ਕਵੀਸ਼ਰ ਸ. ਸੁਖਵਿੰਦਰ ਸਿੰਘ ਮੋਮੀ

 

Sukhwinder Singh Momi copy

ਕਵੀਸ਼ਰ ਸੁਖਵਿੰਦਰ ਸਿੰਘ ਮੋਮੀ ਦਾ ਜਨਮ 2 ਫਰਵਰੀ 1965 ਨੂੰ ਪਿਤਾ ਸ. ਦਲੀਪ ਸਿੰਘ ਮੋਮੀ ਤੇ ਮਾਤਾ ਨੰਤ ਕੌਰ ਦੇ ਘਰ ਹੋਇਆ। ਉਸ ਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ। ਸਕੂਲ ਵਿੱਚ ਪੜ੍ਹਦਿਆਂ ਅਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਦੇ ਸਮਾਗਮਾਂ ਦੌਰਾਨ ਸੁਲਤਾਨਪੁਰ ਲੋਧੀ ਵਿੱਚ ਹੁੰਦੇ ਗਾਇਨ ਮੁਕਾਬਲਿਆਂ ਵਿੱਚ ਅੱਵਲ ਰਹਿ ਕੇ ਪਹਿਲਾ ਇਨਾਮ ਹਾਸਲ ਕਰਦਾ। ਕਾਲਜ ਦੀ ਵਿੱਦਿਆ ਦੌਰਾਨ ਵੀ ਉਸ ਨੇ ਆਪਣੀ ਸੁਰੀਲੀ ਅਵਾਜ਼ ਦੀ ਧਾਂਕ ਸਰੋਤਿਆਂ ਦੇ ਮਨਾਂ ਉੱਤੇ ਪਾਈ ਰੱਖੀ। ਆਪਣੇ ਪਿੰਡ ਵਿੱਚ ਹੁੰਦੇ ਧਾਰਮਿਕ ਸਮਾਗਮਾਂ ਦੌਰਾਨ ਢਾਡੀਆਂ, ਕਵੀਸ਼ਰਾਂ ਤੋਂ ਪਹਿਲਾਂ ਉਹ ਕਵੀਸ਼ਰੀ ਦੇ ਛੰਦ ਗਾ ਕੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕਰ ਜਾਂਦਾ। ਕਈ ਸਿਆਣੇ ਢਾਡੀ ਤੇ ਕਵੀਸ਼ਰ ਇਹ ਭਵਿੱਖ ਬਾਣੀ ਕਰ ਦਿੰਦੇ ਕਿ ਇਹ ਮੁੰਡਾ ਕਿਸੇ ਦਿਨ ਉੱਚ-ਕੋਟੀ ਦਾ ਗਵੱਈਆ ਬਣੇਗਾ। ਉਹ ਆਪਣੇ ਖੇਤਾਂ ਵਿੱਚ ਕੰਮ ਕਰਦਿਆਂ ਉੱਚੀ ਤੇ ਸੁਰੀਲੀ ਅਵਾਜ਼ ਵਿੱਚ ਗਾਉਂਦਾ ਤਾਂ ਰਾਹ ਜਾਂਦੇ ਰਾਹੀ ਗਾਇਕੀ ਦਾ ਅਨੰਦ ਮਾਣਿਆ ਕਰਦੇ। ਛੋਟੇ ਹੁੰਦਿਆਂ ਬਾਪੂ ਭਾਨ ਸਿੰਘ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਨ ਪਿੱਛੋਂ ਰਾਤ ਨੂੰ ਮਨ ਪਰਚਾਵੇ ਲਈ ਉਸ ਕੋਲੋਂ ਮਾਤਾ ਗੰਗਾ ਜੀ ਦੀ ਕਵਿਤਾ ਸੁਰੀਲੀ ਅਵਾਜ ਵਿੱਚ ਸੁਣ ਕੇ ਆਪਣੀ ਥਕਾਵਟ ਦੂਰ ਕਰਿਆ ਕਰਦਾ ਤੇ ਅਸੀਸ ਦਿੰਦਾ ਕਹਿੰਦਾ ਸੀ, “ਪੁੱਤਰ ਸੁੱਖੇ ਤੂੰ ਕਿਸੇ ਦਿਨ ਚੰਗਾ ਢਾਡੀ ਬਣੇਂਗਾ। ਸਕੂਲ ਵਿੱਚ ਪੜ੍ਹਦਿਆਂ ਹੀ ਉਸ ਨੇ ਢਾਡੀ ਸੋਹਣ ਸਿੰਘ ਸੀਤਲ, ਦਇਆ ਸਿੰਘ ਦਿਲਬਰ ਤੇ ਜੋਗਾ ਸਿੰਘ ਜੋਗੀ ਦੀਆਂ ਪੁਸਤਕਾਂ ਦਾ ਅਧਿਐਨ ਕਰ ਲਿਆ ਸੀ। ਉਸ ਨੂੰ ਕਵੀਸ਼ਰੀ ਦੀ ਚੇਟਕ ਆਪਣੇ ਪਿੰਡ ਵਿੱਚ ਲੱਗਦੇ ਮੇਲਾ ਮਾਘੀ ਅਤੇ ਸ਼ਹੀਦ ਬਾਬਾ ਬੀਰ ਸਿੰਘ ਨੌਰੰਗਾਬਾਦ ਦੀ ਯਾਦ ਵਿੱਚ ਸਤ੍ਹਾਈਆਂ ਦੇ ਜੋੜ ਮੇਲੇ ਤੇ ਢਾਡੀ ਕਵੀਸ਼ਰਾਂ ਨੂੰ ਸੁਣਕੇ ਲੱਗੀ। ਉਹ ਬਚਪਨ ਵਿੱਚ ਆਪਣੇ ਤਾਏ ਜਥੇਦਾਰ ਗੱਜਣ ਸਿੰਘ ਮੋਮੀ ਨਾਲ ਅਕਾਲੀ ਕਾਨਫਰੰਸਾਂ ਵਿੱਚ ਚਲਾ ਜਾਂਦਾ ਤੇ ਇੱਥੇ ਉਸ ਨੂੰ ਕਈ ਢਾਡੀ ਅਤੇ ਕਵੀਸ਼ਰਾਂ ਨੂੰ ਸੁਨਣ ਦਾ ਮੌਕਾ ਮਿਲ ਜਾਂਦਾ। ਉਸ ਦਾ ਤਾਇਆ ਭਜਨ ਸਿੰਘ ਤੇ ਬਾਪ ਦਲੀਪ ਸਿੰਘ ਤਰਨਤਾਰਨ ਤੇ ਗੋਇੰਦਵਾਲ ਦੀ ਸਟੇਜ ਤੋਂ ਕਵੀਸ਼ਰਾਂ ਢਾਡੀਆਂ ਨੂੰ ਲਗਾਤਾਰ ਸੁਣਦੇ ਆ ਰਹੇ ਸਨ ਅਤੇ ਸਮੇਂ ਸਮੇਂ ਤੇ ਕਵੀਸ਼ਰੀ ਦੀਆਂ ਬਰੀਕੀਆਂ ਸਮਝਾਉਂਦੇ। ਇਸ ਸਾਰੇ ਪਿਛੋਕੜ ਨੇ ਉਸ ਨੂੰ ਕਵੀਸ਼ਰੀ ਦਾ ਪ੍ਰੇਮੀ ਬਣਾ ਦਿੱਤਾ।

ਉਸ ਨੇ ਮੈਟ੍ਰਿਕ ਸ਼ਹੀਦ ਉਧਮ ਸਿੰਘ ਸਰਕਾਰੀ ਹਾਈ ਸਕੂਲ ਟਿੱਬਾ (ਕਪੂਰਥਲਾ), ਬੀ.ਏ. ਸਰਕਾਰੀ ਕਾਲਜ ਕਪੂਰਥਲਾ, ਐਮ.ਏ. ਪੰਜਾਬੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਕੀਤੀ। ਕਵੀਸ਼ਰੀ ਲਿਖਣ ਦੀ ਚੇਟਕ ਉਸ ਨੂੰ ਆਪਣੇ ਭਰਾ ਡਾ.ਬਲਬੀਰ ਸਿੰਘ ਮੋਮੀ ਵੱਲ ਦੇਖ ਕੇ ਲੱਗੀ। ਆਪਣੇ ਸਾਹਿਤਿਕ ਸਫਰ ਦੇ ਅਰੰਭ ਵਿੱਚ ਉਸ ਨੇ ਗੀਤ ਲਿਖਣੇ ਅਰੰਭ ਕੀਤੇ। ਉਸ ਨੇ 200 ਦੇ ਲਗਭਗ ਗੀਤ ਲਿਖੇ, ਜਿਹੜੇ ਕੁੱਝ ਗਾਇਕਾਂ ਨੇ ਸਟੇਜ ਤੋਂ ਗਾ ਕੇ ਪੇਸ਼ ਵੀ ਕੀਤੇ। 40 ਦੇ ਕਰੀਬ ਉਸ ਨੇ ਕਹਾਣੀਆਂ ਲਿਖੀਆਂ। ਇਹਨਾਂ ਵਿੱਚੋਂ ਬਹੁਤ ਸਾਰੀਆਂ ਵੱਖ-ਵੱਖ ਪੱਤਰਕਾਵਾਂ ਵਿੱਚ ਪ੍ਰਕਾਸ਼ਿਤ ਵੀ ਹੋਈਆਂ। ‘ਬੁਝਿਆ ਦੀਵਾ’ ਤੇ ‘ਮੁੱਲ ਪੜ੍ਹਾਈਆਂ ਦੇ’ ਉਸ ਦੀਆਂ ਕਹਾਣੀਆਂ ਚਰਚਾ ਦਾ ਵਿਸ਼ਾ ਬਣੀਆਂ। 1992 ਈ. ਵਿੱਚ ਜਦੋਂ ਉਸ ਨੇ ਆਪਣਾ ਕਵੀਸ਼ਰੀ ਜੱਥਾ ਬਣਾ ਲਿਆ ਤਾਂ ਉਸ ਨੇ ਬਾਕੀ ਸਾਹਿਤਿਕ ਵਿਧਾਵਾਂ ਨੂੰ ਛੱਡ ਕੇ ਇਕੱਲੀ ਕਵੀਸ਼ਰੀ ਉੱਤੇ ਹੀ ਧਿਆਨ ਕੇਂਦਰਿਤ ਕਰ ਲਿਆ। ਉਸ ਨੇ 45 ਦੇ ਲਗਭਗ ਪ੍ਰਸੰਗ ਲਿਖੇ ਹਨ ਅਤੇ 156 ਤੋਂ ਜਿਆਦਾ ਫੁਟਕਲ ਛੰਦਾਂ ਦੀ ਰਚਨਾ ਵੀ ਕੀਤੀ ਹੈ। ਉਸ ਦੀਆਂ ‘ਇੱਕ ਸਰਕਾਰ ਬਾਝੋਂ’ ਅਤੇ ‘ਜੋ ਲਰੈ ਦੀਨ ਕੇ ਹੇਤ’ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਹੋਰ ਸਾਰੀ ਕਵੀਸ਼ਰੀ ਅਣ-ਪ੍ਰਕਾਸ਼ਿਤ ਹੀ ਹੈ। ਉਸ ਦੇ ਚੋਣਵੇਂ ਪ੍ਰਸੰਗ ਜਨਮ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਸ਼ਹੀਦੀ ਗੁਰੂ ਅਰਜਨ ਦੇਵ ਜੀ, ਜਨਮ ਗੁਰੂ ਹਰਗੋਬਿੰਦ ਸਾਹਿਬ ਜੀ, ਜਨਮ ਗੁਰੂ ਗੋਬਿੰਦ ਸਿੰਘ ਜੀ, ਜੰਗ ਭੰਗਾਣੀ, ਜੰਗ ਚਮਕੌਰ, ਸ਼ਹੀਦੀ ਛੋਟੇ ਸਾਹਿਬਜਾਦੇ, ਮੁਕਤਸਰ ਦਾ ਜੰਗ, ਭਾਈ ਮੰਝ ਰਿਕਾਰਡ ਹੋ ਚੁੱਕਾ ਹੈ। ਬਾਬਾ ਮੱਲ, ਮਾਤਾ ਸੁਲੱਖਣੀ, ਬੰਦਾ ਬਹਾਦਰ, ਸ਼ਹੀਦੀ ਬਾਬਾ ਦੀਪ ਸਿੰਘ, ਮਹਰਾਜਾ ਰਣਜੀਤ ਸਿੰਘ ਦੀ ਮੌਤ, ਮਹਾਰਾਣੀ ਜਿੰਦਾਂ, ਮਹਾਰਾਣੀ ਚੰਦ ਕੌਰ, ਹਰੀ ਸਿੰਘ ਨਲੂਆ, ਸ਼ਹੀਦ ਬਾਬਾ ਬੀਰ ਸਿੰਘ ਨੌਰੰਗਾਬਾਦ, ਸਾਕਾ ਨਨਕਾਣਾ ਸਾਹਿਬ, ਸ਼ਹੀਦ ਊਧਮ ਸਿੰਘ ਆਦਿ ਹਨ।

ਉਸ ਦੇ ਜੱਥੇ ਦਾ ਸਾਥੀ ਲੈਕਚਰਾਰ ਭਾਈ ਅਵਤਾਰ ਸਿੰਘ ਦੂਲੋਵਾਲ ਚੰਗਾ ਵਿਦਵਾਨ ਤੇ ਖੋਜੀ ਬਿਰਤੀ ਦਾ ਮਾਲਕ ਹੈ। ਉਹ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਡੂੰਘੀ ਖੋਜ ਰੱਖਦਾ ਹੈ। ਦੂਲੋਵਾਲ ਜਦੋਂ ਸਟੇਜ ਤੇ ਲੈਕਚਰ ਕਰਦਾ ਹੈ ਤਾਂ ਸਮੇਂ ਮੁਤਾਬਕ ਜਿਹੜੇ ਪ੍ਰਸੰਗ ਦੀ ਗੱਲ ਕਰ ਰਿਹਾ ਹੋਵੇ ਤਾਂ ਸ਼ਿੰਗਾਰ ਰਸ ਪੈਦਾ ਕਰਨਾ ਉਸ ਦੇ ਲੈਕਚਰ ਦੀ ਕਲਾ ਹੈ। ਮੋਮੀ ਦੇ ਜੱਥੇ ਦਾ ਦੂਸਰਾ ਸਾਥੀ ਭਾਈ ਸਤਨਾਮ ਸਿੰਘ ਸੰਧੂ ਹੈ। ਉਹ ਜਦੋਂ ਗਾਉਂਦਾ ਹੈ ਤਾਂ ਸਰੌਤੇ ਮਹਿਸੂਸ ਕਰਦੇ ਹਨ ਕਿ ਪਰਮਾਤਮਾ ਨੇ ਉਸ ਦੀ ਜ਼ੁਬਾਨ ਵਿੱਚ ਸ਼ਹਿਦ ਤੇ ਮਿਸ਼ਰੀ ਘੋਲ ਕੇ ਪਾ ਦਿੱਤੇ ਹਨ। ਉਸ ਦੀ ਅਵਾਜ਼ ਵਿੱਚ ਅਜਿਹਾ ਜਾਦੂ ਹੈ ਕਿ ਉਹ ਆਪਣੀ ਮਿੱਠੀ ਅਵਾਜ਼ ਨਾਲ ਸਰੋਤਿਆਂ ਨੂੰ ਮੋਹ ਲੈਂਦਾ ਹੈ।

ਮੋਮੀ ਦਾ ਜੱਥਾ ਜਿੱਥੇ ਰੇਡੀਓ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਆਪਣਾ ਪ੍ਰੋਗਰਾਮ ਕਈ ਵਾਰ ਦੇ ਚੁੱਕਾ ਹੈ ਉੱਥੇ ਕੇਨੈਡਾ ਦੇ ਰੇਡੀਓ ਤੇ ਦੂਰਦਰਸ਼ਨ ਤੇ ਵੀ ਕਵੀਸ਼ਰੀ ਦਾ ਗਾਇਨ ਕਰਕੇ ਆਪਣੀ ਪ੍ਰਤਿਭਾ ਦੀ ਛਾਪ ਲੋਕ ਮਨਾਂ ਉੱਤੇ ਪਾ ਲਈ ਹੈ। ਉਸ ਦੇ ਜੱਥੇ ਦੀਆਂ ਦੋ ਕੈਸਿਟਾਂ ਸੇਵਕ ਦਾ ਰਖਵਾਲਾ, ਤੇ ਅਣਖੀ ਸੂਰਮਾ ਰਿਕਾਰਡ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਵਿੱਕ ਚੁੱਕੀਆਂ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕਵੀਸ਼ਰੀ ਗਾਇਨ ਕਰਨ ਤੋਂ ਛੁੱਟ ਉਸ ਦਾ ਜੱਥਾ ਥਾਈਲੈਂਡ, ਕੇਨੈਡਾ, ਜਰਮਨ, ਇਟਲੀ, ਬੈਲਜੀਅਮ, ਫਰਾਂਸ ਤੇ ਨਿਊਜੀਲੈਂਡ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕਾ ਹੈ। ਉਸ ਦੇ ਜੱਥੇ ਨੂੰ ਅਨੇਕਾਂ ਸਮਾਜਿਕ ਸੱਭਿਆਚਾਰਕ ਤੇ ਧਾਰਮਿਕ ਸੰਸਥਾਵਾਂ ਜਿਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਸ਼ਹੀਦ ਊਧਮ ਸਿੰਘ ਯੂਥ ਕਲੱਬ ਠੱਟਾ ਨਵਾਂ, ਕੋ-ਆਪਰੇਟਿਵ ਸੁਸਾਇਟੀ ਠੱਟਾ ਨਵਾਂ, ਸਿੱਖ ਸੁਸਾਇਟੀ ਆਕਲੈਂਡ ਤੇ ਯੂਰਪ ਦੀਆਂ ਬਹੁਤ ਸਾਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਮੌਕੇ ਅਪ੍ਰੈਲ 1999 ਵਿੱਚ ਉਸ ਦੇ ਜੱਥੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਤੌਰ ਤੇ ਸੱਦਿਆ ਤੇ ਸਨਮਾਨਿਤ ਕੀਤਾ। ਉਸ ਦੀ ਕਵੀਸ਼ਰੀ ਦੀ ਵੰਨਗੀ ਪ੍ਰਸਤੁਤ ਹੈ:-

ਮੇਰੀ ਬੋਲੀ ਦੇ ਵਾਰਸੋ ਸੱਚ ਜਾਣੋ, ਏਹਦੀ ਸਿਫਤ ਕਿਉਂ ਤੁਸਾਂ ਵਿਸਾਰ ਦਿੱਤੀ।

ਨਾਥਾਂ ਜੋਗੀਆਂ ਨੇ ਏਹਨੂੰ ਮਾਣ ਦੇ ਕੇ, ਰਚਨਾ ਏਸ ਦੇ ਵਿੱਚ ਉਚਾਰ ਦਿੱਤੀ।

ਪਿੱਛੋਂ ਏਸੇ ਹੀ ਵਿੱਚ ਫਰੀਦ ਨੇ ਵੀ, ਹੱਕ ਸੱਚ ਦੀ ਉੱਚੀ ਪੁਕਾਰ ਦਿੱਤੀ।

ਸ਼ਾਹ ਹੁਸੈਨ ਤੇ ਸੂਫੀਆਂ ਹੋਰਨਾਂ ਨੇਂ, ਰਚਨਾ ਏਸ ਵਿੱਚ ਬੇਸ਼ੁਮਾਰ ਦਿੱਤੀ।

ਬੁਲ੍ਹੇ ਸ਼ਾਹ ਤੇ ਵਾਰਸ ਨੇ ਏਸ ਤਾਈਂ, ਉਹ ਭੁੱਲੇ ਨਾ ਜੋ ਨਖਾਰ ਦਿੱਤੀ।

ਨਾਨਕ ਗੁਰੂ ਦੀ ਕੀ ਮੈਂ ਗੱਲ ਆਖਾਂ, ਕਰ ਸਭਨਾਂ ਦੀ ਉਸ ਮੁਖਤਾਰ ਦਿੱਤੀ।

ਚੁੱਕ ਫਰਸ਼ਾਂ ਤੋਂ ਅਰਸ਼ਾਂ ਤੱਕ ਉਸ ਨੇ ਵੀ, ਸਾਹਵੇਂ ਲੋਕਾਂ ਦੇ ਇਹ ਸਤਿਕਾਰ ਦਿੱਤੀ।

ਬਾਣੀ ਉਹਨਾਂ ਨੇ ਏਸ ਵਿੱਚ ਰਚੀ ਸਾਰੀ, ਜਿਹੜੀ ਧੁਰ ਦਰਗਾਹੋਂ ਕਰਤਾਰ ਦਿੱਤੀ।

ਗੁਰੂ ਅੰਗਦ ਤੇ ਅਮਰਦਾਸ ਗੁਰ ਨੇ, ਬਾਣੀ ਰਚ ਕੇ ਹੋਰ ਸ਼ਿੰਗਾਰ ਦਿੱਤੀ,

ਮਾਣ ਉਦੋਂ ਫਿਰ ਏਸ ਦਾ ਹੋਰ ਵਧਿਆ, ਕਰਕੇ ਬੀੜ ਤਿਆਰ ਦਾਤਾਰ ਦਿੱਤੀ।

ਭਾਈ ਗੁਰਦਾਸ ਨੇ ਏਸ ਵਿੱਚ ਲਿਖ ਵਾਰਾਂ, ਆਮ ਲੋਕਾਂ ਦੇ ਵਿੱਚ ਪਰਚਾਰ ਦਿੱਤੀ।

ਕਵੀ ਸ਼ਰਫ ਤੇ ਚਾਤਿ੍ਰਕ ਵਰਗਿਆਂ ਨੇਂ, ਰਚਨਾ ਰਚਕੇ ਕਰ ਭਰਮਾਰ ਦਿੱਤੀ।

ਦੇਵੋ ਮਾਣ ਹੁਣ ਏਸ ਨੂੰ ਰੱਜ ਸਾਰੇ, ਏਹ ਵਾਂਗ ਕਿਉਂ ਕਰ ਅੰਗਿਆਰ ਦਿੱਤੀ।

ਠੱਟੇ ਵਾਲਿਆ ਮੋਮੀਆ ਰਹੂ ਸਭ ਦੀ, ਜੀਹਦੇ ਨਾਲ ਹੈ ਜ਼ਿੰਦਗੀ ਗੁਜ਼ਾਰ ਦਿੱਤੀ।

ਮੋਮੀ ਦੀਆਂ ਰਿਲੀਜ਼ ਹੋਈਆਂ ਆਡੀਓ ਕੈਸਿਟਾਂ

Ankhi Soorma copy

  Sewak Da Rakhwala copy

ਮੋਮੀ ਦੀਆਂ ਪ੍ਰਕਾਸ਼ਿਤ ਹੋਈਆਂ ਪੁਸਤਕਾਂ

Jo Lare Din Ke Het copy

Ik Sarkar Bajhon copy

ਡਾ.ਬਲਬੀਰ ਸਿੰਘ ਮੋਮੀ,

ਬੀ.ਏ.ਆਨਰਜ਼, ਐਮ.ਏ.(ਪੰਜਾਬੀ), ਐਮ.ਫਿਲ., ਪੀ.ਐਚ.ਡੀ.,

ਮੁਖੀ, ਪੋਸਟ ਗਰੈਜੂਏਟ ਪੰਜਾਬੀ ਵਿਭਾਗ,

ਸੰਤ ਪ੍ਰੇਮ ਸਿੰਘ ਕਰਮਸਰ ਖਾਲਸਾ ਕਾਲਜ ਬੇਗੋਵਾਲ

(ਕਪੂਰਥਲਾ)