ਸਾਲ ਦੇ ਪਿੱਛੋਂ ਦਿਨ ਰੱਖੜੀ ਦਾ ਆਇਆ ਏ, ਰੱਖੜੀ ਦੀਆਂ ਤੰਦਾਂ ਵਿੱਚ ਪਿਆਰ ਮੈਂ ਪਾਇਆ ਏ-ਕਵੀਸ਼ਰ ਸੁਖਵਿੰਦਰ ਸਿੰਘ ਮੋਮੀ

13

Sukhwinder Singh Momi copy

ਇੱਕ ਭੈਣ ਦਾ ਪੜ੍ਹਿਆ-ਲਿਖਿਆ ਬੇਰੋਜ਼ਗਾਰ ਵੀਰ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ ਚਲਾ ਜਾਂਦਾ ਹੈ,
ਰੱਖੜੀ ਦਾ ਤਿਉਹਾਰ ਜਦ ਆਇਆ, ਭੈਣ ਆਪਣੇ ਵੀਰ ਨੂੰ ਇੰਝ ਚੇਤੇ ਕਰਦੀ ਹੈ:
ਸਾਲ ਦੇ ਪਿੱਛੋਂ ਦਿਨ ਰੱਖੜੀ ਦਾ ਆਇਆ ਏ,
ਰੱਖੜੀ ਦੀਆਂ ਤੰਦਾਂ ਵਿੱਚ ਪਿਆਰ ਮੈਂ ਪਾਇਆ ਏ,
ਰੀਝਾਂ ਦੇ ਨਾਲ ਵੀਰਾ ਗੁੱਟ ਸਜਾਇਆ ਏ।
ਸੀਨੇ ਦਾ ਨਾਲ ਘੁੱਟ ਲਾਵਾਂ,
ਅੰਮਾ ਦੇ ਜਾਇਆ ਮੇਰੇ ਸੋਹਣਿਆ ਵੀਰਿਆ, ਤੇਰੀਆਂ ਸੁੱਖਾਂ ਮੈਂ ਮਨਾਵਾਂ।
ਕਰਕੇ ਪੜ੍ਹਾਈ ਤੈਨੂੰ ਮਿਲਿਆ ਰੋਜ਼ਗਾਰ ਨਾਂ,
ਏਥੇ ਵੀ ਫਿਰ ਤੇਰੀ ਕਿਸੇ ਲਈ ਵੀ ਸਾਰ ਨਾ,
ਸਰਦਾ ਨਾ ਏਸ ਜਗ ‘ਚ ਬਿਨਾਂ ਕੋਈ ਕਾਰ ਨਾ।
ਸਦਕੇ ਮੈਂ ਵੀਰਿਆ ਜਾਵਾਂ,
ਅੰਮਾ ਦੇ ਜਾਇਆ ਮੇਰੇ ਸੋਹਣਿਆ ਵੀਰਿਆ, ਤੇਰੀਆਂ ਸੁੱਖਾਂ ਮੈਂ ਮਨਾਵਾਂ।
ਫੇਰ ਰੋਜ਼ਗਾਰ ਭਾਲਦਾ ਤੁਰ ਗਿਆ ਪਰਦੇਸ ਨੂੰ,
ਅਲਵਿਦਾ ਕਹਿ ਗਿਆ ਜਾਂਦਾ, ਆਪਣੇ ਦੇਸ਼ ਨੂੰ,
ਮਾਪਿਆਂ ਦਾ ਪਲੇ ਬੰਨ੍ਹ ਕੇ ਲੈ ਗਿਆ ਉਪਦੇਸ਼ ਨੂੰ।
ਕਿੰਝ ਮੈਂ ਚੱਲ ਕੇ ਆਵਾਂ,
ਅੰਮਾ ਦੇ ਜਾਇਆ ਮੇਰੇ ਸੋਹਣਿਆ ਵੀਰਿਆ, ਤੇਰੀਆਂ ਸੁੱਖਾਂ ਮੈਂ ਮਨਾਵਾਂ।
ਵੀਰ ਨਾ ਭੈਣਾਂ ਤਾਈਂ ਕਦੀ ਵਿਸਾਰਦੇ,
ਭੈਣਾਂ ਵੀ ਕੇਰਨ ਮੂੰਹੋਂ ਫੁੱਲ ਪਿਆਰ ਦੇ,
ਤੇਰੇ ਜੋ ਬੋਲ ਸੀ ਵੀਰਾ ਮੇਰਾ ਚਿੱਤ ਠਾਰਦੇ।
ਦਿਲ ਦੀ ਮੈਂ ਗੱਲ ਸੁਣਾਵਾਂ,
ਅੰਮਾ ਦੇ ਜਾਇਆ ਮੇਰੇ ਸੋਹਣਿਆ ਵੀਰਿਆ, ਤੇਰੀਆਂ ਸੁੱਖਾਂ ਮੈਂ ਮਨਾਵਾਂ।
ਛੁੱਟੀ ਤੂੰ ਲੈ ਕੇ ਵੀਰਾ ਘਰ ਨੂੰ ਜਦ ਆਵੇਂਗਾ,
ਮਾਪਿਆਂ ਨੂੰ ਆਕੇ ਜਦੋਂ ਸੀਸ ਨਿਵਾਵੇਂਗਾ,
ਲੈ ਕੇ ਭਾਬੋ ਤਾਈਂ ਘਰ ਨੂੰ ਜਦ ਆਵੇਂਗਾ।
ਫੇਰ ਚੜ੍ਹਨੀਆਂ ਚਾਵਾਂ,
ਅੰਮਾ ਦੇ ਜਾਇਆ ਮੇਰੇ ਸੋਹਣਿਆ ਵੀਰਿਆ, ਤੇਰੀਆਂ ਸੁੱਖਾਂ ਮੈਂ ਮਨਾਵਾਂ।
ਮੋਮੀ ਪਿੰਡ ਠੱਟੇ ਵਾਲਾ ਮੇਰਾ ਜੋ ਵੀਰ ਨੀ,
ਉਹਦੇ ਜੋ ਨਾਲ ਨੇ ਗਾਉਂਦੇ ਅਵਤਾਰ ਲਖਬੀਰ ਨੀ।
ਕਿੰਝ ਉਹ ਇਕੱਠੇ ਹੋਏ ਜਾਣੇ ਤਕਦੀਰ ਨੀ,
ਗੁਣ ਵੀਰ ਦੇ ਗਾਵਾਂ,
ਅੰਮਾ ਦੇ ਜਾਇਆ ਮੇਰੇ ਸੋਹਣਿਆ ਵੀਰਿਆ, ਤੇਰੀਆਂ ਸੁੱਖਾਂ ਮੈਂ ਮਨਾਵਾਂ।
ਕਵੀਸ਼ਰ ਸੁਖਵਿੰਦਰ ਸਿੰਘ ਮੋਮੀ