Home / ਖਬਰਾਂ ਸਿੱਖ ਜਗਤ ਦੀਆਂ / ਵਿਵਾਦਤ ਫਿਲਮ ‘ਨਾਨਕ ਸ਼ਾਹ ਫ਼ਕੀਰ’ ‘ਤੇ ਸ਼੍ਰੋਮਣੀ ਕਮੇਟੀ ਤੇ ਸਰਕਾਰ ਰੱਖ ਰਹੀ ਹੈ ਡਬਲ ਸਟੈਂਡ

ਵਿਵਾਦਤ ਫਿਲਮ ‘ਨਾਨਕ ਸ਼ਾਹ ਫ਼ਕੀਰ’ ‘ਤੇ ਸ਼੍ਰੋਮਣੀ ਕਮੇਟੀ ਤੇ ਸਰਕਾਰ ਰੱਖ ਰਹੀ ਹੈ ਡਬਲ ਸਟੈਂਡ

ਫਿਲਮ ‘ਨਾਨਕ ਸ਼ਾਹ ਫ਼ਕੀਰ’ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਦਾ ਦੋਹਰਾ ਸਟੈਂਡ ਨਜ਼ਰ ਆਇਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਫਿਲਮ ਨੂੰ ਹਰੀ ਝੰਡੀ ਦੇ ਕੇ ਫਿਰ ਪੈਰ ਪਿਛਾਂਹ ਖਿੱਚ ਲਏ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ 10 ਅਪਰੈਲ ਨੂੰ ਪਹਿਲਾਂ ਫਿਲਮ ‘ਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਤੇ ਸ਼ਾਮ ਨੂੰ ਵਾਪਸ ਲੈ ਲਏ। ਉਧਰ, ਸੁਪਰੀਮ ਕੋਰਟ ਨੇ 13 ਅਪਰੈਲ ਨੂੰ ਫਿਲਮ ਰਿਲੀਜ਼ ਕਰਨ ਦਾ ਰਾਹ ਸਾਫ਼ ਕਰ ਦਿੱਤਾ ਹੈ।

ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਪਦੇਸ਼ਾਂ ’ਤੇ ਬਣੀ ਇਸ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਜੋ ਜਲ ਸੈਨਾ ਦੇ ਸਾਬਕਾ ਅਫ਼ਸਰ ਹਨ, ਦਾ ਕਹਿਣਾ ਹੈ ਕਿ ਪਹਿਲਾਂ ਇਸ ਫਿਲਮ ਨੂੰ 30 ਮਾਰਚ, 2015 ਵਿੱਚ ਸੀਬੀਐਫਸੀ ਤੋਂ ਹਰੀ ਝੰਡੀ ਮਿਲੀ ਸੀ। ਪੰਜਾਬ ਵਿੱਚ ਦੋ ਮਹੀਨੇ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਹੋਣ ਤੋਂ ਬਾਅਦ ਇਸ ਦੀ ਰਿਲੀਜ਼ ਰੋਕ ਦਿੱਤੀ ਗਈ ਸੀ। ਪਾਬੰਦੀ ਤੋਂ ਬਾਅਦ ਦੁਨੀਆ ਭਰ ਵਿੱਚ ਇਸ ਫਿਲਮ ਦੀ ਰਿਲੀਜ਼ ਵਾਪਸ ਲੈ ਲਈ ਸੀ।

ਉਨ੍ਹਾਂ ਕਿਹਾ ਕਿ ਇਸ ਫਿਲਮ ਨਾਲ ਜੁੜੇ ਵੱਖ ਵੱਖ ਮੁੱਦਿਆਂ ਬਾਰੇ ਉਨ੍ਹਾਂ ਸ਼੍ਰੋਮਣੀ ਕਮੇਟੀ ਨਾਲ ਵਿਚਾਰ ਚਰਚਾ ਕੀਤੀ ਸੀ ਤੇ ਉਸ ਨੂੰ ਕੁਝ ਜ਼ਰੂਰੀ ਤਰਮੀਮਾਂ ਕਰਨ ਦਾ ਸੁਝਾਅ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਫਿਲਮ ਨੂੰ ਪ੍ਰਮਾਣ ਪੱਤਰ ਦੇਣ ਲਈ ਮੁੜ ਸੀਬੀਐਫਸੀ ਕੋਲ ਪਹੁੰਚ ਕੀਤੀ ਸੀ। ਸੀਬੀਐਫਸੀ ਨੇ ਲੰਘੀ 28 ਮਾਰਚ, 2018 ਨੂੰ ਦੁਬਾਰਾ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਪਰ ਸ਼੍ਰੋਮਣੀ ਕਮੇਟੀ ਨੇ 30 ਮਾਰਚ ਨੂੰ ਇਕ ਪੱਤਰ ਲਿਖ ਕੇ ਫਿਲਮ ਲਈ ਆਪਣੀ ਰਜ਼ਾਮੰਦੀ ਵਾਪਸ ਲੈਣ ਦੀ ਸੂਚਨਾ ਦਿੱਤੀ ਸੀ।

ਉਧਰ, ਪੰਜਾਬ ਸਰਕਾਰ ਨੇ 10 ਅਪਰੈਲ ਨੂੰ ਫਿਲਮ ‘ਤੇ ਪਾਬੰਦੀ ਲਾ ਦਿੱਤੀ। ਸੁਪਰੀਮ ਕੋਰਟ ਦਾ ਫੈਸਲਾ ਆਉਣ ਮਗਰੋਂ ਸਰਕਾਰ ਨੇ ਯੂ ਟਰਨ ਲੈਂਦਿਆਂ ਫ਼ਿਲਮ ਦੇ ਮੁੱਦੇ ’ਤੇ ਦਖ਼ਲ ਨਾ ਦੇਣ ਦਾ ਫ਼ੈਸਲਾ ਕਰ ਲਿਆ। ਸਰਕਾਰ ਦਾ ਦਾਅਵਾ ਹੈ ਕਿ ਫ਼ਿਲਮ ਨਿਰਮਾਤਾ ਨੇ ਹੀ ਸੂਬੇ ਵਿੱਚ ਫ਼ਿਲਮ ਨੂੰ ਰਲੀਜ਼ ਨਾ ਕਰਨ ਦਾ ਨਿਰਣਾ ਕੀਤਾ ਹੈ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਤੇ ਸਰਕਾਰ ਦਾ ਵੀ ਫਿਲਮ ਬਾਰੇ ਕੋਈ ਸਪਸ਼ਟ ਸਟੈਂਡ ਨਜ਼ਰ ਨਹੀਂ ਆ ਰਿਹਾ।

About thatta

Comments are closed.

Scroll To Top
error: