ਨੇ, “ਉਨ੍ਹਾਂ ਨੂੰ ਸਰਹੱਦ ਪਾਰ ਵਸਣ ਵਾਲਿਆਂ ਨਾਲ ਕੋਈ ਗਿਲਾ ਜਾਂ ਨਫ਼ਰਤ ਨਹੀਂ ਪਰ ਉਹ ਆਪਣੇ ਦੇਸ ਨਾਲੋਂ ਵਿਛੜਨ ਦਾ ਦੁੱਖ ਨਹੀਂ ਭੁੱਲ ਸਕਦੇ।ਉਹ ਫ਼ਿਰ ਵੀ ਚਾਹੁੰਦੇ ਹਨ ਕਿ ਦੋਵਾਂ ਦੇਸਾਂ ਵਿੱਚ ਆਉਣ-ਜਾਣ ਦੀ ਇਜਾਜ਼ਤ ਹੋਵੇ ਤੇ ਖ਼ਾਸ ਤੌਰ ‘ਤੇ ਪੰਜਾਬੀਆਂ ਨੂੰ ਜਿਨ੍ਹਾਂ ਦੀ ਰਹਿਤਲ ਤੇ ਬੋਲੀ ਇਕੋ ਜਿਹੀ ਹੈ।’ਅਸੀਂ ਵੀ ਭਗਤ ਸਿੰਘ ਜ਼ਿੰਦਾਬਾਦ ਦੇ ਨਾਅਰੇ ਲਾਏ’ਇਸੇ ਇਕੱਠ ਵਿਚ ਇਕ ਬਜ਼ੁਰਗ ਮੁਹੰਮਦ ਹੁਸੈਨ ਦੀ ਉਮਰ ਕਾਫ਼ੀ ਜ਼ਿਆਦਾ ਸੀ ਤੇ ਉਹ ਵੰਡ ਵੇਲੇ ਕੋਈ ਪੱਚੀ ਸਾਲਾਂ ਦੇ ਸਨ ਤੇ ਸ਼ਾਦੀ-ਸ਼ੁਦਾ ਸਨ।ਉਹ ਬੰਗਾ ਦੇ ਰਹਿਣ ਵਾਲੇ ਸਨ ਜਿਹੜਾ ਕਿ ਜੜਾਂਵਾਲਾ ਤਹਿਸੀਲ ਦਾ ਉਹ ਪਿੰਡ ਹੈ ਜਿੱਥੇ ਆਜ਼ਾਦੀ ਦੇ ਮਤਵਾਲੇ ਭਗਤ ਸਿੰਘ ਦਾ ਜਨਮ ਹੋਇਆ ਸੀ। ਮੁਹੰਮਦ ਹੁਸੈਨ ਦੱਸਦੇ ਹਨ, “ਉਸ ਜ਼ਮਾਨੇ ਵਿਚ ਅਸੀਂ ਸਾਰੇ ਆਪਸ ਵਿਚ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਸੀ।ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਤੇ ਉਸ ਦੀ ਲਾਸ਼ ਪਿੰਡ ਲਿਆਂਦੀ ਗਈ ਤਾਂ ਸਭ ਸਿੱਖ, ਹਿੰਦੂ ਤੇ ਮੁਸਲਮਾਨਾਂ ਵਿਚ ਦੁੱਖ ਤੇ ਗ਼ੁੱਸੇ ਦੀ ਲਹਿਰ ਦੌੜ ਗਈ।ਮੁਹੰਮਦ ਹੁਸੈਨ ਉਸ ਵੇਲੇ ਕੋਈ ਸੱਤ ਅੱਠ ਵਰ੍ਹਿਆਂ ਦੇ ਸਨ ਪਰ ਉਨ੍ਹਾਂ ਨੂੰ ਯਾਦ ਏ ਕਿ ਭਗਤ ਸਿੰਘ ਦੀ ਫਾਂਸੀ ‘ਤੇ ਹਰ ਬੰਦਾ ਰੋ ਰਿਹਾ ਸੀ ਭਾਵੇਂ ਉਹ ਸਿੱਖ ਸੀ ਜਾਂ ਮੁਸਲਮਾਨ।ਸਭ ਇੱਕੋ ਨਾਅਰਾ ਲਗਾ ਰਹੇ ਸੀ ਬਰਤਾਨੀਆ ਸਰਕਾਰ ਮੁਰਦਾਬਾਦ ਤੇ ਭਗਤ ਸਿੰਘ ਜ਼ਿੰਦਾਬਾਦ। ਮੁਹੰਮਦ ਹੁਸੈਨ ਦੱਸਦੇ ਹਨ, “ਬੰਗਾ ਪਿੰਡ ਵਿਚ ਮੁਸਲਮਾਨਾਂ ਦੇ ਬਸ ਦਸ ਗਿਆਰਾਂ ਖ਼ਾਨਦਾਨ ਸਨ ਤੇ ਸਾਰੇ ਭਗਤ ਸਿੰਘ ਦੀ ਫਾਂਸੀ ਤੋਂ ਦੁਖੀ ਸਨ। ਇਸ ਵੇਲੇ ਨੂੰ ਯਾਦ ਕਰਦੇ ਹੋਏ ਬਾਬਾ ਮੁਹੰਮਦ ਹੁਸੈਨ ਨੇ ਦੱਸਿਆ ਕਿ ਭਗਤ ਸਿੰਘ ਦੀ ਫਾਂਸੀ ਨੇ ਸਭ ਨੂੰ ਇਕੱਠਾ ਕਰ ਦਿੱਤਾ।”ਚੇਤ ਦੀ ਦਸ ਤਾਰੀਖ਼ ਨੂੰ ਜਦੋਂ ਭਗਤ ਸਿੰਘ ਦਾ ਮੇਲ਼ਾ ਹੁੰਦਾ ਸੀ ਤੇ ਉਸਦੇ ਵਿਚ ਦੂਰ-ਨਜ਼ਦੀਕ ਦੇ ਸਾਰੇ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਹਰ ਮਜ਼੍ਹਬ ਤੇ ਜਾਤੀ ਦੇ ਲੋਕ ਸ਼ਰੀਕ ਹੁੰਦੇ ਸਨ।”ਮੁਹੰਮਦ ਹੁਸੈਨ ਦੱਸਦੇ ਹਨ, “ਅਸੀਂ ਤਾਂ ਆਪਣੇ ਪਿੰਡ ਬੰਗੇ ਵਿਚ ਬੜੇ ਪਿਆਰ ਮੁਹੱਬਤ ਤੇ ਆਰਾਮ ਨਾਲ ਰਹਿੰਦੇ ਸੀ। ਉਥੋਂ ਦੇ ਹਿੰਦੂ ਤੇ ਸਿੱਖ ਸਾਡੇ ਨਾਲੋਂ ਤਗੜੇ ਤੇ ਅਮੀਰ ਸਨ ਪਰ ਫ਼ਿਰ ਵੀ ਸਾਡਾ ਆਪਸ ਵਿਚ ਬੜਾ ਪਿਆਰ ਸੀ।”’ਭਗਤ ਸਿੰਘ ਦਾ ਪਰਿਵਾਰ ਸਭ ਕੁਝ ਸਾਡੇ ਲਈ ਛੱਡ ਗਿਆ’ਮੁਹੰਮਦ ਹੁਸੈਨ ਨੇ ਦੱਸਿਆ, “ਭਗਤ ਸਿੰਘ ਦੇ ਭਰਾਵਾਂ ਤੇ ਪਰਿਵਾਰ ਵਾਲਿਆਂ ਨੂੰ ਖ਼ਬਰ ਸੀ ਕਿ ਵੰਡ ਦੇ ਨਤੀਜੇ ਵਜੋਂ ਇੱਥੋਂ ਦੇ ਸਿੱਖ ਤੇ ਹਿੰਦੂਆਂ ਨੂੰ ਭਾਰਤੀ ਪੰਜਾਬ ਜਾਣਾ ਪਵੇਗਾ ਅਤੇ ਉਥੋਂ ਦੇ ਮੁਸਲਮਾਨਾਂ ਨੂੰ ਇਥੇ ਆਉਣਾ ਪਵੇਗਾ।” “ਭਗਤ ਸਿੰਘ ਦੇ ਭਰਾਵਾਂ ਨੇ ਪਿੰਡ ਦੇ ਸਭ ਲੋਕਾਂ ਨੂੰ ਦੱਸਿਆ ਪਰ ਕੋਈ ਜਾਣ ਨੂੰ ਤਿਆਰ ਨਹੀਂ ਸੀ ਤੇ ਫ਼ਿਰ ਭਗਤ ਸਿੰਘ ਦੇ ਪਰਿਵਾਰ ਵਾਲੇ ਤਾਂ ਮਹੀਨਾ ਪਹਿਲਾਂ ਹੀ ਚਲੇ ਗਏ ਪਰ ਬਾਕੀ ਲੋਕ ਨਹੀਂ ਗਏ। ਪਰ ਜਦੋਂ ਹਾਲਾਤ ਖ਼ਰਾਬ ਹੋਏ ਤਾਂ ਉਨ੍ਹਾਂ ਨੂੰ ਵੀ ਜਾਣਾ ਪਿਆ।” ਮੁਹੰਮਦ ਹੁਸੈਨ ਕਹਿੰਦੇ ਹਨ, “ਅਸੀਂ ਉਨ੍ਹਾਂ ਦੇ ਮੁਜਾਰੇ ਸੀ ਇਸ ਲਈ ਉਨ੍ਹਾਂ ਨੇ ਮੇਰੇ ਬਾਪ ਨੂੰ ਬੁਲਾ ਕਿ ਕਿਹਾ, “ਅਸੀਂ ਤੇ ਇਥੋਂ ਜਾ ਰਹੇ ਹਾਂ ਜੇ ਤੁਸੀਂ ਇਸ ਪਿੰਡ ਵਿੱਚ ਰਹਿਣਾ ਹੈ ਤਾਂ ਸਭ ਕੁਝ ਖੁੱਲ੍ਹਾ ਹੈ, ਅਨਾਜ ਵੀ ਹੈ।ਪਰ ਮੁਹੰਮਦ ਹੁਸੈਨ ਦੇ ਪਿਓ ਨੇ ਕਿਹਾ, “ਸਾਨੂੰ ਤਾਂ ਤੁਹਾਡੀ ਲੋੜ ਹੈ ਤੁਸੀਂ ਨਾ ਜਾਓ।”ਪਰ ਰੋਜ਼ ਵਿਗੜਦੇ ਹੋਏ ਹਾਲਾਤ ਕਾਰਨ ਉਹ ਚਲੇ ਗਏ। ਮੁਹੰਮਦ ਹੁਸੈਨ ਕਹਿੰਦੇ ਨੇ ਕਿ ਉਨ੍ਹਾਂ ਦੇ ਪਿੰਡ ਵਿੱਚ ਤਾਂ ਕੋਈ ਖ਼ੂਨ-ਖ਼ਰਾਬਾ ਨਹੀਂ ਹੋਇਆ।ਉਨ੍ਹਾਂ ਦੱਸਿਆ, “ਜਦੋਂ ਸਾਡੇ ਜ਼ਿਮੀਂਦਾਰ ਆਪਣੇ ਘਰ-ਬਾਰ ਛੱਡ ਕੇ ਚਲੇ ਗਏ ਤੇ ਮੇਰੇ ਪਿਤਾ ਜੀ ਨੇ ਵੀ ਪਿੰਡ ਛੱਡਣ ਦਾ ਫ਼ੈਸਲਾ ਕੀਤਾ।””ਜਦੋਂ ਅਸੀਂ ਕੁਝ ਮੀਲ ਦੂਰ ਗਏ ਤੇ ਅਸੀਂ ਬਹੁਤ ਸਾਰੇ ਸਿੱਖਾਂ ਦੀਆਂ ਲਾਸ਼ਾਂ ਵੇਖੀਆਂ। ਉਹ ਦੇਖ ਕੇ ਸਾਨੂੰ ਬੜਾ ਦੁੱਖ ਲੱਗਾ ਤੇ ਅਸੀਂ ਵਾਪਸ ਆਪਣੇ ਪਿੰਡ ਆ ਗਏ।”’ਮੈਂ ਭਗਤ ਸਿੰਘ ਦੀ ਭੈਣ ਤੋਂ ਗੁਰਮੁਖੀ ਪੜ੍ਹਦਾ ਸੀ’ਵੰਡ ਤੋਂ ਪਹਿਲੇ ਦੇ ਵੇਲੇ ਨੂੰ ਯਾਦ ਕਰਦੇ ਹੋਏ ਮੁਹੰਮਦ ਹੁਸੈਨ ਕਹਿੰਦੇ ਹਨ, “ਉਹ ਬੜਾ ਚੰਗਾ ਵੇਲਾ ਸੀ ਅਸੀਂ ਬੜੇ ਪਿਆਰ ਮੁਹੱਬਤ ਨਾਲ਼ ਰਹਿੰਦੇ ਸੀ। ਸਿੱਖ ਮੁਸਲਮਾਨ ਸਾਰੇ ਨੌਜਵਾਨ ਇਕੱਠੇ ਸ਼ਰਾਬਾਂ ਪੀਂਦੇ ਸਨ।””ਇੱਕ ਦੂਜੇ ਦੇ ਘਰ ਖਾਂਦੇ ਪੀਂਦੇ ਸਨ ਤੇ ਤਿਉਹਾਰਾਂ ਵਿੱਚ ਇਕੱਠੇ ਖ਼ੁਸ਼ੀਆਂ ਮਨਾਉਂਦੇ ਸਨ। ਸਾਨੂੰ ਤਾਂ ਯਾਦ ਨਹੀਂ ਕਿ ਕਦੀ ਸਾਡੇ ਵਿਚਾਲੇ ਕੋਈ ਲੜਾਈ ਝਗੜਾ ਹੋਇਆ ਹੋਵੇ।”

About thatta

Comments are closed.

Scroll To Top
error: