ਸਰੀ ਕਨੇਡਾ ਵਿਖੇ 22ਵਾਂ ‘ਮੇਲਾ ਗਦਰੀ ਬਾਬਿਆਂ ਦਾ’ ਕੱਲ੍ਹ-ਸਾਰੀਆਂ ਤਿਆਰੀਆਂ ਮੁਕੰਮਲ

286

ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਇਸ ਸਾਲ ਵੀ ‘ਮੇਲਾ ਗਦਰੀ ਬਾਬਿਆਂ ਦਾ’ ਕਰਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਾਰ ਦਾ 22ਵਾਂ ਸਾਲਾਨਾ ਮੇਲਾ ਕਾਲੇ ਪਾਣੀ ਦੇ ਸ਼ਹੀਦਾਂ ਅਤੇ ਨਜ਼ਰਬੰਦਾਂ ਨੂੰ ਸਮਰਪਿਤ ਹੋਵੇਗਾ, ਜੋ ਕਿ 6 ਅਗਸਤ ਨੂੰ ਸਰੀ ਦੇ ਬੇਅਰ ਕਰੀਕ ਪਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਮੇਲੇ ਦੀ ਰੂਹੇ-ਰਵਾਂ ਸਾਹਿਬ ਸਿੰਘ ਥਿੰਦ ਨੇ ਦੱਸਿਆ ਕਿ ਇਸ ਵਾਰ ਕਾਲੇ ਪਾਣੀ ਦੇ ਸ਼ਹੀਦਾਂ ਅਤੇ ਉੱਥੇ ਸਾਲਾਂਬੱਧੀ ਅਣਮਨੁੱਖੀ ਕੈਦ ਕੱਟਣ ਵਾਲੇ ਯੋਧਿਆਂ ਨੂੰ ਯਾਦ ਕਰਦਿਆਂ, ਉਨ੍ਹਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਚੜ੍ਹਦੇ ਪੰਜਾਬ ਤੋਂ ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦਾ ਅਤੇ ਲਹਿੰਦੇ ਪੰਜਾਬ ਤੋਂ ਨਾਮਵਰ ਗਾਇਕ ਮੋਹਸਿਨ ਅਲੀ ਖਾਨ (ਸਪੁੱਤਰ ਉਸਤਾਦ ਸ਼ੌਕਤ ਅਲੀ ਖਾਨ) ਤੋਂ ਇਲਾਵਾ ਹੋਰ ਬਹੁਤ ਸਾਰੇ ਕਲਾਕਾਰ ਸ਼ਿਰਕਤ ਕਰਨਗੇ ਅਤੇ ਆਜ਼ਾਦੀ ਲਈ ਲੜੀ ਗਈ ਇਸ ਸਾਂਝੀ ਜੰਗ ਨਾਲ ਸਬੰਧਿਤ ਗੀਤ ਪੇਸ਼ ਕਰਨਗੇ।