Home / ਸੁਣੀ-ਸੁਣਾਈ / ਸੈਲਫ਼ੀ ਖਿੱਚਣਾ ਕਲਾ ਹੈ ਜਾਂ ਬਿਮਾਰੀ?

ਸੈਲਫ਼ੀ ਖਿੱਚਣਾ ਕਲਾ ਹੈ ਜਾਂ ਬਿਮਾਰੀ?

Blue Swimsuit self portrait

ਨੌਂ ਮਹੀਨੇ ਦਾ ਬੱਚਾ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਨਿਹਾਰ ਕੇ ਬੜਾ ਖ਼ੁਸ਼ ਹੁੰਦਾ ਹੈ ਅਤੇ ਵਾਰ-ਵਾਰ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਣਾ ਚਾਹੁੰਦਾ ਹੈ। ਇਹ ਉਸ ਦੀ ਆਪਣੇ ਸਰੀਰ ਨਾਲ ਪਹਿਲੀ ਪਛਾਣ ਹੁੰਦੀ ਹੈ। ਉਹ ਆਪਣਾ ਮੁਹਾਂਦਰਾ ਤੇ ਹਾਵ-ਭਾਵ, ਕੰਨ, ਅੱਖਾਂ, ਗਰਦਨ ਦਾ ਮਟਕਾਉਣਾ, ਹੱਥ ਹਿਲਾਉਣਾ ਅਤੇ ਆਪਣੀ ਬੋੜ ਵੇਖ ਕੇ ਖ਼ੁਸ਼ ਹੁੰਦਾ ਹੈ। ਇਹ ਬੱਚੇ ਦੇ ਨਾਰਮਲ ਹੋਣ ਦੀ ਨਿਸ਼ਾਨੀ ਹੁੰਦੀ ਹੈ।

ਵੱਡੇ ਹੋਣ ਉੱਤੇ ਵੀ ਕਿਸੇ ਜ਼ਰੂਰੀ ਮੀਟਿੰਗ, ਦੋਸਤਾਂ ਨਾਲ ਘੁੰਮਣ ਜਾਣ, ਘਰੋਂ ਬਾਹਰ ਤਿਆਰ ਹੋ ਕੇ ਨਿਕਲਣ, ਡਿਊਟੀ, ਪਾਰਟੀ ਜਾਂ ਵਿਆਹ ਦੇ ਸਮਾਗਮ ਉੱਤੇ ਜਾਣ ਆਦਿ ਤੋਂ ਪਹਿਲਾਂ ਆਪਣੇ ਆਪ ਨੂੰ ਹਰ ਪਾਸਿਓਂ ਘੁੰਮ-ਘੁਮਾ ਕੇ ਸ਼ੀਸ਼ੇ ਵਿੱਚ ਨਿਹਾਰ, ਵਾਲ ਸੰਵਾਰ ਕੇ ਸ਼ੀਸ਼ੇ ਵਿੱਚ ਝਾਕਣਾ ਸਹੀ ਵਰਤਾਰਾ ਹੀ ਗਿਣਿਆ ਜਾਂਦਾ ਹੈ ਕਿਉਂਕਿ ਹਰ ਇਨਸਾਨ ਆਪਣੇ ਅੰਦਰ ਦੀਆਂ ਖ਼ਾਮੀਆਂ ਨੂੰ ਲੁਕੋ ਕੇ ਚਿਹਰੇ ਉੱਤੇ ਝੂਠ ਦਾ ਮੁਖੌਟਾ ਚਾੜ੍ਹ ਕੇ ਦੂਜਿਆਂ ਸਾਹਮਣੇ ‘ਏ ਵੰਨ’ ਦਿਸਣਾ ਚਾਹੁੰਦਾ ਹੈ।
ਅੱਜ-ਕੱਲ੍ਹ ਦੇ ਨਵੇਂ ਫ਼ੋਨਾਂ ਰਾਹੀਂ ਸੈਲਫ਼ੀ (ਆਪਣੀ ਤਸਵੀਰ) ਖਿੱਚ ਕੇ, ਉਸੇ ਸਮੇਂ ਨੈੱਟ ਉੱਤੇ ਪਾ ਕੇ ਹੋਰ ਹਜ਼ਾਰਾਂ ਅੱਗੇ ਆਪਣੇ ਚਿਹਰੇ ਮੋਹਰੇ ਦੇ ਹਰ ਸਿੱਧੇ, ਪੁੱਠੇ, ਟੇਢੇ-ਮੇਢੇ ਪੋਜ਼ ਭੇਜ ਕੇ ਤੇ ਉਸ ਬਾਰੇ ਕਮੈਂਟਸ ਲੈ ਕੇ ਆਪਣੀ ‘ਮੈਂ’ ਨੂੰ ਪੱਠੇ ਪਾਉਣ ਦਾ ਰਿਵਾਜ ਪ੍ਰਚੱਲਿਤ ਹੋ ਚੁੱਕਿਆ ਹੈ।
ਹਾਲ ਇਹ ਹੋ ਗਿਆ ਹੈ ਕਿ ਲੋਕ ਰੋਜ਼ ਦੀਆਂ 250 ਤੋਂ 450 ਤਕ ਫੋਟੋਆਂ ਖਿੱਚ ਕੇ ਨੈੱਟ ਉੱਤੇ ਪਾਉਣ ਲੱਗ ਪਏ ਤਾਂ ਡਾਕਟਰੀ ਕਿੱਤਾ ਹਰਕਤ ਵਿੱਚ ਆਇਆ। ਇਹ ਜਾਣੀ ਬੁੱਝੀ ਗੱਲ ਹੈ ਕਿ ਇੱਕੋ ਚੀਜ਼ ਵਾਰ-ਵਾਰ ਕਰਨ ਵਾਲਾ ਮਨੋਰੋਗੀ ਹੁੰਦਾ ਹੈ। ਭਾਵੇਂ ਇਹ ਕਈ-ਕਈ ਵਾਰ ਹੱਥ ਧੋਣ, ਵਾਰ-ਵਾਰ ਕੁੰਡੀਆਂ ਚੈੱਕ ਕਰਨ ਜਾਂ ਵਾਰ-ਵਾਰ ਆਪਣਾ ਮੂੰਹ ਸੁਆਰਨ ਦੀ ਗੱਲ ਹੋਵੇ।
ਅਮਰੀਕਾ ਦੇ ਮਨੋਵਿਗਿਆਨੀਆਂ ਨੇ ਇਸ ਪੱਖ ਉੱਤੇ ਖੋਜ ਆਰੰਭ ਕੀਤੀ ਕਿ ਜਦੋਂ ਕੋਈ ਵਿਅਕਤੀ ਆਪਣੀ ਤਸਵੀਰ ਸਿਰਫ਼ ਖਿੱਚਣ ਤਕ ਹੀ ਸੀਮਿਤ ਨਾ ਹੋਵੇ ਸਗੋਂ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਵੱਖ-ਵੱਖ ‘ਪੋਜ਼’ ਬਣਾ ਕੇ ਦੂਜਿਆਂ ਕੋਲੋਂ ਸ਼ਲਾਘਾ ਵੀ ਭਾਲੇ ਤਾਂ ਉਸ ਦੀ ਮਾਨਸਿਕ ਸਥਿਤੀ ਕਿਹੋ ਜਿਹੀ ਹੁੰਦੀ ਹੈ? ਕਈ ਮਾਮਲਿਆਂ ਵਿੱਚ ਤਾਂ ਵਿਅਕਤੀ ਦੀ ਸ਼ਕਲ ਦੂਜੀ ਵਾਰ ਵੇਖਣ ਜੋਗੀ ਖਿੱਚ ਵੀ ਨਹੀਂ ਪਾਉਂਦੀ, ਪਰ ਫਿਰ ਵੀ ਉਹ ਆਪਣੇ ਆਪ ਨੂੰ ਦੂਜਿਆਂ ਉੱਤੇ ਥੋਪ ਕੇ ਵਾਹ-ਵਾਹ ਕਿਉਂ ਖੱਟਣਾ ਚਾਹੁੰਦਾ ਹੈ? ਹਰ ਖੋਜ ਵਾਂਗ ਇਸ ਦੇ ਵੀ ਹਾਂ-ਪੱਖੀ ਤੇ ਨਾਂਹ-ਪੱਖੀ ਦੋਵੇਂ ਪੱਖ ਸਾਹਮਣੇ ਆਏ ਹਨ।
ਅਮਰੀਕਨ ਸਾਈਕੈਟਰਿਕ ਐਸੋਸੀਏਸ਼ਨ ਦਾ ਪੱਖ:
ਸ਼ਿਕਾਗੋ ਵਿਖੇ ਸਾਲਾਨਾ ਕਾਨਫਰੰਸ ਦੌਰਾਨ ਸੈਲਫ਼ੀ ਖਿੱਚਣ ਨੂੰ ਮਾਨਸਿਕ ਬਿਮਾਰੀ ਕਰਾਰ ਦਿੰਦਿਆਂ ਇਸ ਦਾ ਨਾਂ ‘ਸੈਲਫਾਈਟਿਸ’ ਰੱਖ ਦਿੱਤਾ ਗਿਆ। ਇਸ ਵਿੱਚ ਵਿਅਕਤੀ ਨੂੰ ਵਾਰ-ਵਾਰ ਉਕਸਾਹਟ ਹੁੰਦੀ ਹੈ ਕਿ ਉਹ ਆਪਣੀ ਤਸਵੀਰ ਖਿੱਚੇ ਅਤੇ ਉਸ ਨੂੰ ਸੋਸ਼ਲ ਮੀਡੀਆ ਉੱਤੇ ਪਾ ਕੇ ਆਪਣੀ ਹਉਮੈ ਨੂੰ ਪੱਠੇ ਪਾਵੇ। ਆਮ ਤੌਰ ਉੱਤੇ ਉਹ ਲੋਕ ਵੱਧ ਸੈਲਫ਼ੀਆਂ ਖਿੱਚਦੇ ਵੇਖੇ ਗਏ ਹਨ, ਜਿਨ੍ਹਾਂ ਵਿੱਚ ਆਤਮ-ਵਿਸ਼ਵਾਸ ਦੀ ਘਾਟ ਹੋਵੇ ਅਤੇ ਉਹ ਧੱਕੋ-ਜ਼ੋਰੀ ਕਿਸੇ ਨੂੰ ਆਪਣੇ ਬਾਰੇ ਦੱਸਣ ਦੀ ਕੋਸ਼ਿਸ਼ ਕਰਨ!
ਇਸ ਬਿਮਾਰੀ ਦੀਆਂ ਤਿੰਨ ਕਿਸਮਾਂ ਹਨ: ਬਾਰਡਰਲਾਈਨ, ਐਕਿਊਟ ਅਤੇ ਕਰੌਨਿਕ।
ਬਾਰਡਰਲਾਈਨ: ਇਸ ਕਿਸਮ ਵਿੱਚ ਵਿਅਕਤੀ ਦਿਨ ਵਿੱਚ ਘੱਟੋ ਘੱਟ ਤਿੰਨ ਵਾਰ ਆਪਣੀਆਂ ਸੈਲਫ਼ੀਆਂ ਲੈਂਦਾ ਹੈ, ਪਰ ਸੋਸ਼ਲ ਮੀਡੀਆ ਉੱਤੇ ਨਹੀਂ ਪਾਉਂਦਾ। ਇਹ ਦਰਅਸਲ ਬਿਮਾਰੀ ਨਹੀਂ ਗਿਣੀ ਗਈ, ਪਰ ਸਿਰਫ਼ ਇਸ ਲਈ ਸ਼ਾਮਲ ਕੀਤਾ ਗਿਆ ਕਿਉਂਕਿ ਬਥੇਰੇ ਜਣੇ ਇਸ ਤੋਂ ਅਗਾਂਹ ਵਧ ਕੇ ਐਕਿਊਟ ਹਾਲਤ ਵਿੱਚ ਪਹੁੰਚ ਜਾਂਦੇ ਹਨ।
ਐਕਿਊਟ: ਇਸ ਵਿੱਚ ਮਨੁੱਖ ਆਪਣੀਆਂ ਘੱਟੋ-ਘੱਟ ਤਿੰਨ ਤਸਵੀਰਾਂ ਰੋਜ਼ ਖਿੱਚਦਾ ਹੈ ਤੇ ਹਰ ਫੋਟੋ ਸੋਸ਼ਲ ਮੀਡੀਆ ਉੱਤੇ ਪਾਉਂਦਾ ਹੈ।
ਕਰੌਨਿਕ: ਇਸ ਵਿੱਚ ਵਿਅਕਤੀ 24 ਘੰਟੇ ਸਿਰਫ਼ ਆਪਣੀਆਂ ਤਸਵੀਰਾਂ ਆਪੇ ਖਿੱਚਣ ਉੱਤੇ ਮਜਬੂਰ ਹੋ ਜਾਂਦਾ ਹੈ ਅਤੇ ਦਿਨ ਵਿੱਚ ਘੱਟੋ ਘੱਟ ਛੇ ਵਾਰ ਸੋਸ਼ਲ ਮੀਡੀਆ ਉੱਤੇ ਸਾਰੀਆਂ ਤਸਵੀਰਾਂ ਪਾਉਂਦਾ ਰਹਿੰਦਾ ਹੈ।
ਅਮਰੀਕਨ ਮਨੋਵਿਗਿਆਨਿਆਂ ਅਨੁਸਾਰ ਹਾਲੇ ਤਕ ਇਸ ਦਾ ਪੱਕਾ ਇਲਾਜ ਨਹੀਂ ਲੱਭਿਆ ਜਾ ਸਕਿਆ, ਪਰ ਥੁੜ ਚਿਰੀ ਇਲਾਜ ਵਿਧੀ ‘ਕੌਗਨਿਟਿਵ ਬਿਹੇਵਿਅਰ ਥਰੈਪੀ’ ਰਾਹੀਂ ਕਈ ਲੋਕ ਇਸ ਬਿਮਾਰੀ ਤੋਂ ਨਿਜਾਤ ਪਾਉਂਦੇ ਵੇਖੇ ਗਏ ਹਨ।
ਰਿਪੋਰਟ ਕੀਤੇ ਗਏ ਮਾਮਲਿਆਂ ਵਿੱਚੋਂ ਇੱਕ ਕੇਸ 19 ਸਾਲਾ ਅੰਗਰੇਜ਼ ਦਾ ਸੀ, ਜੋ ਰੋਜ਼ ਦੀਆਂ 200 ਸੈਲਫ਼ੀਆਂ ਖਿੱਚਦਾ ਹੁੰਦਾ ਸੀ। ਉਸ ਨੂੰ ‘ਸਰੀਰਕ ਡਿਸਮੌਰਫਿਕ ਬਿਮਾਰੀ’ ਹੋ ਗਈ ਸੀ ਤੇ ਬਾਅਦ ਵਿੱਚ ਉਸ ਨੇ ਆਪਣੀ ਤਸਵੀਰ ਬਾਰੇ ਕਿਸੇ ਵੱਲੋਂ ਕੀਤੀ ਇੱਕ ਮਾੜੀ ਟਿੱਪਣੀ ਕਾਰਨ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ ਵੀ ਕੀਤੀ ਸੀ। ਇਸ ਤੋਂ ਇਲਾਵਾ ਖ਼ੁਦਕੁਸ਼ੀ ਦੇ ਅਜਿਹੇ ਹੋਰ ਵੀ ਕਈ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਕਈ ਵਿਅਕਤੀ ਫੇਸਬੁੱਕ ਅਤੇ ਹੋਰ ਸੋਸ਼ਲ ਨੈੱਟਵਰਕਿੰਗ ਸਾਈਟਸ ਉੱਤੇ ਸਰਗਰਮ ਹੋਣ ਕਾਰਨ ਦੋ ਤੋਂ ਤਿੰਨ ਕਿਸਮਾਂ ਦੇ ਮਨੋਰੋਗ ਪਾਲ ਬੈਠੇ। ਤੀਹ ਤੋਂ ਪੰਜਾਹ ਸਾਲ ਦੀ ਉਮਰ ਦੇ ਕਈ ਸੈਲਫ਼ੀਆਂ ਖਿੱਚਣ ਵਾਲੇ ‘ਨਾਰਸਿਜ਼ਮ’ ਮਨੋਰੋਗ ਦੇ ਸ਼ਿਕਾਰ ਵੀ ਪਾਏ ਗਏ।
ਦੂਜੇ ਪਾਸੇ ਕੁਝ ਵਿਗਿਆਨੀ ਇਸ ਨੂੰ ਬਿਮਾਰੀ ਨਹੀਂ ਗਿਣਦੇ। ਉਨ੍ਹਾਂ ਮੁਤਾਬਿਕ ਹਰ ਕੋਈ ਆਪਣੇ ਕੀਤੇ ਕੰਮਾਂ ਲਈ ਸ਼ਲਾਘਾ ਚਾਹੁੰਦਾ ਹੈ ਤਾਂ ਜੋ ਹੱਲਾਸ਼ੇਰੀ ਮਿਲਣ ਨਾਲ ਅੱਗੋਂ ਹੋਰ ਕੰਮ ਕਰਦਾ ਰਹੇ। ਜਿਹੜਾ ਕੁਝ ਵੀ ਨਹੀਂ ਕਰ ਰਿਹਾ ਹੁੰਦਾ, ਪਰ ਫਿਰ ਵੀ ਹੋਰਨਾਂ ਤਾਈਂ ਆਪਣੇ ਜਿਉਂਦੇ ਹੋਣ ਦਾ ਸਬੂਤ ਪਹੁੰਚਾਉਣਾ ਚਾਹੁੰਦਾ ਹੈ, ਉਸ ਲਈ ਵੀ ਕੁਝ ‘ਲਾਈਕਸ’ ਵਾਲੇ ਜਵਾਬ ਬੜੇ ਮਾਅਨੇ ਰੱਖਦੇ ਹਨ। ਪਰ, ਏਨਾ ਤਾਂ ਉਹ ਵੀ ਮੰਨਦੇ ਹਨ ਕਿ ਰੋਗਾਂ ਦੀ ਸੂਚੀ ਵਿੱਚ ਭਾਵੇਂ ਸੈਲਫਾਈਟਿਸ ਨਾ ਹੋਵੇ, ਫਿਰ ਵੀ ਯਕੀਨਨ ਰਿਸ਼ਤਿਆਂ ਦੇ ਟੁੱਟਣ ਅਤੇ ਤਣਾਅ ਵਧਾਉਣ ਵਿੱਚ ਸੋਸ਼ਲ ਮੀਡੀਆ ਦੀ ਵੱਡੀ ਭੂਮਿਕਾ ਹੈ। ਅਜਿਹਾ ਉਨ੍ਹਾਂ ਵਿੱਚ ਵੱਧ ਹੈ ਜੋ ਬਹੁਤਾ ਸਮਾਂ ਸੋਸ਼ਲ ਮੀਡੀਆ ਉੱਤੇ ਬਿਤਾਉਂਦੇ ਹਨ ਅਤੇ ਆਪਣੀਆਂ ਤਸਵੀਰਾਂ ਦੇ ਨਾਲ ਕੀਤੇ ਕੰਮਾਂ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣ ਵਿੱਚ ਜੁਟੇ ਰਹਿੰਦੇ ਹਨ।
‘ਸੈਲਫ਼ੀ ਸਟਿੱਕ’ ਵੇਚਣ ਵਾਲੀਆਂ ਕੰਪਨੀਆਂ ਇਨ੍ਹਾਂ ਵਿਚਾਰਧਾਰਾਵਾਂ ਨੂੰ ਪੂਰਨ ਰੂਪ ਵਿੱਚ ਖਾਰਜ ਕਰ ਕੇ ਆਪਣੀ ਚੀਜ਼ ਨੂੰ ਵੇਚਣ ਲਈ ਪੁਰਜ਼ੋਰ ਅਪੀਲ ਕਰਦਿਆਂ ਲੋਕਾਂ ਨੂੰ ਭਰਮਾ ਰਹੀਆਂ ਹਨ ਕਿ ਜੇ ਤੁਸੀਂ ਮਰਨ ਬਾਅਦ ਵੀ ਜ਼ਿੰਦਾ ਰਹਿਣਾ ਅਤੇ ਹਰਮਨ ਪਿਆਰੇ ਬਣਨਾ ਚਾਹੁੰਦੇ ਹੋ ਤਾਂ ਸਾਡੀਆਂ ਸੈਲਫ਼ੀ ਸਟਿੱਕਾਂ ਖ਼ਰੀਦ ਕੇ ਦਿਨ ਰਾਤ ਆਪਣੀਆਂ ਫੋਟੋਆਂ ਖਿੱਚਦੇ ਰਹੋ।
ਇਹ ਸਾਰੇ ਜਾਣਦੇ ਹਨ ਕਿ ਕੰਮ-ਕਾਰ ਛੱਡ ਕੇ ਸਿਰਫ਼ ਫੋਟੋਆਂ ਖਿੱਚ ਕੇ ਕੋੲੀ ਅਮਰ ਹੋ ਸਕਦਾ ਹੈ ਜਾਂ ਨਹੀਂ! ਜਿਸ ਕੋਲ ਸਿਰ ਖੁਰਕਣ ਦੀ ਵਿਹਲ ਨਾ ਹੋਵੇ ਤੇ ਜੋ ਦਿਹਾੜੀ ਦੀ ਕਮਾਈ ਉੱਤੇ ਨਿਰਭਰ ਹੋਵੇ, ਉਸ ਕੋਲ ਏਨਾ ਸਮਾਂ ਫੋਟੋਆਂ ਖਿੱਚਣ ਉੱਤੇ ਬਰਬਾਦ ਕਰਨ ਲਈ ਨਹੀਂ ਹੁੰਦਾ।
ਸੈਲਫ਼ੀਆਂ ਖਿੱਚਦਾ ਰਹਿਣ ਵਾਲਾ ਕਦੇ ਵੀ ਪੂਰਾ ਧਿਆਨ ਲਾ ਕੇ ਆਪਣਾ ਕੰਮ ਜਾਰੀ ਨਹੀਂ ਰੱਖ ਸਕਦਾ। ਉਸ ਦਾ ਧਿਆਨ ਵੰਡ ਜਾਣਾ ਲਾਜ਼ਮੀ ਹੈ ਜਿਸ ਨਾਲ ਕੰਮ ਵਧੀਆ ਤਰੀਕੇ ਹੋ ਹੀ ਨਹੀਂ ਸਕਦਾ। ਜਵਾਨ ਮੁੰਡੇ ਕੁੜੀਆਂ ਦੀਆਂ ਮਨਮੋਹਕ ਤਸਵੀਰਾਂ ਇੱਕ-ਦੂਜੇ ਪ੍ਰਤੀ ਸਰੀਰਕ ਤਾਂਘ ਪੈਦਾ ਕਰਦੀਆਂ ਹਨ ਅਤੇ ਨਾਜਾਇਜ਼ ਸਬੰਧਾਂ ਨੂੰ ਵੀ ਉਕਸਾਉਂਦੀਆਂ ਹਨ। ਬਥੇਰੀਆਂ ਤਸਵੀਰਾਂ ਦੀ ਗ਼ਲਤ ਵਰਤੋਂ ਕੀਤੀ ਜਾ ਚੁੱਕੀ ਹੈ ਅਤੇ ਕੀਤੀ ਵੀ ਜਾ ਰਹੀ ਹੈ।
ਮਿਹਨਤ ਕੀਤੇ ਬਗੈਰ ਸਫਲਤਾ ਹਾਸਲ ਨਹੀਂ ਹੋ ਸਕਦੀ। ਭਲਾ ਸੋਚੀਏ, ਜ਼ਿੰਦਗੀ ਦਾ ਬੇਸ਼ਕੀਮਤੀ ਸਮਾਂ ਸਿਰਫ਼ ਆਪਣੀਆਂ ਤਸਵੀਰਾਂ ਖਿੱਚ ਕੇ ਦੂਜਿਆਂ ਉੱਤੇ ਥੋਪ ਕੇ ਕੀ ਅਮਰ ਹੋ ਸਕਦੇ ਹਾਂ? ਕੀ ਹੁਣ ਤਕ ਸ਼ਹੀਦ ਜਾਂ ਅਮਰ ਕਹਾਏ ਜਾ ਰਹੇ ਵਿਅਕਤੀ ਤਸਵੀਰਾਂ ਕਰਕੇ ਯਾਦ ਰੱਖੇ ਜਾ ਰਹੇ ਹਨ ਜਾਂ ਆਪਣੇ ਕੀਤੇ ਕਰਮਾਂ ਸਦਕਾ?
ਅੱਜ-ਕੱਲ੍ਹ ਦੇ ਜ਼ਮਾਨੇ ਵਿੱਚ ਅਰਥੀ ਲਈ ਚਾਰ ਮੋਢੇ ਲੱਭਣੇ ਅੌਖੇ ਹੋਏ ਪਏ ਹਨ। ਕੰਮ-ਕਾਰ ਵਿੱਚ ਰੁੱਝੇ ਲੋਕਾਂ ਕੋਲ ਏਨੀ ਵਿਹਲ ਵੀ ਨਹੀਂ ਕਿ ਸ਼ਮਸ਼ਾਨਘਾਟ ਵਿੱਚ ਲੱਕੜਾਂ ਪੂਰੀਆਂ ਬਲ ਜਾਣ ਤਕ ਖਲੋਤੇ ਰਹਿ ਸਕਣ। ਅਜਿਹੇ ਮਾਹੌਲ ਵਿੱਚ ਕਿਸ ਕੋਲ ਵਿਹਲ ਹੋਵੇਗੀ ਕਿ ਕਿਸੇ ਦੂਜੇ ਦੀਆਂ ਸੈਲਫ਼ੀਆਂ ਉਸ ਦੇ ਮਰਨ ਉਪਰੰਤ ਸਾਂਭਦਾ ਫਿਰੇ ਤਾਂ ਜੋ ਮਰਨ ਵਾਲਾ ਬੰਦਾ ਅਮਰ ਹੋ ਜਾਵੇ? ਜੇ ਕੋਈ ਯਾਦ ਸਾਂਭੇਗਾ ਤਾਂ ਉਹ ਬਹੁਤ ਅਜ਼ੀਜ਼ ਕੋਈ ਆਪਣਾ ਹੀ ਹੋਵੇਗਾ ਜਿਸ ਉੱਤੇ ਪਿਆਰ ਲੁਟਾਇਆ ਗਿਆ ਹੋਵੇਗਾ ਜਾਂ ਉਸ ਲਈ ਕੋਈ ਕੁਰਬਾਨੀ ਕੀਤੀ ਹੋਵੇਗੀ।
ਇਸ ਲੲੀ ਸੈਲਫ਼ੀਆਂ ਉੱਤੇ ਅੱਧੀ ਉਮਰ ਜ਼ਾਇਆ ਕਰਨ ਤੇ ਟੇਢੇ ਮੇਢੇ ਮੂੰਹ ਬਣਾ ਕੇ ਫੋਟੋਆਂ ਖਿੱਚਦੇ ਰਹਿਣ ਨਾਲੋਂ ਕਿਸੇ ਉਦਾਸ ਚਿਹਰੇ ਉੱਤੇ ਖੇੜਾ ਲਿਆਓ ਤਾਂ ਉਹ ਤੁਹਾਡੀ ਤਸਵੀਰ ਬਿਨਾਂ ਸੈਲਫ਼ੀ ਦੇ ਆਪਣੇ ਦਿਮਾਗ਼ ਉੱਤੇ ਪੱਕੀ ਛਾਪ ਵਾਂਗ ਸਾਂਭ ਲਵੇਗਾ। ਫ਼ੈਸਲਾ ਤੁਹਾਡੇ ਹੱਥ ਹੈ।

ਡਾ. ਹਰਸ਼ਿੰਦਰ ਕੌਰ

About thatta

Comments are closed.

Scroll To Top
error: