Home / ਸੁਣੀ-ਸੁਣਾਈ / ਹੀਰੋ ਸਾਈਕਲ ਦੇ ਹੀਰੋ ਓਮ ਪ੍ਰਕਾਸ਼ ਮੁੰਜਾਲ ਉਰਫ ‘ਛੋਟੇ ਬਾਊ ਜੀ’

ਹੀਰੋ ਸਾਈਕਲ ਦੇ ਹੀਰੋ ਓਮ ਪ੍ਰਕਾਸ਼ ਮੁੰਜਾਲ ਉਰਫ ‘ਛੋਟੇ ਬਾਊ ਜੀ’

 1059570__e

ਦੇਸ਼ ਜਦ ਆਪਣਾ 69ਵੇਂ ਆਜ਼ਾਦੀ ਦਿਵਸ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਉਸ ਤੋਂ ਦੋ ਦਿਨ ਪਹਿਲਾਂ 13 ਅਗਸਤ ਨੂੰ ਭਾਰਤ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿਚ ਹੀਰੋ ਸਾਈਕਲ ਅਤੇ ਹੀਰੋ ਗਰੁੱਪ ਦਾ ਨਾਂਅ ਰੌਸ਼ਨ ਕਰਨ ਵਾਲੇ ਅਤੇ ਪੰਜਾਬ ਵਿਚ ਕਈ ਵੱਡੀਆਂ ਕੰਪਨੀਆਂ ਸਥਾਪਤ ਕਰਨ ਵਾਲੇ ਪੰਜਾਬ ਦੇ ਉੱਘੇ ਸਨਅਤਕਾਰ ਓਮ ਪ੍ਰਕਾਸ਼ ਮੁੰਜਾਲ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਆਮ ਬੰਦੇ ਦੀ ਸਵਾਰੀ ਸਾਈਕਲ ਨੂੰ ਇਕ ਨਵਾਂ ਰੂਪ ਦੇਣ ਵਾਲੇ ਅਤੇ ਇਸ ਨੂੰ ਹਰ ਘਰ ਵਿਚ ਪਹੁੰਚਾਉਣ ਵਾਲੇ ਓਮ ਪ੍ਰਕਾਸ਼ ਦਾ ਜਨਮ 26 ਅਗਸਤ 1928 ਨੂੰ ਕਮਾਲੀਆ, ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿਖੇ ਪਿਤਾ ਬਹਾਦਰ ਚੰਦ ਅਤੇ ਮਾਤਾ ਠਾਕੁਰ ਦੇਵੀ ਦੇ ਘਰ ਹੋਇਆ ਅਤੇ ਮੁਢਲੀ ਸਿੱਖਿਆ ਵੀ ਉਥੋਂ ਹੀ ਹਾਸਲ ਕੀਤੀ। ਓਮ, ਜਿਸ ਨੂੰ ਹੀਰੋ ਸਾਈਕਲ ਦੇ ਸਾਰੇ ਮੁਲਾਜ਼ਮ ‘ਛੋਟੇ ਬਾਊ ਜੀ’ ਦੇ ਨਾਂਅ ਨਾਲ ਵਧੇਰੇ ਜਾਣਦੇ ਸਨ, ਪਰਿਵਾਰ ਦੇ 6 ਭਰਾਵਾਂ ਅਤੇ ਇਕ ਭੈਣ ਵਿਚੋਂ ਸਭ ਤੋਂ ਛੋਟੇ ਸੀ ਅਤੇ ਉਸ ਨੂੰ 17 ਸਾਲ ਦੀ ਉਮਰ ਵਿਚ ਹੀ ਪੜ੍ਹਾਈ ਛੱਡ ਕੇ ਪਰਿਵਾਰ ਦੇ ਕਾਰੋਬਾਰ ਵਿਚ ਲੱਗਣਾ ਪਿਆ। ਸੰਘਰਸ਼ ਦੇ ਇਨ੍ਹਾਂ ਦਿਨਾਂ ਵਿਚ ਹੀ ਦੇਸ਼ ਦੀ ਵੰਡ ਹੋ ਗਈ ਅਤੇ ਪਰਿਵਾਰ ਨੂੰ ਉੱਜੜ ਕੇ ਏਧਰ ਆਉਣਾ ਪਿਆ, ਜਿਥੇ ਪਰਿਵਾਰ ਨੇ ਪਹਿਲਾਂ ਅੰਮ੍ਰਿਤਸਰ ਵਿਚ ਕਿਸਮਤ ਅਜ਼ਮਾਈ। ਕਾਰੋਬਾਰ ਸਾਈਕਲਾਂ ਦੇ ਪਾਰਟਸ ਦਾ ਸੀ ਅਤੇ ਕੰਮ ਵੀ ਸਾਧਾਰਨ ਹੀ ਸੀ। ਇਥੇ ਵੀ ਅਜੇ ਪੂਰੀ ਤਰ੍ਹਾਂ ਨਾਲ ਸ਼ਾਂਤੀ ਨਹੀਂ ਸੀ ਹੋਈ, ਇਸ ਲਈ ਪਰਿਵਾਰ ਆਗਰੇ ਚਲਾ ਗਿਆ। ਜਦੋਂ ਉਥੇ ਵੀ ਪੈਰ ਨਾ ਲੱਗੇ ਤਾਂ ਮੁੰਜਾਲ ਪਰਿਵਾਰ ਲੁਧਿਆਣੇ ਆ ਗਿਆ ਜੋ ਕਿ ਉਨ੍ਹਾਂ ਦਿਨਾਂ ਵਿਚ ਸਾਈਕਲਾਂ ਦੇ ਹਿੱਸੇ ਪੁਰਜ਼ੇ ਬਣਾਉਣ ਦਾ ਗੜ੍ਹ ਸੀ। ਇਥੇ ਹੀ ਪਹਿਲਾਂ ‘ਮੁੰਜਾਲ ਬ੍ਰਦਰਜ਼’ ਅਤੇ ਫਿਰ ‘ਹੀਰੋ ਸਾਈਕਲ’ ਦੇ ਨਾਂਅ ਹੇਠ ਮੁੰਜਾਲ ਪਰਿਵਾਰ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ।
ਇਸ ਵਕਤ ਹੀਰੋ ਸਾਈਕਲ ਦੇ ਕਰੀਬ 10 ਕਰੋੜ ਸਾਈਕਲ ਭਾਰਤੀ ਸੜਕਾਂ ‘ਤੇ ਦੌੜ ਰਹੇ ਹਨ ਅਤੇ ਇਹ ਹਰ ਰੋਜ਼ 19,000 ਸਾਈਕਲ ਬਣਾ ਰਹੇ ਹਨ ਜੋ ਕਿ ਭਾਰਤ ਤੋਂ ਇਲਾਵਾ 75 ਹੋਰ ਦੇਸ਼ਾਂ ਵਿਚ ਨਿਰਯਾਤ ਕੀਤੇ ਜਾਂਦੇ ਹਨ। ਸੰਨ 1986 ਤੋਂ ਪੂਰੀ ਦੁਨੀਆ ਵਿਚ ਸਭ ਤੋਂ ਵੱਧ ਸਾਈਕਲ ਬਣਾਉਣ ਦਾ ਰਿਕਾਰਡ ‘ਹੀਰੋ ਸਾਈਕਲ’ ਦੇ ਨਾਂਅ ਹੈ ਅਤੇ ਇਸ ਦਾ ਨਾਂਅ ‘ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼’ ਵਿਚ ਦਰਜ ਹੈ। ਅੱਜ ਹੀਰੋ ਗਰੁੱਪ ਦੀਆਂ ਕੁੱਲ ਮਿਲਾ ਕੇ 23 ਵੱਖ-ਵੱਖ ਕੰਪਨੀਆਂ ਹਨ ਜਿਨ੍ਹਾਂ ਦੀ ਸਾਲਾਨਾ ਵਿੱਕਰੀ 5.2 ਅਰਬ ਡਾਲਰ ਦੇ ਕਰੀਬ ਹੈ। ਇਕ ਸਾਈਕਲਾਂ ਦੇ ਕਲ-ਪੁਰਜ਼ਿਆਂ ਤੋਂ ਏਨਾ ਵੱਡਾ ਸਨਅਤੀ ਕਾਰੋਬਾਰ ਖੜ੍ਹਾ ਕਰਨਾ ਕੋਈ ਆਸਾਨ ਕੰਮ ਨਹੀਂ ਹੁੰਦਾ ਅਤੇ ਇਸ ਵਿਚ ਮੁੰਜਾਲ ਪਰਿਵਾਰ ਦੇ ਓਮ ਪ੍ਰਕਾਸ਼ ਮੁੰਜਾਲ ਦਾ ਬਹੁਤ ਵੱਡਾ ਯੋਗਦਾਨ ਸੀ। ਪਰਿਵਾਰ ਨੂੰ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਨੇ ਕਾਰੋਬਾਰ ਵਧਾਉਣ ਵਿਚ ਵਿਸ਼ੇਸ਼ ਸਹਿਯੋਗ ਦਿੱਤਾ। ਸਮੇਂ ਨਾਲ ਅੱਗੇ ਵਧਦਿਆਂ ਹੀਰੋ ਸਾਈਕਲ ਕੰਪਨੀ ਨੇ ਕਈ ਤਰ੍ਹਾਂ ਦੀਆਂ ਮੋਪਿਡਾਂ ਬਣਾਈਆਂ ਅਤੇ ਜਾਪਾਨੀ ਕੰਪਨੀ ਹਾਂਡਾ ਨਾਲ ਸਾਂਝ ਪਾ ਕੇ ਹੀਰੋ-ਹਾਂਡਾ ਮੋਟਰਸਾਈਕਲ ਵੀ ਬਣਾਇਆ, ਜੋ ਕਿ ਸਾਲਾਂ ਤੱਕ ਬਾਜ਼ਾਰ ਵਿਚ ਖੂਬ ਵਿਕਿਆ। ਬਾਅਦ ‘ਚ ਕੰਪਨੀ ਨੇ ਨਿਰੋਲ ਆਪਣੇ ਮੋਟਰ ਸਾਈਕਲ ਬਣਾਉਣੇ ਆਰੰਭ ਦਿੱਤੇ।
ਇਕ ਸ਼ਾਇਰ ਤੇ ਦਰਦਮੰਦ ਸਨਅਤਕਾਰ : ਓਮ ਪ੍ਰਕਾਸ਼ ਮੁੰਜਾਲ ਨਾ ਸਿਰਫ ਇਕ ਕਾਮਯਾਬ ਸਨਅਤਕਾਰ ਅਤੇ ਕੁਸ਼ਲ ਪ੍ਰਬੰਧਕ ਸਨ ਬਲਿਕ ਇਕ ਉਚ-ਪਾਏ ਦਾ ਸ਼ਾਇਰ ਵੀ ਸਨ। ਉਨ੍ਹਾਂ ਨੇ ਸ਼ਾਇਰੀ ਦੇ ਇਕ ਬਾਕਾਇਦਾ ਡਾਇਰੀ ਲਗਾਈ ਹੁੰਦੀ ਸੀ ਜਿਸ ਵਿਚਲੇ ਹਜ਼ਾਰ ਦੇ ਕਰੀਬ ਹਰ ਸਾਲ ਦੇ ਸ਼ਿਅਰ ਬਾਕਾਇਦਾ ਤੌਰ ‘ਤੇ ਡਾਇਰੀ ਦੇ ਰੂਪ ਵਿਚ ਛਾਪੇ ਜਾਂਦੇ ਅਤੇ ਲੋਕ ਇਸ ਡਾਇਰੀ ਦੀ ਹਰ ਸਾਲ ਉਡੀਕ ਕਰਦੇ, ਜੋ ਸਾਰੇ ਦੇ ਸਾਰੇ ਮੁਲਾਜ਼ਮਾਂ ਨੂੰ ਵੀ ਵੰਡੀ ਜਾਂਦੀ ਸੀ। ਅਕਸਰ ਮੁਸ਼ਾਇਰਿਆਂ ਵਿਚ ਵੀ ਮੁੰਜਾਲ ਸਾਹਿਬ ਹਾਜ਼ਰੀ ਲੁਆਉਂਦੇ। ਸ਼ਾਇਰੀ ਕਾਰਨ ਹੀ ਸ਼ਾਇਦ ਓ.ਪੀ. ਦਾ ਸੁਭਾਅ ਕੋਮਲਚਿਤ ਅਤੇ ਦਰਦਮੰਦ ਸੀ। ਇਸ ਤਰ੍ਹਾਂ ਦੇ ਅਨੇਕ ਕਿੱਸੇ ਹਨ ਜਦੋਂ ਉਨ੍ਹਾਂ ਨੇ ਆਪਣੇ ਕਾਮਿਆਂ ਦੀ ਨਿੱਜੀ ਜੇਬ ਵਿਚੋਂ ਲੋੜ ਮੌਕੇ ਮਦਦ ਕੀਤੀ, ਕਈਆਂ ਡੀਲਰਾਂ ਦੇ ਡੁੱਬਦੇ ਕਾਰੋਬਾਰ ਬਚਾਏ, ਲੋੜ ਪੈਣ ‘ਤੇ ਕਾਰ ਕਿਸੇ ਵਰਕਰ ਦੇ ਬਿਮਾਰ ਬੱਚੇ ਨੂੰ ਹਸਪਤਾਲ ਭੇਜਣ ਲਈ ਦੇ ਕੇ ਆਪ ਸਾਈਕਲ ‘ਤੇ ਘਰ ਨੂੰ ਚਲ ਪੈਂਦੇ ਸਨ। ਏਨਾ ਵੱਡਾ ਕਾਰੋਬਾਰ ਹੁੰਦਿਆਂ ਹੋਇਆਂ ਵੀ ਸਾਦਾ ਜੀਵਨ ਬਤੀਤ ਕਰਦੇ ਅਤੇ ਅਕਸਰ ਰੇਲ ਦੇ ਤੀਸਰੇ ਡੱਬੇ ਵਿਚ ਸਫਰ ਕਰਦੇ, ਆਮ ਹੋਟਲਾਂ ਵਿਚ ਠਹਿਰਦੇ ਤੇ ਰਿਕਸ਼ੇ ‘ਤੇ ਜਾ ਕੇ ਡੀਲਰਾਂ ਨੂੰ ਮਿਲਦੇ। ਓਮ ਪ੍ਰਕਾਸ਼ ਦੀ ਇਸ ਸਚਾਈ ਦਾ ਪਤਾ ਇਕ ਵਾਰ ਜਦੋਂ ਵੱਡੇ ਭਰਾ ਬ੍ਰਿਜ ਮੋਹਨ ਨੂੰ ਲੱਗਿਆ ਤਾਂ ਉਸ ਨੇ ਸਖਤ ਹਦਾਇਤਾਂ ਲੇਖਾਕਾਰਾਂ ਨੂੰ ਦਿੱਤੀਆਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਜਹਾਜ਼ ਵਿਚ ਸਫਰ ਕਰੇ, ਵਧੀਆ ਹੋਟਲਾਂ ਵਿਚ ਰਹੇ ਅਤੇ ਰਿਕਸ਼ੇ ਦੀ ਬਜਾਏ ਟੈਕਸੀ ‘ਤੇ ਜਾਵੇ। ਪਰ ਓ.ਪੀ. ਨੂੰ ਉਹੀ ਚੰਗਾ ਲਗਦਾ ਸੀ। ਉਸ ਨੇ ਹਮੇਸ਼ਾ ਹੀ ਇਕ ਸਾਦਾ ਜ਼ਿੰਦਗੀ ਬਤੀਤ ਕੀਤੀ। ਇੰਜ ਹੀ ਬ੍ਰਿਜਮੋਹਨ ਮੁੰਜਾਲ ਅਤੇ ਓਮ ਪ੍ਰਕਾਸ਼ ਕਈ ਸਾਲ ਇਕੱਠੇ ਨਾਲ ਲਗਦੇ ਸਾਦਾ ਘਰਾਂ ਵਿਚ ਰਹੇ ਅਤੇ ਉਥੇ ਰਹਿੰਦਿਆਂ ਦੋਵੇਂ ਭਰਾ ਬਹੁਤ ਸਾਰੀਆਂ ਯੋਜਨਾਵਾਂ ਸਵੇਰੇ ਆਹਮਣੇ-ਸਾਹਮਣੇ ਲੱਗੇ ਦੋ ਵਾਸ਼ ਬੇਸਿਨਾਂ ਉਤੇ ਸ਼ੇਵ ਕਰਦੇ-ਕਰਦੇ ਹੀ ਬਣਾ ਲੈਂਦੇ, ਜਿਸ ‘ਤੇ ਕਿ ਆਮ ਸਨਅਤਕਾਰ ਕਾਨਫਰੰਸ ਕਮਰਿਆਂ ਵਿਚ ਲੱਖਾਂ ਰੁਪਏ ਖਰਚ ਕਰਦੇ ਹਨ। ਕਾਮਿਆਂ ਨੂੰ ਉਤਸ਼ਾਹਿਤ ਕਰਨ ਹਿਤ ‘ਛੋਟੇ ਬਾਊ ਜੀ’ ਦੀ ਇਕ ਵਿਲੱਖਣ ਇਨਾਮੀ ਯੋਜਨਾ ਸੀ ਜਿਸ ਤਹਿਤ ਉਹ ਵਧੀਆ ਕੰਮ ਕਰਨ ਵਾਲੇ ਨੂੰ ਦਸ ਰੁਪਏ ਦਾ ਨੋਟ ਇਨਾਮ ਵਜੋਂ ਦਿੰਦੇ ਅਤੇ ਕਾਮੇ ਇਸ ਨੂੰ ਯਾਦਗਾਰ ਵਜੋਂ ਸੰਭਾਲ ਕੇ ਰੱਖਦੇ। ਇਨਾਮ ਨੂੰ ਮਿਲਣ ਵਾਲੀ ਰਾਸ਼ੀ ਨਾਲ ਜੋੜ ਕੇ ਨਹੀਂ ਵੇਖਿਆ ਜਾਂਦਾ ਬਲਕਿ ਇਸ ਦੀ ਆਪਣੀ ਅਹਿਮੀਅਤ ਹੁੰਦੀ ਹੈ। ਕਾਮੇ ਇਨ੍ਹਾਂ ਨੋਟਾਂ ਨੂੰ ਜੇਤੂ ਟਰਾਫੀਆਂ ਵਾਂਗ ਸੰਭਾਲ ਕੇ ਰੱਖਦੇ।
ਪਰਿਵਾਰ ਦੇ ਵਪਾਰ ਦੀ ਵੰਡ : ਆਮ ਤੌਰ ‘ਤੇ ਸਨਅਤੀ ਪਰਿਵਾਰਾਂ ਵਿਚ ਝਗੜੇ ਉਦੋਂ ਪੈਦਾ ਹੁੰਦੇ ਹਨ ਜਦੋਂ ਅਗਲੀ ਪੀੜ੍ਹੀ ਲਈ ਵਪਾਰ ਦੀ ਵੰਡ ਹੁੰਦੀ ਹੈ। ਕਈ ਨਾਮੀ ਗਰਾਮੀ ਸਨਅਤੀ ਘਰਾਣੇ ਇਸ ਵੰਡ ਦੀ ਲੜਾਈ ਦੀ ਭੇਟ ਚੜ੍ਹ ਚੁੱਕੇ ਹਨ। ਪਰ ਜਦੋਂ ਮੁੰਜਾਲ ਪਰਿਵਾਰ ਦੀ ਜਾਇਦਾਦ ਦੀ ਵੰਡ ਦੀ ਗੱਲ 2007 ਵਿਚ ਚੱਲੀ ਤਾਂ ਓਮ ਪ੍ਰਕਾਸ਼ ਮੁੰਜਾਲ ਨੇ ਸਭ ਨੂੰ ਕਹਿ ਦਿੱਤਾ ਕਿ ਇਹ ਸਨਅਤੀ ਕਾਰੋਬਾਰ ਅਸਾਂ ਭਰਾਵਾਂ ਨੇ ਹੀ ਖੜ੍ਹਾ ਕੀਤਾ ਹੈ ਅਤੇ ਅਸੀਂ ਆਪੇ ਹੀ ਇਸ ਦੀ ਵੰਡ ਕਰਾਂਗੇ। ਕੋਈ ਹੋਰ ਛੋਟਾ-ਵੱਡਾ ਇਸ ਵਿਚ ਨਹੀਂ ਆਵੇਗਾ। ਅਤੇ ਹੋਇਆ ਵੀ ਇੰਜ ਹੀ। ਛੋਟੇ ਬਾਊ ਜੀ ਨੇ ਮੰਗ ਕੇ ਹੀਰੋ ਸਾਈਕਲ ਆਪ ਲੈ ਲਿਆ ਅਤੇ ਬਾਕੀ ਸਭ ਕੁਝ ਦੂਸਰਿਆਂ ਨੂੰ ਦੇ ਦਿੱਤਾ। ਪਰਿਵਾਰ ਦੇ ਜੀਅ ਅਕਸਰ ਦੱਬੀ ਜ਼ਬਾਨ ਵਿਚ ਕਹਿੰਦੇ ਸਨ ਕਿ ਜੋ ਓਮ ਪ੍ਰਕਾਸ਼ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਪਰ ਉਹ ਖੁਸ਼ ਸਨ।
ਪ੍ਰਬੰਧ ਦਾ ਤਰੀਕਾ : ਓ.ਪੀ. ਮੁੰਜਾਲ ਦਾ ਪ੍ਰਬੰਧ ਦਾ ਸਟਾਈਲ ਵੀ ਨਿਵੇਕਲਾ ਹੀ ਸੀ ਅਤੇ ਉਹ ਹਮੇਸ਼ਾ ਆਪਣੇ ਮੁਨਾਫ਼ੇ ਵਿਚ ਕਾਮਿਆਂ ਅਤੇ ਡੀਲਰਾਂ ਸਮੇਤ ਸਭ ਨੂੰ ਭਾਈਵਾਲ ਮੰਨ ਕੇ ਚਲਦਾ ਸੀ। ਇਸ ਲਈ ਓ.ਪੀ. ਨੂੰ ਆਪਣੇ ਸਭ ਕਾਮਿਆਂ ਅਤੇ ਡੀਲਰਾਂ ਦੇ ਨਾਂਅ ਜ਼ਬਾਨੀ ਯਾਦ ਸਨ। ਅਨੇਕ ਵਾਰ ਡੀਲਰਾਂ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਓ.ਪੀ. ਨੇ ਆਪਣੀ ਜੇਬ ਵਿਚੋਂ ਕੀਤੀ।
ਸਾਈਕਲ ਇਕ ਗਰੀਬ ਅਤੇ ਆਮ ਬੰਦੇ ਦੀ ਸਵਾਰੀ ਹੈ ਅਤੇ ਇਸ ਵਿਚ ਵੱਡੇ ਮੁਨਾਫ਼ੇ ਦੀ ਗੁੰਜਾਇਸ਼ ਵੀ ਬਹੁਤ ਹੀ ਘੱਟ ਹੁੰਦੀ ਹੈ। ਇਸ ਲਈ ਮੁਨਾਫਾ ਕਮਾਉਣ ਲਈ ਲਾਗਤਾਂ ਘੱਟ ਕਰਨੀਆਂ ਹੀ ਸਭ ਤੋਂ ਉੱਤਮ ਤਰਕੀਬ ਹੈ। ਇਸ ਲਈ ਜਾਪਾਨ ਦੀ ਤਰਜ਼ ‘ਤੇ ਹੀ ਹੀਰੋ ਸਾਈਕਲ ਕੰਪਨੀ ‘ਜਸਟ ਇਨ ਟਾਈਮ’, ਭਾਵ ਜਿਸ ਵਕਤ ਮਾਲ ਚਾਹੀਦਾ ਹੈ ਉਸੇ ਵਕਤ ਹੀ ਆਵੇ ਅਤੇ ਜੋ ਸਾਮਾਨ ਬਣਿਆ ਹੈ, ਉਹ ਉਸੇ ਦਿਨ ਹੀ ਭੇਜ ਦਿੱਤਾ ਜਾਵੇ, ਦੇ ਫਾਰਮੂਲੇ ‘ਤੇ ਕੰਮ ਕਰਦੀ ਸੀ। ਇਸ ਤਹਿਤ ਹੀਰੋ ਸਾਈਕਲ ਵਿਚ ਹਰ ਤਿੰਨ ਘੰਟੇ ਬਾਅਦ ਸਾਮਾਨ ਆਉਂਦਾ ਸੀ ਅਤੇ ਸ਼ਾਮ ਨੂੰ ਜਿੰਨੇ ਸਾਈਕਲ ਬਣਦੇ ਸਨ, ਉਸੇ ਦਿਨ ਹੀ ਗੱਡੀਆਂ ਵਿਚ ਲੱਦ ਕੇ ਡੀਲਰਾਂ ਨੂੰ ਭੇਜ ਦਿੱਤੇ ਜਾਂਦੇ ਸਨ। ਇੰਜ ਆਉਣ ਵਾਲੇ ਮਾਲ ਅਤੇ ਭੇਜੇ ਜਾਣ ਵਾਲੇ ਮਾਲ ਦੋਵਾਂ ਦਾ ਹੀ ਗੁਦਾਮਾਂ ਵਿਚ ਰੱਖਣ ਦਾ ਖਰਚ ਬਚ ਜਾਂਦਾ ਸੀ। ਇਸ ਤਰ੍ਹਾਂ ਨਾਲ ਹੀ ਹੀਰੋ ਸਾਈਕਲ ਆਮ ਲੋਕਾਂ ਨੂੰ ਉਨ੍ਹਾਂ ਦੀ ਸਵਾਰੀ ਸਾਈਕਲ ਸਭ ਤੋਂ ਸਸਤੇ ਭਾਅ ਵਿਚ ਦੇ ਸਕਣ ਦੇ ਸਮਰੱਥ ਸੀ। ਓਮ ਪ੍ਰਕਾਸ਼ ਮੁੰਜਾਲ ਨੇ ਕਦੇ ਵੀ ਆਪਣੇ ਵਪਾਰਕ ਵਿਰੋਧੀਆਂ ਨੂੰ ਦੁਸ਼ਮਣ ਨਹੀਂ ਸਮਝਿਆ ਅਤੇ ਉਨ੍ਹਾਂ ਨਾਲ ਦੋਸਤਾਨਾ ਸਬੰਧ ਬਣਾ ਕੇ ਰੱਖੇ। ਮਿਸਾਲ ਦੇ ਤੌਰ ‘ਤੇ ਏਵਨ ਸਾਈਕਲ ਦੇ ਓਂਕਾਰ ਸਿੰਘ ਪਾਹਵਾ ਉਨ੍ਹਾਂ ਦੇ ਨਿੱਜੀ ਦੋਸਤ ਰਹੇ ਅਤੇ ਹਮੇਸ਼ਾ ਵਪਾਰਕ ਕਾਨਫਰੰਸਾਂ ‘ਤੇ ਉਸ ਨੂੰ ਨਾਲ ਲੈ ਕੇ ਜਾਂਦੇ ਰਹੇ। ਇੰਜ ਹੀ ਆਪਣੇ ਕਈ ਮੁਕਾਬਲੇ ਵਾਲੇ ਸਨਅਤਕਾਰਾਂ ਅਤੇ ਵਪਾਰੀਆਂ ਦੇ ਬੱਚਿਆਂ ਨੂੰ ਵੀ ਓ.ਪੀ. ਨੇ ਵਪਾਰ ਦੇ ਗੁਰ ਸਿਖਾਏ। ਇਸ ਕਿਸਮ ਦੇ ਸੁਭਾਅ ਵਾਲੇ ਸਨਅਤਕਾਰ ਅੱਜ ਦੇ ਯੁੱਗ ਵਿਚ ਲੱਭਣੇ ਮੁਸ਼ਕਿਲ ਹਨ।
ਸਨਅਤ ਅਤੇ ਵਪਾਰ ਦੇ ਨਾਲ-ਨਾਲ ਓ.ਪੀ. ਨੇ ਅਨੇਕ ਸਕੂਲ, ਕਾਲਜ ਅਤੇ ਹਸਪਤਾਲ ਵੀ ਖੋਲ੍ਹੇ ਜਿਨ੍ਹਾਂ ਵਿਚ ਅਤਿ-ਆਧੁਨਿਕ ਦਯਾਨੰਦ ਹਸਪਤਾਲ ਅਤੇ ਮੈਡੀਕਲ ਕਾਲਜ ਵੀ ਸ਼ਾਮਿਲ ਹੈ। ਉਹ ਇਕ ਦੇਸ਼ ਭਗਤ ਵੀ ਸਨ ਅਤੇ ਦੇਸ਼ ਭਗਤਾਂ ਦਾ ਸਨਮਾਨ ਵੀ ਕਰਦੇ ਸਨ। 1976 ਵਿਚ ਲਾਇਨ ਕਲੱਬ ਦਾ ਪ੍ਰਧਾਨ ਹੁੰਦਿਆਂ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੀ ਮਾਤਾ ਸ੍ਰੀਮਤੀ ਵਿਦਿਆਵਤੀ ਦਾ ਸਨਮਾਨ ਕੀਤਾ, ਜਿਸ ਤੋਂ ਸੇਧ ਲੈ ਕੇ ਫਿਰ ਪੰਜਾਬ ਸਰਕਾਰ ਅਤੇ ਮਗਰੋਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਬਣਦਾ ਮਾਣ-ਤਾਣ ਦਿੱਤਾ।
ਹੀਰੋ ਸਾਈਕਲ ਅਤੇ ਓਮ ਪ੍ਰਕਾਸ਼ ਮੁੰਜਾਲ ਨੂੰ ੳਨ੍ਹਾਂ ਦੇ ਕੰਮ ਦੇ ਬਦਲੇ ਅਨੇਕ ਇਨਾਮ-ਸਨਮਾਨ ਵੀ ਮਿਲੇ, ਜਿਨ੍ਹਾਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਹੈ। ਇਨ੍ਹਾਂ ਵਿਚ ਪੰਜਾਬ ਸਰਕਾਰ ਵੱਲੋਂ ‘ਉਦਯੋਗ ਰਤਨ’, ‘ਪੰਜਾਬ ਰਤਨ’, ‘ਉਦਯੋਗ ਪਾਤਰ’ ਅਤੇ ਭਾਰਤ ਸਰਕਾਰ ਵੱਲੋਂ ‘ਭਾਰਤ ਰਤਨ’ ਆਦਿ ਸ਼ਾਮਿਲ ਹਨ।

-ਪ੍ਰੋਫੈਸਰ, ਪੋਸਟ ਗ੍ਰੈਜੂਏਟ ਕਾਮਰਸ ਵਿਭਾਗ, ਸਰਕਾਰੀ ਕਾਲਜ, ਕਪੂਰਥਲਾ।
ਈ-ਮੇਲ: bsvirk97@gmail.com

About thatta

Comments are closed.

Scroll To Top
error: