ਸਹਿਕਾਰੀ ਬੈਂਕ ਟਿੱਬਾ ਵਿੱਚ ਚੋਰੀ ਦੀ ਅਸਫਲ ਕੋਸ਼ਿਸ਼

42

ਬੀਤੀ ਰਾਤ ਇੱਥੋਂ 4 ਕਿੱਲੋਮੀਟਰ ਦੂਰ ਪਿੰਡ ਟਿੱਬਾ ਦੀ ਦਾਣਾ ਮੰਡੀ ਵਿਚ ਸਥਿਤ ਸਹਿਕਾਰੀ ਬੈਂਕ ਟਿੱਬਾ ਨੂੰ ਲੁੱਟਣ ਦੀ ਅਸਫਲ ਕੋਸ਼ਿਸ਼ ਕਰਨ ਦਾ ਸਮਾਚਾਰ ਹੈ। ਬੈਂਕ ਦੇ ਮੈਨੇਜਰ ਜਸਪਾਲ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ 9.30 ਵਜੇ ਬੈਂਕ ਖੋਲਿ੍ਹਆ ਤਾਂ ਦੇਖਿਆ ਗਿਆ ਕਿ ਬਹੁਤ ਸਾਰੇ ਸਮਾਨ ਦੀ ਉਥਲ ਪੁਥਲ ਹੋਈ ਪਈ ਸੀ। ਪੌੜੀਆਂ ਦਾ ਦਰਵਾਜ਼ਾ ਵੀ ਖੁੱਲ੍ਹਾ ਸੀ। ਜਦੋਂ ਛੱਤ ‘ਤੇ ਜਾ ਕੇ ਦੇਖਿਆ ਕਿ ਕੰਡੇਦਾਰ ਤਾਰ ਕੱਟੀ ਹੋਈ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਚੋਰ ਕੰਧ ਉੱਪਰ ਦੀ ਛੱਤ ‘ਤੇ ਚੜ੍ਹੇ ਤੇ ਪੌੜੀਆਂ ਦਾ ਜਿੰਦਰਾ ਤੋੜ ਕੇ ਬੈਂਕ ਵਿਚ ਦਾਖਲ ਹੋਏ। ਚੋਰਾਂ ਵੱਲੋਂ ਸਟਰਾਂਗ ਰੂਮ ਨੂੰ ਤੋੜਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਸਫਲ ਨਾ ਹੋ ਸਕੇ। ਅਖੀਰ ਉਹ ਮੌਡਮ ਲਾਹ ਕੇ ਲੈ ਗਏ। ਸੀ.ਸੀ.ਟੀ.ਵੀ. ਕੈਮਰੇ ਵਿਚ ਦੇਖਿਆ ਗਿਆ ਕਿ ਚੋਰਾਂ ਦੀ ਗਿਣਤੀ ਚਾਰ ਸੀ ਜਿਨ੍ਹਾਂ ਦੇ ਸਿਰ ਮੋਨੇ ਹਨ ਅਤੇ ਸਾਰਿਆਂ ਦੇ ਮੂੰਹ ਬੰਨੇ ਹੋਏ ਸਨ। ਬੈਂਕ ਮੈਨੇਜਰ ਜਸਪਾਲ ਸਿੰਘ ਵੱਲੋਂ ਤੁਰੰਤ ਥਾਣਾ ਤਲਵੰਡੀ ਚੌਧਰੀਆਂ ਨੂੰ ਸੂਚਿਤ ਕੀਤਾ ਗਿਆ। ਐਸ.ਐਸ.ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਵੀ ਘਟਨਾ ਸਥਾਨ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ। ਇਸ ਮੌਕੇ ‘ਤੇ ਐਸ.ਪੀ. ਡੀ. ਜਗਜੀਤ ਸਿੰਘ ਸਰੋਆ, ਡੀ.ਐਸ.ਪੀ. ਵਰਿਆਮ ਸਿੰਘ ਖਹਿਰਾ, ਐਸ.ਐਚ.ਓ. ਸਰਵਜੀਤ ਸਿੰਘ ਸੁਲਤਾਨਪੁਰ ਲੋਧੀ, ਐਸ.ਐਚ.ਓ. ਜੋਗਿੰਦਰ ਸਿੰਘ ਕਬੀਰਪੁਰ, ਐਸ.ਐਚ. ਓ. ਪਰਮਿੰਦਰ ਸਿੰਘ ਬਾਜਵਾ ਥਾਣਾ ਫੱਤੂਢੀਂਗਾ ਵੀ ਘਟਨਾ ਸਥਾਨ ਦਾ ਜਾਇਜ਼ਾ ਲੈਣ ਲਈ ਦਾਣਾ ਮੰਡੀ ਟਿੱਬਾ ਪਹੁੰਚੇ। ਇਸ ਮੌਕੇ ਵਰਿਆਮ ਸਿੰਘ ਖਹਿਰਾ ਨੇ ਦੱਸਿਆ ਕਿ ਇਹ ਘਟਨਾ ਵੀ ਪਰਮਜੀਤਪੁਰ ਦੀ ਬੈਂਕ ਨਾਲ ਮਿਲਦੀ ਜੁਲਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਛੇਤੀ ਹੀ ਚੋਰਾਂ ਤੱਕ ਪਹੁੰਚ ਜਾਵੇਗੀ, ਇਸ ਸਬੰਧੀ ਸਮੂਹ ਥਾਣਿਆਂ ਨੂੰ ਚੁਕੰਨੇ ਕਰ ਦਿੱਤਾ ਗਿਆ ਹੈ।