ਹਾੜ੍ਹੀ ਦੇ ਪਿਆਜ਼ਾਂ ਦੀ ਕਾਸ਼ਤ

15

379037__pyajਪਿਆਜ਼ ਭਾਰਤੀ ਰਸੋਈ ਵਿਚ ਅਹਿਮ ਸਥਾਨ ਰੱਖਦੇ ਹਨ। ਇਸ ਤੋਂ ਇਲਾਵਾ ਪਿਆਜ਼ ਇਕ ਗੁਣਕਾਰੀ ਔਸ਼ਧੀ ਵੀ ਹੈ। ਇਸ ਵਿਚ ਕੈਂਸਰ ਰੋਧਕ ਗੁਣ ਮੌਜੂਦ ਹੁੰਦੇ ਹਨ ਅਤੇ ਇਹ ਆਮ ਜ਼ੁਕਾਮ, ਦਿਲ ਦੀਆਂ ਬਿਮਾਰੀਆਂ, ਸ਼ੱਕਰ ਰੋਗ, ਹੱਡੀਆਂ ਦੇ ਭੁਰਭੂਰੇਪਨ ਨੂੰ ਦੂਰ ਕਰਣ ਲਈ ਵੀ ਗੁਣਕਾਰੀ ਹੁੰਦਾ ਹੈ। ਇਹ ਫ਼ਸਲ ਵਿਭਿੰਨ ਮੌਸਮੀ ਹਾਲਾਤਾਂ ਵਿਚ ਤਿਆਰ ਕੀਤੀ ਜਾ ਸਕਦੀ ਹੈ ਪਰ ਠੰਡ, ਗਰਮੀ ਅਤੇ ਵਰਖਾ ਦੇ ਦਰਮਿਆਨੇ ਹਾਲਾਤਾਂ ਵਿਚ ਇਸ ਨੂੰ ਵਧੇਰੇ ਸੁਚਾਰੂ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ। ਲੰਮੇ ਸਮੇਂ ਲਈ ਜ਼ਿਆਦਾ ਠੰਢ ਪੈਣ ਨਾਲ ਪਿਆਜ਼ ਜ਼ਿਆਦਾ ਨਿਸਰਦਾ ਹੈ ਅਤੇ ਜ਼ਿਆਦਾ ਗਰਮੀ ਕਾਰਨ ਗੰਢੇ ਦਾ ਆਕਾਰ ਛੋਟਾ ਰਹਿ ਜਾਂਦਾ ਹੈ। ਪਿਆਜ਼ ਦੀ ਖੇਤੀ ਵਾਸਤੇ ਜ਼ਮੀਨ ਜ਼ਿਆਦਾ ਮੱਲ੍ਹੜ ਵਾਲੀ, ਨਿਕਾਸੀ, ਬਿਮਾਰੀ ਅਤੇ ਨਦੀਨਾਂ ਤੋਂ ਰਹਿਤ ਹੋਣੀ ਚਾਹੀਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਾੜ੍ਹੀ ਦੇ ਪਿਆਜ਼ਾਂ ਦੀਆਂ ਕਿਸਮਾਂ ਜਿਵੇਂ ਕਿ ਪੀ. ਆਰ. ਓ-6, ਪੰਜਾਬ ਵ੍ਹਾਈਟ, ਪੰਜਾਬ ਨਰੋਆ ਅਤੇ ਪੰਜਾਬ ਰੈੱਡ ਰਾਓਂਡ ਸਿਫਾਰਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਕ੍ਰਮਵਾਰ ਔਸਤ ਝਾੜ 160, 150, 135 ਅਤੇ 120 ਕੁਇੰਟਲ ਪ੍ਰਤੀ ਏਕੜ ਹੈ। ਕਿਸੇ ਵੀ ਕਿਸਮ ਦੀ ਚੋਣ ਸਿਰਫ ਝਾੜ ਨੂੰ ਵੇਖ ਕੇ ਨਹੀਂ ਕੀਤੀ ਜਾ ਸਕਦੀ। ਹਰ ਕਿਸਮ ਦੀਆਂ ਕੁਝ ਅਪਣੀਆਂ ਖੂਬੀਆਂ ਹੁੰਦੀਆਂ ਹਨ, ਜਿਵੇਂ ਕਿ ਪੀ.ਆਰ. ਓ.-6 ਕਿਸਮ ਦੀ ਭੰਡਾਰਨ ਸਮਰੱਥਾ ਬਹੁਤ ਚੰਗੀ ਹੈ ਅਤੇ ਗੰਢੇ ਵੀ ਘੱਟ ਨਿਸਰਦੇ ਹਨ। ਪੰਜਾਬ ਵ੍ਹਾਈਟ ਕਿਸਮ ਦੇ ਗੰਢੇ ਸੁਕਾ ਕੇ ਪਾਊਡਰ ਬਣਾਉਣ ਲਈ ਢੁੱਕਵੇਂ ਹਨ ਜਦ ਕਿ ਪੰਜਾਬ ਨਰੋਆ ਕਿਸਮ ਜਾਮਣੀ ਦਾਗ ਰੋਗ, ਥਰਿੱਪ ਅਤੇ ਪਿਆਜ਼ ਦੀ ਸੁੰਡੀ ਦੇ ਹਮਲੇ ਨੂੰ ਸਹਿਣ ਦੀ ਸਮਰੱਥਾ ਰੱਖਦੀ ਹੈ। ਹਾੜ੍ਹੀ ਦੇ ਪਿਆਜ਼ ਦੀ ਪਨੀਰੀ ਬੀਜਣ ਦਾ ਢੁੱਕਵਾਂ ਸਮਾਂ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਹੰਦਾ ਹੈ। ਬੀਜ ਦੀ ਮਾਤਰਾ 4-5 ਕਿਲੋ ਪ੍ਰਤੀ ਏਕੜ ਹੁੰਦੀ ਹੈ। ਪਨੀਰੀ ਬੀਜਣ ਲਈ 15-20 ਸੈਂਟੀਮੀਟਰ ਉੱਚੀਆਂ ਕਿਆਰੀਆਂ ਤਿਆਰ ਕਰੋ। ਇਕ ਏਕੜ ਦੇ ਖੇਤ ਵਾਸਤੇ 8 ਮਰਲੇ ਥਾਂ ਦੀ ਲੋੜ ਪੈਂਦੀ ਹੈ। ਚੰਗੀ ਸਿਹਤਮੰਦ ਪਨੀਰੀ ਪੈਦਾ ਕਰਨ ਲਈ ਜ਼ਮੀਨ ਵਿਚ 125 ਕਿਲੋ ਪ੍ਰਤੀ ਮਰਲਾ ਦੇਸੀ ਖਾਦ ਦੀ ਵਰਤੋਂ ਕਰੋ। ਧਿਆਨ ਰੱਖੋ ਕਿ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਪਾਣੀ ਦੇ ਦਿੱਤਾ ਜਾਵੇ ਤਾਂ ਕਿ ਬਿਜਾਈ ਤੋਂ ਪਹਿਲਾਂ ਸਾਰੇ ਨਦੀਨ ਉੱਗ ਜਾਣ। ਬੀਜ ਨੂੰ 1-2 ਸੈਂਟੀਮੀਟਰ ਡੂੰਘਾ ਬੀਜੋ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 5 ਸੈਂਟੀਮੀਟਰ ਰੱਖੋ। ਪਨੀਰੀ ਨੂੰ ਪੁੱਟ ਕੇ ਵਿਚ ਲਾਉਣ ਦਾ ਸਮਾਂ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਅੱਧ ਜਨਵਰੀ ਤੱਕ ਹੁੰਦਾ ਹੈ। ਜੇਕਰ ਪਨੀਰੀ ਦੀ ਲੰਬਾਈ 10-15 ਸੈਂਟੀਮੀਟਰ ਹੋਵੇ ਅਤੇ ਇਹ ਸਿਹਤਮੰਦ ਵੀ ਹੋਵੇ ਤਾਂ ਵੱਧ ਝਾੜ ਲਿਆ ਜਾ ਸਕਦਾ ਹੈ। ਜਦੋਂ ਪਨੀਰੀ ਖੇਤ ਵਿਚ ਲੈ ਕੇ ਜਾਣੀ ਹੋਵੇ ਤਾਂ ਜ਼ਮੀਨ ਦਾ ਵੱਤਰ ਸਹੀ ਹੋਵੇ ਅਤੇ ਕਤਾਰ ਤੋਂ ਕਤਾਰ 15 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ ਫਾਸਲਾ ਹੋਵੇ। ਪਿਆਜ਼ਾਂ ਦੀ ਸਫ਼ਲ ਕਾਸਤ ਲਈ ਖੇਤ ਵਿਚ 20 ਟਨ ਗਲੀ-ਸੜੀ ਰੂੜੀ ਦੀ ਖਾਦ, 45 ਕਿਲੋ ਯੂਰੀਆ, 125 ਕਿਲੋ ਸੁਪਰਫਾਸਫੇਟ ਅਤੇ 35 ਕਿਲੋ ਮਿਓਰੇਟ ਆਫ ਪੌਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। 45 ਕਿਲੋ ਯੂਰੀਆ ਦੀ ਖਾਦ 4 ਤੋਂ 6 ਹਫ਼ਤਿਆਂ ਬਾਅਦ ਇੱਕ ਵਾਰ ਫਿਰ ਪਾਓ। ਹਾੜ੍ਹੀ ਦੇ ਪਿਆਜ਼ਾਂ ਵਿਚ ਨਦੀਨਾਂ ਦੀ ਰੋਕਥਾਮ ਕੇਵਲ 3-4 ਗੋਡੀਆਂ ਰਾਹੀਂ ਜਾਂ ਫਿਰ ਇਸ ਦੀ ਥਾਂ ‘ਤੇ ਨਦੀਨ ਨਾਸ਼ਕ ਦਵਾਈ ਅਤੇ ਇਕ ਗੋਡੀ ਕਰਕੇ ਕੀਤੀ ਜਾ ਸਕਦੀ ਹੈ। ਜੇਕਰ ਕੇਵਲ ਗੋਡੀਆਂ ਕਰਨੀਆਂ ਹੋਣ ਤਾਂ ਪਹਿਲੀ ਗੋਡੀ ਪਨੀਰੀ ਲਾਉਣ ਤੋਂ ਤਿੰਨ ਹਫਤੇ ਪਿੱਛੋਂ ਅਤੇ ਬਾਕੀ ਗੋਡੀਆਂ 15 ਦਿਨ ਦੇ ਵਕਫੇ ‘ਤੇ ਕਰੋ। ਨਦੀਨ ਨਾਸ਼ਕਾਂ ਵਿਚੋਂ ਮੁੱਖ ਸਟੋਂਪ 30 ਈ ਸੀ 750 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਪਨੀਰੀ ਲਾਉਣ ਤੋਂ ਇਕ ਹਫ਼ਤੇ ਦੇ ਅੰਦਰ ਛਿੜਕਾਅ ਕਰੋ। ਜੇਕਰ ਲੋੜ ਪਵੇ ਤਾਂ ਇਕ ਗੋਡੀ ਪੌਦੇ ਲਗਾਉਣ ਤੋਂ 60 ਦਿਨ ਬਾਅਦ ਕਰ ਸਕਦੇ ਹੋ। ਉੱਪਰ ਦੱਸੀ ਗਈ ਦਵਾਈ ਦੀ ਥਾਂ ‘ਤੇ ਗੋਲ ਦਵਾਈ 23.5 ਈ ਸੀ (ਆਕਸੀਕਲੋਰੋਫੈਨ) 380 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਗੰਢਿਆਂ ਦੀ ਪਨੀਰੀ ਖੇਤ ਵਿਚ ਲਾਉਣ ਤੋਂ ਇਕ ਹਫ਼ਤੇ ਦੇ ਅੰਦਰ ਛਿੜਕ ਦਿਓ। ਇਸ ਦਵਾਈ ਤੋਂ ਇਲਾਵਾ ਪਨੀਰੀ ਲਾਉਣ ਦੇ 90-100 ਦਿਨਾਂ ਬਾਅਦ ਇਕ ਗੋਡੀ ਵੀ ਕੀਤੀ ਜਾ ਸਕਦੀ ਹੈ। ਹਾੜ੍ਹੀ ਦੇ ਪਿਆਜ਼ ਨੂੰ ਕੁੱਲ 10 ਤੋਂ 15 ਪਾਣੀਆਂ ਦੀ ਲੋੜ ਪੈਂਦੀ ਹੈ। ਧਿਆਨ ਰੱਖੋ ਕਿ ਪਨੀਰੀ ਨੂੰ ਪੁੱਟ ਕੇ ਖੇਤ ਵਿਚ ਲਾਉਣ ਦੇ ਤੁਰੰਤ ਬਾਅਦ ਪਾਣੀ ਦੇ ਦਿੱਤਾ ਜਾਵੇ। ਇਸ ਤੋਂ ਬਾਅਦ ਜ਼ਰੂਰਤ ਦੇ ਅਨੁਸਾਰ 7-10 ਦਿਨਾਂ ਦੇ ਵਕਫ਼ੇ ‘ਤੇ ਪਾਣੀ ਲਾਓ। ਪਿਆਜ਼ ਨੂੰ ਲੰਮੇ ਸਮੇਂ ਵਾਸਤੇ ਭੰਡਾਰਨ ਕਰਨ ਲਈ ਪੁਟਾਈ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦਿੱਤਾ ਜਾਵੇ। ਪਿਆਜ਼ ਦੀ ਪੁਟਾਈ ਸਮੇਂ ਕੁਝ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਇਸ ਦੀ ਭੰਡਾਰਨ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ। ਪੁਟਾਈ ਉਸ ਸਮੇਂ ਕਰੋ ਜਦੋਂ ਕਿ ਭੂਕਾਂ ਸੁੱਕ ਕੇ ਡਿੱਗ ਪੈਣ। ਇਸ ਤੋਂ ਬਾਅਦ ਪਿਆਜ਼ ਨੂੰ 3-4 ਦਿਨਾਂ ਲਈ ਛਾਂ ਵਿਚ ਪਤਲੀਆਂ ਤਹਿਆਂ ਵਿਚ ਖਿਲਾਰ ਕੇ ਪਕਾਓ। ਪਿਆਜ਼ ਦੀਆਂ ਭੂਕਾਂ ਨੂੰ 1-2 ਸੈਂਟੀਮੀਟਰ ਰੱਖ ਕੇ ਬਾਕੀ ਹਿੱਸਾ ਕੱਟ ਦਿਓ। ਭੰਡਾਰਨ ਦੌਰਾਨ ਹਰ 15 ਦਿਨਾਂ ਦੇ ਵਕਫ਼ੇ ਨਾਲ ਹਿਲਾਉਂਦੇ ਰਹੋ ਅਤੇ ਕੱਟੇ ਤੇ ਗਲੇ ਹੋਏ ਪਿਆਜ਼ਾਂ ਦੀ ਛਾਂਟੀ ਵੀ ਕਰ ਦਿਓ। -ਰੁਮਾ ਦੇਵੀ ਅਤੇ ਮਨਪ੍ਰੀਤ ਕੌਰ ਸੈਣੀ ਫਾਰਮ ਸਲਾਹਕਾਰ ਸੇਵਾ ਕੇਂਦਰ, ਗੁਰਦਾਸਪੁਰ (source Ajit)