Home / ਹੈਡਲਾਈਨਜ਼ ਪੰਜਾਬ / ਸਿੱਖੀ ਵਿਚ Helmets ਦੀ ਵਰਤੋਂ ’ਤੇ ਕੋਈ ਪਾਬੰਦੀ ਨਹੀਂ ਹੈ: ਡਾ. ਹਰਜਿੰਦਰ ਸਿੰਘ ਦਿਲਗੀਰ

ਸਿੱਖੀ ਵਿਚ Helmets ਦੀ ਵਰਤੋਂ ’ਤੇ ਕੋਈ ਪਾਬੰਦੀ ਨਹੀਂ ਹੈ: ਡਾ. ਹਰਜਿੰਦਰ ਸਿੰਘ ਦਿਲਗੀਰ

ਬੀਤੇ ਦਿਨ ਚੰਡੀਗੜ੍ਹ ਵਿਚ ਦਸਤਾਰ ਤੋਂ ਬਿਨਾ ਬੀਬੀਆਂ ਲਈ ਹੈਲਮਟ ਲਾਜ਼ਮੀ ਕਰਨ ਬਾਰੇ ਜਾਰੀ ਕੀਤਾ ਗਿਆ ਸਰਕੁਲਰ ਸਿੱਖ ਧਰਮ ਨਾਲ ਧੱਕਾ ਨਹੀਂ ਹੈ।
ਸਿੱਖ ਧਰਮ ਵਿਚ ਪੱਗ ਬੰਨ੍ਹਣ ਦੀ ਜਗਹ ‘ਟੋਪੀ’ ਰੱਖਣ ‘ਤੇ ਪਾਬੰਦੀ ਹੈ, ਪਰ ਸਿੱਖ ਧਰਮ ਵਿਚ ‘ਹੈਲਮਟ’ ਦੀ ਵਰਤੋਂ ‘ਤੇ ਕੋਈ ਪਾਬੰਦੀ ਨਹੀਂ ਹੈ। (ਹਾਲਾਂ ਕਿ ਸਿੱਖ ਵਾਲ ਤਾਂ ਸਾਬਤ ਰਖਦੇ ਹਨ ਪਰ ਅਜ-ਕਲ੍ਹ ਬਹੁਤ ਸਾਰੇ ਜੂੜਾ ਬਣਾ ਕੇ, ਉਨ੍ਹਾਂ ਉਤੇ ਟੋਪੀ ਵੀ ਪਹਿਣ ਲੈਂਦੇ ਹਨ ਤਾਂ ਜੋ ਗ਼ੈਰ-ਸਿੱਖਾਂ ਕੋਲੋਂ ਸਿੱਖੀ ਲੁਕਾਈ ਜਾ ਸਕੇ; ਅਜਿਹੀ ਕਰਤੂਤ ਸਿਰਫ਼ ਨੌਜਵਾਨ ਹੀ ਨਹੀਂ ਕਈ ਚਿੱਟੇ ਵਾਲਾਂ ਵਾਲੇ ਵੀ ਕਰਦੇ ਹਨ। ਹਾਲਾਂ ਕਿ ਲੋਕ ਉਨ੍ਹਾਂ ਨੂੰ ਵੇਖ ਕੇ ਦੰਭੀ ਤੇ ਧੋਖੇਬਾਜ਼ ਸਮਝਦੇ ਹਨ)।
ਇਸ ਵਿਚ ਕੋਈ ਸ਼ਕ ਨਹੀਂ ਕਿ ਸਿੱਖ ਵਾਸਤੇ ਸਭ ਤੋਂ ਵਧ ਲਾਜ਼ਮੀ ਕੇਸ (ਸਿਰ ਅਤੇ ਚਿਹਰੇ ਦੇ ਵਾਲ) ਅਤੇ ਦਸਤਾਰ (ਪਗੜੀ) ਲਾਜ਼ਮੀ ਹਨ। ਸਿੱਖ ਬੀਬੀਆਂ ਵਾਸਤੇ ਵੀ ਕੇਸ (ਸਿਰ ਅਤੇ ਚਿਹਰੇ ਦੇ ਵਾਲ) ਲਾਜ਼ਮੀ ਹਨ ਪਰ ਉਨ੍ਹਾਂ ਨੂੰ ਰਿਆਇਤ ਹੈ ਕਿ ਉਹ ਚਾਹੁਣ ਤਾਂ ਦਸਤਾਰ ਸਜਾਉਣ ਤੇ ਇਸ ਦੀ ਬਜਾਇ ਹਿਜਾਬ, ਸਾਫ਼ਾ (ਪਟਕਾ), ਫੁਲਕਾਰੀ, ਦੁਪੱਟਾ ਜਾਂ ਚੁੰਨੀ ਵਰਤ ਸਕਦੀਆਂ ਹਨ।
ਕੁਝ ਲੋਕ ਪ੍ਰਹਿਲਾਦ ਸਿੰਘ ਦੇ ‘ਰਹਿਤਨਾਮੇ’ ਦੀਆਂ ਲਾਈਨਾਂ “ਹੋਇ ਸਿਖ ਸਿਰ ਟੋਪੀ ਧਰੈ; ਸਾਤ ਜਨਮ ਕੁਸਟੀ ਹੁਇ ਮਰੈ” ਅਤੇ ਦਯਾ ਸਿੰਘ ਦੇ ‘ਰਹਿਤਨਾਮੇ’ ਦੀਆਂ ਲਾਈਨਾਂ “ਸਿੰਘ ਹੋਇ ਜੋ ਟੋਪੀ ਧਾਰੇਗਾ, ਸੋ ਕੁਸ਼ਟੀ ਹੋਗਾ” ਨੂੰ ਹੈਲਮਟ ਨਾ-ਪਹਿਣਨ ਦੇ ਬਹਾਨੇ ਦਾ ਅਧਾਰ ਬਣਾਉਂਦੇ ਹਨ। ਇਹ ਬਹਾਨਾ ਗ਼ਲਤ ਹੈ।
ਪਹਿਲੀ ਗੱਲ ਤਾਂ ਇਹ ਹੈ ਕਿ ਇਹ ‘ਰਹਿਤਨਾਮੇ’ ਗੁਰੂ ਜੀ ਦੇ ਖ਼ੁਦ ਦੇ ਲਿਖੇ ਨਹੀਂ ਹਨ; ਇਹ ਅਠਾਰ੍ਹਵੀਂ ਸਦੀ ਦੇ ਅਖ਼ੀਰ ਵਿਚ ਇਨ੍ਹਾਂ ਲੇਖਕਾਂ ਨੇ ਆਪਣੀ ਮੱਤ ਤੇ ਨਿਜੀ ਜੀਵਨ-ਜਾਚ ਮੁਤਾਬਿਕ ਲਿਖੇ ਸਨ। ਪਰ ਜਿਹੜੇ ਲੋਕ ਇਨ੍ਹਾਂ ਨੂੰ ‘ਸਿੱਖ ਰਹਿਤ ਮਰਿਅਦਾ’ ਦਾ ਅਧਾਰ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਨ੍ਹਾਂ ‘ਰਹਿਤਨਾਮਿਆਂ’ ਦੀਆਂ ਬਾਕੀ ਗੱਲਾਂ ’ਤੇ ਵੀ ਅਮਲ ਕਰਨਾ ਚਾਹੀਦਾ ਹੈ। ਮਿਸਾਲ ਵਜੋਂ ਪ੍ਰਹਿਲਾਦ ਸਿੰਘ ਤਾਂ ਇਹ ਵੀ ਕਹਿੰਦਾ ਹੈ ਕਿ ‘ਮੋਨੇ ਤੇ ਕੁੜੀਮਾਰ’ ਨਾਲ ਵਰਤਣਾ ਨਹੀਂ; ਲਾਲ ਰੰਗ ਦੇ ਕਪੜੇ ਨਹੀਂ ਪਾਉਣੇ; ਮੜ੍ਹੀਆਂ ਅਤੇ ਕਬਰਾਂ ‘ਤੇ ਮੱਥਾ ਨਹੀਂ ਟੇਕਣਾ। ਇੰਞ ਹੀ ਦਇਆ ਸਿੰਘ ਕਹਿੰਦਾ ਹੈ ਕਿ ਲੋਹੇ ਦੀ ਕਰਦ (ਛੋਟੀ ਕਿਰਪਾਨ) ਸਿਰ ਵਿਚ ਰਖਣੀ ਹੈ, ਕਛਹਿਰਾ ਘਟੋ-ਘਟ ਢਾਈ ਗਜ਼ ਦਾ ਪਹਿਣਨਾ ਹੈ; ਕੰਨ ਨੱਕ ਵਿਚ ਛੇਕ ਨਹੀਂ ਕਰਨਾ, ਯਾਨਿ ਗਹਿਣੇ ਨਹੀਂ ਪਹਿਣਨਾ।
ਜਿਹੜੇ ਲੋਕ ਇਨ੍ਹਾਂ ਦੋਹਾਂ ਰਹਿਨਾਮਿਆਂ ਦੇ ਅਧਾਰ ‘ਤੇ ਹੈਲਮਟ ਦੀ ਛੋਟ ਮੰਗਦੇ ਹਨ; ਟਰੈਫ਼ਿਕ ਪੁਲੀਸ ਨੂੰ ਇਹ ਚੈਕ ਕਰਨ ਦਾ ਹੱਕ ਹੋਵੇਗਾ ਕਿ ਕੀ ਉਹ ਪੜਤਾਲ ਕਰਨ ਕਿ ਕੀ ਉਸ ਬੀਬੀ ਨੇ ਸਿਰ ਵਿਚ (ਯਾਨਿ ਪੱਗ ਵਿਚ) ਲੋਹੇ ਦੀ ਕਰਦ (ਛੋਟੀ ਕਿਰਪਾਨ) ਰੱਖੀ ਹੋਈ ਹੈ, ਕਛਹਿਰਾ ਘਟੋ-ਘਟ ਢਾਈ ਗਜ਼ ਦਾ ਪਾਇਆ ਹੈ, ਲਾਲ ਰੰਗ ਦੇ ਕਪੜੇ ਨਹੀਂ ਪਾਏ, ਕੰਨ ਜਾਂ ਨੱਕ ਵਿਚ ਛੇਕ ਨਹੀਂ ਕੀਤਾ, ਯਾਨਿ ਗਹਿਣੇ ਨਹੀਂ ਪਾਏ। ਜੇ ਇਹ ਗੱਲਾਂ ਹਨ ਤਾਂ ਫਿਰ ਉਹ ਬੀਬੀ ਹੈਲਮਟ ਤੋਂ ਛੋਟ ਮੰਗ ਸਕਦੀ ਹੈ।
ਇਹ ਠੀਕ ਹੈ ਕਿ ਸਿੱਖ ਨੂੰ ਟੋਪੀ ਤੋਂ ਰੋਕਿਆ ਗਿਆ ਹੈ, ਪਰ ਹੈਲਮਟ ਟੋਪੀ ਨਹੀਂ ਹੈ; ਇਹ ਤਾਂ ਸੁਰੱਖਿਆ ਦਾ ਕਵਚ ਹੈ, ਇਕ ਕਿਸਮ ਦਾ ਸੁਰੱਖਿਆ ਦਾ ਹਥਿਆਰ ਹੈ। ਸਿੱਖ ਗੁਰੂ ਖ਼ੁਦ ਹਿਫ਼ਾਜ਼ਤ ਵਾਸਤੇ ਜਿਰਹ ਬਖ਼ਤਰ ਪਹਿਣਦੇ ਹੁੰਦੇ ਸੀ; ਅੱਜ ਬੁਲਟ ਪਰੂਫ਼ ਜੈਕਟਾਂ ਦੀ ਵਰਤੋਂ ਹੁੰਦੀ ਹੈ।
ਹਾਂ ਇਹ ਗੱਲ ਜ਼ਰੂਰ ਜਾਇਜ਼ ਹੈ ਕਿ ਅਜਿਹਾ ਹੈਲਮਟ ਤਿਆਰ ਕੀਤਾ ਜਾਵੇ ਜਿਹੜਾ ਦਸਤਾਰ ਉਤੇ ਫ਼ਿਟ ਆ ਸਕਦਾ ਹੋਵੇ। (ਡਾ. ਹਰਜਿੰਦਰ ਸਿੰਘ ਦਿਲਗੀਰ)

About thatta

Comments are closed.

Scroll To Top
error: