ਸਰਕਾਰੀ ਹਸਪਤਾਲ ਵਿਖੇ ਡਾਕਟਰ ਨਾ ਹੋਣ ਕਰਕੇ ਪਸ਼ੂ ਪਾਲਕ ਪ੍ਰੇਸ਼ਾਨ

12

ਵੈਟਨਰੀ ਹਸਪਤਾਲ ਦੰਦੂਪੁਰ ਵਿਖੇ ਪਸ਼ੂਆਂ ਦੇ ਡਾ. ਦੀ ਅਸਾਮੀ ਖ਼ਾਲੀ ਹੋਣ ਕਰਕੇ ਪਸ਼ੂ ਪਾਲਕ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਥੇਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਇਸ ਹਸਪਤਾਲ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਡਾਕਟਰ ਨਹੀਂ ਭੇਜਿਆ ਗਿਆ, ਇੱਥੇ ਸਿਰਫ਼ ਚੌਥੇ ਦਰਜੇ ਦਾ ਕਰਮਚਾਰੀ ਹੀ ਸੀ ਜਿਸ ਦੀ ਵੀ ਪਿਛਲੇ ਦਿਨੀਂ ਇੱਥੋਂ ਬਦਲੀ ਕਰ ਦਿੱਤੀ ਗਈ ਹੈ ਤੇ ਇਸ ਸਮੇਂ ਇਹ ਪਸ਼ੂਆਂ ਦਾ ਹਸਪਤਾਲ ਬਿਲਕੁਲ ਬੰਦ ਹੈ। ਉਹਨਾ ਦੱਸਿਆ ਕਿ ਉਂਝ ਤਾਂ ਇਹ ਹਸਪਤਾਲ ਆਦਰਸ਼ ਹਸਪਤਾਲ ਵਿਚ ਲਿਆ ਗਿਆ ਹੈ ਪਰ ਇੱਥੇ ਕੋਈ ਵੀ ਕਰਮਚਾਰੀ ਨਾਂ ਹੋਣ ਕਰਕੇ ਸਫੈਦ ਹਾਥੀ ਹੀ ਸਾਬਿਤ ਹੋ ਰਿਹਾ ਹੈ। ਜੇਕਰ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਤਾਂ ਪੰਜਾਬ ਵਿਚ ਵੈਟਰਨਰੀ ਡਾਕਟਰਾਂ ਦੀਆ ਖ਼ਾਲੀ ਪਈਆਂ ਅਸਾਮੀਆਂ ਤੁਰੰਤ ਭਰ ਕੇ ਸਰਕਾਰੀ ਹਸਪਤਾਲਾਂ ਵਿਚ ਭੇਜੇ, ਜਿਸ ਨਾਲ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮਿਲੇਗਾ। ਉੱਥੇ ਨਾਲ ਹੀ ਪਸ਼ੂ ਪਾਲਕ ਕਿਸਾਨਾਂ ਨੂੰ ਪ੍ਰਾਈਵੇਟ ਡਾਕਟਰਾਂ ਦੀ ਲੁੱਟ ਤੋਂ ਬਚਾਇਆ ਜਾ ਸਕੇਗਾ। ਇਸ ਮੌਕੇ ਮਲਕੀਤ ਸਿੰਘ, ਨਿਰਮਲ ਸਿੰਘ, ਜਗੀਰ ਸਿੰਘ ਪ੍ਰਧਾਨ ਆਦਿ ਵੀ ਹਾਜ਼ਰ ਸਨ।