ਵੇਖੀ ਬਿੰਦਰ ਕਿਤੇ ਨੈਂਣ ਤਰਸਦੇ ਹੀ ਨਾ ਰਹਿ ਜਾਵਣ ਮੇਰੇ, ਕਦੋਂ ਦੇਖਾਂ ਮੈਂ ਪੰਜਾਬ ਦੀਆਂ ਫਿਰ ਉਹਨਾਂ ਰੰਗੀਨ ਬਹਾਰਾਂ ਨੂੰ–ਬਿੰਦਰ ਕੋਲੀਆਂਵਾਲ ਵਾਲਾ

22

11

ਬਾਹਰ ਕੱਢੋ ਹੁਣ ਤੁਸੀਂ ਮਿਆਨ ਚੋਂ ਕਲ਼ਮ ਦੀਆਂ ਤਲਵਾਰਾਂ ਨੂੰ,

ਵਾਅਦੇ ਕਰ ਜੋ ਮੁੱਕਰ ਜਾਣ ਬਦਲ ਦਿਓ ਉਹਨਾਂ ਸਰਕਾਰਾਂ ਨੂੰ।

ਲੋੜ ਵੇਲੇ ਹਰ ਪਾਸੇ ਜਿੱਥੇ ਬਿਜਲੀ ਸਦਾ ਹੀ ਬੰਦ ਹੈ ਰਹਿੰਦੀ,

ਕੀ ਕਰਨਾ ਪਾਈਆਂ 24ਘੰਟੇ ਦੀਆਂ ਲਾਈਨਾ ਤੇ ਉਹਨਾਂ ਤਾਰਾਂ ਨੂੰ।

ਜਿੱਥੇ ਰਾਹਾਂ ਗਲ਼ੀਆਂ ਵਿੱਚ ਇਨਸਾਨੀਅਤ ਦੀ ਕਦਰ ਕੋਈ ਨਹੀਂ,

ਪੱਤ ਲੁੱਟੇ ਬੱਸਾਂ ਵਿੱਚ ਤੇ ਇੱਥੇ ਸ਼ਰੇਆਮ ਮਾਰ ਦੇਣ ਨਾਰਾਂ ਨੂੰ।

ਸੰਗਤ ਦਰਸ਼ਨ ਤੇ ਸੇਵਾ ਕਹਿ ਇਹ ਨੇ ਬੜੇ ਹੀ ਮਹਾਨ ਬਣਦੇ,

ਕਿਸਾਨ ਰੁੱਲ਼ਦਾ ਮੰਡੀ ਵਿੱਚ ਤੇ ਝੱਲਦਾ ਕੁਦਰਤ ਦੀਆਂ ਮਾਰਾਂ ਨੂੰ।

ਹਰ ਪਾਸਿਓ ਇਹਨੇ ਸੂਬੇ ਨੂੰ ਬਦਨਾਮ ਤੇ ਹੈ ਕਰਜ਼ਾਈ ਕੀਤਾ,

ਜਵਾਨੀ ਡੋਬਕੇ ਨਸ਼ੇ ਵਿੱਚ ਰੋਕਣ ਤਰੱਕੀ ਦੀਆਂ ਰਫ਼ਤਾਰਾਂ ਨੂੰ।

ਰੱਬਾ ਕੋਈ ਇਹੋ ਜਿਹਾ ਭੇਜ ਸ਼ਿਕਾਰੀ ਜੋ ਇਹਨਾਂ ਨੂੰ ਫੰਦਾ ਲਾਵੇ,

ਹੰਸ ਬਣ ਜੋ ਉੱਡਦੇ ਫ਼ਿਰਨ ਇਹ ਕਾਲੇ ਕਾਵਾਂ ਦੀਆਂ ਡਾਰਾਂ ਨੂੰ।

ਵੇਖੀ ਬਿੰਦਰ ਕਿਤੇ ਨੈਂਣ ਤਰਸਦੇ ਹੀ ਨਾ ਰਹਿ ਜਾਵਣ ਮੇਰੇ,

ਕਦੋਂ ਦੇਖਾਂ ਮੈਂ ਪੰਜਾਬ ਦੀਆਂ ਫਿਰ ਉਹਨਾਂ ਰੰਗੀਨ ਬਹਾਰਾਂ ਨੂੰ।

-ਬਿੰਦਰ ਕੋਲੀਆਂਵਾਲ ਵਾਲਾ