ਸਰਕਾਰੀ ਹਾਈ ਸਕੂਲ ਮੰਗੂਪੁਰ ਵਿਖੇ ਲੜਕੀਆਂ ਦੇ ਸਸ਼ਕਤੀਕਰਨ ਸਬੰਧੀ ਸਮਾਗਮ ਕਰਵਾਇਆ ਗਿਆ।

8

ਪੰਜਾਬ ਸਰਕਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਪਰਮਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਮੰਗੂਪੁਰ ਵਿਖੇ ਲੜਕੀਆਂ ਦੇ ਸਸ਼ਕਤੀਕਰਨ ਸਬੰਧੀ ਪੋ੍ਰਗਰਾਮ ਸ਼੍ਰੀਮਤੀ ਅਵਿਨਾਸ਼ ਕੁਮਾਰ ਮੁੱਖ ਅਧਿਆਪਕਾ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਇਸ ਦੌਰਾਨ ਬੱਚੀਆਂ ਨੇ ਪੇਂਟਿੰਗ ਮੁਕਾਬਲੇ ਤੇ ਗੀਤ ਕਵਿਤਾਵਾਂ ਰਾਹੀਂ ਲੜਕੀਆਂ ਦੇ ਹੱਕਾਂ ‘ਤੇ ਸਮਾਜ ਵਿਚ ਉਨ੍ਹਾਂ ਦੀ ਥਾਂ ਬਾਰੇ ਗੱਲ ਕੀਤੀ | ਇਸ ਮੌਕੇ ਮੁੱਖ ਅਧਿਆਪਕਾ ਅਵਿਨਾਸ਼ ਕੌਰ ਨੇ ਬੱਚੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਸਮਾਜ ਵਿਚ ਭਾਵੇਂ ਔਰਤਾਂ ਦੀ ਗਿਣਤੀ ਮਰਦਾਂ ਦੇ ਬਰਾਬਰ ਹੈ ਪਰ ਲੋਕ ਸਭਾ ਤੋਂ ਲੈ ਕੇ ਪਿੰਡ ਦੀ ਪੰਚਾਇਤ ਤੱਕ ਤੇ ਇੱਥੋਂ ਤੱਕ ਘਰ ਵਿਚ ਵੀ ਔਰਤ ਨੂੰ ਬਣਦਾ ਸਥਾਨ ਨਹੀਂ ਦਿੱਤਾ ਜਾਂਦਾ | ਉਨ੍ਹਾਂ ਕਿਹਾ ਕਿ ਇਹ ਸਥਾਨ ਪ੍ਰਾਪਤ ਕਰਨ ਸਮਾਜ ਦੀਆਂ ਸਾਰੀਆਂ ਔਰਤਾਂ ਨੂੰ ਰਲ ਕੇ ਸੰਘਰਸ਼ ਕਰਨਾ ਚਾਹੀਦਾ ਹੈ | ਉਨ੍ਹਾਂ ਲੜਕੀਆਂ ਬਾਰੇ ਬੋਲਦਿਆਂ ਕਿਹਾ ਕਿ ਲੜਕੀਆਂ ਨੂੰ ਕਿੱਤਾ ਮੁਖੀ ਕੋਰਸਾਂ ਵੱਲ ਵੀ ਮੁੜਨਾ ਚਾਹੀਦਾ ਹੈ ਕਿਉਂ ਕਿ ਇਨ੍ਹਾਂ ਖੇਤਰਾਂ ਵਿਚ ਬੜੀਆਂ ਸੰਭਾਵਨਾ ਹਨ | ਇਸ ਮੌਕੇ ਸਕੂਲ ਸਟਾਫ਼ ਸੁਖਦੇਵ ਸਿੰਘ, ਬਲਕਾਰ ਸਿੰਘ, ਸਤਨਾਮ ਸਿੰਘ, ਸੁਰਜੀਤ ਟਿੱਬਾ, ਨਿਧੀ ਵਰਮਾ, ਗੁਰਭੇਜ ਸਿੰਘ, ਜਗਦੀਪ ਸਿੰਘ ਅਤੇ ਦੇਸ ਰਾਜ ਹਾਜ਼ਰ ਸਨ |