Home / ਹੈਡਲਾਈਨਜ਼ ਪੰਜਾਬ / ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਪੰਜ ਸਦੀਆਂ ਪਹਿਲਾਂ ਲਗਾਈ ਇਤਿਹਾਸਕ ਬੇਰੀ ਦੇ ਪੱਕੇ ਸੂਹੇ ਬੇਰ

ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਪੰਜ ਸਦੀਆਂ ਪਹਿਲਾਂ ਲਗਾਈ ਇਤਿਹਾਸਕ ਬੇਰੀ ਦੇ ਪੱਕੇ ਸੂਹੇ ਬੇਰ

ਸੁਲਤਾਨਪੁਰ ਲੋਧੀ , 4 ਅਪ੍ਰੈਲ (ਸੋਢੀ )-ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਸਥਿਤ ਪੰਜ ਸਦੀਆਂ ਪਹਿਲਾਂ ਮਨੁੱਖਤਾ ਦੇ ਰਹਿਬਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਆਪਣੇ ਪਾਵਨ ਹਸਤ ਕਮਲਾਂ ਨਾਲ ਲਗਾਈ ਪੁਰਾਣੀ ਇਤਿਹਾਸਕ ਬੇਰੀ ਨੂੰ ਹਰ ਸਾਲ ਵਾਂਗ ਇਸ ਵਾਰ ਵੀ ਭਰਵਾਂ ਫ਼ਲ ਲੱਗਣ ਕਾਰਨ ਇਹ ਬੇਰੀ ਇਸ ਪਾਵਨ ਅਸਥਾਨ ਦੀ ਸੁੰਦਰਤਾ ‘ਚ ਹੋਰ ਵੀ ਵਾਧਾ ਕਰ ਰਹੀ ਹੈ ਤੇ ਬੇਰੀ ਦੇ ਪੱਕੇ ਬੇਰ ਸ਼ਰਧਾਲੂ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ । ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਵਿੱਤਰ ਵੇਈ ਕਿਨਾਰੇ ਬੇਰੀ ਦੀ ਦਾਤਣ ਕਰਦੇ ਹੋਏ ਇਹ ਬੇਰੀ ਭਾਈ ਭਗੀਰਥ ਜੀ ਤੇ ਸਾਈਂ ਖਰਬੂਜੇ ਸ਼ਾਹ ਦੀ ਬੇਨਤੀ ਤੇ ਲਗਾਈ ਸੀ ਤੇ ਇਹ ਵਰ ਦਿੱਤਾ ਸੀ ਇਹ ਬੇਰੀ ਯੁੱਗਾਂ ਯੁੱਗਾਂ ਤੱਕ ਸਲਾਮਤ ਰਹੇਗੀ ਤੇ ਜੋ ਵੀ ਸਾਡੇ ਦਰਸ਼ਨਾਂ ਲਈ ਇਸ ਬੇਰੀ ਸਾਹਿਬ ਦੇ ਸ਼ਰਧਾ ਭਾਵਨਾ ਨਾਲ ਦਰਸ਼ਨ ਕਰੇਗਾ ਤਾਂ ਸਾਡੇ ਦਰਸ਼ਨ ਹੋਣਗੇ ।

ਸਿੱਖ ਇਤਿਹਾਸ ਅਨੁਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ ਤੇ 14 ਸਾਲ 9 ਮਹੀਨੇ ਤੇ 13 ਦਿਨ ਰੋਜਾਨਾ ਪਵਿੱਤਰ ਵੇਈਂ ਵਿੱਚ ਇਸ਼ਨਾਨ ਕਰਨ ਉਪਰੰਤ ਭਗਤੀ ਕੀਤੀ ਤੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਨਾਲ ਜੋੜ ਕੇ ਵਹਿਮਾਂ ਭਰਮਾਂ ਵਿੱਚੋਂ ਕੱਢਿਆ ਤੇ ਜਦੋ ਸਤਿਗੁਰੂ ਜੀ ਇਥੋਂ ਜਗਤ ਜਲੰਦੇ ਨੂੰ ਤਾਰਨ ਲਈ ਉਦਾਸੀਆਂ ਲਈ ਰਵਾਨਾ ਹੋਣ ਲੱਗੇ ਤਾਂ ਭਾਈ ਭਗੀਰਥ ਜੀ ਤੇ ਹੋਰਨਾ ਸੇਵਕਾਂ ਬੇਨਤੀ ਕੀਤੀ ਕਿ ਅਸੀ ਹੁਣ ਆਪ ਜੀ ਦੇ ਦਰਸ਼ਨ ਕਿਵੇਂ ਕਰਾਂਗੇ ਤਾਂ ਆਪ ਨਿਰੰਕਾਰ ਸਤਿਗੁਰੂ ਜੀ ਨੇ ਬੇਰੀ ਦੀ ਦਾਤਣ ਧਰਤੀ ਵਿੱਚ ਗੱਡ ਦਿੱਤੀ ਤੇ ਫੁਰਮਾਨ ਕੀਤਾ ਕਿ ਜਦ ਵੀ ਸਾਡੇ ਦਰਸ਼ਨ ਕਰਨੇ ਹੋਣ ਤਾਂ ਇਸ ਬੇਰੀ ਦੇ ਦਰਸ਼ਨ ਕਰ ਲਿਆ ਕਰੋ ।

ਕਈ ਤੂਫਾਨ ,ਹਨੇਰੀਆਂ ,ਝੱਖੜ ਆਏ ਪਰ ਸਦੀਆਂ ਪੁਰਾਣੀ ਇਹ ਇਤਿਹਾਸਕ ਬੇਰੀ ਅੱਜ ਵੀ ਉਸੇ ਤਰ੍ਹਾਂ ਸਲਾਮਤ ਹੈ ਤੇ ਰੋਜਾਨਾਂ ਹਜਾਰਾਂ ਸ਼ਰਧਾਲੂ ਬੇਰੀ ਸਾਹਿਬ ਦੇ ਦਰਸ਼ਨ ਕਰਕੇ ਜੋ ਵੀ ਅਰਦਾਸ ਕਰਦੇ ਹਨ ਉਹ ਪੂਰੀ ਹੁੰਦੀ ਹੈ । ਇਹ ਬੇਰੀ ਦੀ ਜਿਥੇ ਠੰਡੀ ਛਾਂ ਦਾ ਆਨੰਦ ਵੀ ਸੰਗਤਾਂ ਮਾਣਦੀਆਂ ਹਨ, ਉਥੇ ਵਾਤਾਵਰਨ ਨੂੰ ਸਾਫ਼ ਰੱਖਣ ‘ਚ ਵੀ ਇਹ ਸਹਾਈ ਸਿੱਧ ਹੁੰਦੀ ਹੈ । ਰਾਤ ਸਮੇਂ ਪੰਛੀਆਂ ਦੇ ਰੈਣ ਬਸੇਰੇ ਦਾ ਵੀ ਸਾਧਨ ਬਣੀ ਹੈ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਵੀ ਕਈ ਮਾਹਿਰ ਇਸ ਇਤਿਹਾਸਕ ਬੇਰੀ ਦੀ ਦੇਖਭਾਲ ਲਈ ਆਉਂਦੇ ਹਨ ।ਬੇਰੀ ਨੂੰ ਹਰ ਸਾਲ ਵਾਂਗ ਇਸ ਵਾਰ ਵੀ ਭਰਵੇਂ ਤੌਰ ‘ਤੇ ਸੂਹੇ ਬੇਰ ਲੱਗੇ ਹਨ, ਜੋ ਸ਼ਰਧਾਲੁਆਂ ਦਾ ਮੱਲੋਮੱਲੀ ਧਿਆਨ ਖਿੱਚ ਰਹੇ ਹਨ ।

ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਨੇ ਦੱਸਿਆ ਕਿ ਇਸ ਬੇਰੀ ਦੀ ਸਾਂਭ ਸੰਭਾਲ ਲਈ ਤੇ ਇਸ ਦੀਆਂ ਜੜ੍ਹਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਦਵਾਈਆਂ ਆਦਿ ਦਾ ਛਿੜਕਾਅ, ਸੁੱਕੀਆਂ – ਪੁਰਾਣੀਆਂ ਟਾਹਣੀਆਂ ਦੀ ਸਾਲ ‘ਚ ਇੱਕ ਵਾਰ ਛੰਗਾਈ, ਜੜ੍ਹਾਂ ਵਿਚ ਸਹੀ ਮਿਕਦਾਰ ‘ਚ ਮਿੱਟੀ ਤੇ ਖਾਦ ਆਦਿ ਪਾ ਕੇ ਇਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਤੇ ਇਥੋਂ ਤੱਕ ਕਿ ਇਨ੍ਹਾਂ ਨੂੰ ਪਾਣੀ ਵੀ ਮਾਹਿਰਾਂ ਦੀ ਸਲਾਹ ਨਾਲ ਹੀ ਦਿੱਤਾ ਜਾਂਦਾ ਹੈ ।ਉਨ੍ਹਾਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇੱਥੇ ਲੱਖਾਂ ਸ਼ਰਧਾਲੂ ਪੁੱਜਣ ਦੀ ਆਸ ਹੈ ਜਿਸ ਕਾਰਨ ਬੇਰੀ ਸਾਹਿਬ ਦੀਆਂ ਪਰਕਰਮਾ ਨੂੰ ਖੁੱਲਾ ਕੀਤਾ ਗਿਆ ਹੈ ਤੇ ਚੁਫੇਰੇ ਪੌੜੀਆਂ ਬਣਾਈਆਂ ਗਈਆ ਹਨ ਤਾਂ ਕਿ ਸ਼ਰਧਾਲੂਆਂ ਨੂੰ ਕੋਈ ਪ੍ਰੇਸ਼ਾਨੀ ਨਾਂ ਰਹੇ ।

ਉਨ੍ਹਾਂ ਦੱਸਿਆ ਕਿ ਬੇਰੀ ਸਾਹਿਬ ਤੋ ਬੇਰ ਤੋੜਨਾਂ ਸਖਤ ਮਨਾਂ ਹੈ ਜਿਸ ਕਾਰਨ ਜੋ ਵੀ ਪੱਕੇ ਬੇਰ ਹੇਠਾਂ ਡਿੱਗਦੇ ਹਨ ਉਨ੍ਹਾਂ ਨੂੰ ਸ਼ਰਧਾਲੂ ਵੰਡ ਕੇ ਪ੍ਰਸ਼ਾਦ ਵਜੋ ਛਕਦੇ ਹਨ ।

About thatta

Comments are closed.

Scroll To Top
error: