Home / ਖਬਰਾਂ ਸਿੱਖ ਜਗਤ ਦੀਆਂ / ਸ੍ਰੀ ਹੇਮਕੁੰਟ ਸਾਹਿਬ ਦੇ 24 ਮਈ ਨੂੰ ਖੁੱਲ੍ਹਣਗੇ ‘ਕਿਵਾੜ’: ਸਾਰੇ ਪ੍ਰਬੰਧ ਮੁਕੰਮਲ

ਸ੍ਰੀ ਹੇਮਕੁੰਟ ਸਾਹਿਬ ਦੇ 24 ਮਈ ਨੂੰ ਖੁੱਲ੍ਹਣਗੇ ‘ਕਿਵਾੜ’: ਸਾਰੇ ਪ੍ਰਬੰਧ ਮੁਕੰਮਲ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਪੈਦਲ ਯਾਤਰਾ ਭਲਕੇ 24 ਮਈ ਨੂੰ ਗੁਰਦੁਆਰਾ ਗੋਬਿੰਦਘਾਟ (ਉਤਰਾਖੰਡ) ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਈ, ਜਿਸ ‘ਚ ਸ਼ਾਮਿਲ ਸੰਗਤ ਗੁਰਦੁਆਰਾ ਗੋਬਿੰਦਧਾਮ ਵਿਖੇ ਰਾਤ ਦਾ ਪੜਾਅ (ਠਹਿਰਾਵ) ਕਰਨ ਉਪਰੰਤ 25 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਯਾਤਰਾ ਦੀ ਪਹਿਲੀ ਅਰਦਾਸ ‘ਚ ਸ਼ਾਮਿਲ ਹੋਵੇਗੀ | ਇਸ ਤੋਂ ਬਾਅਦ ਗੁਰਦੁਆਰਾ ਗੋਬਿੰਦਘਾਟ ਵਿਖੇ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਇਥੇ ਪੈਦਲ ਯਾਤਰਾ ਦੀ ਆਰੰਭਤਾ ਦੀ ਅਰਦਾਸ ਹੋਵੇਗੀ |

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਲੈ ਕੇ ਸੰਗਤ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਡੀ ਤਾਦਾਦ ‘ਚ ਸ਼ਰਧਾਲੂ ਗੁਰਦੁਆਰਾ ਗੋਬਿੰਦਘਾਟ ਵਿਖੇ ਪਹੁੰਚ ਰਹੇ ਹਨ | ਬਰਫ਼ ਦੀ ਚਾਦਰ ਨਾਲ ਢੱਕੀਆਂ ਹੋਈਆਂ ਹਿਮਾਲਿਆ ਦੀਆਂ ਦਿਲਕਸ਼ ਪਹਾੜੀਆਂ ‘ਚ ਸੁਸ਼ੋਭਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਅੱਜ ਵੱਡੀ ਗਿਣਤੀ ‘ਚ ਸੰਗਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਤੋਂ ਆਪਣੇ-ਆਪਣੇ ਵਾਹਨਾਂ ਤੋਂ ਇਲਾਵਾ ਕਿਰਾਏ-ਭਾੜੇ ਦੀਆਂ ਗੱਡੀਆਂ ਰਾਹੀਂ ਰਵਾਨਾ ਹੋਈ, ਜੋ ਕਿ ਇਕ ਪਾਸੇ ਅਸਮਾਨ ਨੂੰ ਛੂੰਹਦੇ ਹਰਿਆਲੀ ਭਰਪੂਰ ਪਹਾੜਾਂ ਅਤੇ ਦੂਜੇ ਪਾਸੇ ਹਜ਼ਾਰਾਂ ਫੁੱਟ ਡੂੰਘੀ ਖੱਡ ‘ਚ ਵਹਿੰਦੀ ਸ਼ਾਂ-ਸ਼ਾਂ ਕਰਦੀ ਨਦੀ ਦਾ ਦਿਲ ਲੁਭਾਉ ਤੇ ਮਨਮੋਹਕ ਦਿ੍ਸ਼ ਦਾ ਅਨੰਦ ਮਾਣਦੀ ਹੋਈ ਕਰੀਬ 12 ਘੰਟਿਆਂ ਬਾਅਦ ਗੁਰਦੁਆਰਾ ਗੋਬਿੰਦਘਾਟ ਵਿਖੇ ਪਹੁੰਚੀਆਂ | ਇਸ ਸਬੰਧੀ ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸ: ਸੇਵਾ ਸਿੰਘ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਯਾਤਰਾ ਸਬੰਧੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਰੀਬ 3500 ਯਾਤਰੀਆਂ ਦੀ ਆਮਦ ਹੋ ਚੁੱਕੀ ਹੈ |

ਉਨ੍ਹਾਂ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਈ ਰਿਹਾਇਸ਼ ‘ਚ ਵਾਧਾ ਕੀਤਾ ਗਿਆ ਹੈ | ਸਿਹਤ ਸੇਵਾਵਾਂ ਲਈ ਆਰਜ਼ੀ ਹਸਪਤਾਲ ਅਤੇ ਲੰਗਰ ਦੇ ਕੀਤੇ ਗਏ ਪ੍ਰਬੰਧਾਂ ਤਹਿਤ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਪਹਿਲਾਂ ਨਾਲੋਂ ਸੁਖ਼ਦ ਅਤੇ ਸੁਰੱਖਿਅਤ ਬਣਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਢੁਕਵੇਂ ਕਦਮ ਚੁੱਕੇ ਗਏ ਹਨ |
ਬਣਾਇਆ ਆਰਜ਼ੀ ਹਸਪਤਾਲ ਗੁਰਦੁਆਰਾ ਗੋਬਿੰਦਘਾਟ ਵਿਖੇ ਸੰਗਤ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਵਜੋਂ ਆਰਜ਼ੀ ਹਸਪਤਾਲ ਬਣਾਇਆ ਗਿਆ ਹੈ, ਜਿਸ ‘ਚ ਐਮ. ਬੀ. ਬੀ. ਐਸ. ਡਾਕਟਰ ਰਵੀਕਾਂਤ ਸਿੰਘ ਦੀ ਅਗਵਾਈ ਵਾਲੀ ਟੀਮ ਸੰਗਤ ਦੀ ਸੇਵਾ ‘ਚ 24 ਘੰਟੇ ਹਾਜ਼ਰ ਰਹੇਗੀ | ਇਸ ਸਬੰਧੀ ਸੇਵਾ ਸਿੰਘ ਨੇ ਦੱਸਿਆ ਕਿ ਆਪ੍ਰੇਸ਼ਨ ਥੀਏਟਰ ਸਮੇਤ ਕੁੱਲ 7 ਬੈੱਡ ਹਨ, ਜਿਥੇ ਮੁੱਢਲੀਆਂ ਸੇਵਾਵਾਂ ਤੋਂ ਇਲਾਵਾ ਆਕਸੀਜ਼ਨ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜੋ ਕਿ ਅਕਤੂਬਰ ਤੱਕ ਨਿਰੰਤਰ ਜਾਰੀ ਰਹੇਗਾ |


ਗੋਬਿੰਦਘਾਟ ਵਿਖੇ 5 ਹਜ਼ਾਰ ਯਾਤਰੀਆਂ ਦੀ ਰਿਹਾਇਸ਼ ਦਾ ਪ੍ਰਬੰਧ
ਸ: ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਗੋਬਿੰਦਘਾਟ ਵਿਖੇ ਇਕੋ ਸਮੇਂ 5 ਹਜ਼ਾਰ ਤੋਂ ਵਧੇਰੇ ਯਾਤਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਹੈ, ਜਿਸ ‘ਚ ਮਾਤਾ ਗੁਜਰੀ ਨਿਵਾਸ, ਦਸਮੇਸ਼ ਭਵਨ, ਗੁਰੂ ਨਾਨਕ ਨਿਵਾਸ, ਹੇਮਕੁੰਟ ਨਿਵਾਸ, ਬੰਬੇ ਬਿਲਡਿੰਗ ਅਤੇ ਯੂ. ਕੇ. ਬਿਲਡਿੰਗ ਜ਼ਿਕਰਯੋਗ ਹਨ, ਜਿਥੇ ਸਰਦੀ ਤੋਂ ਬਚਣ ਲਈ ਗੱਦੇ, ਗਰਮ ਕੰਬਲ ਅਤੇ ਗਰਮ ਪਾਣੀ ਦਾ ਪ੍ਰਬੰਧ ਹੈ ਅਤੇ ਸੰਗਤ ਲਈ 24 ਘੰਟੇ ਲੰਗਰ, ਚਾਹ ਅਤੇ ਖ਼ਾਸ ਕਰਕੇ ਬੱਚਿਆਂ ਲਈ ਦੁੱਧ ਵੀ ਮੁਹੱਈਆ ਕਰਵਾਇਆ ਜਾਂਦਾ ਹੈ |
ਰੋਜ਼ਾਨਾ 21 ਹਜ਼ਾਰ ਤੋਂ ਵਧੇਰੇ ਤਿਆਰ ਹੁੰਦੇ ਹਨ ‘ਪਿੰਨੀ ਪ੍ਰਸ਼ਾਦ’ ਦੇ ਪੈਕਟ
ਸ੍ਰੀ ਹੇਮਕੁੰਟ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਮੱਥਾ ਟੇਕਣ ਪੁੱਜਦੀ ਸੰਗਤ ਲਈ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ ‘ਪਿੰਨੀ ਪ੍ਰਸ਼ਾਦ’ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਬਣਾਉਣ ਦੀ ਪ੍ਰਕਿਰਿਆ ਯਾਤਰਾ ਤੋਂ ਕਰੀਬ 12 ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਹੈ | ਗੁਰਦੁਆਰਾ ਗੋਬਿੰਦਘਾਟ ਵਿਖੇ ਤਿਆਰ ਕੀਤੇ ਜਾਣ ਵਾਲੇ ‘ਪਿੰਨੀ ਪ੍ਰਸ਼ਾਦ’ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਜਗਮੀਰ ਸਿੰਘ ਨੇ ਦੱਸਿਆ ‘ਪਿੰਨੀ ਪ੍ਰਸ਼ਾਦ’ ‘ਚ ਰੋਜ਼ਾਨਾ 21 ਹਜ਼ਾਰ ਤੋਂ ਵਧੇਰੇ ਪੈਕਟ ਮਰਿਆਦਾ ਅਨੁਸਾਰ ਤਿਆਰ ਕੀਤੇ ਜਾਂਦੇ ਹਨ |


ਯਾਤਰਾ ਨਾਲ ਹਜ਼ਾਰਾਂ ਲੋੜਵੰਦਾਂ ਦੇ ਬਲਦੇ ਹਨ ਘਰ ਦੇ ਚੁੱਲ੍ਹੇ
ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਣ ਲਈ ਹਰ ਸਾਲ ਜਿਥੇ ਲੱਖਾਂ ਦੀ ਤਾਦਾਦ ‘ਚ ਦੇਸ਼-ਵਿਦੇਸ਼ ਤੋਂ ਸੰਗਤ ਪਹੁੰਚਦੀ ਹੈ, ਉਥੇ ਹੀ ਇਸ ਯਾਤਰਾ ਦੇ ਸ਼ੁਰੂ ਹੋਣ ਨਾਲ ਉੱਤਰਾਖੰਡ ਨੂੰ ਖਾਸ ਕਰਕੇ ਆਰਥਿਕ ਪੱਖ ਤੋਂ ਵੀ ਵੱਡਾ ਹੁਲਾਰਾ ਮਿਲਦਾ ਹੈ, ਜਿਸ ਦੇ ਚਲਦਿਆਂ ਆਪਣੇ ਪਰਿਵਾਰਾਂ ਦੇ ਪਾਲਣ-ਪੋਸ਼ਣ ਲਈ 350-400 ਕਿਲੋਮੀਟਰ ਦੀ ਦੂਰੀ ਪੈਦਲ ਤੈਅ ਕਰਕੇ ਖੱਚਰ ਅਤੇ ਡਾਂਡੀ-ਕਾਂਡੀ ਵਾਲੇ ਪਹੁੰਚਦੇ ਹਨ, ਜੋ ਬੜੀ ਬੇਸਬਰੀ ਨਾਲ ਇਸ ਯਾਤਰਾ ਦਾ ਇੰਤਜ਼ਾਰ ਕਰਦੇ ਹਨ | ਇਸ ਸਬੰਧੀ ਨਜੀਬਾਬਾਦ ਜ਼ਿਲ੍ਹਾ ਬਿਜਨੌਰ ਤੋਂ ਆਪਣੇ ਖੱਚਰ ਲੈ ਕੇ ਕਰੀਬ 350 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਪੈਦਲ ਪਹੁੰਚੇ ਰੋਹਤਾਸ਼ ਸਿੰਘ ਪਰਜਾਪਤੀ, ਚਰਨ ਸਿੰਘ ਅਤੇ ਜਾਕਿਰ ਹੁਸੈਨ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਜੋ ਕਰੀਬ 4 ਮਹੀਨੇ ਚਲਦੀ ਹੈ, ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ, ਕਿਉਂਕਿ ਇਸ ਸੀਜ਼ਨ ਤੋਂ ਉਨ੍ਹਾਂ ਨੂੰ ਚੋਖੀ ਆਮਦਨ ਦੀ ਉਮੀਦ ਰਹਿੰਦੀ ਹੈ, ਜਿਸ ਨਾਲ ਰਹਿੰਦੇ 8 ਮਹੀਨੇ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ |

About thatta

Comments are closed.

Scroll To Top
error: