Home / ਤਾਜ਼ਾ ਖਬਰਾਂ / ਠੱਟਾ ਨਵਾਂ / ਵਿਆਹ ਪੁਰਬ ਤੇ ਸੰਗਤਾਂ ਦਾ ਵਿਸ਼ਾਲ ਇਕੱਠ ਬਰਾਤ ਦੇ ਰੂਪ ਵਿੱਚ ਸੁਲਤਾਨਪੁਰ ਲੋਧੀ ਤੋਂ ਬਟਾਲਾ ਲਈ ਰਵਾਨਾ।

ਵਿਆਹ ਪੁਰਬ ਤੇ ਸੰਗਤਾਂ ਦਾ ਵਿਸ਼ਾਲ ਇਕੱਠ ਬਰਾਤ ਦੇ ਰੂਪ ਵਿੱਚ ਸੁਲਤਾਨਪੁਰ ਲੋਧੀ ਤੋਂ ਬਟਾਲਾ ਲਈ ਰਵਾਨਾ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਸੰਗਤਾਂ ਦਾ ਵਿਸ਼ਾਲ ਇਕੱਠ ਬਰਾਤ ਦੇ ਰੂਪ ਵਿੱਚ ਸੁਲਤਾਨਪੁਰ ਲੋਧੀ ਤੋਂ ਬਟਾਲਾ ਲਈ ਰਵਾਨਾ।

1

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਅੱਜ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਵਿਸ਼ਾਲ ਇਕੱਠ ਬਰਾਤ ਦੇ ਰੂਪ ਵਿੱਚ ਸਵੇਰੇ 8 ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬਟਾਲਾ ਲਈ ਰਵਾਨਾ ਹੋ ਗਿਆ। ਪਾਲਕੀ ਸਾਹਿਬ ਵਿੱਚ ਸ਼ੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਹੀ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵੱਖ-ਵੱਖ ਵਾਹਨਾਂ ਤੇ ਸਵਾਰ ਹੋ ਕੇ ਬਰਾਤ ਵਿੱਚ ਸ਼ਾਮਿਲ ਸੀ। ਵਾਹਨਾਂ ਦੀ ਲਾਈਨ ਸੁਲਤਾਨਪੁਰ ਲੋਧੀ ਪੁਲ ਤੋਂ ਪਿੰਡ ਮੇਵਾ ਸਿੰਘ ਵਾਲਾ ਤੱਕ  ਲੰਬੀ ਸੀ। ਸੰਗਤਾਂ ਦੇ ਸਵਾਗਤ ਲਈ ਸ਼ਹਿਰ ਅਤੇ ਰਸਤੇ ਵਿੱਚ ਆਉਂਦੇ ਅਦਾਰਿਆਂ ਅਤੇ ਪਿੰਡਾਂ ਦੀ ਸੰਗਤ ਵੱਲੋਂ ਵੱਖ-ਵੱਖ ਤਰਾਂ ਦੇ ਲੰਗਰਾਂ ਦਾ ਇੰਤਜਾਮ ਕੀਤਾ ਹੋਇਆ ਸੀ।
ਵਿਆਹ ਪੁਰਬ ਦੀ ਮਹੱਤਤਾ:
ਗੁਰਦਾਸਪੁਰ ਜ਼ਿਲੇ ਅੰਦਰ ਸਥਿਤ ਸ਼ਹਿਰ ਬਟਾਲਾ ਵੱਡੀ ਇਤਿਹਾਸਿਕ ਮਹੱਤਤਾ ਰੱਖਦਾ ਹੈ, ਕਿਉਂਕਿ ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਸੁਸ਼ੋਭਿਤ ਹਨ। ਇਥੇ ਹੀ ਗੁਰਦੁਆਰਾ ਸਤਿਕਰਤਾਰੀਆਂ ਵੀ ਹੈ। ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਪ੍ਰਾਪਤ ਇਤਿਹਾਸਿਕ ਕੰਧ ਅੱਜ ਵੀ ਮੌਜੂਦ ਹੈ ਅਤੇ ਇਥੇ ਹਰ ਸਾਲ ਵੱਡਾ ਜੋੜ ਮੇਲਾ ਲਗਦਾ ਹੈ। ਗੁਰਦੁਆਰਾ ਸ੍ਰੀ ਕੰਧ ਸਾਹਿਬ ਉਸ ਸਮੇਂ ਦੀ ਇਤਿਹਾਸਕ ਯਾਦਗਾਰ ਹੈ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਨਗਰ ਵਿਚ ਬਰਾਤ ਲੈ ਕੇ ਆਏ ਸਨ। ਜਿਸ ਸਥਾਨ ‘ਤੇ ਬਰਾਤ ਦਾ ਉਤਾਰਾ ਕੀਤਾ ਗਿਆ, ਇਹ ਹਵੇਲੀ ਭਾਈ ਜਮੀਤ ਰਾਏ ਬੰਸੀ ਦੀ ਸੀ। ਇਤਿਹਾਸ ਅਨੁਸਾਰ ਗੁਰੂ ਜੀ ਦੇ ਸਹੁਰਾ ਪਰਿਵਾਰ ਦੀਆਂ ਲੜਕੀਆਂ ਨੇ ਹਾਸਾ-ਮਖੌਲ ਕਰਨ ਲਈ ਲਾੜੇ (ਗੁਰੂ ਜੀ) ਦਾ ਮੰਜਾ ਇਕ ਪੁਰਾਣੀ (ਕੱਚੀ ਕੰਧ) ਨੇੜੇ ਡਾਹ ਦਿੱਤਾ। ਉਥੇ ਮੌਜੂਦ ਇਕ ਬਜ਼ੁਰਗ ਮਾਤਾ ਨੇ ਗੁਰੂ ਜੀ ਨੂੰ ਕਿਹਾ ਕਿ ਇਹ ਕੰਧ ਕੱਚੀ ਹੈ ਜੋ ਢਹਿਣ ਹੀ ਵਾਲੀ ਹੈ, ਇਥੋਂ ਉੱਠ ਕੇ ਜ਼ਰਾ ਪਰੇ ਹੋ ਜਾਓ। ਬਜ਼ੁਰਗ ਮਾਤਾ ਦੇ ਇਹ ਬੋਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮਾਤਾ ਜੀ, ਇਹ ਕੰਧ ਜੁਗੋ-ਜੁਗ ਕਾਇਮ ਰਹੇਗੀ। ਉਹ ਕੱਚੀ ਕੰਧ ਗੁਰਦੁਆਰਾ ਸਾਹਿਬ ਅੰਦਰ ਸ਼ੀਸ਼ੇ ਦੇ ਫਰੇਮ ਵਿੱਚ ਸੁਰੱਖਿਅਤ ਅੱਜ ਵੀ ਮੌਜੂਦ ਹੈ। ਮਹਾਰਾਜਾ ਸ਼ੇਰ ਸਿੰਘ ਨੇ ਆਪਣੇ ਰਾਜ-ਕਾਲ ਦੌਰਾਨ ਇਸ ਸਥਾਨ ‘ਤੇ ਪੱਕਾ ਗੁਰੂ-ਅਸਥਾਨ ਬਣਾਇਆ ਜੋ ਕਿ ਸੰਗਤਾਂ ਲਈ ਦਰਸ਼ਨ ਕਰਨ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਬੰਧੀ ਇਤਿਹਾਸ ਦੇ ਪੰਨਿਆਂ ‘ਤੇ ਅੰਕਿਤ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਵੱਡੀ ਭੈਣ ਬੇਬੇ ਨਾਨਕੀ ਜੀ ਪਾਸ ਸੁਲਤਾਨਪੁਰ ਲੋਧੀ (ਕਪੂਰਥਲਾ) ਰਹਿਣ ਲਗ ਪਏੇ ਤਾਂ ਉਥੇ ਗੁਰੂ ਜੀ ਦੇ ਜੀਜਾ ਜੈ ਰਾਮ ਜੀ ਨੇ ਇਨਨਾਂ ਨੂੰ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿਖੇ ਉਪਜੀਵਕਾ ਲਈ ਕੰਮ ‘ਤੇ ਲਗਵਾ ਦਿੱਤਾ। ਇਥੇ ਹੀ ਗੁਰੂ ਸਾਹਿਬ ਜੀ ਦੀ ਕੁੜਮਾਈ ਹੋਈ। ਜੀਵਨ ਬ੍ਰਿਤਾਂਤ ਸ੍ਰੀ ਗੁਰੂ ਨਾਨਕ ਦੇਵ ਜੀ, ਪੰਨਾ 22 ਡਾ. ਸਾਹਿਬ ਸਿੰਘ ਜੀ ਅਨੁਸਾਰ, ਗੁਰੂ ਨਾਨਕ ਦੇਵ ਜੀ ਦੀ ਕੁੜਮਾਈ, ਵਿਸਾਖ ਵਦੀ ਇੱਕ ਸੰਮਤ 1542 ਨੂੰ ਹੋਈ। ਜਗਤ-ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਭਾਦੋਂ ਸੁਦੀ ਸਤਵੀਂ ਸੰਮਤ 1544 ਮੁਤਾਬਿਕ 1487 ਈਸਵੀ ਨੂੰ, ਭਾਈ ਮੂਲ ਚੰਦ ਖੱਤਰੀ ਅਤੇ ਮਾਤਾ ਚੰਦੋ ਰਾਣੀ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ। ਗੁਰੂ ਸਾਹਿਬ ਦੀ ਬਰਾਤ ਵਿਚ ਬਾਦਸ਼ਾਹ ਤੋਂ ਲੈ ਕੇ ਰੱਬੀ-ਫ਼ਕੀਰਾਂ ਤੱਕ ਸ਼ਾਮਿਲ ਹੋਏ, ਜਿਨਾਂ ਵਿੱਚ ਸੁਲਤਾਨਪੁਰ ਦੇ ਨਵਾਬ ਦੌਲਤ ਖਾਂ ਲੋਧੀ ਤੇ ਰਾਏ ਭੋਏ ਦੀ ਤਲਵੰਡੀ ਦੇ ਮਾਲਕ ਰਾਏ ਬੁਲਾਰ ਵੀ ਸਨ। ਬਟਾਲਾ ਦੀ ਪਵਿੱਤਰ ਧਰਤੀ ‘ਤੇ ਬਰਾਤ ਦੀ ਅਗਵਾਈ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਕੀਤੀ, ਜਿਨਾਂ ਵਿੱਚ ਪਰਗਣੇ ਦਾ ਮੁਖੀ ਅਜਿੱਤਾ ਰੰਧਾਵਾ ਵੀ ਸ਼ਾਮਲ ਸੀ। ਬਰਾਤ ਦਾ ਉਤਾਰਾ ਪਹਿਲਾਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਵੱਲੇ ਅਸਥਾਨ ‘ਤੇ ਕੀਤਾ ਅਤੇ ਵਿਆਹ ਗੁਰੂ ਜੀ ਦੇ ਸਹੁਰਾ-ਘਰ ਮਾਤਾ ਸੁਲੱਖਣੀ ਜੀ ਦੇ ਜਨਮ ਅਸਥਾਨ ਜੋ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਅਸਥਾਨ ਨਾਲ ਪ੍ਰਸਿੱਧ ਹੈ ਵਿਖੇ ਹੋਇਆ। ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਵਿਖੇ ਹੀ 1551 ਵਿੱਚ ਬਾਬਾ ਸ੍ਰੀ ਚੰਦ ਜੀ ਅਤੇ ਸੰਮਤ 1553 ਵਿੱਚ ਸ੍ਰੀ ਲਖਮੀ ਦਾਸ ਜੀ ਦਾ ਜਨਮ ਹੋਇਆ। ਬਟਾਲਾ ਵਿਖੇ ਹੀ ਗੁਰਦੁਆਰਾ ਸਤਿਕਰਤਾਰੀਆਂ ਵੀ ਸਥਿਤ ਹੈ। ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੰਮਤ 1681 ਵਿੱਚ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਵਾਸਤੇ ਜਦ ਬਟਾਲੇ ਆਏ ਤਾਂ ਗੁਰਦੁਆਰਾ ਸਤਿਕਰਤਾਰੀਆਂ ਵਿਖੇ ਠਹਿਰੇ ਅਤੇ ਇਸ ਅਸਥਾਨ ਦੀ ਮਹਾਨਤਾ ਪ੍ਰਗਟ ਕੀਤੀ। ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਸਤਿਕਰਤਾਰੀਆਂ ਦਾ ਸਮੁੱਚਾ ਪ੍ਰਬੰਧ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਹੈ ਜੋ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਸਬੰਧਤ ਜੋੜ ਮੇਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਰੂਪ ਵਿੱਚ ਹਰ ਸਾਲ ਇਨਾਂ ਤਿੰਨਾਂ ਇਤਿਹਾਸਕ ਅਸਥਾਨਾਂ ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼-ਵਿਦੇਸ਼, ਦੂਰ-ਦੁਰਾਡੇ ਤੋਂ ਸੰਗਤਾਂ ਲੱਖਾਂ ਦੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰ ਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।ਇਸ ਸਾਲ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਅਤੇ ਗੁਰਦੁਆਰਾ ਸਾਹਿਬ ਸਤਿਕਰਤਾਰੀਆਂ ਵਿਖੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ। ਇਸ ਮੌਕੇ ਇਤਿਹਾਸਿਕ ਨਗਰ ਕੀਰਤਨ ਸਜਾਇਆ ਜਾਂਦਾ ਹੈ, ਜੋ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਬਟਾਲਾ ਵਿਖੇ ਪੁੱਜਦਾ ਹੈ। ਇਸ ਨਗਰ ਕੀਰਤਨ ਵਿਚ ਪੁਰਾਤਨ ਪ੍ਰੰਪਰਾ ਅਨੁਸਾਰ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਲ ਹੁੰਦੀਆਂ ਹਨ ਅਤੇ ਟਹਿਲ-ਸੇਵਾ ਕਰ ਕੇ ਗੁਰੂ ਘਰ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਦੀਆਂ ਹਨ।

About thatta

Comments are closed.

Scroll To Top
error: