ਵਧੇਰੇ ਮੁਨਾਫ਼ਾ ਕਮਾਉਣ ਲਈ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕਿੱਤਾ।

24

Bee-Keeping-unitਬੇਰੁਜ਼ਗਾਰ ਅਤੇ ਬੇਜ਼ਮੀਨੇ ਵਿਅਕਤੀ ਕੁਝ ਅਜਿਹੇ ਕਿੱਤੇ ਅਪਣਾ ਸਕਦੇ ਹਨ, ਜਿਨ੍ਹਾਂ ‘ਤੇ ਉਨ੍ਹਾਂ ਦਾ ਘੱਟ ਖਰਚ ਹੋਵੇ ਤੇ ਹੌਲੀ-ਹੌਲੀ ਉਹ ਅਜਿਹੇ ਕਿੱਤਿਆਂ ਨੂੰ ਵੱਡੀ ਪੱਧਰ ‘ਤੇ ਕਰਕੇ ਆਪਣੀ ਆਰਥਿਕ ਸਥਿਤੀ ਲੀਹਾਂ ‘ਤੇ ਲਿਆ ਸਕਦੇ ਹਨ। ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕਿੱਤਾ ਇਕ ਅਜਿਹਾ ਕਿੱਤਾ ਹੈ ਜੋ ਥੋੜ੍ਹੇ ਪੈਸੇ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ ਜਿਸ ‘ਤੇ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ। ਮੱਖੀ ਪਾਲਣ ਦਾ ਕਿੱਤਾ ਨੌਜਵਾਨ ਕੁਝ ਬਕਸਿਆਂ ਤੋਂ ਵੀ ਸ਼ੁਰੂ ਕਰ ਸਕਦੇ ਹਨ। ਸਰਕਾਰ ਵੱਲੋਂ ਸ਼ਹਿਦ ਦੀ ਮਾਰਕੀਟਿੰਗ ਲਈ ਵੱਖ-ਵੱਖ ਸਥਾਨਾਂ ‘ਤੇ ਕੇਂਦਰ ਖੋਲ੍ਹੇ ਹੋਏ ਹਨ, ਜਿੱਥੋਂ ਪੰਜਾਬ ਤੋਂ ਬਾਹਰ ਦੇਸ਼ ਵਿਦੇਸ਼ ‘ਚ ਵੀ ਸ਼ਹਿਦ ਭੇਜਿਆ ਜਾਂਦਾ ਹੈ। 50 ਬਕਸਿਆਂ ਤੋਂ ਸ਼ੁਰੂ ਕੀਤੇ ਕੰਮ ‘ਤੇ 150 ਲੱਖ ਦੇ ਕਰੀਬ ਖਰਚ ਆਉਂਦਾ ਹੈ ਜਿਸ ਵਿਚ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ। ਪੰਜਾਬ ਵਿਚ ਇਹ ਕਿੱਤਾ ਜ਼ਿਆਦਾਤਰ ਨਵੰਬਰ ਤੋਂ ਅਪ੍ਰੈਲ ਵਿਚਕਾਰ ਕਾਫੀ ਲਾਹੇਵੰਦ ਸਾਬਤ ਹੁੰਦਾ ਹੈ ਕਿਉਂਕਿ ਇਹ ਸਮਾਂ ਸ਼ਹਿਦ ਦੀਆਂ ਮੱਖੀਆਂ ਲਈ ਵਧੇਰੇ ਅਨੁਕੂਲ ਹੁੰਦਾ ਹੈ। ਇਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਸਰ੍ਹੋਂ ਅਤੇ ਹੋਰ ਫਲ, ਸਬਜ਼ੀਆਂ ਦੀ ਕਾਸ਼ਤ ਵਧੇਰੇ ਹੋਣ ਕਾਰਨ ਸ਼ਹਿਦ ਦੀਆਂ ਮੱਖੀਆਂ ਇਨ੍ਹਾਂ ਫੁੱਲਾਂ ਤੋਂ ਰਸ ਚੂਸਦੀਆਂ ਹਨ, ਜਿਸ ਨਾਲ ਵਧੇਰੇ ਸ਼ਹਿਦ ਦਾ ਉਤਪਾਦਨ ਹੁੰਦਾ ਹੈ। ਮੱਖੀਆਂ ਦੇ ਸਬਜ਼ੀਆਂ ਅਤੇ ਫੁੱਲਾਂ ਦਾ ਰਸ ਚੂਸਣ ਨਾਲ ਇਨ੍ਹਾਂ ਫਸਲਾਂ ਦਾ ਨੁਕਸਾਨ ਨਹੀਂ ਸਗੋਂ ਮੱਖੀਆਂ ਦੇ ਪ੍ਰਪਰਾਂਗਣ ਦੀ ਕਿਰਿਆ ਨਾਲ ਫਸਲ ਦੇ ਝਾੜ ਵਿਚ ਵਾਧਾ ਹੁੰਦਾ ਹੈ। ਗਰਮੀਆਂ ਦੇ ਮੌਸਮ ਵਿਚ ਸੂਰਜਮੁਖੀ ਦੀ ਫਸਲ ਮੌਕੇ ਵੀ ਵਧੇਰੇ ਸ਼ਹਿਦ ਦਾ ਉਤਪਾਦਨ ਹੁੰਦਾ ਹੈ।
ਸ਼ਹਿਦ ਦੀਆਂ ਮੱਖੀਆਂ ਵਿਚ ਇਕ ਰਾਣੀ ਮੱਖੀ ਹੁੰਦੀ ਹੈ ਜਿਸ ਦੇ ਹੁਕਮਾਂ ‘ਤੇ ਹੀ ਸਾਰੀਆਂ ਮੱਖੀਆਂ ਕੰਮ ਕਰਦੀਆਂ ਹਨ। ਸਿਰਫ ਰਾਣੀ ਮੱਖੀ ਹੀ ਅੰਡੇ ਦਿੰਦੀ ਹੈ, ਬਾਕੀ ਮੱਖੀਆਂ ਵਰਕਰ ਦੇ ਤੌਰ ‘ਤੇ ਵਿਚਰਦੀਆਂ ਹਨ। ਰਾਣੀ ਮੱਖੀ ਸਾਲ ਵਿਚ 2 ਲੱਖ ਦੇ ਕਰੀਬ ਅੰਡੇ ਦਿੰਦੀ ਹੈ, ਇਹ ਮੱਖੀ ਸਿਰਫ ਇਕ ਸਾਲ ਹੀ ਜ਼ਿਆਦਾ ਅੰਡੇ ਦਿੰਦੀ ਹੈ, ਅਗਲੇ ਸਾਲ ਇਸ ਤੋਂ ਘੱਟ ਤੇ ਫਿਰ ਅਗਲੇ ਸਾਲ ਉਸ ਤੋਂ ਘੱਟ ਅੰਡੇ ਦਿੰਦੀ ਹੈ। ਇਸ ਤਰ੍ਹਾਂ ਰਾਣੀ ਮੱਖੀ ਹਰ ਸਾਲ ਅੰਡੇ ਦੇਣਾ ਘਟਦੀ ਜਾਂਦੀ ਹੈ। ਅੰਡੇ ਘੱਟ ਦੇਣ ਕਾਰਨ ਰਾਣੀ ਮੱਖੀ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ, ਇਸ ਤਰ੍ਹਾਂ ਹੋਰ ਮੱਖੀਆਂ ਆਪਣੇ ਆਪ ਹੀ ਇਕ ਮੱਖੀ ਨੂੰ ਰਾਣੀ ਵਜੋਂ ਚੁਣ ਲੈਂਦੀਆਂ ਹਨ ਅਤੇ ਫਿਰ ਦੂਜੀਆਂ ਮੱਖੀਆਂ ਇਸ ਨਵੀਂ ਨਿਯੁਕਤ ਰਾਣੀ ਦੇ ਹੁਕਮਾਂ ‘ਤੇ ਚੱਲਣਾ ਸ਼ੁਰੂ ਕਰ ਦਿੰਦੀਆਂ ਹਨ।
ਸ਼ਹਿਦ ਦੀਆਂ ਮੱਖੀਆਂ ਦੀ ਹਰ ਸਾਲ ਗਿਣਤੀ ‘ਚ ਭਾਰੀ ਵਾਧਾ ਹੁੰਦਾ ਜਾਂਦਾ ਹੈ ਤੇ ਕਿੱਤਾਕਾਰ ਕੋਲ ਇਨ੍ਹਾਂ ਮੱਖੀਆਂ ਦੇ ਡੱਬਿਆਂ ਦੀ ਗਿਣਤੀ ਵਧਦੀ ਜਾਂਦੀ ਹੈ। ਕਿੱਤਾਕਾਰ ਸ਼ਹਿਦ ਦੀਆਂ ਵਾਧੂ ਮੱਖੀਆਂ ਦੇ ਡੱਬੇ ਅੱਗੇ ਵੇਚ ਕੇ ਵੀ ਮੁਨਾਫਾ ਵੀ ਕਮਾ ਸਕਦਾ ਹੈ। ਸ਼ਹਿਦ ਦੀਆਂ ਮੱਖੀਆਂ ਦੇ ਡੱਬੇ ਠੰਢ ਦੇ ਮੌਸਮ ਦੌਰਾਨ ਧੁੱਪ ਵਿਚ ਅਤੇ ਗਰਮੀ ਦੇ ਮੌਸਮ ਦੌਰਾਨ ਛਾਂ ਵਿਚ ਰੱਖੇ ਜਾਂਦੇ ਹਨ।
ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਪਟਿਆਲਾ ਡਾ: ਜਗਦੇਵ ਸਿੰਘ ਅਤੇ ਬਾਗਬਾਨੀ ਵਿਕਾਸ ਅਫਸਰ ਡਾ: ਸਵਰਨ ਸਿੰਘ ਮਾਨ ਅਨੁਸਾਰ ਕੌਮੀ ਬਾਗਬਾਨੀ ਮਿਸ਼ਨ ਅਧੀਨ ਪੀ. ਏ. ਯੂ. ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਸਾਰੇ ਪੰਜਾਬ ਵਿਚ ਇਸ ਕਿੱਤੇ ਦੀ ਪ੍ਰਫੁੱਲਤਾ ਲਈ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਪੰਜਾਬ ਵਿਚ ਜ਼ਿਆਦਾਤਰ ਇਟਾਲੀਅਨ ਮੱਖੀ ਹੀ ਅਪਣਾਈ ਜਾ ਰਹੀ ਹੈ। ਸਰਕਾਰ ਵੱਲੋਂ ਮੱਖੀਆਂ ਪਾਲਣ ਦਾ ਕਿੱਤਾ ਸ਼ੁਰੂ ਕਰਨ ਵਾਲੇ ਵਿਅਕਤੀ ਨੂੰ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ। ਘੱਟੋ-ਘੱਟ 50 ਬਕਸਿਆਂ ਨਾਲ ਸ਼ੁਰੂ ਕੀਤਾ ਕੰਮ ਅੱਗੇ ਮਾਰਕੀਟਿੰਗ ਲਈ ਆਸਾਨ ਹੁੰਦਾ ਹੈ। ਪੰਜਾਬ ਵਿਚ ਇਸ ਵੇਲੇ ਸ਼ਹਿਦ ਦੀ ਪ੍ਰਤੀ ਵਿਅਕਤੀ ਖਪਤ ਬਹੁਤ ਘੱਟ ਹੈ, ਜੋ ਵੱਧ ਹੋਣੀ ਚਾਹੀਦੀ ਹੈ। ਸ਼ਹਿਦ ਦਵਾਈ ਵਜੋਂ ਵੀ ਕੰਮ ਕਰਦਾ ਹੈ। ਸ਼ਹਿਦ ਦੀ ਪੂਰਤੀ ਕਰਨ ਲਈ ਪੰਜਾਬ ਵਿਚ ਬਲਾਕ ਵਾਈਜ਼ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਇਸ ਕਿੱਤੇ ਨਾਲ ਜੋੜਿਆ ਜਾ ਰਿਹਾ ਹੈ। ਬੇਰੁਜ਼ਗਾਰ ਵਿਅਕਤੀ ਇਹ ਕਿੱਤਾ ਅਪਣਾ ਕੇ ਵਧੇਰੇ ਮੁਨਾਫਾ ਕਮਾ ਸਕਦੇ ਹਨ। ਕਾਰੋਬਾਰ ਵਾਲੇ ਵਿਅਕਤੀ ਵੀ ਆਪਣੇ ਹੋਰਨਾਂ ਕਾਰੋਬਾਰ ਦੇ ਨਾਲੋ-ਨਾਲ ਇਹ ਕਿੱਤਾ ਅਪਣਾ ਸਕਦੇ ਹਨ।
-ਦਵਿੰਦਰ ਸਿੰਘ ਸਨੌਰ,
ਬੋਸਰ ਰੋਡ, ਸਨੌਰ (ਪਟਿਆਲਾ)
(source Ajit)